12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸ਼੍ਰੋਮਣੀ ਕਮੇਟੀ ਰਾਸ਼ਟਰਪਤੀ ਨੂੰ ਕੀਤੀ ਅਪੀਲ ਵਾਪਸ ਲਵੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ

Ad Position 21
No active advertisement
ਅਜੀਤ ਡੈਸਕ 03-04-2026

ਸਤਿਕਾਰਯੋਗ,
ਕਾਰਜਕਾਰੀ ਜਥੇਦਾਰ
ਸ੍ਰੀ ਅਕਾਲ ਤਖ਼ਤ ਸਾਹਿਬ ਜੀ,
ਸਿੰਘ ਸਾਹਿਬ
ਗਿਆਨੀ ਕੁਲਦੀਪ ਸਿੰਘ ਗੜਗੱਜ ਜੀ
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥
ਸਿੰਘ ਸਾਹਿਬ ਜੀ,

ਸਭ ਤੋਂ ਪਹਿਲਾਂ ਮੈਂ ਸਮੁੱਚੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਜਿਵੇਂ ਕਿ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਮੈਨੂੰ ਜੇਲ੍ਹ ਵਿਚ 31ਵਾਂ ਸਾਲ ਚੱਲ ਰਿਹਾ ਹੈ। ਮੈਂ ਪਿਛਲੇ ਤਕਰੀਬਨ 19 ਸਾਲਾਂ ਤੋਂ ਫਾਂਸੀ ਦੀ ਚੱਕੀ ਵਿਚ ਬੈਠਾ ਆਪਣੇ ਹੋਣ ਵਾਲੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ। 25 ਮਾਰਚ, 2012 ਨੂੰ 'ਸ੍ਰੀ ਅਕਾਲ ਤਖ਼ਤ ਸਾਹਿਬ' ਜੀ ਦੇ ਆਦੇਸ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਪਾਈ ਹੋਈ ਅਪੀਲ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵਿਚਾਰ ਅਧੀਨ ਪਈ ਨੂੰ 14 ਸਾਲ ਪੂਰੇ ਹੋ ਕੇ 15ਵਾਂ ਸਾਲ ਸ਼ੁਰੂ ਹੋ ਗਿਆ ਹੈ।
ਦੇਸ਼ ਦੇ ਰਾਸ਼ਟਰਪਤੀ ਕੋਲ ਪਾਈ ਹੋਈ ਕਿਸੇ ਵੀ ਅਪੀਲ 'ਤੇ 6 ਮਹੀਨੇ ਤੋਂ ਲੈ ਕੇ ਇਕ ਸਾਲ ਦੇ ਵਿਚ ਜਾਂ ਵੱਧ ਤੋਂ ਵੱਧ 2 ਸਾਲਾਂ ਦੇ ਵਿਚ ਫ਼ੈਸਲਾ ਹੋ ਜਾਂਦਾ ਹੈ। ਪਰ ਅਫ਼ਸੋਸ ਕਿ ਇਸ ਅਪੀਲ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਣ-ਬੁੱਝ ਕੇ ਇਕ ਸਾਜਿਸ਼ ਅਤੇ ਵੋਟ ਰਾਜਨੀਤੀ ਨੂੰ ਮੁੱਖ ਰੱਖ ਕੇ ਫ਼ੈਸਲਾ ਨਹੀਂ ਕੀਤਾ ਜਾ ਰਿਹਾ। ਉਸ ਤੋਂ ਵੱਡੀ ਅਫ਼ਸੋਸ ਦੀ ਗੱਲ ਇਹ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਪਿਛਲੇ ਤਕਰੀਬਨ 6 ਸਾਲਾਂ ਵਿਚ 15 ਦੇ ਕਰੀਬ ਆਰਡਰ ਕਰਕੇ ਕੇਂਦਰ ਸਰਕਾਰ ਨੂੰ ਇਸ ਅਪੀਲ 'ਤੇ ਫ਼ੈਸਲਾ ਕਰਨ ਲਈ ਕਹਿ ਚੁੱਕੀ ਹੈ। ਸੁਪਰੀਮ ਕੋਰਟ ਵਿਚ ਇਸ ਕੇਸ ਵਿਚ ਹੁਣ ਤੱਕ 36 ਤਰੀਕਾਂ ਪੈ ਚੁੱਕੀਆਂ ਹਨ। ਪਿਛਲੇ 6 ਸਾਲਾਂ ਤੋਂ ਸੁਪਰੀਮ ਕੋਰਟ ਕੇਂਦਰ ਸਰਕਾਰ ਦੇ ਅੱਗੇ ਬੇਵੱਸ ਹੀ ਨਜ਼ਰ ਆ ਰਹੀ ਹੈ। ਕਿਉਂਕਿ ਨਾ ਤਾਂ ਸੁਪਰੀਮ ਕੋਰਟ ਇਸ ਅਪੀਲ 'ਤੇ ਫ਼ੈਸਲਾ ਹੀ ਕਰਵਾ ਸਕੀ ਅਤੇ ਨਾ ਹੀ ਆਪਣੇ ਕੀਤੇ ਆਰਡਰ ਲਾਗੂ ਕਰਵਾ ਸਕੀ ਹੈ।
ਸਿੰਘ ਸਾਹਿਬ ਜੀ, ਇਸ ਅਪੀਲ 'ਤੇ ਫ਼ੈਸਲਾ ਕਿਸੇ ਧਰਮ ਰਾਜ ਨੇ ਨਹੀਂ ਕਰਨਾ ਹੈ। ਸਗੋਂ ਉਨ੍ਹਾਂ ਹੁਕਮਰਾਨਾਂ ਨੇ ਕਰਨਾ ਹੈ, ਜਿਹੜੇ ਜਬਰ ਜਨਾਹ ਅਤੇ ਕਤਲ ਦੇ ਦੋਸ਼ੀ ਡੇਰਾ ਮੁਖੀ ਨੂੰ, ਜਿਸ ਦੇ ਖਿਲਾਫ਼ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਤੋਂ ਹੁਕਮਨਾਮਾ ਜਾਰੀ ਹੋਇਆ ਹੈ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਹੈ, ਹਰ ਚੋਣਾਂ ਵਿਚ ਸਿਰਫ਼ ਪੈਰੋਲ ਹੀ ਨਹੀਂ ਦਿੰਦੇ, ਸਗੋਂ ਉਸ ਨੂੰ ਸਮਾਜ ਸੇਵੀ ਹੋਣ ਦਾ ਸਰਟੀਫਿਕੇਟ ਦੇ ਕੇ ਉਸ ਨੂੰ ਆਪਣੇ ਸਰਕਾਰੀ ਆਗੂਆਂ ਦਾ ਮੁੱਖ ਮਹਿਮਾਨ ਬਣਾ ਕੇ ਉਸ ਤੋਂ ਅਸ਼ੀਰਵਾਦ ਵੀ ਲੈਂਦੇ ਹਨ। ਇਹੀ ਹੁਕਮਰਾਨ ਬੀਬੀ ਬਿਲਕਿਸ ਬਾਨੋ ਦੇ ਨਾਲ ਜਬਰ ਜਨਾਹ ਕਰਕੇ ਉਸ ਦੇ ਪਰਿਵਾਰ ਦੇ ਸੱਤ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਕੇ ਅਤੇ ਉਸ ਦੀ ਸੱਤ ਸਾਲ ਦੀ ਬੱਚੀ ਦਾ ਸਿਰ ਧੜ ਤੋਂ ਅਲੱਗ ਕਰਨ ਵਾਲੇ ਕਾਤਲਾਂ ਨੂੰ, ਦੋਸ਼ੀਆਂ ਨੂੰ ਸੰਸਕਾਰੀ ਬ੍ਰਾਹਮਣ ਕਹਿ ਕੇ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ 'ਤੇ ਰਿਹਾਅ ਕਰ ਦਿੰਦੇ ਹਨ। ਇਨ੍ਹਾਂ ਹੁਕਮਰਾਨਾਂ ਦੇ ਇਨਸਾਫ਼ ਦਾ ਤਰਾਜੂ ਇਹ ਹੈ ਕਿ ਸਮਝੌਤਾ ਐਕਸਪ੍ਰੈੱਸ ਬੰਬ ਬਲਾਸਟ, ਮਾਲੇਗਾਉਂ ਬੰਬ ਬਲਾਸਟ ਅਤੇ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਨੂੰ ਅਦਾਲਤਾਂ ਤੋਂ ਬਰੀ ਕਰਵਾ ਦਿੰਦੇ ਹਨ। ਪਿਛਲੇ ਦਿਨੀਂ ਡੇਰਾ ਮੁਖੀ ਦਾ ਹਾਈ ਕੋਰਟ ਤੋਂ ਕਤਲ ਦੇ ਕੇਸ ਵਿਚ ਬਰੀ ਹੋਣਾ ਇਸੇ ਕੜੀ ਦਾ ਹਿੱਸਾ ਹੈ। ਦੇਸ਼ ਦੀਆਂ ਅਦਾਲਤਾਂ ਵੀ ਇਨ੍ਹਾਂ ਹੁਕਮਰਾਨਾਂ ਦੇ ਇਸ਼ਾਰਿਆਂ 'ਤੇ ਹੀ ਫ਼ੈਸਲੇ ਲੈ ਰਹੀਆਂ ਹਨ।
ਸਿੰਘ ਸਾਹਿਬ ਜੀ, ਪਿਛਲੇ ਸਮੇਂ ਦੇ ਦੌਰਾਨ ਪਹਿਲਗਾਮ ਵਿਚ ਇਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ। ਅੱਤਵਾਦੀਆਂ ਨੇ 28 ਨਿਰਦੋਸ਼ ਹਿੰਦੂਆਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਅਤੇ ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਕਰੂਰਤਾ ਭਰੀ ਕਾਰਵਾਈ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਓਨੀ ਹੀ ਘੱਟ ਹੈ। ਹਿੰਦੂ ਵੀ ਸਾਡੇ ਹੀ ਭਰਾ ਹਨ। ਦੇਸ਼ ਦੇ ਹੁਕਮਰਾਨ ਇਸ ਘਟਨਾ ਦਾ ਬਦਲਾ ਲੈਣ ਲਈ ਪਾਕਿਸਤਾਨ 'ਤੇ ਹਮਲਾ ਕਰ ਦਿੰਦੇ ਹਨ ਅਤੇ ਕਹਿੰਦੇ ਹਨ ਕਿ 'ਹਮਾਰੀ ਰਗੋਂ ਮੇਂ ਗਰਮ ਖ਼ੂਨ ਦੌੜਤਾ ਹੈ ਜੋ ਹਮਾਰੀ ਭੈਣੋਂ ਕੇ ਸੰਧੂਰ ਕੋ ਮਿਟਾਏਗਾ, ਉਸ ਕਾ ਮਿਟਨਾ ਤੈਅ ਹੈ।' ਇਹ ਹੁਕਮਰਾਨ ਆਪ੍ਰੇਸ਼ਨ ਸੰਧੂਰ ਰਾਹੀਂ ਇਸ ਘਟਨਾ ਦਾ ਬਦਲਾ ਲੈ ਕੇ ਆਪਣੇ-ਆਪ ਨੂੰ ਸਭ ਤੋਂ ਵੱਡਾ ਦੇਸ਼ ਭਗਤ ਸਮਝਦੇ ਹਨ। ਹਰ ਚੋਣ ਵਿਚ ਆਪਣੇ ਵਲੋਂ ਕੀਤੇ ਹਮਲੇ ਦੀਆਂ ਕਹਾਣੀਆਂ ਸੁਣਾ ਕੇ ਲੋਕਾਂ ਤੋਂ ਵੋਟਾਂ ਦੀ ਮੰਗ ਕਰਦੇ ਹਨ। ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਵੱਖ-ਵੱਖ ਸ਼ਹਿਰਾਂ ਵਿਚ ਨਵੰਬਰ 1984 ਨੂੰ ਦੇਸ਼ ਦੀ ਸੱਤਾ 'ਤੇ ਬੈਠੇ ਹੁਕਮਰਾਨਾਂ ਵਲੋਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਧਰਮ ਪੁੱਛ ਕੇ ਉਨ੍ਹਾਂ ਦੀ ਪਹਿਚਾਣ ਦੇਖ ਕੇ, ਉਨ੍ਹਾਂ ਦਾ, ਉਨ੍ਹਾਂ ਦੇ ਬੱਚਿਆਂ ਦਾ, ਬੀਬੀਆਂ ਦਾ, ਬਜ਼ੁਰਗਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲੇਆਮ ਕਰ ਦਿੱਤਾ ਜਾਂਦਾ ਹੈ। ਇਹ ਕਤਲੇਆਮ ਦੇਸ਼ ਦੀ ਰਾਜਧਾਨੀ ਵਿਚ ਸ਼ਰੇਆਮ ਤਿੰਨ ਦਿਨ ਚਲਦਾ ਰਹਿੰਦਾ ਹੈ। ਦੇਸ਼ ਦੀ ਕਿਸੇ ਫੌਜ ਨੇ, ਕਿਸੇ ਪੁਲਿਸ ਨੇ ਕਿਸੇ ਐਨ.ਐਸ.ਜੀ. ਕਮਾਂਡੋਆਂ ਨੇ, ਕਿਸੇ ਸੁਪਰੀਮ ਕੋਰਟ ਨੇ ਇਸ ਬੇਰਹਿਮੀ ਨਾਲ ਹੋ ਰਹੇ ਕਤਲੇਆਮ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਸਗੋਂ ਇਨ੍ਹਾਂ ਸਾਰਿਆਂ ਨੇ ਕਾਤਲਾਂ ਦੀ ਪੁਸ਼ਤਪਨਾਹੀ ਕੀਤੀ। ਕੀ ਇਨ੍ਹਾਂ ਹੁਕਮਰਾਨਾਂ ਨੂੰ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ, ਕੀ ਸਿੱਖਾਂ ਦੀਆਂ ਰਗਾਂ ਵਿਚ ਖ਼ੂਨ ਨਹੀਂ ਦੌੜਦਾ? ਆਪਣੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਨੂੰ ਦੇਖ ਕੇ ਕੀ ਸਾਡਾ ਖ਼ੂਨ ਨਹੀਂ ਸੀ ਖੌਲਦਾ? ਫਿਰ ਜੇਕਰ ਉਸ ਕਤਲੇਆਮ ਦਾ ਬਦਲਾ ਲੈਣ ਲਈ ਸਿੱਖ ਨੌਜਵਾਨਾਂ ਨੇ ਹਥਿਆਰ ਚੁੱਕ ਕੇ ਉਨ੍ਹਾਂ ਜ਼ਾਲਮਾਂ ਤੋਂ ਬਦਲਾ ਲੈ ਲਿਆ ਤਾਂ ਫਿਰ ਉਹ ਅੱਤਵਾਦੀ ਕਿਵੇਂ ਹੋ ਗਏ? ਤੁਹਾਡਾ ਬਦਲਾ ਦੇਸ਼ ਭਗਤੀ ਅਤੇ ਸਾਡਾ ਬਦਲਾ ਅੱਤਵਾਦੀ ਕਾਰਵਾਈ ਕਿਵੇਂ ਹੋ ਗਏ? ਇਨ੍ਹਾਂ ਨੂੰ ਬਦਲਾ ਲੈ ਕੇ ਰਾਜ ਭਾਗ ਅਤੇ ਸਾਨੂੰ ਬਦਲਾ ਲੈ ਕੇ ਲੰਮੀਆਂ ਜੇਲ੍ਹਾਂ ਅਤੇ ਕਾਲ ਕੋਠੜੀਆਂ ਕਿਉਂ? ਹਰ ਚੋਣ ਵਿਚ ਅਤੇ ਦੇਸ਼ ਦੀ ਪਾਰਲੀਮੈਂਟ ਵਿਚ ਖੜ੍ਹ ਕੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ 1984 ਵਿਚ ਕਾਂਗਰਸ ਨੇ ਸਿੱਖਾਂ 'ਤੇ ਜੋ ਜ਼ੁਲਮ ਕੀਤੇ ਉਹ ਪਾਪ ਸਨ, ਗੁਨਾਹ ਸਨ। ਫਿਰ ਪਾਪੀਆਂ ਅਤੇ ਗੁਨਾਹਗਾਰਾਂ ਦੇ ਖਿਲਾਫ਼ ਲੜਨਾ ਗੁਨਾਹ ਕਿਵੇਂ ਹੋ ਗਿਆ?
ਸਿੰਘ ਸਾਹਿਬ ਜੀ, ਮੇਰੇ ਕੇਸ ਸੰਬੰਧੀ ਅਪੀਲ ਦੀ ਪੈਰਵੀ ਕਰਨ ਲਈ ਅਤੇ ਇਸ 'ਤੇ ਫ਼ੈਸਲਾ ਕਰਵਾਉਣ ਲਈ ਦਸੰਬਰ 2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਸ਼ਾਮਿਲ ਸਨ। ਅੱਜ ਦੋ ਸਾਲਾਂ ਤੋਂ ਵੱਧ ਸਮਾਂ ਹੋ ਜਾਣ ਦੇ ਬਾਵਜੂਦ ਵੀ ਇਨ੍ਹਾਂ ਹੁਕਮਰਾਨਾਂ ਨੇ ਉਸ ਕਮੇਟੀ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ। ਇਸ ਕਮੇਟੀ ਨੂੰ ਮਿਲਣ ਲਈ ਸਮਾਂ ਨਾ ਦੇਣਾ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਦਾ ਅਤੇ ਸਾਡੀਆਂ ਮਹਾਨ ਸੰਸਥਾਵਾਂ ਦਾ ਅਪਮਾਨ ਹੈ।
ਸਿੰਘ ਸਾਹਿਬ ਜੀ, ਮੈਨੂੰ ਜੇਲ੍ਹ ਵਿਚ 31ਵਾਂ ਸਾਲ ਚੱਲ ਰਿਹਾ ਹੈ। ਮੈਂ ਪਿਛਲੇ 19 ਸਾਲਾਂ ਤੋਂ ਫਾਂਸੀ ਦੀ ਚੱਕੀ ਵਿਚ ਰਹਿ ਰਿਹਾ ਹਾਂ। ਕਿਸੇ ਇਨਸਾਨ ਨੂੰ 19 ਸਾਲ ਫਾਂਸੀ ਦੀ ਚੱਕੀ ਵਿਚ ਰੱਖ ਕੇ ਉਸ ਦਾ ਫ਼ੈਸਲਾ ਹੀ ਨਾ ਕਰਨਾ, ਫ਼ੈਸਲੇ ਲਈ ਇੰਤਜ਼ਾਰ ਕਰਵਾਉਣਾ, ਇਹ ਇਨ੍ਹਾਂ ਹੁਕਮਰਾਨਾਂ ਵਲੋਂ ਮੈਨੂੰ ਫਾਂਸੀ ਦੀ ਸਜ਼ਾ ਤੋਂ ਵੀ ਵੱਡੀ ਸਜ਼ਾ ਦੇਣ ਦੀ ਕੋਸ਼ਿਸ਼ ਹੈ। ਇਹ ਇਨ੍ਹਾਂ ਹੁਕਮਰਾਨਾਂ ਵਲੋਂ ਮੈਨੂੰ ਉਹ ਸਜ਼ਾ ਦੇਣ ਦੀ ਕੋਸ਼ਿਸ਼ ਹੈ, ਜੋ ਇਨ੍ਹਾਂ ਦੇ ਸੰਵਿਧਾਨ ਵਿਚ ਵੀ ਦਰਜ ਨਹੀਂ ਹੈ। ਇਸ ਦੇਸ਼ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ। ਕੀ ਇਨ੍ਹਾਂ ਹੁਕਮਰਾਨਾਂ ਤੋਂ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਹੈ ਕਿ, ਕੀ ਕੋਈ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਾਤਲ ਦੇਸ਼ ਦੀ ਕਿਸੇ ਜੇਲ੍ਹ ਵਿਚ ਪਿਛਲੇ 31 ਸਾਲਾਂ ਤੋਂ ਬੰਦ ਹੈ? ਕੀ ਸਿੱਖਾਂ ਦਾ ਕੋਈ ਕਾਤਲ ਪਿਛਲੇ 19 ਸਾਲਾਂ ਤੋਂ ਜੇਲ੍ਹ ਵਿਚ ਕਿਸੇ ਫਾਂਸੀ ਚੱਕੀ ਵਿਚ ਬੈਠਾ ਆਪਣੇ ਹੋਣ ਵਾਲੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ? ਜੇਕਰ ਦੇਸ਼ ਦਾ ਸੰਵਿਧਾਨ ਸਾਰਿਆਂ ਲਈ ਬਰਾਬਰ ਹੈ ਤਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀਆਂ ਉਮਰਕੈਦਾਂ ਦੋ-ਤਿੰਨ ਸਾਲਾਂ ਵਿਚ ਪੂਰੀਆਂ ਕਿਵੇਂ ਹੋ ਜਾਂਦੀਆਂ ਹਨ?
ਸਿੰਘ ਸਾਹਿਬ ਜੀ, ਅਸੀਂ ਹਰ ਸਾਲ ਆਪਣੇ ਮਹਾਨ ਗੁਰੂ ਸਾਹਿਬ ਜੀ ਦੀਆਂ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਦਿਹਾੜੇ ਮਨਾਉਂਦੇ ਹਾਂ, ਜਿਨ੍ਹਾਂ ਨੇ ਜ਼ੋਰ-ਜਬਰ, ਜ਼ੁਲਮ ਅਤੇ ਬੇਇਨਸਾਫ਼ੀਆਂ ਦੇ ਖਿਲਾਫ਼ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਇਨ੍ਹਾਂ ਮਹਾਨ ਸ਼ਹਾਦਤਾਂ ਤੋਂ ਸਾਨੂੰ ਜ਼ੁਲਮ, ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਦੇ ਵਿਰੁੱਧ ਲੜਨ ਦੀ ਪ੍ਰੇਰਨਾ ਮਿਲਦੀ ਹੈ। ਪਰ ਇਥੇ ਅਸੀਂ ਉਨ੍ਹਾਂ ਝੂਠੇ ਅਤੇ ਸਾਜਿਸ਼ੀ ਹੁਕਮਰਾਨਾਂ ਦੇ ਅੱਗੇ ਪਿਛਲੇ 14 ਸਾਲਾਂ ਤੋਂ ਬੇਨਤੀ ਕਰਤਾ ਬਣ ਕੇ ਖੜ੍ਹੇ ਹਾਂ, ਜਿਹੜੇ ਸਾਨੂੰ ਮਿਲਣਾ ਵੀ ਨਹੀਂ ਚਾਹੁੰਦੇ ਅਤੇ ਨਾ ਹੀ ਸਾਡੇ ਨਾਲ ਇਨਸਾਫ਼ ਕਰ ਰਹੇ ਹਨ। ਇਹ ਵਰਤਾਰਾ ਸਾਡੇ ਮਹਾਨ ਗੁਰੂ ਸਾਹਿਬਾਨ ਜੀ ਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਮਹਾਨ ਵਿਰਸੇ ਨਾਲ ਅਤੇ ਸਿੱਖੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ। ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਕਰਨਾ ਪਾਪ ਹੈ ਅਤੇ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਮੈਂ ਆਪ ਜੀ ਨੂੰ ਅਤੇ ਸਾਡੇ ਹੋਰ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ, ਕੀ ਇਹ ਜ਼ੁਲਮ ਤੁਹਾਨੂੰ ਇਸ ਕਰਕੇ ਪਾਪ ਨਹੀਂ ਲੱਗ ਰਿਹਾ ਕਿਉਂਕਿ ਇਹ ਪਿਛਲੇ 19 ਸਾਲਾਂ ਤੋਂ ਫਾਂਸੀ ਦੀ ਚੱਕੀ ਵਿਚ ਬੈਠਾ ਮੈਂ ਸਹਿ ਰਿਹਾ ਹਾਂ। ਉਹ ਵੀ ਤੁਹਾਡੀ ਅਪੀਲ ਕਰਕੇ।
ਸਿੰਘ ਸਾਹਿਬ ਜੀ, ਦਸਮੇਸ਼ ਪਿਤਾ ਨੇ ਸੱਚ ਅਤੇ ਧਰਮ ਦੀ ਰੱਖਿਆ ਲਈ ਜ਼ੁਲਮ ਅਤੇ ਜਬਰ ਦੇ ਵਿਰੁੱਧ ਲੜਨ ਲਈ 'ਖਾਲਸਾ ਪੰਥ' ਦੀ ਸਿਰਫ਼ ਸਿਰਜਣਾ ਹੀ ਨਹੀਂ ਕੀਤੀ, ਸਗੋਂ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਕੇ ਇਸ ਮਾਰਗ 'ਤੇ ਚੱਲਣ ਦਾ ਵਿਧੀ ਵਿਧਾਨ ਵੀ ਨਿਸਚਿਤ ਕੀਤਾ ਹੈ। ਜਦੋਂ ਦੇਸ਼ ਦੇ ਹੁਕਮਰਾਨਾਂ ਅੱਗੇ ਪਾਈ ਹੋਈ ਕਿਸੇ ਅਪੀਲ ਨੂੰ 14 ਸਾਲ ਪੂਰੇ ਹੋ ਜਾਣ ਅਤੇ ਦੇਸ਼ ਦੀ ਸੁਪਰੀਮ ਕੋਰਟ ਵਿਚ 36 ਤਰੀਕਾਂ ਪੈ ਜਾਣ ਤੋਂ ਬਾਅਦ ਵੀ ਉਸ ਅਪੀਲ 'ਤੇ ਜਾਣ-ਬੁੱਝ ਕੇ ਇਕ ਸਾਜ਼ਿਸ਼ ਦੇ ਤਹਿਤ ਫ਼ੈਸਲਾ ਨਾ ਕੀਤਾ ਜਾਵੇ। ਸੁਪਰੀਮ ਕੋਰਟ ਦੇ ਜੱਜ ਵੀ ਇਨ੍ਹਾਂ ਹੁਕਮਰਾਨਾਂ ਦੇ ਅੱਗੇ ਬੇਵੱਸ ਹੋ ਜਾਣ, ਉਹ ਵੀ ਉਸ ਅਪੀਲ 'ਤੇ ਜਿਸ ਨੂੰ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਦੇ ਆਦੇਸ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਇਆ ਗਿਆ ਹੋਵੇ। ਫਿਰ ਅਜਿਹੇ ਹਾਲਾਤ ਵਿਚ ਇਨ੍ਹਾਂ ਹੁਕਮਰਾਨਾਂ ਅੱਗੇ ਅਪਮਾਨਤ ਹੋਕੇ ਖੜ੍ਹੇ ਰਹਿਣ ਦਾ ਕੋਈ ਮਤਲਬ ਨਹੀਂ ਬਣਦਾ। ਇਨ੍ਹਾਂ ਹੁਕਮਰਾਨਾਂ ਵਲੋਂ ਇਸ ਅਪੀਲ 'ਤੇ ਜਾਣ-ਬੁੱਝ ਕੇ ਫ਼ੈਸਲਾ ਨਾ ਕਰਨਾ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦਾ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਦਾ ਅਤੇ ਸਾਡੀਆਂ ਮਹਾਨ ਸੰਸਥਾਵਾਂ ਦਾ ਅਪਮਾਨ ਹੈ। ਗੁਰੂ ਪਿਤਾ ਨੇ ਖਾਲਸਾ ਪੰਥ ਦੀ ਸਾਜਨਾ ਸੀਸ ਭੇਟ ਕਰਨ ਲਈ ਕੀਤੀ ਹੈ ਨਾ ਕਿ ਬੇਨਤੀਆਂ ਕਰਨ ਲਈ।
ਸਿੰਘ ਸਾਹਿਬ ਜੀ, ਕਿਸੇ ਵੀ ਸਿੱਖ ਦੀ ਜ਼ਿੰਦਗੀ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਦੇ ਅਤੇ ਸਾਡੀਆਂ ਮਹਾਨ ਸੰਸਥਾਵਾਂ ਦੇ ਮਾਣ-ਸਨਮਾਨ ਤੋਂ ਕੀਮਤੀ ਨਹੀਂ ਹੋ ਸਕਦੀ, ਮੇਰੀ ਤਾਂ ਬਿਲਕੁਲ ਵੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਮਾਂ ਦੀ ਤਰ੍ਹਾਂ ਹੈ। ਇਸ ਮਹਾਨ ਸੰਸਥਾ ਵਲੋਂ ਅਤੇ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਵਲੋਂ ਜ਼ਿੰਦਗੀ ਦੇ ਔਖੇ ਹਾਲਾਤ ਵਿਚ ਦਿੱਤੇ ਵਡਮੁੱਲੇ ਸਹਿਯੋਗ ਲਈ ਮੈਂ ਹਮੇਸ਼ਾ ਆਪਣੀ ਇਸ ਮਹਾਨ ਸੰਸਥਾ ਦਾ ਰਿਣੀ ਅਤੇ ਕਰਜ਼ਦਾਰ ਰਹਾਂਗਾ। ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਦੇ ਜਥੇਦਾਰ ਸਾਹਿਬਾਨ ਨੂੰ ਲੈਟਰਾਂ (ਪੱਤਰ) ਲਿਖ ਕੇ ਕੌਮੀ ਅਪਮਾਨ ਦਾ ਪ੍ਰਤੀਕ ਬਣ ਚੁੱਕੀ ਇਸ ਅਪੀਲ ਨੂੰ ਵਾਪਸ ਲੈਣ ਦੀਆਂ ਬੇਨਤੀਆਂ ਕਰ ਚੁੱਕਾ ਹਾਂ। ਇਸ ਮਾਮਲੇ ਵਿਚ ਪੰਥਕ ਜਥੇਬੰਦੀਆਂ ਦੀਆਂ ਮੀਟਿੰਗਾਂ, ਵਿਚਾਰ-ਵਟਾਂਦਰੇ, ਵਕੀਲਾਂ ਨਾਲ ਮੀਟਿੰਗਾਂ, ਕਮੇਟੀ ਬਣਾਉਣ ਦੀ ਰਸਮ ਅਤੇ ਹੋਰ ਸਾਰੀਆਂ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ 'ਖ਼ਾਲਸਾ ਸਾਜਨਾ ਦਿਵਸ' 'ਤੇ ਇਨ੍ਹਾਂ ਹੁਕਮਰਾਨਾਂ ਨੂੰ ਅਸਲ ਖਾਲਸਾਈ ਸੋਚ ਦੇ ਦਰਸ਼ਨ ਕਰਵਾਉਣ ਦੇ ਲਈ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਵਲੋਂ ਸ਼੍ਰੋਮਣੀ ਕਮੇਟੀ ਨੂੰ ਇਸ ਅਪੀਲ ਨੂੰ ਵਾਪਸ ਲੈਣ ਲਈ ਆਦੇਸ਼ ਜਾਰੀ ਕੀਤੇ ਜਾਣ। ਇਸ ਅਪੀਲ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਨੂੰ 10 ਦਿਨਾਂ ਦੇ ਅੰਦਰ ਪੂਰਾ ਕੀਤਾ ਜਾਵੇ।
ਸਿੰਘ ਸਾਹਿਬ ਜੀ, ਇਸ ਮਾਮਲੇ ਵਿਚ ਪਹਿਲਾਂ ਵਾਲੇ ਜਥੇਦਾਰਾਂ ਦੀ ਤਰ੍ਹਾਂ ਟਾਲ-ਮਟੋਲ ਦੀ ਨੀਤੀ ਅਪਣਾ ਕੇ, ਮੇਰੀ ਜ਼ਿੰਦਗੀ ਦੀ ਝੂਠੀ ਜਿਹੀ ਫ਼ਿਕਰ ਕਰਕੇ ਅਤੇ ਇਸ ਨੂੰ ਬਹੁਤ ਹੀ ਕੀਮਤੀ ਦੱਸ ਕੇ ਆਪਣੇ ਫ਼ਰਜ਼ਾਂ ਤੋਂ ਭੱਜ ਕੇ ਦਿੱਲੀ ਨਾਲ ਯਾਰੀ ਨਾ ਨਿਭਾਉਣਾ। ਸਗੋਂ ਆਪਣੇ ਬਣਦੇ ਫ਼ਰਜ਼ ਅਦਾ ਕਰਕੇ 'ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹ ਜੀ' ਦੇ ਇਸ ਮਹਾਨ ਤਖ਼ਤ ਨਾਲ ਵਫ਼ਾ ਕਰਨਾ। ਇਸ ਅਪੀਲ ਨੂੰ ਵਾਪਸ ਲੈਣ ਦੇ ਆਦੇਸ਼ ਜਾਰੀ ਕਰਕੇ ਇਸ ਅਪੀਲ ਦੇ ਵਾਪਸ ਹੋਣ ਤੱਕ ਇਸ ਦੀ ਨਿਗਰਾਨੀ ਜਾਂ ਮੈਨੂੰ ਅਤੇ ਖ਼ਾਲਸਾ ਪੰਥ ਨੂੰ ਇਹ ਜ਼ਰੂਰ ਦੱਸ ਦੇਣਾ ਕਿ ਉਹ ਕਿਹੜਾ ਸਿੱਖੀ ਸਿਧਾਂਤ ਹੈ ਅਤੇ ਸਿੱਖ ਇਤਿਹਾਸ ਦਾ ਉਹ ਕਿਹੜਾ ਪੰਨਾ ਹੈ, ਜਿਹੜਾ ਸਾਨੂੰ ਇਨ੍ਹਾਂ ਹੁਕਮਰਾਨਾਂ ਦੇ ਅੱਗੇ 14 ਸਾਲਾਂ ਬਾਅਦ ਵੀ ਅਪਮਾਨਿਤ ਹੋ ਕੇ ਖੜ੍ਹੇ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ।
ਸਿੰਘ ਸਾਹਿਬ ਜੀ, ਮੈਨੂੰ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਦੇਸ਼ ਦੇ ਇਹ ਹੁਕਮਰਾਨ ਸਾਨੂੰ ਕਹਿ ਰਹੇ ਹੋਣ ਕਿ ਇਹ ਲੋਕ ਕਿੰਨੇ ਬੇਗੈਰਤ ਅਤੇ ਢੀਠ ਹਨ ਕਿ ਅਸੀਂ ਇਨ੍ਹਾਂ ਨੂੰ ਪਿਛਲੇ 14 ਸਾਲਾਂ ਤੋਂ ਟਾਲ-ਮਟੋਲ ਕਰਕੇ ਦਰਵਾਜ਼ੇ ਦੇ ਬਾਹਰ ਖੜ੍ਹੇ ਕਰਕੇ ਅਪਮਾਨਿਤ ਕਰ ਰਹੇ ਹਾਂ ਅਤੇ ਪਿਛਲੇ 6 ਸਾਲਾਂ ਤੋਂ ਸੁਪਰੀਮ ਕੋਰਟ ਵਿਚ ਧੱਕੇ ਖਵਾ ਰਹੇ ਹਾਂ, ਇਹ ਫਿਰ ਵੀ ਇਥੇ ਖੜ੍ਹੇ ਕਿਸੇ ਇਨਸਾਫ਼ ਦੀ ਅਤੇ ਕਿਸੇ ਫ਼ੈਸਲੇ ਦੀ ਉਮੀਦ ਅਤੇ ਗੱਲ ਕਰ ਰਹੇ ਹਨ।
ਸਿੰਘ ਸਾਹਿਬ ਜੀ, 23 ਮਾਰਚ, 2012 ਨੂੰ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਤੋਂ ਜਾਰੀ ਹੋਏ ਆਦੇਸ਼ ਤੋਂ ਬਾਅਦ ਹੀ ਇਸ ਅਪੀਲ ਨੂੰ ਲਗਾਇਆ ਗਿਆ ਸੀ। ਹੁਣ 14 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ 'ਸ੍ਰੀ ਅਕਾਲ ਤਖ਼ਤ ਸਾਹਿਬ ਜੀ' ਤੋਂ ਹੀ ਇਸ ਅਪੀਲ ਨੂੰ ਵਾਪਸ ਲੈਣ ਲਈ ਆਦੇਸ਼ ਜਾਰੀ ਕਰਕੇ ਇਸ ਬੇਇਨਸਾਫ਼ੀ ਉੱਪਰ ਇਤਿਹਾਸ ਦੀ ਮੋਹਰ ਲਗਾ ਦੇਵੋ। ਤੁਸੀਂ ਵੀ ਇਨ੍ਹਾਂ ਹੁਕਮਰਾਨਾਂ ਦੀ ਤਰ੍ਹਾਂ ਮੇਰੇ ਅੰਦਰ ਹੀ ਖਤਮ ਹੋ ਜਾਣ ਦਾ ਇੰਤਜ਼ਾਰ ਕਰਕੇ ਇਨ੍ਹਾਂ ਹੁਕਮਰਾਨਾਂ ਦੇ ਹਿਤਾਂ ਦੀ ਪੂਰਤੀ ਨਾ ਕਰਨਾ।
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।

ਖ਼ਾਲਸਾ ਪੰਥ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
-ਬਲਵੰਤ ਸਿਘ ਰਾਜੋਆਣਾ
ਫਾਂਸੀ ਕੋਠੀ ਨੰ: 16,
ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)।
ਮਿਤੀ : 27.3.20of

Ad Position 22
No active advertisement
ਪਿਛਲੀ ਖ਼ਬਰ ਮੁਆਫ਼ੀ ਦਾ ਦਿਨ ਹੈ ਗੁੱਡ ਫਰਾਈਡੇਅ ਅਗਲੀ ਖ਼ਬਰ ਇਕ ਹੋਰ ਗੰਭੀਰ ਚੁਣੌਤੀ
Ad Position 24