17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਬੇਹੱਦ ਜ਼ਰੂਰੀ ਹੈ ਜੰਗ ਨੂੰ ਰੋਕਣਾ

Ad Position 21
No active advertisement
ਅਜੀਤ ਡੈਸਕ 21-04-2026

ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ 'ਤੇ 28 ਫਰਵਰੀ ਨੂੰ ਹਮਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੋਹਾਂ ਧਿਰਾਂ ਵਿਚਕਾਰ ਮਸਲਿਆਂ ਨੂੰ ਸੁਲਝਾਉਣ ਲਈ ਗੱਲਬਾਤ ਵੀ ਹੁੰਦੀ ਰਹੀ ਸੀ। ਅਮਰੀਕਾ ਕਿਸੇ ਵੀ ਸੂਰਤ ਵਿਚ ਈਰਾਨ ਨੂੰ ਐਟਮੀ ਸ਼ਕਤੀ ਨਹੀਂ ਬਣਨ ਦੇਣਾ ਚਾਹੁੰਦਾ। ਇਸ ਲਈ ਉਹ ਈਰਾਨ ਦੇ ਯੂਰੇਨੀਅਮ ਦੇ ਭੰਡਾਰਾਂ ਨੂੰ ਅਮਰੀਕਾ ਦੇ ਹਵਾਲੇ ਕਰਨ 'ਤੇ ਜ਼ੋਰ ਪਾ ਰਿਹਾ ਹੈ। ਈਰਾਨ ਵਲੋਂ ਹੋਰਮੁਜ਼ ਜਲਡਮਰੂ 'ਤੇ ਜਹਾਜ਼ਾਂ ਦੀ ਆਵਾਜਾਈ ਰੋਕੇ ਜਾਣ ਨਾਲ ਦੁਨੀਆ ਭਰ ਲਈ ਇਕ ਵੱਡਾ ਸੰਕਟ ਪੈਦਾ ਹੋ ਗਿਆ ਹੈ। ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ ਵਲੋਂ ਕੀਤੇ ਯਤਨਾਂ ਤੋਂ ਬਾਅਦ ਦੋਹਾਂ ਧਿਰਾਂ ਦੀ 2 ਹਫ਼ਤੇ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਇਸ ਦਰਮਿਆਨ ਇਸਲਾਮਾਬਾਦ ਵਿਚ ਅਮਰੀਕਾ ਅਤੇ ਈਰਾਨ ਦੇ ਉੱਚ ਅਧਿਕਾਰੀਆਂ ਦੀਆਂ ਦੋ ਦਿਨਾਂ ਤੱਕ ਮੀਟਿੰਗਾਂ ਵੀ ਹੋਈਆਂ ਸਨ। ਅਮਰੀਕਾ ਵਲੋਂ ਇਸ ਵਿਚ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਵੀ ਸ਼ਾਮਿਲ ਹੋਏ ਸਨ ਪਰ ਇਹ ਗੱਲਬਾਤ ਕਿਸੇ ਸਿਰੇ ਨਹੀਂ ਸੀ ਲੱਗੀ।
ਉਸ ਤੋਂ ਬਾਅਦ ਈਰਾਨ ਨੇ ਹੋਰਮੁਜ਼ ਰਸਤਾ ਖੋਲ੍ਹਣ ਦਾ ਐਲਾਨ ਵੀ ਕਰ ਦਿੱਤਾ ਸੀ, ਜਿਸ ਦਾ ਅਮਰੀਕੀ ਰਾਸ਼ਟਰਪਤੀ ਵਲੋਂ ਸਵਾਗਤ ਵੀ ਕੀਤਾ ਗਿਆ ਸੀ। ਇਸੇ ਦੌਰਾਨ ਲਿਬਨਾਨ ਵਿਚ ਇਜ਼ਰਾਈਲ ਵਲੋਂ ਹਿਜ਼ਬੁੱਲਾ ਜਥੇਬੰਦੀ ਦੇ ਟਿਕਾਣਿਆਂ 'ਤੇ ਲਗਾਤਾਰ ਬੰਬਾਰੀ ਵੀ ਕੀਤੀ ਜਾਂਦੀ ਰਹੀ ਸੀ। ਅਮਰੀਕਾ ਦੇ ਦਖ਼ਲ 'ਤੇ ਉਹ ਵੀ ਰੋਕ ਦਿੱਤੀ ਗਈ ਸੀ। ਹੋਰਮੁਜ਼ ਲਾਂਘੇ ਨੂੰ ਬੰਦ ਕਰਨ ਤੋਂ ਬਾਅਦ ਅਮਰੀਕਾ ਨੇ ਈਰਾਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕਰ ਲਈ ਸੀ, ਜਿਸ ਨੂੰ ਉਹ ਖ਼ਤਮ ਨਹੀਂ ਕਰ ਰਿਹਾ। ਡੋਨਾਲਡ ਟਰੰਪ ਦੇ ਬਿਆਨ ਅਨੁਸਾਰ ਅਮਰੀਕਾ ਇਹ ਨਾਕਾਬੰਦੀ ਤਦ ਹੀ ਚੁੱਕੇਗਾ, ਜਦੋਂ ਸਥਾਈ ਸ਼ਾਂਤੀ ਸਮਝੌਤਾ ਹੋ ਜਾਏਗਾ। ਹੁਣ ਇਕ ਵਾਰ ਫਿਰ ਈਰਾਨ ਵਲੋਂ ਹੋਰਮੁਜ਼ ਦੀ ਕੀਤੀ ਗਈ ਨਾਕਾਬੰਦੀ ਨੇ ਹਾਲਾਤ ਹੋਰ ਵੀ ਪੇਚੀਦਾ ਕਰ ਦਿੱਤੇ ਹਨ। ਦੋਹਾਂ ਧਿਰਾਂ ਦੀ ਦੂਸਰੀ ਵਾਰ ਗੱਲਬਾਤ ਮੰਗਲਵਾਰ 21 ਅਪ੍ਰੈਲ ਨੂੰ ਇਸਲਾਮਾਬਾਦ ਵਿਚ ਹੋਣੀ ਤੈਅ ਹੋਈ ਸੀ, ਪਰ ਇਸ ਸੰਬੰਧੀ ਈਰਾਨੀ ਅਧਿਕਾਰੀਆਂ ਵਲੋਂ ਇਨਕਾਰ ਕਰਨ ਤੋਂ ਬਾਅਦ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਆਉਂਦੇ ਬੁੱਧਵਾਰ ਨੂੰ ਦੋਹਾਂ ਧਿਰਾਂ ਦੀ ਜੰਗਬੰਦੀ ਦਾ ਸਮਾਂ ਵੀ ਖ਼ਤਮ ਹੋ ਰਿਹਾ ਹੈ। ਡੋਨਾਲਡ ਟਰੰਪ ਦੀਆਂ ਧਮਕੀਆਂ ਹੋਰ ਵੀ ਤੇਜ਼ ਹੋ ਗਈਆਂ ਹਨ। ਈਰਾਨ ਵਲੋਂ ਹੋਰਮੁਜ਼ ਦੀ ਨਾਕਾਬੰਦੀ ਉਸ ਨੂੰ ਇਸ ਲਈ ਬੇਹੱਦ ਮਹਿੰਗੀ ਪੈ ਸਕਦੀ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਵਪਾਰ ਦਾ ਜਲ ਮਾਰਗ ਹੈ। ਇਸ ਦਾ ਅਸਰ ਦੁਨੀਆ ਭਰ ਦੇ ਦੇਸ਼ਾਂ 'ਤੇ ਪੈ ਰਿਹਾ ਹੈ। ਖਾੜੀ ਦੇ ਦੇਸ਼ਾਂ ਨੇ ਪਹਿਲਾਂ ਹੀ ਤੇਲ ਅਤੇ ਗੈਸ ਦਾ ਉਤਪਾਦਨ ਘਟਾ ਦਿੱਤਾ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ ਅਤੇ ਗੈਸ ਦੀ ਸਪਲਾਈ ਵੀ ਘਟਣ ਦਾ ਖ਼ਤਰਾ ਬਣ ਗਿਆ ਹੈ। ਇਸ ਦੇ ਨਾਲ ਹੀ ਲੋੜੀਂਦੀਆਂ ਐਲੂਮੀਨੀਅਮ, ਸਲਫਰ, ਨਿੱਕਲ ਅਤੇ ਤਾਂਬੇ ਆਦਿ ਦੀਆਂ ਧਾਤਾਂ ਦੇ ਉਤਪਾਦਨ 'ਤੇ ਵੀ ਵੱਡਾ ਅਸਰ ਪਵੇਗਾ। ਪਿਛਲੇ ਦਿਨੀਂ ਹੋਰਮੁਜ਼ ਦੀ ਨਾਕਾਬੰਦੀ ਦੌਰਾਨ ਈਰਾਨ ਨੇ ਭਾਰਤ ਦੇ ਵੀ ਦੋ ਜਹਾਜ਼ਾਂ ਨੂੰ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਭਾਰਤ ਦੇ ਇਕ ਦਰਜਨ ਦੇ ਲਗਭਗ ਜਹਾਜ਼ ਅਜੇ ਵੀ ਝਗੜੇ ਕਾਰਨ ਹੋਰਮੁਜ਼ ਜਲਡਮਰੂ ਪਾਰ ਨਹੀਂ ਕਰ ਸਕੇ।
ਅਮਰੀਕਾ ਨੇ ਚਾਹੇ ਇਹ ਕਿਹਾ ਹੈ ਕਿ ਲੋੜਵੰਦ ਦੇਸ਼ ਇਕ ਹੋਰ ਮਹੀਨੇ ਲਈ ਰੂਸ ਤੋਂ ਤੇਲ ਖਰੀਦ ਸਕਦੇ ਹਨ, ਜਿਸ ਦਾ ਭਾਰਤ ਨੂੰ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਨੂੰ ਇਹ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਰੂਸ ਨਾਲ ਆਪਸੀ ਵਪਾਰ ਵਿਚ ਅਮਰੀਕਾ ਦੀਆਂ ਹਦਾਇਤਾਂ ਨਹੀਂ ਮੰਨੇਗਾ। ਇਸ ਦੇ ਨਾਲ ਹੀ ਭਾਰਤ ਨੂੰ ਤੇਲ ਅਤੇ ਗੈਸ ਦੀ ਪ੍ਰਾਪਤੀ ਲਈ ਹੋਰ ਹੀਲੇ-ਵਸੀਲੇ ਵੀ ਤੇਜ਼ ਕਰਨ ਦੀ ਜ਼ਰੂਰਤ ਹੋਵੇਗੀ, ਤਾਂ ਜੋ ਉਹ ਇਨ੍ਹਾਂ ਬੇਹੱਦ ਜ਼ਰੂਰੀ ਵਸਤਾਂ ਦੀ ਘਾਟ ਮਹਿਸੂਸ ਨਾ ਕਰੇ। ਆਉਂਦੇ ਦਿਨ ਅਸਥਾਈ ਸਮਝੌਤੇ ਦੀ ਤਾਰੀਖ਼ ਖ਼ਤਮ ਹੋ ਰਹੀ ਹੈ, ਜਿਸ ਕਰਕੇ ਇਕ ਵਾਰ ਫਿਰ ਦੁਨੀਆ ਭਰ ਵਿਚ ਬੇਚੈਨੀ ਪੈਦਾ ਹੋ ਗਈ ਹੈ। ਅਜਿਹੇ ਸਮੇਂ ਵਿਚ ਵੱਡੇ ਅੰਤਰਰਾਸ਼ਟਰੀ ਗੱਠਜੋੜਾਂ ਨੂੰ ਪੂਰੀ ਸਰਗਰਮੀ ਵਿਖਾ ਕੇ ਇਸ ਭਿਆਨਕ ਸੰਭਾਵੀ ਜੰਗ ਨੂੰ ਰੋਕਣ ਲਈ ਫਿਰ ਤੋਂ ਵੱਡੇ ਕਦਮ ਉਠਾਉਣੇ ਚਾਹੀਦੇ ਹਨ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਗੁੱਸੇ ਨਾਲ ਭੜਕ ਰਹੇ ਹਨ ਭਾਰਤ ਦੇ ਉਦਯੋਗਿਕ ਖੇਤਰ ਅਗਲੀ ਖ਼ਬਰ ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਜੇਮਸ ਹੈਲਨ
Ad Position 24