ਪਿਆਰੇ ਬੱਚਿਓ, ਤੁਹਾਡੀ ਸਾਲਾਨਾ ਪ੍ਰੀਖਿਆ ਦਾ ਸਮਾਂ ਨੇੜੇ ਆ ਗਿਆ ਹੈ। ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਤਿਆਰੀ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਕਿਉਂਕਿ ਸਾਲਾਨਾ ਪ੍ਰੀਖਿਆ ਵਿਦਿਆਰਥੀ ਦੇ ਸਾਲ ਭਰ ਦੇ ਅਧਿਐਨ ਤੇ ਮਿਹਨਤ ਦਾ ਅਸਲ ਨਤੀਜਾ ਹੁੰਦੀ ਹੈ। ਜੇਕਰ ਤਿਆਰੀ ਯੋਜਨਾਬੱਧ ਢੰਗ ਨਾਲ ਕੀਤੀ ਜਾਵੇ ਤਾਂ ਪ੍ਰੀਖਿਆ ਦਾ ਡਰ ਘੱਟ ਹੋ ਜਾਂਦਾ ਹੈ ਅਤੇ ਨਤੀਜੇ ਵੀ ਬਹੁਤ ਵਧੀਆ ਆਉਂਦੇ ਹਨ। ਸਾਲਾਨਾ ਪ੍ਰੀਖਿਆ ਤੋਂ ਪਹਿਲਾਂ ਅਤੇ ਪੇਪਰ ਵਾਲੇ ਦਿਨ ਤੋਂ ਪਹਿਲਾਂ ਤਿਆਰੀ ਕਰਨ ਦੇ ਹੇਠ ਲਿਖੇ ਨੁਕਤੇ ਅਪਣਾ ਕੇ ਸਾਲਾਨਾ ਪ੍ਰੀਖਿਆ 'ਚੋਂ ਚੰਗੇ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ।
1. ਪਾਠਕ੍ਰਮ ਦੀ ਪੂਰੀ ਸਮਝ ਹੋਣਾ-ਸਭ ਤੋਂ ਪਹਿਲਾਂ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਕਿਹੜੇ ਅਧਿਆਇ ਵੱਧ ਮਹੱਤਵਪੂਰਨ ਹਨ ਤੇ ਕਿੰਨੇ ਅੰਕਾਂ ਦੇ ਪੇਪਰ ਸਾਲਾਨਾ ਪ੍ਰੀਖਿਆ ਵਿਚ ਆਉਣੇ ਹਨ। ਇਨ੍ਹਾਂ ਦੀ ਸੂਚੀ ਬਣਾ ਕੇ ਰੱਖਣੀ ਚਾਹੀਦੀ ਹੈ।
2. ਸੁਚੱਜੀ ਸਮਾਂ-ਸਾਰਣੀ-ਰੋਜ਼ਾਨਾਂ ਪੜ੍ਹਾਈ ਲਈ ਇਕ ਸਮਾਂ-ਸਾਰਣੀ ਬਣਾਈ ਜਾਵੇ। ਹਰ ਵਿਸ਼ੇ ਨੂੰ ਸਮਾਂ ਦਿੱਤਾ ਜਾਵੇ ਅਤੇ ਔਖੇ ਵਿਸ਼ਿਆਂ ਦਾ ਅਭਿਆਸ ਕਰਨ ਲਈ ਜ਼ਿਆਦਾ ਸਮਾਂ ਅਤੇ ਸੌਖੇ ਵਿਸ਼ਿਆ ਲਈ ਘੱਟ ਸਮਾਂ ਦਿੱਤਾ ਜਾਵੇ।
3. ਰੋਜ਼ਾਨਾ ਅਧਿਐਨ ਕਰਨਾ-ਰੋਜ਼ਾਨਾ ਪੜ੍ਹਨ ਦੀ ਆਦਤ ਬਣਾਉਣੀ ਚਾਹੀਦੀ ਹੈ। ਪੜ੍ਹਦੇ ਸਮੇਂ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਬਿਨਾਂ ਸਮਝੇ ਯਾਦ ਕਰਨ ਤੋਂ ਬਚਣਾ ਚਾਹੀਦਾ ਹੈ।
4. ਸੰਖੇਪ ਨੋਟਿਸ ਬਣਾਉਣਾ-ਹਰ ਅਧਿਆਇ ਦੇ ਮੁੱਖ ਬਿੰਦੂਆਂ ਦੇ ਛੋਟੇ ਨੋਟਿਸ ਬਣਾਉਣੇ ਚਾਹੀਦੇ ਹਨ। ਇਹ ਨੋਟਿਸ ਆਖ਼ਰੀ ਸਮੇਂ ਦੀ ਦੁਹਰਾਈ ਲਈ ਬਹੁਤ ਮਦਦਗਾਰ ਸਾਬਤ ਹੁੰਦੇ ਹਨ।
5. ਪਿਛਲੇ ਪ੍ਰਸ਼ਨ ਪੱਤਰ ਹੱਲ ਕਰਨੇ-ਪੁਰਾਣੇ ਪ੍ਰਸ਼ਨ ਪੱਤਰ ਹੱਲ ਕਰਨ ਨਾਲ ਪ੍ਰੀਖਿਆ ਦੇ ਪੈਟਰਨ ਦੀ ਸਮਝ ਆ ਜਾਂਦੀ ਹੈ ਅਤੇ ਸਮਾਂ ਪ੍ਰਬੰਧਨ ਵਿਚ ਵੀ ਸੁਧਾਰ ਹੁੰਦਾ ਹੈ।
6. ਲਗਾਤਾਰ ਦੁਹਰਾਈ ਕਰਨੀ-ਪੜ੍ਹੇ ਹੋਏ ਵਿਸ਼ੇ ਨੂੰ ਵਾਰ-ਵਾਰ ਦੁਹਰਾਉਣਾ ਚਾਹੀਦਾ ਹੈ, ਤਾਂ ਜੋ ਪ੍ਰੀਖਿਆ ਸਮੇਂ ਕੋਈ ਵੀ ਗੱਲ ਨਾ ਭੁੱਲੀ ਜਾ ਸਕੇ।
7. ਮੋਕ ਟੈਸਟ-ਮੋਕ ਟੈਸਟ ਦੇਣਾ ਸਾਲਾਨਾ ਪ੍ਰੀਖਿਆ ਦੀ ਤਿਆਰੀ ਨੂੰ ਪਰਖਣ ਦਾ ਇਕ ਚੰਗਾ ਤਰੀਕਾ ਹੈ। ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀਆਂ ਕਿਹੜੀਆਂ ਕਮਜ਼ੋਰੀਆਂ ਹਨ ਅਤੇ ਉਨ੍ਹਾਂ ਨੂੰ ਸੁਧਾਰਨ ਦਾ ਮੌਕਾ ਮਿਲੇਗਾ।
8. ਸਿਹਤ ਦਾ ਧਿਆਨ ਰੱਖੋ-ਪ੍ਰੀਖਿਆ ਦੇ ਸਮੇਂ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ ਤਾਂ ਕਿ ਪੇਪਰ ਦੌਰਾਨ ਕਿਸੇ ਕਿਸਮ ਦੀ ਕੋਈ ਸਰੀਰਕ ਸਮੱਸਿਆ ਨਾ ਆ ਸਕੇ। ਇਸ ਲਈ ਚੰਗੀ ਖ਼ੁਰਾਕ ਖਾਣੀ ਚਾਹੀਦੀ ਹੈ ਤੇ ਕਸਰਤ ਕਰਨੀ ਚਾਹੀਦੀ ਹੈ।
9. ਮੋਬਾਈਲ ਦੀ ਘੱਟ ਵਰਤੋਂ-ਮੋਬਾਈਲ ਦੀ ਵਰਤੋਂ ਸਾਨੂੰ ਔਖੇ ਸ਼ਬਦਾਂ ਦੇ ਅਰਥ ਅਤੇ ਕੁਝ ਜ਼ਰੂਰੀ ਗੱਲਾਂ ਨੂੰ ਸਮਝਣ ਲਈ ਹੀ ਕਰਨੀ ਚਾਹੀਦੀ ਹੈ। ਜਿੰਨਾ ਹੋ ਸਕੇ ਸਾਨੂੰ ਸਕਰੀਨ ਟਾਈਮ ਘਟਾਉਣਾ ਚਾਹੀਦਾ ਹੈ।
ਪੇਪਰ ਵਾਲੇ ਦਿਨ ਪਹਿਲਾਂ ਦੀ ਤਿਆਰੀ
10. ਪੂਰੇ ਪਾਠਕ੍ਰਮ ਦੀ ਆਖ਼ਰੀ ਦੁਹਰਾਈ-ਪੇਪਰ ਤੋਂ ਇਕ-ਦੋ ਦਿਨ ਪਹਿਲਾਂ ਸਿਰਫ਼ ਪੜ੍ਹਿਆ ਹੋਇਆ ਪਾਠਕ੍ਰਮ ਹੀ ਦੁਹਰਾਉਣਾ ਚਾਹੀਦਾ ਹੈ। ਨਵਾਂ ਪਾਠਕ੍ਰਮ ਸ਼ੁਰੂ ਕਰਨ ਤੋਂ ਬਚਣਾ ਚਾਹੀਦਾ ਹੈ।
11. ਮਹੱਤਵਪੂਰਨ ਪ੍ਰਸ਼ਨਾਂ 'ਤੇ ਧਿਆਨ-ਅਧਿਆਪਕਾਂ ਵਲੋਂ ਦੱਸੇ ਗਏ ਮਹੱਤਵਪੂਰਨ ਪ੍ਰਸ਼ਨਾਂ ਅਤੇ ਨੋਟਿਸਾਂ ਨੂੰ ਧਿਆਨ ਨਾਲ ਦੁਹਰਾਉਣਾ ਚਾਹੀਦਾ ਹੈ।
12. ਪੇਪਰ ਲਿਖਣ ਦਾ ਅਭਿਆਸ-ਉੱਤਰ ਲਿਖਣ ਦਾ ਅਭਿਆਸ ਕਰਨਾ ਚਾਹੀਦਾ ਹੈ, ਤਾਂ ਜੋ ਪੇਪਰ ਵਿਚ ਸਮਾਂ ਸਹੀ ਤਰੀਕੇ ਨਾਲ ਵੰਡਿਆ ਜਾ ਸਕੇ।
13. ਲੋੜੀਂਦਾ ਸਾਮਾਨ ਤਿਆਰ ਰੱਖਣਾ-ਪੇਪਰ ਤੋਂ ਇਕ ਦਿਨ ਪਹਿਲਾਂ ਪੈਨ, ਪੈਂਸਲ, ਰਬੜ, ਪੈਮਾਨਾ, ਸਿਰਫ਼ ਸਮਾਂ ਦੱਸਣ ਵਾਲੀ ਘੜੀ ਅਤੇ ਪ੍ਰਵੇਸ਼ ਪੱਤਰ (ਰੋਲ ਨੰਬਰ) ਆਦਿ ਤਿਆਰ ਕਰ ਲੈਣੇ ਚਾਹੀਦੇ ਹਨ।
14. ਪੂਰੀ ਨੀਂਦ ਲੈਣਾ-ਰਾਤ ਨੂੰ ਦੇਰ ਤੱਕ ਜਾਗਣ ਦੀ ਬਜਾਏ, ਸਮੇਂ ਸਿਰ ਸੌਣਾ ਚਾਹੀਦਾ ਹੈ ਤਾਂ ਜੋ ਅਗਲੇ ਦਿਨ ਮਨ ਤਾਜ਼ਾ ਰਹੇ।
15. ਮਨ ਨੂੰ ਸ਼ਾਂਤ ਰੱਖਣਾ-ਘਬਰਾਹਟ ਤੋਂ ਦੂਰ ਰਹਿ ਕੇ ਆਪਣੇ-ਆਪ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਅਤੇ ਖ਼ੁਦ 'ਤੇ ਭਰੋਸਾ ਰੱਖਣ ਤੇ ਸਕਾਰਾਤਮਕ ਸੋਚ ਨਾਲ ਨਤੀਜੇ ਵੀ ਚੰਗੇ ਆਉਂਦੇ ਹਨ।
16. ਸਮੇਂ ਸਿਰ ਪਹੁੰਚਣਾ-ਪ੍ਰੀਖਿਆ ਵਾਲੇ ਦਿਨ ਸੈਂਟਰ ਵਿਚ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਪਹੁੰਚਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਕਿਸਮ ਦੀ ਅੜਚਣ ਤੋਂ ਬਚਿਆ ਜਾ ਸਕੇ।
ਜੇ ਵਿਦਿਆਰਥੀ ਸਾਲਾਨਾ ਪ੍ਰੀਖਿਆ ਤੋਂ ਪਹਿਲਾਂ ਅਤੇ ਪੇਪਰ ਵਾਲੇ ਦਿਨ ਤੋਂ ਪਹਿਲਾਂ ਉਪਰੋਕਤ ਨੁਕਤਿਆਂ ਅਨੁਸਾਰ ਤਿਆਰੀ ਕਰਨਗੇ, ਤਾਂ ਉਹ ਨਿਸ਼ਚਿਤ ਤੌਰ 'ਤੇ ਸਫ਼ਲਤਾ ਹਾਸਲ ਕਰ ਸਕਦੇ ਹਨ। ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਹੀ ਚੰਗੇ ਨਤੀਜਿਆਂ ਦੀ ਕੁੰਜੀ ਹੁੰਦੇ ਹਨ।
-ਸਾਇੰਸ ਮਾਸਟਰ, ਸ.ਹਾ. ਸਕੂਲ ਝੁਨੇਰ (ਮਾਲੇਰਕੋਟਲਾ)।
ਈਮੇਲ : varinderkehals@gmail.com