ਪਿਛਲੇ ਸਾਲ ਨੌਜਵਾਨਾਂ ਨੇ ਸਖ਼ਤ ਅੰਦੋਲਨ ਕਰ ਕੇ ਕੇ.ਪੀ. ਸ਼ਰਮਾ ਓਲੀ ਜੋ ਕਮਿਊਨਿਸਟ ਪਾਰਟੀ ਆਫ਼ ਨਿਪਾਲ ਦੇ ਆਗੂ ਸਨ, ਦੀ ਸਰਕਾਰ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ ਸੀ। ਉਸ ਸਮੇਂ ਓਲੀ ਸਰਕਾਰ ਵਿਚ ਨਿਪਾਲ ਕਾਂਗਰਸ ਵੀ ਭਾਈਵਾਲ ਸੀ। ਇਹ ਸਰਕਾਰ ਨੌਜਵਾਨਾਂ ਦੇ ਗੁੱਸੇ ਅੱਗੇ ਟਿਕ ਨਾ ਸਕੀ। ਨਿਪਾਲ ਵਿਚ ਦਰਜਨ ਭਰ ਪਾਰਟੀਆਂ ਸਰਗਰਮ ਰਹੀਆਂ ਹਨ। ਇਨ੍ਹਾਂ ਵਿਚ ਸ਼੍ਰਮ ਸੰਸਕ੍ਰਿਤੀ ਪਾਰਟੀ, ਪ੍ਰੋਗ੍ਰੈਸਿਵ ਡੈਮੋਕ੍ਰੇਟਿਵ ਪਾਰਟੀ ਅਤੇ ਕੇ.ਪੀ. ਸ਼ਰਮਾ ਦੀ ਕਮਿਊਨਿਸਟ ਪਾਰਟੀ ਆਦਿ ਸਿਆਸੀ ਪਾਰਟੀਆਂ ਲੋਕਾਂ ਵਿਚ ਆਪਣਾ ਪ੍ਰਭਾਵ ਰੱਖਦੀਆਂ ਸਨ। ਨਿਪਾਲ ਸੈਂਕੜੇ ਵਰ੍ਹੇ ਰਾਜਾਸ਼ਾਹੀ ਦੇ ਪ੍ਰਸ਼ਾਸਨ ਹੇਠ ਰਿਹਾ ਸੀ, ਪਰ ਕੁਝ ਦਹਾਕੇ ਪਹਿਲਾਂ ਉੱਥੇ ਉੱਠੀਆਂ ਕਮਿਊਨਿਸਟ ਪਾਰਟੀਆਂ ਨੇ 20 ਸਾਲ ਤੱਕ ਰਾਜਾਸ਼ਾਹੀ ਵਿਰੁੱਧ ਹਿੰਸਕ ਅੰਦੋਲਨ ਚਲਾਇਆ, ਜਿਸ ਨੇ ਰਾਜਾਸ਼ਾਹੀ ਨੂੰ ਜੜ੍ਹਾਂ ਤੋਂ ਉਖਾੜ ਦਿੱਤਾ ਸੀ। ਉਸ ਤੋਂ ਬਾਅਦ ਹੋਈਆਂ ਕਈ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲ ਸਕਿਆ ਅਤੇ ਰਲਵੀਆਂ-ਮਿਲਵੀਆਂ ਸਰਕਾਰਾਂ ਬਣਦੀਆਂ ਰਹੀਆਂ। ਇਹ ਲੋਕਾਂ ਨੂੰ ਵੱਡੀ ਹੱਦ ਤੱਕ ਸੰਤੁਸ਼ਟ ਨਾ ਕਰ ਸਕੀਆਂ। ਲੰਮੀ ਜੱਦੋ-ਜਹਿਦ ਬਾਅਦ ਸਾਲ 2015 ਵਿਚ ਦੇਸ਼ ਵਿਚ ਨਵਾਂ ਸੰਵਿਧਾਨ ਬਣਿਆ, ਜਿਸ ਤਹਿਤ ਵੀ ਅਨੇਕਾਂ ਵਾਰ ਚੋਣਾਂ ਹੋਈਆਂ।
ਕਮਿਊਨਿਸਟ ਆਗੂਆਂ ਵਿਚ ਪੁਸ਼ਪ ਕਮਲ ਦਾਹਲ ਇਕ ਉੱਭਰਵੀਂ ਸ਼ਖ਼ਸੀਅਤ ਰਿਹਾ, ਜੋ ਓਲੀ ਵਾਂਗ ਕਈ ਵਾਰ ਪ੍ਰਧਾਨ ਮੰਤਰੀ ਬਣਿਆ ਪਰ ਇਹ ਸਰਕਾਰਾਂ ਵੀ ਲੋਕਾਂ ਨੂੰ ਸੰਤੁਸ਼ਟ ਨਾ ਕਰ ਸਕੀਆਂ। ਦੇਸ਼ ਆਰਥਿਕ ਸੰਕਟਾਂ ਵਿਚ ਫਸਿਆ ਰਿਹਾ, ਜਿਸ ਕਰਕੇ ਬਹੁਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਰੋਟੀ ਰੋਜ਼ੀ ਕਮਾਉਣ ਲਈ ਜਾਣਾ ਪਿਆ। ਅੱਜ ਵੀ ਲੱਖਾਂ ਹੀ ਨਿਪਾਲੀ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਰੋਟੀ-ਰੋਜ਼ੀ ਲਈ ਵਸੇ ਹੋਏ ਹਨ। ਨਿਪਾਲ ਦੀ ਆਰਥਿਕਤਾ ਅੱਜ ਵੀ ਮੁੱਢਲੇ ਰੂਪ ਵਿਚ ਖੇਤੀ ਆਧਾਰਿਤ ਹੀ ਹੈ। ਭਾਰਤ ਹਮੇਸ਼ਾ ਤੋਂ ਹੀ ਨਿਪਾਲ ਦਾ ਇਕ ਚੰਗਾ ਗੁਆਂਢੀ ਬਣਿਆ ਰਿਹਾ ਹੈ। ਵੱਡਾ ਦੇਸ਼ ਹੋਣ ਕਾਰਨ ਇਸ ਨੇ ਨਿਪਾਲ ਦੇ ਮੁੱਢਲੇ ਢਾਂਚੇ ਦੀ ਉਸਾਰੀ ਵਿਚ ਵੱਡਾ ਹਿੱਸਾ ਪਾਇਆ ਹੈ। ਚਾਹੇ ਪਿਛਲੇ ਸਮੇਂ ਵਿਚ ਇਸ ਦੇ ਵੱਡੇ ਗੁਆਂਢੀ ਚੀਨ ਨੇ ਵੀ ਨਿਪਾਲ ਵਿਚ ਨਵੇਂ ਪ੍ਰਾਜੈਕਟ ਲਗਾਏ ਹਨ ਅਤੇ ਕਈ ਹੋਰ ਤਰ੍ਹਾਂ ਨਾਲ ਵੀ ਇਸ ਦੀ ਮਦਦ ਕੀਤੀ ਹੈ। ਇਸ ਕਾਰਨ ਨਿਪਾਲ ਦੀਆਂ ਕਈ ਸਰਕਾਰਾਂ ਦਾ ਝੁਕਾਅ ਚੀਨ ਵੱਲ ਵੀ ਵਧਿਆ ਹੈ। ਪਿਛਲੇ ਲਗਭਗ 70 ਸਾਲ ਤੋਂ ਇਹ ਸਿਲਸਿਲਾ ਚਲਿਆ ਆ ਰਿਹਾ ਹੈ। ਕਮਿਊਨਿਸਟ ਸਰਕਾਰਾਂ ਦੀ ਸਥਾਪਤੀ ਤੋਂ ਬਾਅਦ ਖ਼ਾਸ ਤੌਰ 'ਤੇ ਕੇ.ਪੀ. ਸ਼ਰਮਾ ਓਲੀ ਦੇ ਕਈ ਵਾਰ ਪ੍ਰਧਾਨ ਮੰਤਰੀ ਬਣਨ ਕਾਰਨ ਇਸ ਦਾ ਚੀਨ ਵੱਲ ਵਧੇਰੇ ਝੁਕਾਅ ਬਣਿਆ ਰਿਹਾ, ਪਰ ਇਹ ਗੱਲ ਨਿਸਚਿਤ ਹੈ ਕਿ ਭਾਰਤ ਦੇ ਸਹਿਯੋਗ ਤੋਂ ਬਗ਼ੈਰ ਨਿਪਾਲ ਅੱਧਾ-ਅਧੂਰਾ ਹੀ ਰਿਹਾ ਹੈ। ਭਾਰਤ ਨਾਲ ਇਸ ਦੇ ਸੰਬੰਧ ਬੇਹੱਦ ਨਰਮ ਅਤੇ ਸੁਖਾਵੇਂ ਬਣੇ ਰਹੇ ਹਨ। ਇਸ ਦੇ ਬਾਵਜੂਦ ਅੱਜ ਵੀ ਨਿਪਾਲ ਵਿਚ ਸਨਅਤ ਪ੍ਰਫੁੱਲਤ ਨਹੀਂ ਹੋ ਸਕੀ। ਚਾਹੇ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਇੱਥੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਵਿਚ ਭਾਰਤੀ ਵਧੇਰੇ ਹੁੰਦੇ ਹਨ।
ਪਰ ਸਾਲ 2025 ਵਿਚ ਜੈਨ-ਜ਼ੀ ਦੇ ਅੰਦੋਲਨ ਨੇ ਇਕ ਤਰ੍ਹਾਂ ਨਾਲ ਉਕਤ ਸਾਰੀਆਂ ਹੀ ਸਥਾਪਤ ਪਾਰਟੀਆਂ ਨੂੰ ਨਕਾਰ ਦਿੱਤਾ ਸੀ, ਜਿਸ ਦਾ ਨਤੀਜਾ ਹੁਣ ਸਾਹਮਣੇ ਆਇਆ ਹੈ। ਨੌਜਵਾਨ ਆਗੂ ਬਾਲੇਂਦਰ ਸ਼ਾਹ ਬਾਲੇਨ ਦੀ ਨਵੀਂ ਰਾਸ਼ਟਰੀ ਸਵਤੰਤਰਤਾ ਪਾਰਟੀ ਨੇ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਬਾਲੇਂਦਰ ਸ਼ਾਹ ਬਾਲੇਨ ਸਿਰਫ਼ 35 ਸਾਲ ਦਾ ਨੌਜਵਾਨ ਹੈ, ਜੋ ਇਕ ਮਸ਼ਹੂਰ ਰੈਪਰ ਵੀ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਦੇਸ਼ ਦੀ ਰਾਜਧਾਨੀ ਕਾਠਮੰਡੂ ਦਾ ਮੇਅਰ ਵੀ ਚੁਣਿਆ ਗਿਆ ਸੀ। ਉਹ ਇੰਜੀਨੀਅਰ ਹੈ, ਜਿਸ ਨੇ ਭਾਰਤ ਵਿਚ ਵੀ ਪੜ੍ਹਾਈ ਕੀਤੀ ਸੀ। ਨਿਪਾਲ ਦੇ ਵੋਟਰ ਪੌਣੇ 2 ਕਰੋੜ ਦੇ ਲਗਭਗ ਹਨ। ਇਸ ਦੀ ਪ੍ਰਤੀਨਿਧ ਸਭਾ ਦੇ ਕੁਲ 275 ਮੈਂਬਰ ਹੁੰਦੇ ਹਨ। ਇਨ੍ਹਾਂ ਵਿਚੋਂ 165 ਸਿੱਧੀ ਚੋਣ ਰਾਹੀਂ ਅਤੇ 110 ਮੈਂਬਰ ਸੰਸਦ ਵਿਚ ਪਾਰਟੀਆਂ ਦੀ ਹਿੱਸੇਦਾਰੀ ਦੇ ਹਿਸਾਬ ਨਾਲ ਭਾਵ (ਪਰਪੋਰਸ਼ਨਲ ਨੁਮਾਇੰਦਗੀ ਦੀ ਵਿਧੀ) ਨਾਲ ਚੁਣੇ ਜਾਂਦੇ ਹਨ। ਰਾਜਾਸ਼ਾਹੀ ਦਾ ਜੁੱਲਾ ਲਾਹੁਣ ਤੋਂ ਬਾਅਦ ਦਹਾਕਿਆਂ ਤੱਕ ਇੱਥੇ ਸਿਆਸੀ ਅਸਥਿਰਤਾ ਬਣੀ ਰਹੀ। ਅਨੇਕਾਂ ਵਾਰ ਸਰਕਾਰਾਂ ਬਣੀਆਂ ਅਤੇ ਟੁੱਟੀਆਂ ਪਰ ਹੁਣ ਤੱਕ ਕੋਈ ਵੀ ਸਰਕਾਰ ਟਿਕਾਊ ਨਹੀਂ ਬਣ ਸਕੀ, ਜਿਸ ਤੋਂ ਇਹ ਉਮੀਦ ਕੀਤੀ ਜਾਂਦੀ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਸਮਰੱਥ ਹੋ ਸਕੇਗੀ। ਇਸ ਵਾਰ ਗੁਣਾ ਬਾਲੇਂਦਰ ਸ਼ਾਹ ਦੀ ਅਗਵਾਈ ਵਿਚ ਨਵੀਂ ਸੱਤਾਧਾਰੀ ਹੋਈ ਪਾਰਟੀ 'ਤੇ ਪਿਆ ਹੈ, ਜਿਸ ਨੂੰ ਨਿਪਾਲੀ ਵੋਟਰਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ ਅਤੇ ਰਵਾਇਤੀ ਪਾਰਟੀਆਂ ਨੂੰ ਇਕ ਤਰ੍ਹਾਂ ਨਾਲ ਹਾਸ਼ੀਏ 'ਤੇ ਧੱਕ ਦਿੱਤਾ ਹੈ।
ਬਿਨਾਂ ਸ਼ੱਕ ਨਵੀਂ ਸਰਕਾਰ ਸਾਹਮਣੇ ਬੇਹੱਦ ਚੁਣੌਤੀਆਂ ਹਨ। ਲੋਕਾਂ ਨੂੰ ਆਸ ਹੈ ਕਿ ਇਹ ਸਰਕਾਰ ਗਹਿਰ ਗੰਭੀਰ ਤਰੀਕੇ ਨਾਲ ਦਰਪੇਸ਼ ਚੁਣੌਤੀਆਂ ਨਾਲ ਨਜਿੱਠ ਸਕਣ ਦੇ ਸਮਰੱਥ ਹੋ ਸਕੇਗੀ। ਭਾਰਤ ਸਰਕਾਰ ਨੇ ਨਵੀਂ ਸਰਕਾਰ ਦੇ ਗਠਨ 'ਤੇ ਨਾ ਸਿਰਫ਼ ਉਸ ਨੂੰ ਸ਼ੁੱਭ ਇੱਛਾਵਾਂ ਹੀ ਭੇਜੀਆਂ ਹਨ, ਸਗੋਂ ਇਸ ਦੇ ਨਾਲ ਹੀ ਪਹਿਲਾਂ ਵਾਂਗ ਇਸ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਮਿਲਵਰਤਣ ਦੇਣ ਦਾ ਭਰੋਸਾ ਵੀ ਦਿੱਤਾ ਹੈ, ਜਿਸ ਨੂੰ ਆਧਾਰ ਬਣਾ ਕੇ ਉਹ ਅੱਗੇ ਵਧ ਸਕਦੀ ਹੈ। ਅਜਿਹਾ ਤਦੇ ਹੀ ਸੰਭਵ ਹੋ ਸਕਦਾ ਹੈ, ਜੇ ਨਿਪਾਲ ਆਪਣੇ ਦੋਹਾਂ ਵੱਡੇ ਗੁਆਂਢੀਆਂ ਭਾਰਤ ਤੇ ਚੀਨ ਨਾਲ ਪੂਰਾ-ਪੂਰਾ ਸਮਤੋਲ ਬਣਾ ਕੇ ਚੱਲਣ ਵਿਚ ਸਫ਼ਲ ਹੋ ਸਕੇ। ਇਹ ਨੀਤੀ ਦੇਸ਼ ਨੂੰ ਅੱਗੇ ਵਧਾਉਣ ਵਿਚ ਕਾਫ਼ੀ ਹੱਦ ਤੱਕ ਸਹਾਈ ਹੋ ਸਕਦੀ ਹੈ।
-ਬਰਜਿੰਦਰ ਸਿੰਘ ਹਮਦਰਦ