ਪਾਕਿਸਤਾਨ ਦੀ ਰਾਜਧਾਨੀ ਵਿਚ ਉੱਚ-ਪੱਧਰੀ ਗੱਲਬਾਤ ਤੋਂ ਬਾਅਦ ਵੀ ਅਮਰੀਕਾ ਤੇ ਈਰਾਨ ਕਿਸੇ ਸ਼ਾਂਤੀ ਸਮਝੌਤੇ 'ਤੇ ਨਹੀਂ ਪਹੁੰਚ ਸਕੇ। ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਇਸਲਾਮਾਬਾਦ ਵਿਚ 21 ਘੰਟੇ ਦੀ ਗੱਲਬਾਤ ਤੋਂ ਬਾਅਦ ਤਹਿਰਾਨ ਨੇ ਵਾਸ਼ਿੰਗਟਨ ਦੀਆਂ ਸ਼ਰਤਾਂ ਮੰਨਣ ਤੋਂ ਮਨ੍ਹਾਂ ਕਰ ਦਿੱਤਾ ਹੈ, ਜਦਕਿ ਈਰਾਨ ਨੇ ਗੱਲਬਾਤ ਦੌਰਾਨ ਅਮਰੀਕਾ ਵਿਚ ਪ੍ਰਤੀਬੱਧਤਾ ਦੀ ਕਮੀ ਹੋਣ ਦਾ ਦਾਅਵਾ ਕੀਤਾ ਹੈ। ਅਮਰੀਕਾ ਤੇ ਈਰਾਨ ਵਿਚਾਲੇ 'ਇਸਲਾਮਾਬਾਦ ਟਾਕਸ' ਨਾਂਅ ਦੀ ਇਹ ਗੱਲਬਾਤ ਪਿਛਲੇ ਸਨਿਚਰਵਾਰ ਦੁਪਹਿਰ ਨੂੰ ਸ਼ੁਰੂ ਹੋ ਕੇ ਪੂਰੀ ਰਾਤ ਸਮੇਤ ਲਗਭਗ 21 ਘੰਟੇ ਚੱਲਣ ਬਾਅਦ ਸਿਰਫ਼ 3 ਮਿੰਟ ਦੀ ਛੋਟੀ ਜਿਹੀ ਪ੍ਰੈੱਸ ਕਾਨਫਰੰਸ ਨਾਲ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ। ਜਦੋਂ ਜੇ.ਡੀ. ਵੈਂਸ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਲਈ ਬਾਹਰ ਆਏ ਤਾਂ ਉਦੋਂ ਤੱਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸੂਰਜ ਚੜ੍ਹ ਚੁੱਕਿਆ ਸੀ। ਵੈਂਸ ਨੇ ਕਿਹਾ ਕਿ ਅਸੀਂ ਕਿਸੇ ਸਮਝੌਤੇ 'ਤੇ ਨਹੀਂ ਪਹੁੰਚ ਸਕੇ ਹਾਂ। ਅਸੀਂ ਆਪਣੀਆਂ 'ਰੈੱਡ ਲਾਈਨਜ਼' ਬਹੁਤ ਹੱਦ ਤੱਕ ਸਾਫ਼ ਕਰ ਦਿੱਤੀਆਂ ਹਨ ਅਤੇ ਉਨ੍ਹਾਂ (ਈਰਾਨ) ਨੇ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ।' ਈਰਾਨੀ ਧਿਰ ਵੀ ਉਦਾਸ ਸੀ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਰਕੇਈ ਨੇ ਕਿਹਾ ਕਿ ਗੱਲਬਾਤ 'ਅਵਿਸ਼ਵਾਸ ਤੇ ਸ਼ੱਕ' ਵਿਚਾਲੇ ਹੋਈ। ਈਰਾਨ ਦੇ ਮੀਡੀਆ ਨੇ ਸਮਝੌਤੇ ਵਿਚ ਰੁਕਾਵਟ ਦੇ ਲਈ ਅਮਰੀਕਾ ਦੀਆਂ 'ਬਹੁਤ ਜ਼ਿਆਦਾ ਮੰਗਾਂ' ਨੂੰ ਦੋਸ਼ੀ ਠਹਿਰਾਇਆ ਹੈ।
'ਦ ਇਕੋਨਾਮਿਸਟ' ਦੀ ਰਿਪੋਰਟ ਅਨੁਸਾਰ ਦੋਵੇਂ ਵਫਦਾਂ ਦੇ ਮੁਖੀ ਹੁਣ ਦੂਜੀ ਬੈਠਕ ਦੀ ਤਰੀਕ ਤੈਅ ਕੀਤੇ ਬਿਨਾਂ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ। ਵੈਂਸ ਨੇ ਕਿਹਾ ਕਿ ਈਰਾਨ ਨੇ 'ਸਾਡੀਆਂ ਸ਼ਰਤਾਂ ਨਹੀਂ ਮੰਨੀਆਂ' ਤੇ ਅਮਰੀਕਾ ਤਹਿਰਾਨ ਤੋਂ ਪ੍ਰਮਾਣੂ ਹਥਿਆਰ ਨਾ ਬਣਾਉਣ ਦੀ 'ਸਿਧਾਂਤਕ ਪ੍ਰਤੀਬੱਧਤਾ' ਲੈਣਾ ਚਾਹੁੰਦਾ ਹੈ। ਈਰਾਨ ਦੇ ਸਰਕਾਰੀ ਬ੍ਰਾਡਕਾਸਟਰ (ਆਈ.ਆਰ.ਆਈ.ਬੀ.) ਅਨੁਸਾਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਐਤਵਾਰ ਨੂੰ ਦੱਸਿਆ ਕਿ ਸ਼ੁਰੂ ਤੋਂ ਹੀ ਸਾਨੂੰ ਅਮਰੀਕਾ ਨਾਲ ਗੱਲਬਾਤ ਦੇ ਇਕ ਹੀ ਸੈਸ਼ਨ ਦੌਰਾਨ ਕਿਸੇ ਵੀ ਸਮਝੌਤੇ 'ਤੇ ਪਹੁੰਚਣ ਦੀ ਉਮੀਦ ਨਹੀਂ ਕਰਨੀ ਚਾਹੀਦੀ ਸੀ, ਕਿਸੇ ਨੂੰ ਵੀ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਿਕ ਉਨ੍ਹਾਂ ਕਿਹਾ ਕਿ ਤਹਿਰਾਨ ਨੂੰ ਭਰੋਸਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਨਾਲ-ਨਾਲ ਇਸ ਇਲਾਕੇ ਦੇ ਈਰਾਨ ਦੇ ਦੂਜੇ ਦੋਸਤਾਂ ਦੇ ਵਿਚਾਲੇ ਸੰਪਰਕ ਜਾਰੀ ਰਹੇਗਾ। ਅਮਰੀਕੀ ਵਫ਼ਦ ਉਪ ਰਾਸ਼ਟਰਪਤੀ ਵੈਂਸ ਦੀ ਅਗਵਾਈ ਹੇਠ ਜਦਕਿ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਕਲੀਬਾਫ ਦੀ ਅਗਵਾਈ ਹੇਠ ਈਰਾਨੀ ਵਫ਼ਦ ਨੇ ਇਸ ਗੱਲ 'ਤੇ ਚਰਚਾ ਕੀਤੀ ਕਿ ਜੰਗਬੰਦੀ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਜੋ ਪਹਿਲਾਂ ਹੀ ਡੂੰਘੇ ਮਤਭੇਦਾਂ ਤੇ ਲਿਬਨਾਨ 'ਚ ਹਿਜ਼ਬੁੱਲਾ ਵਿਰੁੱਧ ਇਜ਼ਰਾਈਲ ਦੇ ਲਗਾਤਾਰ ਹਮਲਿਆਂ ਕਾਰਨ ਖ਼ਤਰੇ ਵਿਚ ਹੈ। ਈਰਾਨ ਨਾਲ ਗੱਲਬਾਤ ਦੌਰਾਨ ਅਮਰੀਕਾ ਦੀ ਆਪਣੇ ਵਪਾਰਕ ਸਮੁੰਦਰੀ ਜਹਾਜ਼ਾਂ ਲਈ ਹੋਰਮੁਜ਼ ਜਲਮਾਰਗ ਤੋਂ ਬਿਨਾਂ ਕਿਸੇ ਰੋਕ-ਟੋਕ ਤੇ ਬਿਨਾਂ ਕਿਸੇ ਖ਼ਰਚ ਦੇ ਆਉਣ-ਜਾਣ ਦੀ ਮੁਫਤ ਸਹੂਲਤ ਪ੍ਰਮੁੱਖ ਮੰਗ ਸੀ। ਹਾਲਾਂਕਿ ਈਰਾਨ ਨੇ ਹੋਰਮੁਜ਼ 'ਤੇ ਆਪਣਾ ਕੰਟਰੋਲ ਸਥਾਪਿਤ ਕਰਕੇ ਇਸ ਦੀ ਵਸੂਲੀ ਕਰਨ ਲਈ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ, ਇਹ ਸ਼ਰਤ ਈਰਾਨ-ਇਰਾਕ ਯੁੱਧ ਦੇ ਦੌਰਾਨ ਵੀ ਸ਼ਾਮਿਲ ਸੀ, ਹਾਲਾਂਕਿ ਇਸ ਮੁੱਦੇ ਨੂੰ ਪਹਿਲੀ ਵਾਰ ਕੌਮਾਂਤਰੀ ਗੱਲਬਾਤ ਦੀ ਮੇਜ਼ 'ਤੇ ਅਧਿਕਾਰਕ ਤੌਰ 'ਤੇ ਹੁਣ ਚੁੱਕਿਆ ਗਿਆ ਹੈ।
ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਅਮਰੀਕਾ ਦੀਆਂ 'ਗ਼ਲਤ' ਮੰਗਾਂ ਦੀ ਵਜ੍ਹਾ ਕਰਕੇ ਗੱਲਬਾਤ ਫੇਲ੍ਹ ਹੋਈ ਹੈ। ਇਸਲਾਮਿਕ ਰਿਪਬਲਿਕ ਆਫ਼ ਈਰਾਨ ਬਰਾਡਕਾਸਟ (ਆਈ. ਆਰ. ਆਈ. ਬੀ.) ਨੇ ਦੱਸਿਆ ਹੈ ਕਿ ਪੱਛਮੀ ਏਸ਼ੀਆ ਵਿਚ ਜੰਗ ਖ਼ਤਮ ਕਰਨ ਲਈ ਇਸਲਾਮਾਬਾਦ ਵਿਚ ਹੋ ਰਹੀ ਗੱਲਬਾਤ ਵਿਚ ਅਮਰੀਕਾ ਦੀਆਂ 'ਗ਼ਲਤ ਮੰਗਾਂ' ਦੀ ਵਜ੍ਹਾ ਨਾਲ ਰੁਕਾਵਟ ਆਈ ਹੈ। ਆਈ.ਆਰ.ਆਈ.ਬੀ. ਨੇ ਟੈਲੀਗ੍ਰਾਮ 'ਤੇ ਕਿਹਾ ਹੈ ਕਿ ਈਰਾਨੀ ਵਫ਼ਦ ਨੇ ਦੇਸ਼ ਦੇ ਲੋਕਾਂ ਦੇ ਰਾਸ਼ਟਰੀ ਹਿਤਾਂ ਦੀ ਰੱਖਿਆ ਲਈ 21 ਘੰਟੇ ਤੱਕ ਲਗਾਤਾਰ ਤੇ ਡੂੰਘਾਈ ਨਾਲ ਗੱਲਬਾਤ ਕੀਤੀ, ਈਰਾਨੀ ਵਫ਼ਦ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਅਮਰੀਕੀ ਪੱਖ ਦੀਆਂ ਗ਼ਲਤ ਮੰਗਾਂ ਕਾਰਨ ਗੱਲਬਾਤ ਅੱਗੇ ਨਹੀਂ ਵਧ ਸਕੀ ਤੇ ਖ਼ਤਮ ਹੋ ਗਈ। ਇਹ ਪਹਿਲੀ ਵਾਰ ਸੀ ਜਦੋਂ ਅਮਰੀਕੀ ਤੇ ਈਰਾਨੀ ਰਾਜਨੀਤਕ ਲੀਡਰਸ਼ਿਪ ਤੇ ਉੱਚਕੋਟੀ ਦੇ ਡਿਪਲੋਮੈਟ ਦੋਹਾਂ ਦੇਸ਼ਾਂ ਦੇ ਸਾਹਮਣੇ ਮੌਜੂਦ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਆਹਮੋ-ਸਾਹਮਣੇ ਬੈਠੇ ਸਨ। ਇਸਲਾਮਾਬਾਦ ਦੀ ਮੇਜ਼ਬਾਨੀ 'ਚ ਹੋਈ ਇਹ ਗੱਲਬਾਤ ਸਪੱਸ਼ਟ ਤੌਰ 'ਤੇ ਅਮਰੀਕਾ ਵਲੋਂ ਪਾਕਿਸਤਾਨ ਨੂੰ 'ਮੀਡੀਏਟਰ' ਦੇ ਤੌਰ 'ਤੇ ਕੰਮ ਕਰਨ ਲਈ ਕਹਿਣ ਤੋਂ ਬਾਅਦ ਹੋਈ ਅਤੇ ਇਸ ਲਈ ਉਨ੍ਹਾਂ (ਪਾਕਿ) ਨੂੰ ਆਰਥਿਕ ਮਦਦ ਮਿਲ ਸਕਦੀ ਸੀ। ਪਰ ਅਮਰੀਕਾ ਨੇ ਗੱਲਬਾਤ ਨੂੰ ਜੋ ਅਹਿਮੀਅਤ ਦਿੱਤੀ, ਉਹ ਉਸ ਦੀ ਗੱਲਬਾਤ ਕਰਨ ਵਾਲੀ ਟੀਮ ਦੇ ਵਿਵਹਾਰ ਤੋਂ ਸਾਫ਼ ਸੀ, ਜੋ ਆਪਣੇ ਸਭ ਤੋਂ ਚੰਗੇ ਰੂਪ ਵਿਚ ਸੀ, ਕਿਉਂਕਿ ਉਹ ਜਾਣਦੇ ਸਨ ਕਿ ਉਹ ਸੁਚੇਤ ਈਰਾਨੀ ਵਫ਼ਦ ਦੇ ਨਾਲ ਸਮਝੌਤਾ ਕਰ ਰਹੇ ਹਨ ਅਤੇ ਇਹ ਸਾਵਧਾਨੀ ਰਾਸ਼ਟਰਪਤੀ ਟਰੰਪ ਵਲੋਂ ਸੋਸ਼ਲ ਮੀਡੀਆ 'ਤੇ ਪਾਈਆਂ ਪੋਸਟਾਂ ਤੋਂ ਸਾਫ਼ ਦਿਸ ਰਹੀ ਸੀ, ਜੋ ਕਾਫ਼ੀ ਸਾਵਧਾਨੀ ਨਾਲ ਕੀਤੇ ਗਏ ਲੱਗ ਰਹੇ ਸਨ। ਹਾਲਾਂਕਿ ਪੱਛਮੀ ਏਸ਼ੀਆ ਵਿਚ ਅਮਰੀਕਾ ਦੇ ਸਭ ਤੋਂ ਵੱਡੇ ਸਾਥੀ ਤੇ ਈਰਾਨ ਖ਼ਿਲਾਫ਼ ਮੌਜੂਦ ਜੰਗ ਵਿਚ ਭਾਈਵਾਲ ਇਜ਼ਰਾਈਲ ਨੇ ਈਰਾਨ ਵਿਰੁੱਧ ਲੜਾਈ ਵਿਚ ਉਸ ਨੂੰ 'ਇਤਿਹਾਸਕ ਕਾਮਯਾਬੀ' ਮਿਲਣ ਦਾ ਦਾਅਵਾ ਕੀਤਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਸਨਿਚਰਵਾਰ ਨੂੰ ਇਕ ਵੀਡੀਓ ਬਿਆਨ ਵਿਚ ਕਿਹਾ ਕਿ 'ਕੰਪੇਨ ਹਾਲੇ ਖ਼ਤਮ ਨਹੀਂ ਹੋਇਆ ਹੈ', ਪਰ ਇਜ਼ਰਾਈਲ ਈਰਾਨ ਦੇ ਪ੍ਰਮਾਣੂ ਇਰਾਦਿਆਂ ਨੂੰ ਨਾਕਾਮ ਕਰਨ 'ਚ ਕਾਮਯਾਬ ਰਿਹਾ ਹੈ। ਇਹ ਈਰਾਨ ਵਿਰੁੱਧ ਇਜ਼ਰਾਈਲੀ ਰਵੱਈਏ ਨੂੰ ਦਿਖਾਉਂਦਾ ਹੈ, ਜਿਸ ਨੂੰ ਉਹ ਹਰ ਕੀਮਤ 'ਤੇ ਖ਼ਤਮ ਕਰਨਾ ਚਾਹੁੰਦਾ ਹੈ, ਕਿਉਂਕਿ ਇਜ਼ਰਾਈਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਸ ਇਲਾਕੇ ਵਿਚ ਉਸ ਦੀਆਂ ਵਿਸਾਤਰਵਾਦੀ ਤੇ ਰੰਗਭੇਦ ਜਿਹੀਆਂ ਨੀਤੀਆਂ ਖ਼ਿਲਾਫ਼ ਕੋਈ ਵੀ ਵਿਰੋਧ ਈਰਾਨ ਵਲੋਂ ਹੀ ਹੋਵੇਗਾ। ਇਜ਼ਰਾਈਲੀ ਲੀਡਰ ਨੇ ਦੁਹਰਾਇਆ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਇਹ ਯਕੀਨੀ ਬਣਾਉਣ 'ਚ ਬਿਤਾਇਆ ਕਿ ਈਰਾਨ ਪ੍ਰਮਾਣੂ ਹਥਿਆਰ ਹਾਸਿਲ ਨਾ ਕਰ ਸਕੇ, ਜਿਸ 'ਚ ਉਸ ਨੂੰ ਰੋਕਣ ਦੇ ਲਈ ਖੁਫੀਆ ਆਪ੍ਰੇਸ਼ਨ ਨੂੰ ਮਨਜ਼ੂਰੀ ਦੇਣਾ ਤੇ ਦੁਨੀਆ ਨੂੰ ਖ਼ਤਰੇ ਬਾਰੇ ਦੱਸਣਾ ਵੀ ਸ਼ਾਮਿਲ ਹੈ।
ਇਸ ਦੌਰਾਨ ਈਰਾਨ ਨੇ ਕਿਹਾ ਕਿ ਬਾਹਰੀ ਦਖਲਅੰਦਾਜ਼ੀ ਇਸ ਗੱਲਬਾਤ ਦੀ ਨਾਕਾਮੀ ਦਾ ਇਕ ਮੁੱਖ ਕਾਰਨ ਹੈ। ਈਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਘਚੀ ਨੇ ਦਾਅਵਾ ਕੀਤਾ ਕਿ ਗੱਲਬਾਤ ਦੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੈਂਸ ਨੂੰ ਫੋਨ ਕੀਤਾ ਸੀ, ਇਨ੍ਹਾਂ ਗੱਲਾਂ ਨੇ ਹੀ ਗੱਲਬਾਤ ਨੂੰ ਲੀਹ ਤੋਂ ਲਾਹ ਦਿੱਤਾ। ਜੇਕਰ ਇਹ ਸੱਚ ਹੈ ਤਾਂ ਇਹ ਸਪੱਸ਼ਟ ਦਿਖਾਉਂਦਾ ਹੈ ਕਿ ਇਸ ਖੇਤਰ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਇਜ਼ਰਾਈਲ ਦੀ ਪ੍ਰਤੀਬੱਧਤਾ ਸਿਰਫ਼ ਇਕ ਦਿਖਾਵਾ ਹੈ ਅਤੇ ਉਹ ਕਿਸੇ ਵੀ ਕੀਮਤ 'ਤੇ ਇਸ ਖੇਤਰ 'ਚ ਆਪਣੀ ਚੌਧਰ ਸਥਾਪਿਤ ਕਰਨਾ ਚਾਹੁੰਦਾ ਹੈ।
ਜਦੋਂ ਇਸਲਾਮਾਬਾਦ 'ਚ ਗੱਲਬਾਤ ਚੱਲ ਰਹੀ ਸੀ ਤਾਂ ਉਸੇ ਸਮੇਂ ਟਰੰਪ ਨੂੰ ਚੀਨ ਤੋਂ ਈਰਾਨ ਨੂੰ ਕਥਿਤ ਤੌਰ 'ਤੇ ਹਥਿਆਰਾਂ ਦੀ ਖੇਪ ਭੇਜਣ ਦੇ ਮਾਮਲੇ 'ਤੇ ਫੈਸਲਾ ਲੈਣਾ ਪਿਆ। ਅਮਰੀਕੀ ਇੰਟੈਲੀਜੈਂਸ ਦਾ ਹਵਾਲਾ ਦਿੰਦਿਆਂ ਸੀ.ਐਨ.ਐਨ. ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਆਉਣ ਵਾਲੇ ਹਫ਼ਤਿਆਂ 'ਚ ਈਰਾਨ ਨੂੰ ਹਥਿਆਰ ਭੇਜ ਸਕਦਾ ਹੈ। ਰਿਪੋਰਟ ਅਨੁਸਾਰ ਈਰਾਨ ਜੰਗ 'ਚ ਆਈ ਇਸ ਖੜੋਤ ਦਾ ਇਸਤੇਮਾਲ ਆਪਣੇ ਹਵਾਈ ਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੇ ਮੌਕੇ ਵਜੋਂ ਕਰ ਰਿਹਾ ਹੈ। ਇਸ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਹੈ ਕਿ ਜੇਕਰ ਚੀਨ ਅਜਿਹਾ ਕਰਦਾ ਹੈ ਤਾਂ ਉਸ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।' ਉਧਰ ਬੀਜਿੰਗ ਨੇ ਉਕਤ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਉਸ ਨੇ ਈਰਾਨ ਨੂੰ ਹਥਿਆਰ ਜਾਂ ਕੋਈ ਫ਼ੌਜੀ ਤਕਨੀਕ ਦਿੱਤੀ ਹੈ ਜਾਂ ਉਹ ਈਰਾਨ ਨੂੰ ਨਵੀਂ ਹਵਾਈ ਰੱਖਿਆ ਪ੍ਰਣਾਲੀ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਟਰੰਪ ਨੇ ਤਹਿਰਾਨ ਨੂੰ ਹਥਿਆਰ ਦੇਣ ਵਾਲੇ ਦੇਸ਼ਾਂ 'ਤੇ 50 ਫ਼ੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੰਦਿਆਂ ਕਿਹਾ ਹੈ। ਜੇਕਰ ਉਹ ਇਸ ਧਮਕੀ 'ਤੇ ਅਮਲ ਕਰਦਾ ਹੈ ਤਾਂ ਚੀਨ ਨਾਲ ਉਸ ਦੀ ਚੱਲ ਰਹੀ ਨਾਜ਼ੁਕ ਵਪਾਰਕ ਰਜ਼ਾਮਦੀ ਲੀਹ ਤੋਂ ਉਤਰ ਸਕਦੀ ਹੈ। ਦਰਅਸਲ ਬੀਜਿੰਗ ਸਿੱਧੇ ਤੌਰ 'ਤੇ ਈਰਾਨ ਨੂੰ ਹਥਿਆਰ ਨਹੀਂ ਭੇਜਦਾ, ਸਗੋਂ ਉਸ ਨੂੰ 'ਦੋਹਰੇ ਇਸਤੇਮਾਲ ਵਾਲੀ ਤਕਨੀਕ ਮੁਹੱਈਆ ਕਰਾਉਂਦਾ ਹੈ।
ਫਾਈਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਈਰਾਨ ਨਾਲ ਗੱਲਬਾਤ ਨਾਕਾਮ ਹੋਣ ਦੇ ਬਾਅਦ ਅਮਰੀਕਾ 'ਸਟ੍ਰੇਟ ਆਫ਼ ਹੋਰਮੁਜ਼' ਦੀ ਫ਼ੌਜੀ ਨਾਕਾਬੰਦੀ ਕਰੇਗਾ। ਟਰੰਪ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਅਮਰੀਕੀ ਜਲ ਸੈਨਾ ਨੂੰ ਕਿਸੇ ਵੀ ਅਜਿਹੇ ਜਹਾਜ਼ ਨੂੰ ਰੋਕਣ ਲਈ ਕਿਹਾ ਹੈ ਜਿਸ ਨੇ ਤੇਲ ਤੇ ਗੈਸ ਦੀ ਸਪਲਾਈ ਕਰਨ ਲਈ ਇਸ ਰਣਨੀਤਕ ਜਲ ਮਾਰਗ 'ਚੋਂ ਗੁਜ਼ਰਨ ਲਈ ਈਰਾਨ ਨੂੰ ਕੋਈ ਟੈਕਸ (ਟੋਲ) ਦਿੱਤਾ ਹੋਵੇ। ਕੁੱਲ ਮਿਲਾ ਕੇ ਇਸ ਗੱਲਬਾਤ ਤੋਂ ਬਾਅਦ ਜਿਸ ਤਰ੍ਹਾਂ ਦੇ ਅਮਰੀਕੀ ਐਲਾਨ ਸਾਹਮਣੇ ਆਏ ਹਨ, ਉਸ ਤੋਂ ਗੱਲਬਾਤ ਦੇ ਪ੍ਰਤੀ ਅਮਰੀਕੀ ਪ੍ਰਸ਼ਾਸਨ ਦਾ ਕਾਹਲਾ ਰਵੱਈਆ ਜ਼ਾਹਿਰ ਹੁੰਦਾ ਹੈ। ਗੱਲਬਾਤ ਨੂੰ ਅੰਤਿਮ ਦੌਰ ਦੀ ਵਾਰਤਾ ਮੰਨਣ ਦੀ ਬਜਾਏ ਅਮਰੀਕੀ ਪ੍ਰਸ਼ਾਸਨ ਨੂੰ ਇਸਲਾਮਾਬਾਦ ਵਾਰਤਾ ਨੂੰ ਇਕ ਅਜਿਹੀ ਪ੍ਰਕਿਰਿਆ ਦੀ ਸ਼ੁਰੂਆਤ ਦੇ ਤੌਰ 'ਤੇ ਦੇਖਣਾ ਚਾਹੀਦਾ ਸੀ, ਜਿਸ ਦੇ ਜ਼ਰੀਏ ਉਹ ਆਪਣੇ ਵਿਰੋਧੀ ਨਾਲ ਸਿੱਧਾ ਸੰਵਾਦ ਕਰਕੇ ਵਿਸ਼ਵਾਸ ਪੈਦਾ ਕਰ ਸਕੇ ਅਤੇ ਇਸ ਖੇਤਰ 'ਚ ਸ਼ਾਂਤੀ ਸਥਾਪਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦਰਸਾ ਸਕੇ, ਤਾਂ ਜੋ ਈਰਾਨ ਦੇ ਨਾਲ ਆਪਣੇ ਸੰਬੰਧਾਂ ਨੂੰ ਮੁੜ ਤੋਂ ਸਥਾਪਿਤ ਕਰਨ ਦੀ ਦਿਸ਼ਾ 'ਚ ਅੱਗੇ ਵਧਿਆ ਜਾ ਸਕੇ।
ਅਮਰੀਕਾ - ਈਰਾਨ ਗੱਲਬਾਤ ਦੀ ਅਸਫ਼ਲਤਾ ਲਈ ਜ਼ਿੰਮੇਵਾਰ ਕੌਣ?
ਅਜੀਤ ਡੈਸਕ
16-04-2026