ਪਿਛਲੇ ਸਾਲ ਜੁਲਾਈ-ਅਗਸਤ (2025) ਵਿਚ ਪੰਜਾਬ 'ਚ ਭਾਰੀ ਬਾਰਿਸ਼ਾਂ ਹੋਣ ਅਤੇ ਹੜ੍ਹ ਆਉਣ ਨਾਲ ਭਾਰੀ ਮਾਤਰਾ ਵਿਚ ਘਰਾਂ, ਫ਼ਸਲਾਂ ਅਤੇ ਹੋਰ ਕਈ ਤਰ੍ਹਾਂ ਦਾ ਵੱਡਾ ਨੁਕਸਾਨ ਹੋਇਆ ਸੀ, ਜਿਸ ਨਾਲ ਲੱਖਾਂ ਹੀ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਅਤੇ ਇਨ੍ਹਾਂ 'ਚੋਂ ਬਹੁਤੇ ਘਰੋਂ ਬੇਘਰ ਹੋ ਗਏ ਸਨ। ਇਸ ਵੱਡੀ ਤਬਾਹੀ ਦੇ ਮੱਦੇਨਜ਼ਰ ਪ੍ਰਸ਼ਾਸਨ, ਅਣਗਿਣਤ ਜਥੇਬੰਦੀਆਂ ਅਤੇ ਸਮਾਜ ਦੇ ਸਾਰੇ ਖੇਤਰਾਂ ਦੇ ਲੋਕ ਬੇਹੱਦ ਚਿੰਤਤ ਹੋਏ ਸਨ। ਇਸ ਨੁਕਸਾਨ ਦੀ ਭਰਪਾਈ ਕਰ ਪਾਉਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ ਜਾਪਦਾ, ਪਰ ਸਰਕਾਰ ਸਮੇਤ ਸਮਾਜ ਦੇ ਸਭ ਵਰਗਾਂ ਅਤੇ ਦੇਸ਼-ਵਿਦੇਸ਼ ਦੇ ਅਨੇਕਾਂ ਸੰਗਠਨਾਂ ਨੇ ਆਪੋ-ਆਪਣੇ ਵਿੱਤ ਅਨੁਸਾਰ ਹੋਏ ਨੁਕਸਾਨ ਦੀ ਭਰਪਾਈ ਲਈ ਵੱਡੇ ਯਤਨ ਆਰੰਭ ਕੀਤੇ ਸਨ। ਹੁਣ ਤੱਕ ਇਹ ਪੂਰਾ ਅੰਦਾਜ਼ਾ ਲਗਾਇਆ ਜਾ ਸਕਣਾ ਤਾਂ ਬੇਹੱਦ ਮੁਸ਼ਕਿਲ ਹੈ ਕਿ ਇਸ ਉਜਾੜੇ ਦੀ ਕਿੰਨੀ ਕੁ ਭਰਪਾਈ ਹੋ ਸਕੀ ਹੈ, ਪਰ ਬਹੁਤੇ ਪ੍ਰਭਾਵਿਤ ਪਰਿਵਾਰਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਜ਼ਰੂਰ ਹੋਈ ਸੀ ਕਿ ਸਮਾਜ ਵਿਚੋਂ ਉਨ੍ਹਾਂ ਦੀ ਬਾਂਹ ਫੜਨ ਲਈ ਅਤੇ ਉਨ੍ਹਾਂ ਨੂੰ ਸਹਾਰਾ ਦੇਣ ਲਈ ਅਨੇਕਾਂ-ਅਨੇਕ ਹੱਥ ਤਤਪਰ ਹੋਏ ਸਨ। ਕਿਸੇ ਦੁਖੀ ਦੀ ਸਾਰ ਲੈਣ ਨਾਲ ਉਸ ਦੇ ਮਨ ਨੂੰ ਧਰਵਾਸ ਵੀ ਮਿਲਦਾ ਹੈ ਅਤੇ ਉਸ ਨੂੰ ਮੁੜ ਖੜ੍ਹੇ ਹੋਣ ਲਈ ਸਹਾਰਾ ਵੀ ਮਿਲਦਾ ਹੈ। ਬਿਨਾਂ ਸ਼ੱਕ ਦੇਸ਼-ਵਿਦੇਸ਼ ਦੇ ਪੰਜਾਬੀ ਅਤੇ ਗ਼ੈਰ-ਪੰਜਾਬੀ ਇਸ ਲੋੜ ਸਮੇਂ ਇਕ ਸਹਾਰਾ ਬਣੇ ਸਨ। ਦੇਸ਼ ਦੇ ਕਈ ਪ੍ਰਾਂਤਾਂ ਨੇ ਵੀ ਆਪੋ-ਆਪਣੇ ਤੌਰ 'ਤੇ ਵੱਡੀਆਂ ਰਾਹਤ ਰਾਸ਼ੀਆਂ ਭੇਜੀਆਂ ਸਨ। ਅਦਾਰਾ 'ਅਜੀਤ' ਨੇ ਵੀ ਆਪਣੀ ਪਰੰਪਰਾ ਅਨੁਸਾਰ ਇਨ੍ਹਾਂ ਔਖੀਆਂ ਘੜੀਆਂ ਵਿਚ ਪ੍ਰਭਾਵਿਤ ਲੋਕਾਂ ਨਾਲ ਖੜ੍ਹੇ ਹੋਣ ਦਾ ਯਤਨ ਕੀਤਾ ਸੀ ਅਤੇ ਆਪਣੇ ਵਿੱਤ ਮੁਤਾਬਿਕ ਆਪਣਾ ਯੋਗਦਾਨ ਪਾਇਆ ਸੀ।
ਸਾਡੇ ਲਈ ਇਹ ਬੇਹੱਦ ਸੰਤੁਸ਼ਟੀ ਵਾਲੀ ਗੱਲ ਹੈ ਕਿ ਅਦਾਰਾ 'ਅਜੀਤ' ਨਾਲ ਜੁੜੇ ਵੱਡੀ ਗਿਣਤੀ ਵਿਚ ਹਮਦਰਦਾਂ ਅਤੇ ਸਨੇਹੀਆਂ ਨੇ 'ਅਜੀਤ' ਰਾਹੀਂ ਆਪਣੇ ਲੋੜਵੰਦ ਭਰਾਵਾਂ ਨਾਲ ਖੜ੍ਹੇ ਹੋਣ ਲਈ ਆਪਣਾ ਫ਼ਰਜ਼ ਸਮਝਦਿਆਂ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਇਆ। ਹਾਲਾਤ ਨੂੰ ਮੁੱਖ ਰੱਖਦਿਆਂ 'ਅਜੀਤ' ਨੇ 2 ਸਤੰਬਰ, 2025 ਨੂੰ 'ਅਜੀਤ-ਅਜੀਤ ਸਮਾਚਾਰ ਹੜ੍ਹ ਰਾਹਤ ਫੰਡ' ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਅਤੇ ਆਪਣੇ ਸਨੇਹੀਆਂ ਨੂੰ ਇਸ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਸੀ। ਆਪਣੇ ਇਸ ਫ਼ਰਜ਼ ਨੂੰ ਨਿਭਾਉਣ ਲਈ ਰਾਹਤ ਫੰਡ ਨਾਲ ਸੰਬੰਧਿਤ ਕੰਮਾਂ ਨੂੰ ਅਦਾਰਾ 'ਅਜੀਤ' ਦੀ ਸਮੁੱਚੀ ਟੀਮ ਨੇ ਤਤਪਰਤਾ ਨਾਲ ਨੇਪਰੇ ਚਾੜ੍ਹਨ ਲਈ ਕੰਮ ਕੀਤਾ। ਵਿਦੇਸ਼ਾਂ ਤੋਂ ਵੀ ਸਾਡੀ ਇਸ ਅਪੀਲ ਨੂੰ ਹੁੰਗਾਰਾ ਭਰਦਿਆਂ ਪੰਜਾਬ ਦਾ ਦਰਦ ਰੱਖਣ ਵਾਲੇ ਲੋਕਾਂ ਨੇ ਵੱਡੀਆਂ ਰਕਮਾਂ ਭੇਜੀਆਂ ਸਨ। ਮੁੱਖ ਦਫ਼ਤਰ ਦੇ ਨਾਲ-ਨਾਲ ਸਾਡੇ ਪੰਜਾਬ ਵਿਚ 22 ਉਪ-ਦਫ਼ਤਰਾਂ ਨਾਲ ਜੁੜੇ ਸੈਂਕੜੇ ਹੀ ਪੱਤਰਕਾਰਾਂ ਨੇ ਪੂਰੀ ਸਿਦਕਦਿਲੀ ਅਤੇ ਸ਼ਿੱਦਤ ਨਾਲ ਆਪਣੇ ਫ਼ਰਜ਼ਾਂ ਦੀ ਪਾਲਣਾ ਕੀਤੀ ਸੀ।
ਅਸੀਂ ਆਪਣੇ ਉਪ-ਦਫ਼ਤਰਾਂ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ, ਹੁਸ਼ਿਆਰਪੁਰ, ਮੁਕੇਰੀਆਂ, ਨਵਾਂਸ਼ਹਿਰ, ਰੂਪਨਗਰ, ਚੰਡੀਗੜ੍ਹ-ਐੱਸ. ਏ. ਐੱਸ. ਨਗਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਖੰਨਾ, ਜਗਰਾਓਂ, ਮੋਗਾ, ਫ਼ਰੀਦਕੋਟ, ਫ਼ਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ਆਦਿ ਦਫ਼ਤਰਾਂ ਨਾਲ ਸੰਬੰਧਿਤ ਆਪਣੇ ਸਾਰੇ ਸਹਿਯੋਗੀ ਪੱਤਰਕਾਰਾਂ ਦੇ ਬੇਹੱਦ ਰਿਣੀ ਹਾਂ, ਜਿਨ੍ਹਾਂ ਨੇ ਆਪਣਾ ਫ਼ਰਜ਼ ਸਮਝਦੇ ਹੋਏ ਪੂਰੇ ਪਾਰਦਰਸ਼ੀ ਢੰਗ ਨਾਲ ਇਨ੍ਹਾਂ ਸਾਰੇ ਕਾਰਜਾਂ ਨੂੰ ਮੁਕੰਮਲ ਕੀਤਾ। ਰਾਹਤ ਸਮੱਗਰੀ ਸੰਬੰਧੀ ਸਾਡੀਆਂ ਵੱਖ-ਵੱਖ ਟੀਮਾਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ। ਪੂਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਸ ਨੂੰ ਆਧਾਰ ਬਣਾ ਕੇ ਲੋੜ ਅਨੁਸਾਰ ਰਾਹਤ ਸਮੱਗਰੀ ਵੰਡਣ ਦਾ ਪ੍ਰਬੰਧ ਕੀਤਾ ਗਿਆ। ਰਾਹਤ ਸਮੱਗਰੀ ਵਿਚ ਯੂਰੀਆ ਖਾਦ, ਪਸ਼ੂ ਖੁਰਾਕ, ਡੀਜ਼ਲ, ਕਣਕ ਦੇ ਬੀਜ, ਕੰਬਲ, ਚਾਦਰਾਂ, ਸੀਮੈਂਟ, ਇੱਟਾਂ, ਸਕੂਲੀ ਵਰਦੀਆਂ ਤੇ ਸਟੇਸ਼ਨਰੀ ਸ਼ਾਮਿਲ ਸੀ। ਸਕੂਲ ਦੀਆਂ ਫ਼ੀਸਾਂ ਦੇ ਰੂਪ ਵਿਚ ਵੀ ਲੋੜਵੰਦ ਵਿਦਿਆਰਥੀਆਂ ਨੂੰ ਸਹਾਇਤਾ ਦਿੱਤੀ ਗਈ। ਇਸ ਦੇ ਨਾਲ-ਨਾਲ ਬੇਹੱਦ ਪ੍ਰਭਾਵਿਤ ਲੋਕਾਂ ਦੀ ਵਿੱਤੀ ਸਹਾਇਤਾ ਵੀ ਕੀਤੀ ਗਈ।
ਅਸੀਂ ਆਪਣੇ ਪੱਤਰਕਾਰ ਸਾਥੀਆਂ ਦੇ ਨਾਲ-ਨਾਲ ਆਪਣੇ ਨਾਲ ਜੁੜੇ ਹਜ਼ਾਰਾਂ ਹੀ ਸਨੇਹੀਆਂ ਦੇ ਵੀ ਬੇਹੱਦ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੀਆਂ ਟੀਮਾਂ ਨੂੰ ਰਾਹਤ ਸਮੱਗਰੀ ਵੰਡਣ ਵਿਚ ਹਰ ਤਰ੍ਹਾਂ ਦੀ ਪੂਰੀ ਸਹਾਇਤਾ ਕੀਤੀ, ਵੱਡੀ ਗਿਣਤੀ ਵਿਚ ਸਹਿਯੋਗੀਆਂ ਨੇ ਆਪੋ-ਆਪਣੇ ਵਿੱਤ ਮੁਤਾਬਿਕ ਸਹਾਇਤਾ ਰਾਸ਼ੀ ਵੀ ਭੇਜੀ, ਜਿਸ ਦਾ ਪੂਰਾ ਵੇਰਵਾ ਲਗਾਤਾਰ 'ਅਜੀਤ-ਅਜੀਤ ਸਮਾਚਾਰ' ਵਿਚ ਛਾਪਿਆ ਜਾਂਦਾ ਰਿਹਾ ਹੈ। ਇਸ ਵੇਰਵੇ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਰੱਖਣ ਦਾ ਯਤਨ ਕੀਤਾ ਗਿਆ ਹੈ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਫੰਡ ਵਿਚ ਕੁੱਲ 1,77,59,753.28 ਰੁਪਏ ਦੀ ਰਾਸ਼ੀ ਇਕੱਤਰ ਹੋਈ ਸੀ। ਇਸ ਵਿਚੋਂ ਹੁਣ ਤੱਕ 1,72,50,583.96 ਰੁਪਏ ਦੀ ਰਾਸ਼ੀ ਉਪਰੋਕਤ ਦਰਸਾਈਆਂ ਮੱਦਾਂ ਅਧੀਨ ਖ਼ਰਚ ਕੇ ਰਾਹਤ ਸਮੱਗਰੀ ਵੰਡੀ ਗਈ ਹੈ। ਇਸ ਸਮੇਂ ਇਸ ਰਾਹਤ ਖਾਤੇ ਵਿਚ 5,09,169.32 ਰੁਪਏ ਰਹਿੰਦੇ ਹਨ, ਜੋ ਆਉਂਦੇ ਸਮੇਂ ਲਈ ਇਸ ਫੰਡ ਵਿਚ ਰਾਖਵੇਂ ਰੱਖੇ ਗਏ ਹਨ। ਚਾਹੇ ਇਹ ਰਾਸ਼ੀ ਵਾਪਰੇ ਇਸ ਦੁਖਾਂਤ ਸਾਹਮਣੇ ਬਹੁਤ ਹੀ ਘੱਟ ਹੈ, ਪਰ ਅਸੀਂ ਪ੍ਰਭਾਵਿਤ ਪੰਜਾਬੀ ਪਰਿਵਾਰਾਂ ਨਾਲ ਅਜਿਹੇ ਸਮੇਂ ਆਪਣੇ ਵਿੱਤ ਮੁਤਾਬਿਕ ਖੜ੍ਹੇ ਹੋਣ ਲਈ ਸੰਤੁਸ਼ਟੀ ਮਹਿਸੂਸ ਕਰਦੇ ਹਾਂ।
ਸਾਨੂੰ ਉਮੀਦ ਹੈ ਕਿ ਆਉਂਦੇ ਸਮੇਂ ਵਿਚ ਵੀ ਸਾਡੇ ਲੱਖਾਂ ਹੀ ਹਮਦਰਦ ਅਤੇ ਸਨੇਹੀ ਇਸੇ ਤਰ੍ਹਾਂ ਅਦਾਰੇ ਨਾਲ ਹਰ ਸਮੇਂ ਖੜ੍ਹੇ ਰਹਿਣਗੇ, ਜੋ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ। ਹੇਠਾਂ ਦਿੱਤੀ ਸੂਚੀ ਵਿਚ ਇਸ ਰਾਹਤ ਸਮੱਗਰੀ ਦਾ ਵੇਰਵਾ ਛਾਪਿਆ ਜਾ ਰਿਹਾ ਹੈ।
-ਬਰਜਿੰਦਰ ਸਿੰਘ ਹਮਦਰਦ