5 ਰਾਜਾਂ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਹਨ, ਇਨ੍ਹਾਂ ਵਿਚੋਂ ਜੋ ਵੱਡੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਸ਼ਾਮਿਲ ਹੈ, ਜਿਸ ਦੇ ਗੱਠਜੋੜ ਨੇ ਅਸਾਮ ਵਿਚ ਇਕ ਵਾਰ ਫਿਰ ਵੱਡੀ ਜਿੱਤ ਦਰਜ ਕਰਾ ਕੇ ਤੀਸਰੀ ਵਾਰ ਸੱਤਾ 'ਤੇ ਕਬਜ਼ਾ ਕੀਤਾ ਹੈ। ਇੱਥੇ ਉਸ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਗੱਠਜੋੜ ਨਾਲ ਸੀ, ਜਿਸ ਨੂੰ ਇਕ ਵਾਰ ਫਿਰ ਕਰਾਰੀ ਹਾਰ ਮਿਲੀ ਹੈ। ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਗੌਰਵ ਗੋਗੋਈ ਆਪਣੀ ਹੀ ਸੀਟ ਤੋਂ ਲੁੜਕ ਗਿਆ ਹੈ। ਸੂਬੇ ਦੀਆਂ 126 ਸੀਟਾਂ 'ਤੇ 9 ਅਪ੍ਰੈਲ ਨੂੰ ਚੋਣ ਹੋਈ ਸੀ। ਲੋਕਾਂ ਨੇ ਬੜੇ ਉਤਸ਼ਾਹ ਨਾਲ ਇਸ ਵਿਚ ਹਿੱਸਾ ਲਿਆ ਸੀ। ਇਸੇ ਕਰਕੇ 86 ਫ਼ੀਸਦੀ ਦੇ ਲਗਭਗ ਮਤਦਾਨ ਹੋਇਆ ਸੀ। ਭਾਜਪਾ ਨੇ ਆਪਣੇ 90 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ। ਦੂਜੇ ਪਾਸੇ ਕਾਂਗਰਸ ਦੇ 99 ਉਮੀਦਵਾਰ ਚੋਣ ਲੜ ਰਹੇ ਸਨ। ਇਸ ਵਾਰ ਕਾਂਗਰਸ ਇਸ ਰਾਜ ਵਿਚ ਤਾਕਤ ਹਥਿਆਉਣ ਲਈ ਵੱਡੇ ਦਾਅਵੇ ਜ਼ਰੂਰ ਕਰਦੀ ਰਹੀ ਸੀ, ਪਰ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਅਜਿਹੀ ਨਿਰਾਸ਼ਾ 'ਚੋਂ ਨਿਕਲਣ ਲਈ ਵੱਡੇ ਯਤਨ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਪਾਰਟੀ ਦੇ ਸਮੁੱਚੇ ਢਾਂਚੇ ਨੂੰ ਨਵਿਆਉਣਾ ਪਵੇਗਾ।
ਪਿਛਲੇ ਲੰਮੇ ਸਮੇਂ ਤੋਂ ਪੱਛਮੀ ਬੰਗਾਲ ਵਿਚ ਹੋਣ ਵਾਲੀ ਚੋਣ ਦੀ ਵੀ ਵੱਡੀ ਚਰਚਾ ਚੱਲਦੀ ਰਹੀ ਹੈ। ਇਥੇ ਪਿਛਲੇ 15 ਸਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਪ੍ਰਸ਼ਾਸਨ ਸੰਭਾਲਿਆ ਹੋਇਆ ਸੀ। ਇਸ ਪ੍ਰਾਂਤ ਵਿਚ ਕਾਂਗਰਸ ਤੇ ਖੱਬੀਆਂ ਪਾਰਟੀਆਂ ਦਾ ਲੰਬੇ ਸਮੇਂ ਤੱਕ ਪ੍ਰਸ਼ਾਸਨ ਰਿਹਾ ਹੈ। ਸਾਲ 1967 ਤੋਂ ਬਾਅਦ 34 ਸਾਲ ਤੱਕ ਮਾਰਕਸੀ ਪਾਰਟੀ ਦੀ ਅਗਵਾਈ ਵਿਚ ਖੱਬੇ-ਪੱਖੀ ਮੁਹਾਜ਼ ਦਾ ਰਾਜ ਰਿਹਾ ਹੈ। ਜਿਓਤੀ ਬਸੂ ਵਰਗੇ ਪ੍ਰਭਾਵਸ਼ਾਲੀ ਆਗੂ ਲੰਮੇ ਸਮੇਂ ਤੱਕ ਇੱਥੇ ਮੁੱਖ ਮੰਤਰੀ ਬਣੇ ਰਹੇ ਸਨ। ਲੰਬੇ ਸਮੇਂ ਦੀ ਪਾਰੀ ਤੋਂ ਬਾਅਦ ਚੱਲੀ ਸੱਤਾ ਵਿਰੋਧੀ ਲਹਿਰ ਵਿਚ ਮਮਤਾ ਬੈਨਰਜੀ ਨੇ ਆਪਣੀ ਨਵੀਂ ਬਣਾਈ ਪਾਰਟੀ ਦੇ ਬਲਬੂਤੇ 'ਤੇ ਜਿੱਤ ਪ੍ਰਾਪਤ ਕੀਤੀ ਸੀ। ਉਹ ਪਿਛਲੇ 15 ਸਾਲ ਤੋਂ ਸੂਬੇ ਦੀ ਸੱਤਾ 'ਤੇ ਕਾਬਜ਼ ਰਹੀ। ਸਾਲ 2021 ਦੀਆਂ ਚੋਣਾਂ ਵਿਚ ਇਸ ਦੇ ਮੁਕਾਬਲੇ ਵਿਚ ਭਾਜਪਾ ਨੂੰ ਕਾਫ਼ੀ ਸਫ਼ਲਤਾ ਜ਼ਰੂਰ ਮਿਲੀ ਸੀ, ਪਰ ਇਸ ਵਾਰ ਭਾਜਪਾ ਦੇ ਹੱਕ ਵਿਚ ਚੱਲੀ ਲਹਿਰ ਨੇ ਜਿੱਥੇ ਮਮਤਾ ਬੈਨਰਜੀ ਨੂੰ ਪਟਕਣੀ ਦਿੱਤੀ ਹੈ, ਉੱਥੇ ਖੱਬੇ-ਪੱਖੀ ਪਾਰਟੀਆਂ ਅਤੇ ਕਾਂਗਰਸ ਵੀ ਇੱਥੇ ਪੂਰੀ ਤਰ੍ਹਾਂ ਹਾਸ਼ੀਏ 'ਤੇ ਆ ਗਈ ਹੈ। ਜੇਕਰ ਸੂਬੇ ਦੀ ਪਿਛਲੀ ਸਿਆਸਤ 'ਤੇ ਨਜ਼ਰ ਮਾਰੀ ਜਾਏ ਤਾਂ ਆਉਂਦੇ ਸਮੇਂ ਵਿਚ ਇੱਥੇ ਭਾਜਪਾ ਦਾ ਪ੍ਰਭਾਵ ਛੇਤੀ ਖ਼ਤਮ ਹੋਣ ਵਾਲਾ ਨਹੀਂ ਜਾਪਦਾ। ਕੇਰਲਾ ਵਿਚ ਨਤੀਜੇ ਕਾਂਗਰਸ ਲਈ ਰਾਹਤ ਵਾਲੇ ਜ਼ਰੂਰ ਹਨ। ਇੱਥੇ ਉਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਨੂੰ ਸਫ਼ਲਤਾ ਮਿਲੀ ਹੈ। ਇਸ ਰਾਜ ਦੇ ਨਤੀਜਿਆਂ ਨਾਲ ਖੱਬੇ ਪੱਖੀ ਪਾਰਟੀਆਂ ਦਾ ਆਖ਼ਰੀ ਕਿਲ੍ਹਾ ਵੀ ਢਹਿ ਗਿਆ ਹੈ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੇ ਨਤੀਜੇ ਤਾਮਿਲਨਾਡੂ ਦੇ ਰਹੇ ਹਨ, ਜਿਨ੍ਹਾਂ ਵਿਚ ਦਹਾਕਿਆਂ ਤੋਂ ਪ੍ਰਸ਼ਾਸਨ ਚਲਾ ਰਹੀਆਂ ਪਾਰਟੀਆਂ ਡੀ.ਐਮ.ਕੇ. ਅਤੇ ਅੰਨਾ.ਡੀ.ਐਮ.ਕੇ. ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇੱਥੋਂ ਤੱਕ ਕਿ ਡੀ.ਐਮ.ਕੇ. ਦਾ ਪ੍ਰਭਾਵਸ਼ਾਲੀ ਮੁੱਖ ਮੰਤਰੀ ਐਮ.ਕੇ. ਸਟਾਲਿਨ ਵੀ ਚੋਣ ਹਾਰ ਗਿਆ ਹੈ।
ਇਸ ਦੀ ਜਗ੍ਹਾ ਫ਼ਿਲਮੀ ਕਲਾਕਾਰ ਵਿਜੇ ਦੀ 2 ਸਾਲ ਪਹਿਲਾਂ ਬਣੀ ਪਾਰਟੀ ਤਾਮਿਲਗਾ ਵੇਤਰੀ ਕੜਗਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਕੇਂਦਰੀ ਪ੍ਰਸ਼ਾਸਿਤ ਰਾਜ ਪੁਡੂਚੇਰੀ ਵਿਚ ਪਿਛਲੀ ਵਾਰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਸਰਕਾਰ ਸੀ। ਚੋਣ ਨਤੀਜਿਆਂ ਵਿਚ ਇਸ ਵਾਰ ਵੀ ਇਸ ਗੱਠਜੋੜ ਨੂੰ ਹੀ ਵੱਡਾ ਹੁੰਗਾਰਾ ਮਿਲਿਆ ਹੈ। ਦੇਸ਼ ਭਰ ਵਿਚ ਭਾਜਪਾ ਦੇ ਬੇਹੱਦ ਵਧ ਰਹੇ ਪ੍ਰਭਾਵ ਨੇ ਦੂਸਰੀਆਂ ਪਾਰਟੀਆਂ ਨੂੰ ਮੁੜ ਤੋਂ ਗੰਭੀਰਤਾ ਨਾਲ ਆਪਣੀ ਪੜਚੋਲ ਕਰਨ ਲਈ ਮਜਬੂਰ ਕਰ ਦਿੱਤਾ ਹੈ। ਬਿਨਾਂ ਸ਼ੱਕ ਭਾਜਪਾ ਦੀ ਵੱਡੀ ਜਿੱਤ ਨੇ ਉਸ ਦੀਆਂ ਜ਼ਿੰਮੇਵਾਰੀਆਂ ਵਿਚ ਹੋਰ ਵੀ ਵਾਧਾ ਕਰ ਦਿੱਤਾ ਹੈ। ਹੁਣ ਉਸ ਤੋਂ ਹੋਰ ਵੀ ਵਧੇਰੇ ਇਹ ਉਮੀਦ ਰੱਖੀ ਜਾਏਗੀ, ਕਿ ਉਹ ਦੇਸ਼ ਦੇ ਸੰਵਿਧਾਨ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਕਾਇਮ ਰੱਖੇ। ਸਾਰੇ ਫਿਰਕਿਆਂ ਵਿਚ ਆਪਸੀ ਸਹਿਯੋਗ ਨੂੰ ਵਧਾਉਣ ਲਈ ਯਤਨਸ਼ੀਲ ਰਹੇ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਵਚਨਬੱਧਤਾ ਦੀ ਬਾਖ਼ੂਬੀ ਪਹਿਰੇਦਾਰੀ ਕਰੇ।\
-ਬਰਜਿੰਦਰ ਸਿੰਘ ਹਮਦਰਦ