10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਿਹਾਰ ਦੀ ਨਵੀਂ ਸਰਗਰਮੀ

Ad Position 21
No active advertisement
ਅਜੀਤ ਡੈਸਕ 16-04-2026

ਬਿਹਾਰ ਵਿਚ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਸਹੁੰ ਚੁੱਕ ਲਈ ਹੈ। ਇਸ ਤਰ੍ਹਾਂ ਨਾਲ 20 ਸਾਲ ਤੱਕ ਸੂਬੇ ਦੇ ਮੁੱਖ ਮੰਤਰੀ ਚੱਲੇ ਆ ਰਹੇ ਨਿਤਿਸ਼ ਕੁਮਾਰ ਦੀ ਲੰਬੀ ਪਾਰੀ ਖ਼ਤਮ ਹੋ ਗਈ ਹੈ। ਸਾਲ 2025 ਵਿਚ ਸੂਬੇ ਦੀਆਂ ਹੋਈਆਂ ਚੋਣਾਂ ਵਿਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਪਾਰਟੀ ਜਨਤਾ ਦਲ (ਯੂ) ਅਤੇ ਭਾਜਪਾ ਨੇ ਰਲ ਕੇ ਚੋਣਾਂ ਲੜੀਆਂ ਸਨ। ਇਸ ਤਰ੍ਹਾਂ ਕੌਮੀ ਜਮਹੂਰੀ ਗੱਠਜੋੜ ਨੇ ਸੱਤਾ ਸੰਭਾਲ ਲਈ ਸੀ। ਇਹ ਚੋਣਾਂ ਵੀ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਲੜੀਆਂ ਗਈਆਂ ਸਨ, ਜਿਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਪੱਲੜਾ ਭਾਰੀ ਰਿਹਾ ਸੀ। ਉਸ ਸਮੇਂ ਨਿਤਿਸ਼ ਕੁਮਾਰ ਨੇ 10ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਕੁਝ ਮਹੀਨੇ ਬਾਅਦ ਹੀ ਉਨ੍ਹਾਂ ਦੇ ਰਾਜ ਸਭਾ ਵਿਚ ਜਾਣ ਕਾਰਨ ਭਾਜਪਾ ਲਈ ਨਵਾਂ ਮੁੱਖ ਮੰਤਰੀ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਉਂਝ ਇਸ ਤਰ੍ਹਾਂ 10ਵੀਂ ਵਾਰ ਸੂਬੇ ਦਾ ਉੱਚ ਅਹੁਦਾ ਸੰਭਾਲਣ ਦਾ ਉਨ੍ਹਾਂ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਸੀ।
ਨਿਤਿਸ਼ ਕੁਮਾਰ 'ਤੇ ਆਪਣੇ ਸਮੇਂ ਵਿਚ ਗੱਠਜੋੜ ਬਦਲਣ ਦਾ ਦੋਸ਼ ਵੀ ਲੱਗਦਾ ਰਿਹਾ ਸੀ ਅਤੇ ਇਹ ਵੀ ਕਿ ਉਹ ਉੱਚ ਕੁਰਸੀ ਪ੍ਰਾਪਤ ਕਰਨ ਲਈ ਆਪਣੇ ਮੁਢਲੇ ਸਿਧਾਂਤਾਂ ਨੂੰ ਵੀ ਤਿਲਾਂਜਲੀ ਦਿੰਦੇ ਰਹੇ ਹਨ, ਪਰ ਉਸ ਤੋਂ ਪਹਿਲਾਂ 15 ਸਾਲ ਤੱਕ ਲਾਲੂ ਪ੍ਰਸਾਦ ਯਾਦਵ ਨੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਸੱਤਾ ਸੰਭਾਲੀ ਰੱਖੀ ਸੀ, ਪਰ ਉਸ 'ਤੇ ਅਕਸਰ ਪਰਿਵਾਰਵਾਦ ਦੀ ਪੁਸ਼ਤ-ਪਨਾਹੀ ਕਰਨ ਦੇ ਦੋਸ਼ ਵੀ ਲੱਗਦੇ ਰਹੇ ਸਨ। ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਦਾ ਵੀ ਬੋਲਬਾਲਾ ਰਿਹਾ ਸੀ ਅਤੇ ਅਮਨ-ਕਾਨੂੰਨ ਦੀ ਸਥਿਤੀ ਵੀ ਵੱਡੀ ਹੱਦ ਤੱਕ ਵਿਗੜੀ ਰਹੀ ਸੀ। ਬਿਹਾਰ ਗੁਰਬਤ ਅਤੇ ਬੇਰੁਜ਼ਗਾਰੀ ਵਿਚ ਫ਼ਸਿਆ ਰਿਹਾ ਸੀ। ਇਸ ਦਾ ਮੁਢਲਾ ਢਾਂਚਾ ਵੀ ਕਮਜ਼ੋਰ ਬਣਿਆ ਰਿਹਾ ਸੀ ਅਤੇ ਸੂਬੇ 'ਚੋਂ ਲੋਕ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਵਿਚ ਵੱਡੀ ਗਿਣਤੀ ਵਿਚ ਕੰਮਕਾਰ ਦੀ ਭਾਲ ਲਈ ਮਜਬੂਰ ਸਨ। ਇਨ੍ਹਾਂ ਪੱਖਾਂ ਤੋਂ ਨਿਤਿਸ਼ ਨੇ ਦੋ ਦਹਾਕਿਆਂ ਵਿਚ ਮੁਕਾਬਲਤਨ ਵਧੀਆ ਢੰਗ ਨਾਲ ਕੰਮ ਕੀਤਾ ਹੈ। ਇਸ ਸਮੇਂ ਵਿਚ ਜਿਥੇ ਅਪਰਾਧਾਂ ਦੀ ਗਿਣਤੀ ਘਟੀ, ਉਥੇ ਨਿਤਿਸ਼ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਚੰਗੀਆਂ ਪ੍ਰਾਪਤੀਆਂ ਕੀਤੀਆਂ। ਸੂਬੇ ਭਰ ਵਿਚ ਸੜਕਾਂ ਦੀ ਹਾਲਤ ਨੂੰ ਬਿਹਤਰ ਬਣਾਇਆ ਗਿਆ ਅਤੇ ਲਗਾਤਾਰ ਬਣੀ ਰਹੀ ਬਿਜਲੀ ਦੀ ਘਾਟ ਨੂੰ ਵੀ ਪੂਰਾ ਕਰਨ ਦਾ ਯਤਨ ਕੀਤਾ ਗਿਆ। ਅਜਿਹੀ ਸੂਰਤ ਵਿਚ ਸਨਅਤ ਅਤੇ ਰੁਜ਼ਗਾਰ ਨੂੰ ਵੀ ਹੁਲਾਰਾ ਮਿਲਿਆ। ਚਾਹੇ ਹਾਲੇ ਤੱਕ ਵੀ ਰੋਜ਼ੀ-ਰੋਟੀ ਦੀ ਭਾਲ ਲਈ ਬਿਹਾਰੀਆਂ ਦਾ ਦੂਸਰੇ ਰਾਜਾਂ ਵਿਚ ਜਾਣਾ ਜਾਰੀ ਹੈ।
ਬਿਨਾਂ ਸ਼ੱਕ ਪਹਿਲਾਂ ਮੰਡਲ ਦੀ ਰਾਜਨੀਤੀ ਦਾ ਬੋਲਬਾਲਾ ਸੀ ਅਤੇ ਹੁਣ ਇੱਥੇ ਕਮੰਡਲ ਭਾਵ ਹਿੰਦੂਤਵ ਦੀ ਰਾਜਨੀਤੀ ਮਜ਼ਬੂਤ ਹੋਣੀ ਸ਼ੁਰੂ ਹੋ ਗਈ ਹੈ। ਹੁਣ ਭਾਜਪਾ ਦਾ ਮੁੱਖ ਮੰਤਰੀ ਬਣਨ ਨਾਲ ਸੂਬੇ ਦਾ ਮਾਹੌਲ ਕਿਸ ਤਰ੍ਹਾਂ ਦੀ ਅੰਗੜਾਈ ਲੈਂਦਾ ਹੈ, ਇਹ ਵੇਖਣਾ ਹੋਵੇਗਾ। ਪਰ ਇਥੇ ਪਹਿਲਾਂ ਤੋਂ ਹੀ ਜਾਤੀਵਾਦ ਨੇ ਸਮਾਜ ਨੂੰ ਪੂਰੀ ਤਰ੍ਹਾਂ ਘੁਣ ਲਗਾਈ ਰੱਖਿਆ ਹੈ, ਜਿਸ ਤੋਂ ਛੁਟਕਾਰਾ ਪਾ ਸਕਣਾ ਹਾਲ ਦੀ ਘੜੀ ਬੇਹੱਦ ਮੁਸ਼ਕਿਲ ਜਾਪਦਾ ਹੈ। ਚੋਣਾਂ ਦੌਰਾਨ ਭਾਜਪਾ ਨੇ ਸੂਬੇ ਦੇ ਵਿਕਾਸ ਲਈ ਅਨੇਕਾਂ ਵਾਅਦੇ ਅਤੇ ਦਾਅਵੇ ਕੀਤੇ ਸਨ। ਹੁਣ ਇਨ੍ਹਾਂ ਨੂੰ ਪੂਰਾ ਕਰਨ ਲਈ ਪਾਰਟੀ ਨੂੰ ਸਖ਼ਤ ਇਮਤਿਹਾਨ ਤੋਂ ਗੁਜ਼ਰਨਾ ਪਵੇਗਾ ਅਤੇ ਆਪਣੀ ਸਾਖ਼ ਨੂੰ ਮਜ਼ਬੂਤ ਕਰਨ ਲਈ ਨਵੀਂ ਸਰਕਾਰ ਨੂੰ ਹਰ ਪੱਖ ਤੋਂ ਤੇਜ਼ੀ ਨਾਲ ਵਿਕਾਸ ਦੇ ਅਮਲਾਂ ਨੂੰ ਸਿਰੇ ਚੜ੍ਹਾਉਣ ਦੀ ਜ਼ਰੂਰਤ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਵਲੋਂ ਵਾਰ-ਵਾਰ ਡਬਲ ਇੰਜਣ ਸਰਕਾਰ ਦੇ ਕੀਤੇ ਗਏ ਦਾਅਵਿਆਂ ਨੂੰ ਇਹ ਨਵੀਂ ਸਰਕਾਰ ਕਿੰਨਾ ਕੁ ਪੂਰਾ ਕਰਨ ਵਿਚ ਸਫ਼ਲ ਹੁੰਦੀ ਹੈ, ਇਹ ਵੀ ਉਸ ਲਈ ਇਮਤਿਹਾਨ ਵਾਲੀ ਗੱਲ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਅਮਰੀਕਾ - ਈਰਾਨ ਗੱਲਬਾਤ ਦੀ ਅਸਫ਼ਲਤਾ ਲਈ ਜ਼ਿੰਮੇਵਾਰ ਕੌਣ? ਅਗਲੀ ਖ਼ਬਰ ਤਾਕਤ ਦਾ ਅਰਥ ਹੈ ਹੋਰਾਂ ਦੀ ਬਿਹਤਰੀ ਲਈ ਕੰਮ ਕਰ ਸਕਣ ਦੀ ਸਮਰੱਥਾ ਹੋਣਾ। -ਬਰੂਕ
Ad Position 24