ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,
ਸਦੀਓਂ ਰਹਾ ਹੈ ਦੁਸ਼ਮਨ ਦੌਰ-ਏ-ਜਹਾਂ ਹਮਾਰਾ।
ਅਲਾਮਾ ਇਕਬਾਲ ਵਰਗੇ ਮਹਾਨ ਸ਼ਾਇਰ ਦਾ ਇਹ ਸ਼ਿਅਰ ਉਂਜ ਤਾਂ ਉਨ੍ਹਾਂ ਨੇ ਕਿਸੇ ਹੋਰ ਸੰਦਰਭ ਵਿਚ ਲਿਖਿਆ ਸੀ ਪਰ ਇਹ ਸ਼ਿਅਰ ਸਿੱਖ ਕੌਮ ਦੀ ਹੈਸੀਅਤ 'ਤੇ ਵੀ ਪੂਰੀ ਤਰ੍ਹਾਂ ਢੁਕਦਾ ਹੈ। ਇਤਿਹਾਸ ਗਵਾਹ ਹੈ ਕਿ ਜਿੰਨੀ ਵਾਰ ਵੀ ਸਿੱਖ ਕੌਮ ਨੂੰ ਨੇਸਤੋ ਨਾਬੂਦ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ, ਇਹ ਕੌਮ ਓਨੀ ਹੀ ਵਾਰੀ 'ਕੁਕਨੂਸ' ਪਰਿੰਦੇ ਵਾਂਗ ਆਪਣੀ ਰਾਖ਼ ਵਿਚੋਂ ਫਿਰ ਜ਼ਿੰਦਾ ਹੋ ਕੇ ਹੋਰ ਉੱਚੀ ਉਡਾਰੀ ਮਾਰਨ ਦੇ ਸਮਰੱਥ ਹੋਈ ਦਿਖਾਈ ਦਿੱਤੀ। ਖ਼ੈਰ, ਅੱਜ ਇਹ ਸ਼ਿਅਰ ਇਸ ਲਈ ਯਾਦ ਆ ਗਿਆ ਕਿਉਂਕਿ ਪਾਕਿਸਤਾਨ ਜਿਥੇ ਕਦੇ ਸਿੱਖ ਸਲਤਨਤ ਦਾ ਸ਼ਾਨਦਾਰ ਰਾਜ ਸੀ ਤੇ ਅੱਜ ਉਥੇ ਸਿੱਖਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਵੀ ਨਹੀਂ ਰਹੀ। ਸਿੱਖ ਇਸ ਵੇਲੇ ਪਾਕਿਸਤਾਨੀ ਪੰਜਾਬ ਵਿਚ ਸਿਰਫ਼ 5649, ਸਿੰਧ ਵਿਚ 5182, ਖ਼ੈਬਰ ਪਖਤੂਨਿਸਤਾਨ ਵਿਚ 4050 ਅਤੇ ਬਲੋਚਿਸਤਾਨ ਵਿਚ ਸਿਰਫ਼ 1057 ਹੀ ਰਹਿ ਗਏ ਹਨ। ਇਹ ਗਿਣਤੀ ਪਾਕਿਸਤਾਨ ਦੀ 2023 ਦੀ ਮਰਦਮ ਸ਼ੁਮਾਰੀ 'ਤੇ ਆਧਾਰਿਤ ਹੈ। ਇਹ ਗਿਣਤੀ ਪਾਕਿਸਤਾਨ ਦੀ ਕੁੱਲ ਆਬਾਦੀ ਦੇ 1000 ਪਿੱਛੇ ਇਕ ਦੇ ਕਰੀਬ ਹੀ ਬਣਦੀ ਹੈ ਪਰ ਵਕਤ ਬਦਲਿਆ ਹੈ, ਪਾਕਿਸਤਾਨ ਵਿਚ ਸਿੱਖ ਯਾਦਗਾਰਾਂ, ਗੁਰਦੁਆਰਿਆਂ ਦੀ ਪੁਨਰ ਸਥਾਪਨਾ ਅਤੇ ਪੰਜਾਬੀ ਬੋਲੀ ਪ੍ਰਤੀ ਸਤਿਕਾਰ ਅਤੇ ਉਸ ਨੂੰ ਪਾਕਿਸਤਾਨ ਵਿਚ ਲਾਗੂ ਕਰਨ ਵੱਲ ਇਕ ਵੱਡਾ ਮੋੜਾ ਪਿਆ ਦਿਖਾਈ ਦੇ ਰਿਹਾ ਹੈ। 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚਲੀਆਂ ਬਹੁਤੀਆਂ ਸਿੱਖ ਤੇ ਹਿੰਦੂ ਸੰਸਥਾਵਾਂ ਤੇ ਧਾਰਮਿਕ ਸਥਾਨ 79 ਸਾਲ ਤੱਕ ਬੰਦ ਰਹਿਣ ਉਪਰੰਤ ਪਾਕਿਸਤਾਨ ਅਚਾਨਕ ਆਪਣੀ ਪੁਰਾਣੀ ਵਿਰਾਸਤ (ਹੈਰੀਟੇਜ) ਵੱਲ ਮੁੜਿਆ ਹੈ। ਇਸ ਵੇਲੇ ਪਾਕਿਸਤਾਨ ਵਿਚ ਸਥਿਤ ਸਿੱਖ ਤੇ ਹਿੰਦੂ ਧਾਰਮਿਕ ਸੰਸਥਾਵਾਂ ਦਾ ਪੁਨਰ ਨਿਰਮਾਣ ਅਤੇ ਸਿੱਖ ਰਾਜ ਵੇਲੇ ਦੀਆਂ ਇਤਿਹਾਸਕ ਯਾਦਗਾਰਾਂ ਦੀ ਮੁੜ ਉਸਾਰੀ ਜਾਂ ਮੁਰੰਮਤ ਕੀਤੀ ਜਾ ਰਹੀ ਹੈ।
ਇਸ ਦੀ ਸ਼ੁਰੂਆਤ ਭਾਵੇਂ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਪੁਨਰ ਨਿਰਮਾਣ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਹੋਈ। ਇਸ ਵਿਚ ਕ੍ਰਿਕਟ ਖਿਡਾਰੀ ਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾ ਯੋਗਦਾਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਛਾ ਵੀ ਮਹੱਤਵਪੂਰਨ ਰਹੀ।
ਇਸ ਵੇਲੇ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਜੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਬੇਟੀ ਤੇ ਮੌਜੂਦਾ ਪ੍ਰਧਾਨ ਮੰਤਰੀ ਦੀ ਭਤੀਜੀ ਹੈ, ਦੀ ਅਗਵਾਈ ਵਿਚ 'ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ' ਅਤੇ 'ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ' ਜਿਸ ਦੇ ਪ੍ਰਧਾਨ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਹਨ, ਦੀ ਅਗਵਾਈ ਵਿਚ ਇਕ ਵੱਡਾ ਮਾਸਟਰ ਪਲਾਨ ਚੱਲ ਰਿਹਾ ਹੈ। ਇਸ ਵਿਚ 1947 ਤੋਂ ਬੰਦ ਪਏ 46 ਇਤਿਹਾਸਕ ਗੁਰਦੁਆਰਿਆਂ ਦਾ ਪੁਨਰ ਨਿਰਮਾਣ ਹੋ ਰਿਹਾ ਹੈ। 100 ਕਰੋੜ ਰੁਪਏ ਦੀ ਲਾਗਤ ਨਾਲ 'ਮੈਗਨੀਫੀਸੈਂਟ ਪੰਜਾਬ' ਅਧੀਨ 101 ਗੁਰਦੁਆਰੇ ਅਤੇ 53 ਚਰਚਾਂ ਨੂੰ ਵਿਸ਼ਵ ਪੱਧਰੀ ਧਾਰਮਿਕ ਟੂਰਿਜ਼ਮ ਲਈ ਤਿਆਰ ਕੀਤਾ ਜਾ ਰਿਹਾ ਹੈ। ਹਿੰਦੂ ਤੀਰਥ ਅਸਥਾਨ ਕਟਾਸ ਰਾਜ ਮੰਦਰ ਦਾ ਕਾਇਆਕਲਪ ਵੀ ਹੋ ਰਿਹਾ ਹੈ।
ਤਾਜ਼ਾ ਵੱਡੀਆਂ ਘਟਨਾਵਾਂ ਵਿਚ ਵਿਸ਼ਵ ਬੈਂਕ ਦੇ ਮੁਖੀ ਅਜੇਪਾਲ ਸਿੰਘ ਬੰਗਾ ਦੇ ਪਾਕਿਸਤਾਨ ਦੌਰੇ ਵੇਲੇ ਉਨ੍ਹਾਂ ਦੇ ਪਿੰਡ ਖੁਸ਼ਾਬ ਦੇ ਗੁਰਦੁਆਰੇ ਦਾ ਪੁਨਰ ਨਿਰਮਾਣ ਹੋਇਆ ਤੇ ਲਾਹੌਰ ਦੇ ਐਚਿਸਨ ਕਾਲਜ ਵਿਚ ਸਥਿਤ ਗੁਰਦੁਆਰੇ ਵਿਚ 79 ਸਾਲ ਤੋਂ ਬਾਅਦ ਕੀਰਤਨ ਕਰਵਾਇਆ ਗਿਆ। ਇਹ ਗੁਰਦੁਆਰਾ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ 1910 ਵਿਚ ਬਣਵਾਇਆ ਸੀ। ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਜਨਰਲ ਹਰੀ ਸਿੰਘ ਨਲੂਆ ਦੀ ਹਵੇਲੀ, ਮਹਾਰਾਜਾ ਰਣਜੀਤ ਸਿੰਘ ਦੀ ਗੁੱਜਰਾਂਵਾਲਾ ਸਥਿਤ ਹਵੇਲੀ ਵੀ ਨਵਿਆਈ ਜਾ ਰਹੀ ਹੈ।
ਪਾਕਿਸਤਾਨ ਨੂੰ ਕੀ ਫਾਇਦਾ?
ਇਸ ਸਥਿਤੀ ਤੇ ਉਤਸ਼ਾਹ ਨੂੰ ਵੇਖ ਕੇ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਇਸ ਸਭ ਕੁਝ ਦਾ ਪਾਕਿਸਤਾਨ ਨੂੰ ਕੀ ਫਾਇਦਾ ਹੋਵੇਗਾ? ਉਹ ਕਿਉਂ ਅਜਿਹਾ ਕਰ ਰਿਹਾ ਹੈ? ਕੀ ਕਿਤੇ ਇਹ ਭਾਰਤੀ ਜਾਂ ਵਿਦੇਸ਼ੀ ਸਿੱਖਾਂ ਨੂੰ ਭੜਕਾਉਣ ਦੀ ਕੋਈ ਚਾਲ ਤਾਂ ਨਹੀਂ? ਇਸ ਬਾਰੇ ਕੋਈ ਵੀ ਅੰਦਾਜ਼ਾ ਲਾਉਣਾ ਸਾਡੇ ਪੱਧਰ 'ਤੇ ਸੰਭਵ ਹੀ ਨਹੀਂ। ਪਰ ਭਾਰਤ ਸਰਕਾਰ ਕੋਲ ਬਹੁਤ ਸਮਰੱਥ ਤੇ ਵੱਡੀਆਂ ਏਜੰਸੀਆਂ ਹਨ ਜੋ ਹਰ ਗੱਲ 'ਤੇ ਨਿਗ੍ਹਾ ਰੱਖਦੀਆਂ ਹਨ। ਪਰ ਜੋ ਸਮਝ ਉਪਰਲੀ ਨਜ਼ਰੇ ਸਾਨੂੰ ਆਉਂਦੀ ਹੈ। ਉਸ ਨਾਲ ਪਾਕਿਸਤਾਨ ਨੂੰ ਇਸ ਦੇ ਕੁਝ ਪ੍ਰਤੱਖ ਫਾਇਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਭਾਰਤ ਨੇ ਦੁਨੀਆ ਭਰ ਵਿਚ ਫੈਲੇ ਬੋਧੀਆਂ ਲਈ ਧਾਰਮਿਕ ਟੂਰਿਜ਼ਮ ਦਾ ਕੇਂਦਰ ਭਾਰਤ ਨੂੰ ਬਣਾਇਆ ਹੈ, ਉਸੇ ਤਰਜ਼ 'ਤੇ ਹੀ ਪਾਕਿਸਤਾਨ ਵੀ ਆਪਣੇ ਦੇਸ਼ ਦੇ ਟੂਰਿਜ਼ਮ ਵਿਚ ਪਾਕਿਸਤਾਨ ਨੂੰ ਸਿੱਖਾਂ ਅਤੇ ਕੁਝ ਹੱਦ ਤੱਕ ਹਿੰਦੂਆਂ ਲਈ ਵੀ ਧਾਰਮਿਕ ਟੂਰਿਜ਼ਮ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨਾਲ ਸਥਾਈ ਤੌਰ 'ਤੇ ਆਰਥਿਕ ਲਾਭ ਤਾਂ ਹੋਵੇਗਾ ਹੀ। ਇਸ ਸਥਿਤੀ ਦਾ ਦੂਸਰਾ ਪਹਿਲੂ ਇਹ ਹੋ ਸਕਦਾ ਹੈ ਕਿ ਪਾਕਿਸਤਾਨ ਆਪਣੇ ਕੱਟੜਵਾਦੀ ਅਕਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੋਵੇ। ਕਿਉਂਕਿ ਕੱਟੜਵਾਦੀ ਦੇਸ਼ਾਂ ਵਿਚ ਪੱਛਮੀ ਤੇ ਲੋਕਤਾਂਤਰਿਕ ਦੇਸ਼ ਘਟ ਹੀ ਨਿਵੇਸ਼ ਕਰਦੇ ਹਨ। ਜੇਕਰ ਪਾਕਿਸਤਾਨ ਇਕ ਮੁਸਲਿਮ ਦੇਸ਼ ਹੋਣ ਦੇ ਬਾਵਜੂਦ ਦੂਜੇ ਧਰਮਾਂ ਲਈ 'ਸਹਿਣਸ਼ੀਲ' ਹੋਣ ਦਾ ਪ੍ਰਗਟਾਵਾ ਕਰਦਾ ਹੈ ਤਾਂ ਕੁਦਰਤੀ ਤੌਰ 'ਤੇ ਉਸ ਦਾ ਅਕਸ ਇਕ ਗ਼ੈਰ ਕੱਟੜਵਾਦੀ ਦੇਸ਼ ਵਾਲਾ ਬਣੇਗਾ। ਫਿਰ ਇਸ ਕੰਮ ਲਈ ਵਿਦੇਸ਼ੀ ਸਿੱਖ ਭਾਈਚਾਰਾ ਵੀ ਕਾਫੀ ਮਦਦ ਕਰ ਸਕਦਾ ਹੈ, ਜਿਵੇਂ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦੀ ਉਸਾਰੀ ਵੇਲੇ ਕੀਤੀ ਗਈ ਸੀ। ਇਸ ਤਰ੍ਹਾਂ ਪਾਕਿਸਤਾਨ ਦੀ ਇਹ ਕੋਸ਼ਿਸ਼ ਦੋ ਸਪੱਸ਼ਟ ਨਿਸ਼ਾਨੇ ਪ੍ਰਾਪਤ ਕਰਦੀ ਹੀ ਹੈ। ਤੀਸਰਾ ਮਰੀਅਮ ਨਵਾਜ਼ ਵਲੋਂ ਪੰਜਾਬੀ ਨੂੰ ਉਤਸ਼ਾਹਿਤ ਕਰਨਾ ਉਸ ਦੇ ਰਾਜਨੀਤਕ ਮੰਤਵ ਦੀ ਪੂਰਤੀ ਲਈ ਜ਼ਰੂਰੀ ਹੈ। ਪੰਜਾਬ ਸਭ ਤੋਂ ਵੱਡਾ ਸੂਬਾ ਹੈ, ਪੰਜਾਬ ਦੀ ਆਬਾਦੀ 13 ਕਰੋੜ ਦੇ ਨੇੜੇ ਹੈ, ਸਿੰਧ ਦੀ ਆਬਾਦੀ ਸਾਢੇ 5 ਕਰੋੜ, ਖ਼ੈਬਰ ਪਖਤੂਨਖਵਾ ਤੇ ਫਾਟਾ ਦੀ ਆਬਾਦੀ 4 ਕਰੋੜ ਬਲੋਚਿਸਤਾਨ ਦੀ ਆਬਾਦੀ ਡੇਢ ਕਰੋੜ ਦੇ ਆਸ-ਪਾਸ ਅਤੇ ਪਾਕਿਸਤਾਨੀ ਕਸ਼ਮੀਰ ਦੀ ਆਬਾਦੀ 55 ਲੱਖ ਦੇ ਕਰੀਬ ਹੈ। ਸੋ ਜੇਕਰ ਮਰੀਅਮ ਨਵਾਜ਼ ਪੰਜਾਬੀ ਪੜ੍ਹਨੀ ਲਾਜ਼ਮੀ ਕਰਕੇ, ਐਸੰਬਲੀ ਵਿਚ ਪੰਜਾਬੀ 'ਚ ਭਾਸ਼ਨ ਕਰਕੇ ਪੰਜਾਬੀਆਂ ਵਿਚ ਪੰਜਾਬੀਅਤ ਤੇ ਪੰਜਾਬੀ ਹੋਣ ਦਾ ਗੌਰਵ ਜਗਾ ਲਵੇ ਤਾਂ ਉਹ ਇਮਰਾਨ ਦੀ ਪਾਰਟੀ ਅਤੇ ਬਿਲਾਵਲ ਭੁੱਟੋ ਦੀ ਪਾਰਟੀ ਦੋਵਾਂ ਨੂੰ ਕਮਜ਼ੋਰ ਕਰਨ ਵਿਚ ਸਫਲ ਹੋ ਸਕਦੀ ਹੈ। ਕਿਉਂਕਿ ਦੋਵੇਂ ਹੀ ਗ਼ੈਰ-ਪੰਜਾਬੀ ਹਨ ਤੇ ਇਕ-ਦੂਸਰੇ ਦੇ ਵਿਰੋਧੀ ਵੀ ਹਨ। ਉਂਜ ਪਾਕਿਸਤਾਨ ਵਿਚ ਅਜੇ ਵੀ ਗੁਰਦੁਆਰਿਆਂ ਤੇ ਮੰਦਰਾਂ ਦੇ ਰੱਖ-ਰਖਾਅ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ ਦਾ ਮਾਮਲਾ ਸੰਕੇਤਿਕ ਹੀ ਹੈ, ਨਹੀਂ ਤਾਂ ਪਾਕਿਸਤਾਨ ਵਿਚ ਕੁੱਲ 1285 ਮੰਦਰ ਅਤੇ 532 ਗੁਰਦੁਆਰੇ ਹਨ। ਅਹਿਮਦਪੁਰੀ ਦੇ ਲਫ਼ਜ਼ਾਂ ਵਿਚ:
ਸਭ ਦੋਸਤ ਮਸਲਹਤ ਕੀ ਦੁਕਾਨੋਂ ਮੇਂ ਬਿਕ ਗਏ,
ਦੁਸ਼ਮਨ ਤੋ ਪੁਰ-ਖ਼ਲੂਸ ਅਦਾਵਤ ਮੇਂ ਅਬ ਭੀ ਹੈਂ।
(ਮਸਲਹਤ-ਲਾਭ, ਸਵਾਰਥ/ਅਦਾਵਤ-ਦੁਸ਼ਮਣੀ)
ਮੁੱਖ ਮੰਤਰੀ ਰੇਖਾ ਗੁਪਤਾ ਜੀ ਇੰਜ ਕਿਉਂ?
ਹਾਲਾਂਕਿ ਅਸਲੀਅਤ ਕੁਝ ਵੀ ਹੋਵੇ ਪਰ ਅਜੇ ਭਾਜਪਾ ਦੇ ਕੇਂਦਰੀ ਨੇਤਾ ਸਿੱਖਾਂ ਨੂੰ ਆਪਣਾ ਦੱਸਣ ਦੀਆਂ ਕੋਸ਼ਿਸ਼ਾਂ ਤਾਂ ਕਰਦੇ ਹੀ ਰਹਿੰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਦੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਜਿਹਾ ਦਿਖਾਉਣ ਦੀਆਂ ਕੋਸ਼ਿਸ਼ਾਂ ਵੀ ਘੱਟ ਹੀ ਕਰਦੀ ਹੈ। ਪਹਿਲਾਂ ਤਾਂ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕੁਝ ਬੰਦੀ ਸਿੰਘਾਂ ਦੀ ਰਿਹਾਈ ਕਰਨ ਦੇ ਕੀਤੇ ਗਏ ਫ਼ੈਸਲੇ ਨੂੰ ਲਾਗੂ ਕਰਨ ਤੋਂ ਦਿੱਲੀ ਦੀ ਆਪ ਸਰਕਾਰ ਇਨਕਾਰ ਕਰਦੀ ਰਹੀ ਤੇ ਭਾਜਪਾ ਉਨ੍ਹਾਂ 'ਤੇ ਇਲਜ਼ਾਮ ਵੀ ਲਾਉਂਦੀ ਰਹੀ, ਪਰ ਹੁਣ ਜਦੋਂ ਭਾਜਪਾ ਦੀ ਆਪਣੀ ਸਰਕਾਰ ਸੀ ਤਾਂ ਉਸ ਨੇ ਵੀ ਬੜੀ ਬੇਕਿਰਕੀ ਨਾਲ ਦਹਾਕਿਆਂ ਤੋਂ ਜੇਲ੍ਹ ਵਿਚ ਬੰਦ ਮਾਨਸਿਕ ਬਿਮਾਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੋਂ ਇਨਕਾਰ ਕਰ ਦਿੱਤਾ। ਚਲੋ ਇਹ ਤਾਂ ਕੁਝ ਵੱਡਾ ਮਸਲਾ ਸੀ, ਪਰ ਹੁਣ ਜਦੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ 'ਰਾਜ ਨਾਮਕਰਨ ਅਥਾਰਿਟੀ' ਨੇ ਦਿੱਲੀ ਮੈਟਰੋ ਦੇ 9 ਸਟੇਸ਼ਨਾਂ ਦੇ ਨਾਂਅ ਬਦਲਣ ਨੂੰ ਮਨਜ਼ੂਰੀ ਦਿੱਤੀ ਤੇ 2 ਸਟੇਸ਼ਨਾਂ ਦੇ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਵੀ ਰੱਖੇ ਗਏ ਹਨ, ਪਰ ਸਿੱਖਾਂ ਦੀ ਬਿਲਕੁਲ ਵਾਜਿਬ ਅਤੇ ਬਹੁਤ ਛੋਟੀ ਜਿਹੀ ਇਕ ਹੋਰ ਮੰਗ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਭਾਰਤ ਦੇ ਘੱਟ-ਗਿਣਤੀ ਕਮਿਸ਼ਨ ਦੇ ਸਾਬਕ ਚੇਅਰਮੈਨ, ਸਾਬਕ ਸੰਸਦ ਮੈਂਬਰ ਤੇ ਪਦਮ ਭੂਸ਼ਨ ਇਨਾਮ ਪ੍ਰਾਪਤ ਤਰਲੋਚਨ ਸਿੰਘ ਨੇ ਵੀ ਇਸ 'ਤੇ ਰੋਸ ਪ੍ਰਗਟ ਕੀਤਾ ਹੈ। ਸਿੱਖਾਂ ਦੀ ਮੰਗ ਸੀ ਕਿ ਚਾਂਦਨੀ ਚੌਕ ਮੈਟਰੋ ਸਟੇਸ਼ਨ ਦਾ ਨਾਂਅ 'ਸੀਸ ਗੰਜ ਚਾਂਦਨੀ ਚੌਕ' ਕੀਤਾ ਜਾਵੇ ਤਾਂ ਜੋ ਬਾਹਰੋਂ ਆਉਣ ਵਾਲੇ ਵਿਦੇਸ਼ੀਆਂ ਲਈ ਗੁਰਦੁਆਰਾ ਸੀਸ ਗੰਜ ਪਹੁੰਚਣਾ ਹੋਰ ਆਸਾਨ ਹੋ ਜਾਵੇ। ਇਸੇ ਤਰ੍ਹਾਂ ਉਨ੍ਹਾਂ ਦੀ ਮੰਗ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲਗਦੇ ਸਟੇਸ਼ਨ ਦਾ ਨਾਂਅ ਬਦਲਣ ਦੀ ਵੀ ਸੀ। ਇਹ ਮੰਗ ਮੰਨਣ ਵਿਚ ਕੀ ਹਰਜ਼ ਸੀ, ਸਮਝ ਤੋਂ ਬਾਹਰ ਹੈ। ਗੌਰਤਲਬ ਹੈ ਕਿ ਇਨ੍ਹਾਂ ਗੁਰਦੁਆਰਿਆਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੇ ਸਪੈਨਿਸ਼, ਫਰੈਂਚ ਆਦਿ ਦੇ ਦੋ ਭਾਸ਼ੀਏ ਅਤੇ ਲਿਟਰੇਚਰ ਵੀ ਰੱਖਿਆ ਹੈ। ਸਮਝ ਤੋਂ ਬਾਹਰ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਸਿੱਖਾਂ ਨੂੰ ਖੁਸ਼ ਕਰਨ ਲਈ ਏਨੀ ਛੋਟੀ ਜਿਹੀ ਮੰਗ ਮੰਨਣ ਤੋਂ ਵੀ ਕਿਉਂ ਟਾਲ-ਮਟੋਲ ਕਰ ਰਹੀ ਹੈ।
ਯੇ ਔਰ ਬਾਤ ਕਿ ਹੋ ਮੁਖਤਸਰ ਮਗਰ 'ਆਸਿਮ',
ਹਮਾਰੀ ਬਾਤ ਕਭੀ ਸਰਸਰੀ ਨਹੀ ਹੋਤੀ॥
(ਆਸਿਮ ਵਾਸਤੀ), (ਮੁਖ਼ਤਸਰ-ਛੋਟੀ)
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com