12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮੁਆਫ਼ੀ ਦਾ ਦਿਨ ਹੈ ਗੁੱਡ ਫਰਾਈਡੇਅ

Ad Position 21
No active advertisement
ਅਜੀਤ ਡੈਸਕ 03-04-2026

ਅੱਜ 'ਗੁੱਡ ਫਰਾਈਡੇਅ' 'ਤੇ ਵਿਸ਼ੇਸ਼

ਇਜ਼ਰਾਈਲ ਅਮਰੀਕਾ ਤੇ ਇਰਾਨ ਦੀ ਲੜਾਈ ਲਗਾਤਾਰ ਚੱਲ ਰਹੀ ਹੈ। ਪਿਛਲੇ ਚਾਰ-ਪੰਜ ਸਾਲ ਤੋਂ ਰੂਸ-ਯੂਕਰੇਨ ਵਿਚਾਲੇ ਹੋ ਰਹੀ ਸਖ਼ਤ ਲੜਾਈ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਉੱਧਰ ਅਫ਼ਗਾਨਿਸਤਾਨ-ਪਾਕਿਸਤਾਨ ਵਰਗੇ ਭੁੱਖ ਨਾਲ ਲੜ ਰਹੇ ਦੇਸ਼ ਵੀ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੀ ਥਾਂ ਲੋਕਾਂ ਨੂੰ ਦਹਿਸ਼ਤ ਪਰੋਸ ਰਹੇ ਹਨ। ਜਦਕਿ ਇਜ਼ਰਾਈਲ-ਇਰਾਨ ਆਦਿ ਦੇਸ਼ਾਂ ਦੀ ਧਰਤੀ 'ਤੇ ਹੀ ਮੁਆਫ਼ੀ ਦਾ ਮਸੀਹਾ, ਦਯਾ ਦਾ ਸਾਗਰ, ਪਿਆਰ ਦੇ ਪੀਰ ਤੇ ਬੇਗੁਨਾਹ ਆਪਣੀ ਬਲੀ ਦਿੰਦੇ ਹੋਏ ਪ੍ਰਭੂ ਯੀਸੂ ਮਸੀਹ ਇਹ ਕਹਿੰਦੇ ਹਨ ਕਿ ਹੇ ਪਿਤਾ ਇਨ੍ਹਾਂ ਨੂੰ ਮੁਆਫ਼ ਕਰ, ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ। ਆਪਣੇ ਸੇਵਾ ਕਾਲ 'ਚ ਵੀ ਪ੍ਰਭੂ ਯੀਸੂ ਮਸੀਹ ਨੇ ਆਪਣੀਆਂ ਸਿੱਖਿਆਵਾਂ ਵਿਚ ਇਕ-ਦੂਸਰੇ ਨੂੰ ਮੁਆਫ਼ ਕਰਨ ਦੀ ਗੱਲ ਵਾਰ-ਵਾਰ ਕੀਤੀ ਹੈ। ਭਾਵੇਂ ਯੀਸੂ ਮਸੀਹ ਦਾ ਜਨਮ ਇਜ਼ਰਾਈਲੀ ਸ਼ਹਿਰ ਯੇਰੂਸ਼ਲਮ 'ਚ ਹੋਇਆ ਪਰ ਮਸੀਹੀਅਤ ਦਾ ਫੈਲਾਅ ਯੂਰਪ ਵਿਚ ਹੀ ਸਭ ਤੋਂ ਵੱਧ ਹੋਇਆ।
ਪੂਰਾ ਵਿਸ਼ਵ ਪ੍ਰਭੂ ਯੀਸੂ ਮਸੀਹ ਦੇ ਜਨਮ (ਕ੍ਰਿਸਮਸ), ਸ਼ਹਾਦਤ (ਗੁੱਡ ਫਰਾਈਡੇਅ) ਅਤੇ ਈਸਟਰ (ਮੌਤ 'ਤੇ ਫ਼ਤਹਿ ਵਾਲਾ ਦਿਨ) ਵਾਲੇ ਦਿਨਾਂ ਨੂੰ ਬੜੀ ਸ਼ਿੱਦਤ ਨਾਲ ਮਨਾਉਂਦਾ ਹੈ। ਯੀਸੂ ਦਾ ਜਨਮ ਯੇਰੂਸ਼ਲਮ ਦੇ ਬੈਤਲਹਮ ਕਸਬੇ 'ਚ ਕੁਆਰੀ ਕੁੜੀ ਮਰੀਅਮ ਦੀ ਕੁੱਖੋਂ ਹੋਇਆ ਸੀ। ਯੀਸੂ ਮਸੀਹ ਦੀਆਂ ਮਹਾਨ ਸਿੱਖਿਆਵਾਂ ਮੁਆਫ਼ੀ, ਮਾਨਵਤਾ, ਬਰਾਬਰਤਾ, ਪਵਿੱਤਰਤਾ, ਸਾਂਝੀਵਾਰਤਾ ਤੇ ਪਿਆਰ-ਮੁਹਬੱਤ ਹਨ। ਉਨ੍ਹਾਂ ਨੇ ਸ਼ਹਿਰ-ਸ਼ਹਿਰ, ਬਸਤੀ-ਬਸਤੀ ਤੇ ਪਿੰਡ-ਪਿੰਡ ਘੁੰਮ ਕੇ ਲੋਕਾਂ 'ਚ ਵਿਚਰ ਕੇ, ਉਨ੍ਹਾਂ ਦੇ ਦੁੱਖ-ਦਰਦ ਸਮਝ ਕੇ ਇਹ ਸਿੱਖਿਆਵਾਂ ਦਿੱਤੀਆਂ। ਇਕ ਔਰਤ ਜੋ ਕੋਈ ਪਾਪ ਕਰਦੀ ਫੜੀ ਗਈ ਤਾਂ ਮਰਦ ਪ੍ਰਧਾਨ ਸਮਾਜ ਨੇ ਸ਼ਰ੍ਹਾ ਅਨੁਸਾਰ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰਨ ਦਾ ਫ਼ੈਸਲਾ ਲਿਆ। ਅਚਾਨਕ ਯੀਸੂ ਉਸੇ ਪਿੰਡ 'ਚ ਸਨ ਤਾਂ ਉਹ ਔਰਤ ਖ਼ੁਦ ਨੂੰ ਬਚਾਉਂਦੀ ਹੋਈ ਪ੍ਰਭੂ ਯੀਸੂ ਕੋਲ ਆ ਗਈ ਤੇ ਮਦਦ ਮੰਗੀ। ਪ੍ਰਭੂ ਯੀਸੂ ਨੇ ਲੋਕਾਂ ਨੂੰ ਕਿਹਾ ਕਿ ਇਸ ਨੂੰ ਸਿਰਫ਼ ਉਹੀ ਪੱਥਰ ਮਾਰੇ, ਜਿਸ ਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ। ਨਤੀਜਨ ਸਾਰੇ ਲੋਕ ਚਲੇ ਗਏ। ਪ੍ਰਭੂ ਯੀਸੂ ਨੇ ਉਸ ਔਰਤ ਨੂੰ ਅੱਗੇ ਤੋਂ ਅਜਿਹੇ ਪਾਪ 'ਚ ਨਾ ਪੈਣ ਲਈ ਕਹਿ ਕੇ ਮੁਆਫ਼ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਔਰਤ ਦਾ ਸਨਮਾਨ ਤੇ ਉਸ ਦੇ ਗੁਨਾਹ ਦੀ ਮੁਆਫ਼ੀ ਦਾ ਵਿਲੱਖਣ ਫ਼ੈਸਲਾ ਕਰਕੇ ਉਸ ਵੇਲੇ ਦੇ ਧਰਮ ਦੇ ਠੇਕੇਦਾਰਾਂ ਨੂੰ ਚੁੱਪ ਕਰਾਇਆ।
ਪ੍ਰਭੂ ਯੀਸੂ ਮਸੀਹ ਨੇ ਉਸ ਵੇਲੇ ਦੇ ਕੱਟੜਵਾਦ, ਫ਼ਾਸ਼ੀਵਾਦੀ ਤੇ ਮੌਕਾਪ੍ਰਸਤੀ ਦੀ ਸੌੜੀ ਰਾਜਨੀਤੀ ਦਾ ਵਿਰੋਧ ਕੀਤਾ। ਉਸ ਸਮੇਂ ਦੇ ਧਾਰਮਿਕ ਅਡੰਬਰ ਤੇ ਧਰਮ ਦੇ ਠੇਕੇਦਾਰਾਂ ਵਲੋ ਆਪਣੇ ਲਾਭਾਂ ਲਈ ਬਣਾਏ ਰੀਤੀ-ਰਿਵਾਜ਼ਾਂ ਦਾ ਉਨ੍ਹਾਂ ਨੇ ਡਟ ਕੇ ਵਿਰੋਧ ਕੀਤਾ। ਯਹੂਦੀ ਹੋਣ ਕਰਕੇ ਯੀਸੂ ਭਾਵੇਂ ਉੱਚ ਵਰਗ 'ਚੋਂ ਸਨ ਪਰ ਉਨ੍ਹਾਂ ਨੇ ਉੱਪਰਲੇ ਵਰਗ ਵਲੋਂ ਛੇਕੇ ਹੇਠਲੇ ਵਰਗ ਦੇ ਲੋਕਾਂ 'ਚ ਜਾ ਕੇ ਉਨ੍ਹਾਂ 'ਚ ਰਹਿ ਕੇ ਬਰਾਬਰਤਾ, ਸਾਂਝੀਵਾਲਤਾ, ਭਾਈਚਾਰਾ ਤੇ ਸਦਭਾਵਨਾ ਦੀ ਸਿੱਖਿਆ ਦਿੱਤੀ ਅਤੇ ਛੂਤਛਾਤ ਕਰਨ ਵਾਲਿਆਂ ਨੂੰ ਸਮੇਂ-ਸਮੇਂ ਤਾੜਿਆ। ਉਨ੍ਹਾਂ ਨੇ ਬੱਚਿਆਂ ਨਾਲ ਪਿਆਰ ਖ਼ੁਦਾ ਨਾਲ ਪਿਆਰ ਦੇ ਬਰਾਬਰ ਦੱਸਿਆ। ਉਸ ਸਮੇਂ ਦੀ ਹਾਕਮ ਜਮਾਤ ਜੋ ਪੂਰੀ ਤਰ੍ਹਾਂ ਕੱਟੜ ਧਾਰਮਿਕ ਆਗੂਆਂ ਦੀ ਪਕੜ ਵਿਚ ਸੀ, ਉਸ ਵੇਲੇ ਆਪਣੇ ਪ੍ਰਚਾਰ ਤੇ ਮਾਨਵੀ ਸਿੱਖਿਆਵਾਂ ਨਾਲ ਉਨ੍ਹਾਂ ਨੇ ਅਹਿੰਸਾ ਦੇ ਰਾਹ 'ਤੇ ਰਹਿ ਕੇ ਵਿਰੋਧ ਕੀਤਾ ਅਤੇ ਆਮ ਲੋਕਾਂ ਵਿਰੋਧੀ ਧਾਰਮਿਕ ਆਰਥਿਕ ਤੇ ਸਮਾਜਿਕ ਰਾਜਨੀਤੀ ਤੇ ਕੱਟੜਵਾਦ ਦਾ ਵਿਰੋਧ ਕੀਤਾ। ਸਿੱਟੇ ਵਜੋਂ ਹਾਕਮ ਜਮਾਤ ਦੀ ਪਰਦੇਦਾਰੀ ਉੱਠਣ ਲੱਗੀ ਤੇ ਉਨ੍ਹਾਂ ਆਪਣੀਆਂ ਸਾਜਿਸ਼ਾਂ ਨਾਲ ਯੀਸੂ ਦੇ ਇਕ ਚੇਲੇ ਯਹੂਦਾ ਇਸਕਰਿਉਤੀ ਨੂੰ 30 ਸੋਨੇ ਦੇ ਸਿੱਕਿਆਂ ਨਾਲ ਖ਼ਰੀਦ ਲਿਆ ਤੇ ਉਹ ਯੀਸੂ ਨੂੰ ਇਕੱਲੇ ਫੜਾਉਣ ਦੀ ਸਾਜਿਸ਼ 'ਚ ਹਿੱਸੇਦਾਰ ਬਣਿਆ। ਹਾਕਮੀ ਸਾਜਿਸ਼ਾਂ ਤਹਿਤ, ਲੋਕਮਤ ਨੂੰ ਦਬਾਅ ਕੇ, ਇੱਥੋਂ ਤੱਕ ਕਿ ਉਸ ਵੇਲੇ ਦੇ ਨਿਆਂ ਕਰਨ ਵਾਲਿਆਂ ਨੇ ਵੀ ਯੀਸੂ ਨੂੰ ਬੇਗੁਨਾਹ ਦੱਸ ਕੇ ਆਪਣੇ ਹੱਥ ਧੋ ਲਏ। ਪਰ ਹਾਕਮ ਜਮਾਤ ਨੇ ਨਿਆਂ ਨੂੰ ਛਿੱਕੇ ਟੰਗ ਪ੍ਰਭੂ ਯੀਸੂ ਨੂੰ ਸਲੀਬ ਦਾ ਫ਼ਤਵਾ ਦੇ ਦਿੱਤਾ। ਸਲੀਬ 'ਤੇ ਚਾੜ੍ਹਨ ਤੋਂ ਪਹਿਲਾਂ ਪ੍ਰਭੂ ਯੀਸੂ ਨੂੰ ਅਣਗਿਣਤ ਤਸੀਹੇ ਦਿੱਤੇ ਗਏ। ਲਗਭਗ 150 ਕਿੱਲੋ ਦੀ ਸਲੀਬ ਉਨ੍ਹਾਂ ਦੇ ਮੋਢੇ 'ਤੇ ਚੁਕਾਈ ਗਈ ਤੇ ਸ਼ਹਿਰ 'ਚ ਘੁੰਮਾਇਆ ਗਿਆ। ਅਜਿਹੀ ਸਥਿਤੀ 'ਚ ਵੀ ਸਲੀਬ 'ਤੇ ਟੰਗੇ ਹੋਇਆ ਪ੍ਰਾਣ ਛੱਡਣ ਵੇਲੇ ਉਨ੍ਹਾਂ ਦੇ ਮੁੱਖ 'ਚੋਂ ਕੁਝ ਵਚਨ ਨਿਕਲੇ, ਜਿਨ੍ਹਾਂ 'ਚ ਇਕ ਮਹੱਤਵਪੂਰਨ ਵਚਨ ਸੀ, 'ਐ ਪਿਤਾ ਇਨ੍ਹਾਂ ਨੂੰ ਮੁਆਫ਼ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ, ਇਹ ਕੀ ਕਰ ਰਹੇ ਹਨ।'
ਬੀਤੇ ਦਿਨੀਂ ਵਿਸ਼ਵ ਮੁਸਲਿਮ ਭਾਈਚਾਰੇ ਨੇ 40 ਰੋਜ਼ਿਆਂ ਤੋਂ ਬਾਅਦ ਪਵਿੱਤਰ ਤਿਉਹਾਰ ਈਦ-ਉਲ-ਫ਼ਿਤਰ ਮਨਾਇਆ, ਜੋ ਭਾਈਚਾਰਕ ਸਾਂਝ ਤੇ ਮੁਹੱਬਤ ਵਧਾਉਣ ਦਾ ਪ੍ਰਤੀਕ ਹੈ। ਵਿਸ਼ਵ ਇਸਾਈ ਭਾਈਚਾਰਾ ਵੀ ਅਜਿਹੇ ਹੀ 40 ਰੋਜ਼ਿਆਂ ਦੇ ਪੱਵਿਤਰ ਦਿਨਾਂ 'ਚੋਂ ਗੁਜ਼ਰ ਰਿਹਾ ਹੈ, ਜੋ ਗੁੱਡ ਫਰਾਈਡੇਅ ਨੂੰ ਮੁਆਫ਼ੀ ਦੇ ਦਿਨ ਵਜੋਂ ਸਵੈ-ਜਾਚ ਸਿਖਾਉਂਦਾ ਹੈ ਅਤੇ ਪਤਰਸ ਵਾਂਗ ਗ਼ਲਤੀਆਂ ਮੰਨ ਕੇ ਕੀਤੇ ਪਛਤਾਵੇ ਨੂੰ ਮਨਜ਼ੂਰ ਕਰਦਾ ਹੈ। ਅਜਿਹੇ ਉਦੇਸ਼ਾਂ ਨਾਲ ਰੋਜ਼ੇ ਦੋਹਾਂ ਧਰਮਾਂ 'ਚ ਬਹੁਤ ਅਹਿਮ ਤੇ ਮਹੱਤਵਪੂਰਨ ਹਨ। ਕੋਈ ਵੀ ਯੁੱਧ ਮਾਨਵਤਾ ਦੇ ਹੱਕ 'ਚ ਨਹੀਂ ਹੁੰਦਾ, ਲੋਕ ਸ਼ਾਂਤੀ ਚਾਹੁੰਦੇ ਹਨ। ਪਿਛਲੇ ਦਿਨੀਂ ਇਜ਼ਰਾਈਲੀ ਲੋਕਾਂ ਨੇ ਨੰਗੇ ਪੈਰੀਂ ਪੈਦਲ ਪ੍ਰਦਰਸ਼ਨ ਕਰ ਕੇ ਬੇਗੁਨਾਹ ਤੇ ਮਾਸੂਮ ਲੋਕਾਂ ਨੂੰ ਮਾਰਨ ਦਾ ਵਿਰੋਧ ਕੀਤਾ ਪਰ 'ਮੈਂ ਹੀ ਹਾਂ' ਜਿਹੀ ਨਾਕਾਰਾਤਮਕ ਧਾਰਨਾ ਛੱਡ ਕੇ ਅੱਜ ਇਕ-ਦੂਜੇ ਨੂੰ ਮੁਆਫ਼ ਕਰਨ ਦੀ ਲੋੜ ਹੈ।

-ਮੋਬਾਈਲ : 98782-61522
ਈਮੇਲ : wargisalamat@gmail.com

Ad Position 22
No active advertisement
ਪਿਛਲੀ ਖ਼ਬਰ ਗੁਣਕਾਰੀ ਹੈ ਸਬਜ਼ੀਆਂ ਦੇ ਜੂਸ ਦੀ ਵਰਤੋਂ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਰਾਸ਼ਟਰਪਤੀ ਨੂੰ ਕੀਤੀ ਅਪੀਲ ਵਾਪਸ ਲਵੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥ...
Ad Position 24