12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਇਕ ਹੋਰ ਗੰਭੀਰ ਚੁਣੌਤੀ

Ad Position 21
No active advertisement
ਅਜੀਤ ਡੈਸਕ 03-04-2026

ਚੰਡੀਗੜ੍ਹ ਵਿਚ ਭਾਜਪਾ ਦੇ ਦਫ਼ਤਰ ਦੇ ਸਾਹਮਣੇ ਹੋਏ ਬੰਬ ਧਮਾਕੇ ਨੇ ਇਕ ਵਾਰ ਫਿਰ ਸਭ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਦਿੱਲੀ ਤੋਂ ਲੈ ਕੇ ਜੰਮੂ ਤੱਕ ਅਕਸਰ ਵੱਖ-ਵੱਖ ਸ਼ਹਿਰਾਂ ਵਿਚ ਸਕੂਲਾਂ, ਹਸਪਤਾਲਾਂ, ਸਟੇਸ਼ਨਾਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਸਨ, ਪਰ ਬਹੁਤੀ ਵਾਰ ਇਹ ਖ਼ਬਰਾਂ ਝੂਠ ਅਤੇ ਅਫ਼ਵਾਹਾਂ ਹੀ ਸਾਬਿਤ ਹੋਈਆਂ ਹਨ। ਹੁਣ ਤੱਕ ਬਹੁਤੀਆਂ ਥਾਵਾਂ ਤੋਂ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਜਿਹੀਆਂ ਗੱਲਾਂ ਉਡਾਉਣ ਵਾਲੇ ਸ਼ਰਾਰਤੀ ਅਨਸਰ ਕੌਣ ਹੋ ਸਕਦੇ ਹਨ ਅਤੇ ਇਨ੍ਹਾਂ ਦਾ ਨਿਸ਼ਾਨਾ ਕੀ ਹੈ? ਪਰ ਅਕਸਰ ਅਜਿਹੀਆਂ ਅਫ਼ਵਾਹਾਂ ਡਰ ਦਾ ਮਾਹੌਲ ਪੈਦਾ ਕਰ ਦਿੰਦੀਆਂ ਹਨ। ਕਈ ਵਾਰ ਗ੍ਰਨੇਡ ਸੁੱਟੇ ਜਾਣ ਜਾਂ ਬੰਬ ਫਟਣ ਨਾਲ ਵੱਖ-ਵੱਖ ਥਾਵਾਂ 'ਤੇ ਵਾਰਦਾਤਾਂ ਵੀ ਵਾਪਰ ਜਾਂਦੀਆਂ ਹਨ। ਅਪਰਾਧੀ ਅਨਸਰ ਗੋਲੀਆਂ ਮਾਰ ਕੇ ਵੀ ਭੱਜ ਜਾਂਦੇ ਹਨ।
ਚੰਡੀਗੜ੍ਹ ਵਿਚ ਹੀ ਪਿਛਲੇ ਸਮਿਆਂ ਵਿਚ ਅਜਿਹਾ ਕੁਝ ਵਾਪਰਦਾ ਵੀ ਰਿਹਾ ਹੈ। ਸਤੰਬਰ 2024 ਵਿਚ ਇਥੇ ਇਕ ਸੈਕਟਰ ਵਿਚ ਇਕ ਪੁਲਿਸ ਅਫ਼ਸਰ ਦੇ ਘਰ 'ਤੇ ਹੈਂਡ ਗ੍ਰਨੇਡ ਸੁੱਟਿਆ ਗਿਆ ਸੀ। ਉਸੇ ਹੀ ਸਾਲ ਨਵੰਬਰ ਦੇ ਮਹੀਨੇ ਵਿਚ ਗਾਇਕ ਤੇ ਰੈਪਰ ਬਾਦਸ਼ਾਹ ਦੇ ਕਲੱਬ 'ਤੇ ਵੀ ਬੰਬ ਸੁੱਟੇ ਗਏ ਸਨ। ਚਾਹੇ ਹੁਣ ਚਲਾਏ ਗਏ ਗ੍ਰਨੇਡ ਨਾਲ ਬਹੁਤਾ ਨੁਕਸਾਨ ਤਾਂ ਨਹੀਂ ਹੋਇਆ ਪਰ ਸੰਬੰਧਿਤ ਦਫ਼ਤਰ ਦੀ ਦੀਵਾਰ ਨਾਲ ਇਸ ਦੇ ਟਕਰਾਉਣ ਨਾਲ ਘੱਟੋ-ਘੱਟ ਲੱਗੇ 35 ਛਰਿਆਂ ਦੀ ਪਛਾਣ ਕੀਤੀ ਗਈ ਹੈ। ਬਹੁਤਾ ਨੁਕਸਾਨ ਨਾ ਹੋਣ ਦਾ ਕਾਰਨ ਗ੍ਰਨੇਡ ਦਾ ਠੀਕ ਥਾਂ 'ਤੇ ਨਾ ਡਿਗਣਾ ਅਤੇ ਉੱਥੇ ਬਹੁਤੇ ਲੋਕਾਂ ਦਾ ਮੌਜੂਦ ਨਾ ਹੋਣਾ ਸੀ। ਜਿੱਥੋਂ ਤੱਕ ਸਿਆਸੀ ਪਾਰਟੀਆਂ ਦਾ ਸੰਬੰਧ ਹੈ, ਪਿਛਲੇ ਸਮੇਂ ਵਿਚ ਚੰਡੀਗੜ੍ਹ ਤੋਂ ਪੰਜਾਬ ਤੱਕ ਕਈ ਥਾਵਾਂ 'ਤੇ ਅਜਿਹੇ ਹਮਲੇ ਹੋਏ ਹਨ। ਕਾਫ਼ੀ ਸਾਲ ਪਹਿਲਾਂ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਹੀ ਇਕ ਵੱਡੇ ਆਗੂ 'ਤੇ ਜਲੰਧਰ ਵਿਚ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਸੀ ਅਤੇ ਮੁਹਾਲੀ ਵਿਚ ਵੀ ਕੁਝ ਸਾਲ ਪਹਿਲਾਂ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਵੀ ਗ੍ਰਨੇਡ ਸੁੱਟੇ ਗਏ ਸਨ। ਕਿਤੇ ਨਾ ਕਿਤੇ ਵਾਪਰਦੀਆਂ ਅਜਿਹੀਆਂ ਘਟਨਾਵਾਂ ਪ੍ਰਸ਼ਾਸਨ ਲਈ ਚੁਣੌਤੀ ਬਣੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਕਾਰਨ ਮਾਹੌਲ ਅਨਿਸਚਿਤਤਾ ਪੈਦਾ ਕਰਨ ਵਾਲਾ ਬਣ ਜਾਂਦਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਬੱਬਰ ਖ਼ਾਲਸਾ ਨੇ ਲਈ ਹੈ, ਪਰ ਇਸ ਦੀ ਪੁਸ਼ਟੀ ਕੀਤੀ ਜਾਣੀ ਅਜੇ ਬਾਕੀ ਹੈ। ਜਿੱਥੋਂ ਤੱਕ ਚਲਾਏ ਗਏ ਇਸ ਗ੍ਰਨੇਡ ਦਾ ਸੰਬੰਧ ਹੈ, ਇਸ ਦੀਆਂ ਤਾਰਾਂ ਪਾਕਿਸਤਾਨ ਨਾਲ ਵੀ ਜੁੜੀਆਂ ਦੱਸੀਆਂ ਹਨ। ਮਾਰਚ ਦੇ ਮਹੀਨੇ ਵਿਚ ਹਰਿਆਣਾ ਦੇ ਅੰਬਾਲਾ ਸ਼ਹਿਰ ਵਿਚ ਤਿੰਨ ਦੋਸ਼ੀਆਂ ਨੂੰ ਫੜਿਆ ਗਿਆ ਸੀ, ਜੋ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਸਨ, ਉਨ੍ਹਾਂ ਤੋਂ ਵੱਡੀ ਮਾਤਰਾ ਵਿਚ ਆਰ.ਡੀ.ਐਕਸ ਵੀ ਫੜਿਆ ਗਿਆ ਸੀ। ਇਸ ਸੰਬੰਧੀ ਇਹ ਵਿਸਥਾਰ ਮਿਲਿਆ ਸੀ ਕਿ ਦੋਸ਼ੀਆਂ ਦਾ ਸੰਬੰਧ ਪਾਕਿਸਤਾਨ ਦੇ ਇਕ ਦਹਿਸ਼ਤਗਰਦ ਸ਼ਾਹਜਾਦ ਭੱਟੀ ਨਾਲ ਹੈ, ਜਿਸ ਦੁਆਰਾ ਹਰਿਆਣਾ, ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਚ ਵੱਖ-ਵੱਖ ਬੰਬ ਧਮਾਕੇ ਕਰਾਉਣ ਦੀ ਯੋਜਨਾ ਬਣਾਈ ਗਈ ਸੀ।
ਹੁਣ ਦੀ ਵਾਰਦਾਤ ਦੀਆਂ ਤਾਰਾਂ ਵੀ ਅਜਿਹੇ ਅਨਸਰਾਂ ਨਾਲ ਹੀ ਜੁੜਦੀਆਂ ਨਜ਼ਰ ਆਉਂਦੀਆਂ ਹਨ। ਸਰਹੱਦ ਪਾਰੋਂ ਘੜੀਆਂ ਗਈਆਂ ਅਜਿਹੀਆਂ ਯੋਜਨਾਵਾਂ ਦਾ ਪਰਦਾਫਾਸ਼ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਆਉਂਦੇ ਦਿਨਾਂ ਵਿਚ ਪੰਜਾਬ ਦਾ ਸਿਆਸੀ ਮਾਹੌਲ ਬੇਹੱਦ ਸਰਗਰਮੀ ਵਾਲਾ ਹੋਵੇਗਾ। ਇਸ ਦਾ ਲਾਭ ਭਾਰਤ ਵਿਰੋਧੀ ਅਨਸਰ ਉਠਾਉਣ ਦਾ ਯਤਨ ਕਰ ਸਕਦੇ ਹਨ, ਕਿਉਂਕਿ ਅਮਰੀਕਾ ਅਤੇ ਕੈਨੇਡਾ ਵਿਚ ਬੈਠੇ ਗੈਂਗਸਟਰਾਂ ਵਲੋਂ ਆਪਣੇ ਸੰਪਰਕਾਂ ਰਾਹੀਂ ਪੰਜਾਬ ਵਿਚ ਨਿੱਤ ਦਿਨ ਰੰਗਦਾਰੀ ਲਈ ਧਮਕੀਆਂ ਦੇਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਰਹਿੰਦਾ ਹੈ। ਚਾਹੇ ਸਰਕਾਰ ਵਲੋਂ ਅਜਿਹੇ ਨਾਂਹ-ਪੱਖੀ ਸਿਲਸਿਲੇ ਨੂੰ ਸਖ਼ਤੀ ਨਾਲ ਰੋਕਣ ਦੇ ਯਤਨ ਜ਼ਰੂਰ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੂੰ ਇਸ ਮੁਹਾਜ਼ 'ਤੇ ਨਿੱਤ ਦਿਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਉਂਦੇ ਦਿਨਾਂ ਵਿਚ ਜਿਥੇ ਪ੍ਰਸ਼ਾਸਨ ਨੂੰ ਇਸ ਸੰਬੰਧੀ ਬੇਹੱਦ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ, ਉੱਥੇ ਸਿਆਸੀ ਦਲਾਂ, ਸਮਾਜਿਕ ਅਤੇ ਹੋਰ ਹਰ ਤਰ੍ਹਾਂ ਦੇ ਸੰਗਠਨਾਂ ਨੂੰ ਵੀ ਮਾਹੌਲ ਨੂੰ ਸਹੀ ਰੱਖਣ ਲਈ ਪ੍ਰਸ਼ਾਸਨ ਨਾਲ ਸੰਪਰਕ ਬਣਾ ਕੇ ਚੱਲਣ ਦੀ ਜ਼ਰੂਰਤ ਹੋਵੇਗੀ। ਬਿਨਾਂ ਸ਼ੱਕ ਚੰਡੀਗੜ੍ਹ ਦਾ ਧਮਾਕਾ ਇਕ ਅਜਿਹੀ ਚਿਤਾਵਨੀ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਰਾਸ਼ਟਰਪਤੀ ਨੂੰ ਕੀਤੀ ਅਪੀਲ ਵਾਪਸ ਲਵੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥ... ਅਗਲੀ ਖ਼ਬਰ ਸੰਸਥਾਵਾਂ ਦੀ ਭਰੋਸਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ
Ad Position 24