ਹਰੇਕ ਮਾਂ-ਪਿਓ ਨੂੰ ਆਪਣੀ ਔਲਾਦ ਪਿਆਰੀ ਹੁੰਦੀ ਹੈ। ਮਾਂ-ਬਾਪ ਨੂੰ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ, ਇਸ ਲਈ ਉਹ ਚਾਹੁੰਦੇ ਹਨ ਕਿ ਜੋ ਗ਼ਲਤੀਆਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕੀਤੀਆਂ ਹਨ, ਉਹ ਉਨ੍ਹਾਂ ਦੀ ਔਲਾਦ ਨਾ ਕਰੇ। ਇਸ ਲਈ ਉਹ ਆਪਣੇ ਬੱਚਿਆਂ ਨੂੰ ਹਮੇਸ਼ਾ ਸਹੀ-ਗ਼ਲਤ ਵਿਚਾਲੇ ਅੰਤਰ ਸਮਝਾਉਂਦੇ ਰਹਿੰਦੇ ਹਨ, ਤਾਂ ਜੋ ਉਨ੍ਹਾਂ ਦੇ ਬੱਚੇ ਕਦੇ ਵੀ ਜ਼ਿੰਦਗੀ ਵਿਚ ਧੋਖਾ ਨਾ ਖਾਣ। ਅਜੋਕੇ ਪਦਾਰਥਵਾਦੀ ਯੁੱਗ ਵਿਚ ਇੱਕ-ਦੂਸਰੇ ਤੋਂ ਅੱਗੇ ਲੰਘਣ ਦੀ ਦੌੜ ਲੱਗੀ ਹੋਈ ਹੈ। ਹਰੇਕ ਕੋਈ ਚਾਹੁੰਦਾ ਹੈ ਕਿ ਮੈਂ ਹੀ ਸਭ ਤੋਂ ਵੱਧ ਤਰੱਕੀ ਕਰਾਂ ਤੇ ਸਿਖਰਾਂ 'ਤੇ ਪਹੁੰਚਾ। ਕੇਵਲ ਮਾਂ-ਬਾਪ ਹੀ ਹੁੰਦੇ ਹਨ, ਜੋ ਆਪਣੀ ਔਲਾਦ ਦੀ ਤਰੱਕੀ ਦੇਖ ਕੇ ਖ਼ੁਸ਼ ਹੁੰਦੇ ਹਨ ਅਤੇ ਹਮੇਸ਼ਾ ਆਪਣੀ ਔਲਾਦ ਦੀ ਕਾਮਯਾਬੀ ਦੀਆਂ ਸੁੱਖਾਂ ਸੁੱਖਦੇ ਰਹਿੰਦੇ ਹਨ, ਨਹੀਂ ਤਾਂ ਅੱਜਕਲ੍ਹ ਸਾਰੇ ਇੱਕ-ਦੂਸਰੇ ਦੀਆਂ ਲੱਤਾਂ ਖਿੱਚਣ 'ਤੇ ਹੀ ਲੱਗੇ ਹੋਏ ਹਨ।
ਅਜੋਕੀ ਪੀੜ੍ਹੀ ਚਾਰ ਅੱਖਰ ਪੜ੍ਹ ਲਿਖ ਕੇ ਖੁਦ ਨੂੰ ਹੀ ਸੂਝਵਾਨ ਸਮਝਣ ਲੱਗ ਪਈ ਹੈ ਅਤੇ ਆਪਣੀ ਜ਼ਿੰਦਗੀ ਦੇ ਫ਼ੈਸਲੇ ਖੁਦ ਲੈਣ ਲੱਗ ਪਈ ਹੈ। ਪਰ ਸੱਚੀ ਗੱਲ ਤਾਂ ਇਹ ਹੈ ਕਿ ਕਿਤਾਬੀ ਪੜ੍ਹਾਈ ਨਾਲ ਡਿਗਰੀਆਂ ਜ਼ਰੂਰ ਮਿਲ ਜਾਂਦੀਆਂ ਹਨ ਪਰ ਦੁਨੀਆਦਾਰੀ ਦੀ ਸਮਝ ਅਤੇ ਜ਼ਿੰਦਗੀ ਦਾ ਤਜਰਬਾ ਨਹੀਂ। ਮਾਂ-ਪਿਓ ਕਿਤਾਬੀ ਪੜ੍ਹਾਈ ਅਤੇ ਡਿਗਰੀਆਂਤੋਂ ਵਾਂਝੇ ਜ਼ਰੂਰ ਹੋ ਸਕਦੇ ਹਨ ਪਰ ਉਨ੍ਹਾਂ ਕੋਲ ਜ਼ਿੰਦਗੀ ਦੀ ਪੜ੍ਹਾਈ ਦਾ ਤਜਰਬਾ ਭਰਪੂਰ ਹੁੰਦਾ ਹੈ। ਤਰਕ ਦੀ ਗੱਲ ਇਹ ਹੈ ਕਿ ਕਿਤਾਬੀ ਪੜ੍ਹਾਈ ਸਾਨੂੰ ਕਦੇ ਵੀ ਜ਼ਿੰਦਗੀ ਦਾ ਪਾਠ ਨਹੀਂ ਪੜ੍ਹਾ ਸਕਦੀ। ਇਹ ਪਾਠ ਸਾਨੂੰ ਸਾਡੇ ਤੋਂ ਵੱਡਿਆਂ ਕੋਲੋਂ ਹੀ ਸਿੱਖਣ ਨੂੰ ਮਿਲਦਾ ਹੈ, ਜੇ ਅਸੀਂ ਆਪਣੇ ਪਰਿਵਾਰ ਵਿਚ ਬੈਠ ਕੇ ਆਪਣੇ ਮਾਂ-ਪਿਓ ਅਤੇ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਾਂਗੇ ਤਾਂ ਸਾਨੂੰ ਸਮਾਜ ਵਿਚ ਵਿਚਰਨ ਦਾ ਢੰਗ-ਤਰੀਕਾ ਪਤਾ ਲੱਗੇਗਾ।ਅਜੋਕੀ ਪੀੜ੍ਹੀ ਬੇਸ਼ੱਕ ਤਕਨਾਲੋਜੀ ਪੱਖੋਂ ਤੇਜ਼ ਹੈ ਪਰ ਸਮਾਜ ਵਿਚ ਵਿਚਰਨ ਦੇ ਢੰਗ-ਤਰੀਕਿਆਂ ਅਤੇ ਨੈਤਿਕ ਕਦਰਾਂ-ਕੀਮਤਾਂ ਪੱਖੋਂ ਖੋਖਲੇ ਹਨ। ਤ੍ਰਾਸਦੀ ਦੀ ਗੱਲ ਇਹ ਹੈ ਕਿ ਅਜੋਕੀ ਪੀੜ੍ਹੀ ਨੇ ਮੋਬਾਈਲ ਫੋਨ ਨੂੰ ਹੀ ਆਪਣਾ ਪੱਕਾ ਆੜੀ ਬਣਾਇਆ ਹੋਇਆ ਹੈ ਅਤੇ ਪਰਿਵਾਰ ਵਿਚ ਬੈਠਿਆਂ ਹੋਇਆਂ ਵੀ ਫੋਨ ਵਿਚ ਰੁੱਝੇ ਰਹਿੰਦੇ ਹਨ, ਜਿਸ ਕਾਰਨ ਉਹ ਪਰਿਵਾਰਕ ਸਮੇਂ ਦਾ ਆਨੰਦ ਨਹੀਂ ਲੈ ਪਾਉਂਦੇ ਅਤੇ ਰਿਸ਼ਤਿਆਂ ਨਾਲੋਂ ਟੁੱਟਦੇ ਜਾ ਰਹੇ ਹਨ।
ਸਾਡੇ ਮਾਪੇ ਸਾਡੇ ਕੋਲੋਂ ਕਦੇ ਕੁਝ ਨਹੀਂ ਮੰਗਦੇ, ਉਹ ਬਸ ਆਪਣੇ ਬੱਚਿਆਂ ਦਾ ਸਮਾਂ ਮੰਗਦੇ ਹਨ। ਸਾਰੀ ਉਮਰ ਮਾਪੇ ਆਪਣੀ ਔਲਾਦ ਨੂੰ ਸੁਨਹਿਰਾ ਭਵਿੱਖ ਮੁਹੱਈਆ ਕਰਵਾਉਣ ਲਈ ਮਿਹਨਤ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਔਲਾਦ ਕਿਸੇ ਵੀ ਸਹੂਲਤ ਪੱਖੋਂ ਵਾਂਝੀ ਨਾ ਰਹੇਪਰ ਅਫ਼ਸੋਸ ਜਦ ਔਲਾਦ ਦੀ ਮਾਂ-ਪਿਓ ਪ੍ਰਤੀ ਫ਼ਰਜ਼ ਅਦਾ ਕਾਰਨ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਬਜ਼ੁਰਗ ਮਾਂ-ਪਿਓ ਨੂੰ ਸਾਂਭਣਾ ਭਾਰੂ ਲੱਗਦਾ ਹੈ। ਸੱਚ ਤਾਂ ਇਹ ਹੈ ਕਿ ਮਾਂ-ਪਿਓ ਦੀ ਸੇਵਾ ਰੱਬ ਦੀ ਸੇਵਾ ਹੀ ਹੁੰਦੀ ਹੈ। ਬਜ਼ੁਰਗ ਮਾਂ-ਪਿਓ ਦੇ ਢਿੱਡੋਂ ਨਿਕਲੀਆਂ ਹੋਈਆਂ ਅਸੀਸਾਂ ਔਲਾਦ ਨੂੰ ਤਾਰ ਦਿੰਦੀਆਂ ਹਨ।
ਸੋ, ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ ਹੈ। ਅਗਰ ਜ਼ਿੰਦਗੀ ਵਿਚ ਕਾਮਯਾਬੀ ਹਾਸਿਲ ਕਰਨੀ ਹੈ ਤਾਂ ਫਿਰ ਹਮੇਸ਼ਾ ਮਾਂ-ਪਿਓ ਦੇ ਅਸੂਲਾਂ ਅਨੁਸਾਰ ਚੱਲੋ ਅਤੇ ਕਦੇ ਵੀ ਮਾਪਿਆਂ ਦੀ ਕਹੀ ਹੋਈ ਗੱਲ ਦਾ ਬੁਰਾ ਨਾ ਮਨਾਓ, ਕਿਉਂਕਿ ਮਾਪੇ ਹਮੇਸ਼ਾ ਭਲਾਈ ਲਈ ਹੀ ਟੋਕਦੇ ਹੁੰਦੇ ਹਨ। ਜਿਹੜੇ ਬੱਚੇ ਆਪਣੀ ਮਾਂ-ਪਿਓ ਦੀ ਸਿੱਖਿਆ ਤੋਂ ਉਲਟ ਚਲਦੇ ਹਨ ਉਹ ਕਦੇ ਵੀ ਜ਼ਿੰਦਗੀ ਵਿਚ ਸੁੱਖ ਨਹੀਂ ਪਾਉਂਦੇ, ਕਿਉਂਕਿ ਮਾਂ-ਪਿਓ ਨੂੰ ਧੋਖਾ ਦੇਣਾ ਖ਼ੁਦ ਨੂੰ ਧੋਖਾ ਦੇਣ ਦੇ ਬਰਾਬਰ ਹੁੰਦਾ ਹੈ ਅਤੇ ਮਾਪਿਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਤੁਸੀਂ ਕਦੇ ਵੀ ਸੁਨਹਿਰੇ ਭਵਿੱਖ ਦੀ ਉਮੀਦ ਨਹੀਂ ਰੱਖ ਸਕਦੇ।
-ਭਗਤ ਨਾਮਦੇਵ ਨਗਰ ਘੁਮਾਣ।