16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੁਲਾਬ ਬਰਾਮਦ ਕਰਨ ਸੰਬੰਧੀ ਸਕੀਮ ਦੀ ਵਿਵਹਾਰਕਤਾ ਨੂੰ ਵੀ ਦੇਖਣ ਦੀ ਲੋੜ

Ad Position 21
No active advertisement
ਅਜੀਤ ਡੈਸਕ 05-05-2026

ਆਪਣੀ ਨੀਦਰਲੈਂਡ ਦੀ ਫੇਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਫ਼ਸਲੀ ਭਿੰਨਤਾ ਲਿਆਉਣ ਪੱਖੋਂ ਬਾਸਮਤੀ ਸੰਬੰਧੀ 'ਸੈਂਟਰ ਆਫ਼ ਐਕਸੀਲੈਂਸ' (ਆਹਲਾ ਦਰਜੇ ਦਾ ਕੇਂਦਰ) ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ ਉਸ ਤੋਂ ਬਾਅਦ ਹੁਣ ਬਾਗ਼ਬਾਨੀ (ਹੋਰਟੀਕਲਚਰ) 'ਚ ਗੁਲਾਬ ਪੈਦਾ ਕਰਕੇ ਬਰਾਮਦ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਉਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਪ੍ਰਾਜੈਕਟ ਦੀ ਤਕਨੀਕੀ ਤੌਰ 'ਤੇ ਘੋਖ ਕਰਵਾ ਲੈਣੀ ਚਾਹੀਦੀ ਹੈ। ਪੰਜਾਬ ਦਾ ਵਾਤਾਵਰਨ ਤੇ ਆਬੋ ਹਵਾ ਸਾਰਾ ਸਾਲ ਗੁਲਾਬ ਪੈਦਾ ਕਰਨ ਦੇ ਅਨੁਕੂਲ ਨਹੀਂ ਹੈ। ਸਰਦ ਰੁੱਤ 'ਚ ਮੱਧ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਗੁਲਾਬ ਦੀ ਖੇਤੀ ਕੀਤੀ ਜਾ ਸਕਦੀ ਹੈ। ਬਾਕੀ ਮਹੀਨਿਆਂ 'ਚ ਇੱਥੇ ਸਖ਼ਤ ਗਰਮੀ ਪੈਂਦੀ ਹੈ। ਗੁਲਾਬ ਦੀ ਖੇਤੀ ਲਈ ਠੰਢੇ ਮੌਸਮ ਦੀ ਲੋੜ ਹੁੰਦੀ ਹੈ। ਪੋਲੀ ਹਾਊਸ ਤਕਨਾਲੋਜੀ ਅਪਣਾਇਆਂ ਉਤਪਾਦਨ ਦਾ ਖ਼ਰਚਾ ਬੜਾ ਵਧ ਜਾਂਦਾ ਹੈ। ਇਸ ਲਈ ਬਿਜਲੀ ਦੀ ਵੀ ਬੜੀ ਲੋੜ ਹੈ। ਜਦੋਂ ਬਿਜਲੀ ਕੱਟ ਲਗਦੇ ਹਨ ਤਾਂ ਜੈਨਰੇਟਰਾਂ ਦਾ ਖ਼ਰਚਾ ਨਾਕਾਬਿਲੇ ਬਰਦਾਸ਼ਤ ਹੋ ਜਾਂਦਾ ਹੈ। ਗੁਰਪ੍ਰੀਤ ਸਿੰਘ ਸ਼ੇਰਗਿਲ ਜੋ ਮਜਾਲਖੁਰਦ (ਪਟਿਆਲਾ) ਪਿੰਡ 'ਚ ਫੁੱਲਾਂ ਦੀ ਖੇਤੀ ਕਰਦਾ ਹੈ ਤੇ ਇਸ ਕਿੱਤੇ 'ਚ ਐਨ.ਜੀ. ਰੰਗਾ-2015, ਆਈ.ਏ.ਆਰ.ਆਈ. ਫੈਲੋ ਫਾਰਮਰ 2016, ਨੈਸ਼ਨਲ ਇੰਨੋਵੇਟਿਵ ਫਾਰਮਰ ਤੇ ਜਗਜੀਵਨ ਰਾਮ ਇੰਨੋਵੇਟਿਵ ਫਾਰਮਰ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੈ ਤੇ ਮੁੱਖ ਮੰਤਰੀ ਬਾਗ਼ਬਾਨੀ ਪੁਰਸਕਾਰ ਨਾਲ ਸਨਮਾਨਿਤ ਹੈ, ਦਾ ਕਹਿਣਾ ਹੈ ਕਿ ਗੁਲਾਬ ਤੇ ਫੁੱਲਾਂ ਦੀ ਕਾਸ਼ਤ ਦੀ ਇੱਥੇ ਬੜੀ ਸੰਭਾਵਨਾ ਹੈ, ਪਰ ਸਰਕਾਰ ਵਲੋਂ ਸਹੂਲਤਾਂ ਦੇਣ ਦੀ ਲੋੜ ਹੈ। ਫੁੱਲ ਉਤਪਾਦਕ ਕਈ ਸਾਲਾਂ ਤੋਂ ਮੰਗ ਕਰ ਰਹੇ ਹਨ ਕਿ ਪੰਜਾਬ 'ਚ ਫੁੱਲਾਂ ਦੀ ਮੰਡੀ ਸਥਾਪਤ ਕੀਤੀ ਜਾਵੇ, ਭਾਵੇਂ ਸਰਕਾਰ ਐਮ.ਐਸ.ਪੀ. ਵੀ ਨਾ ਐਲਾਨੇ। ਇਸ ਲਈ ਪਿਛਲੀ ਸਰਕਾਰ ਵਲੋਂ ਮੁਹਾਲੀ ਵਿਖੇ ਮੰਡੀ ਸਥਾਪਤ ਕਰਨ ਲਈ ਕਦਮ ਵੀ ਉਠਾਏ ਗਏ, ਜੋ ਪੂਰੇ ਨਹੀਂ ਸਨ ਹੋਏ। ਗੁਰਪ੍ਰੀਤ ਸਿੰਘ ਸ਼ੇਰਗਿਲ ਕਹਿੰਦਾ ਹੈ ਕਿ ਇਹ ਮੰਡੀ ਲੁਧਿਆਣਾ ਵਿਖੇ ਸਥਾਪਤ ਕਰਨਾ ਯੋਗ ਹੋਵੇਗਾ, ਕਿਉਂਕਿ ਜੇ ਮੁਹਾਲੀ ਜਾਂ ਚੰਡੀਗੜ੍ਹ ਸਥਾਪਤ ਕੀਤੀ ਤਾਂ ਉੱਥੇ ਹਿਮਾਚਲ ਦੇ ਕਿਸਾਨ ਵੱਧ ਫ਼ਾਇਦਾ ਉਠਾਉਣਗੇ ਤੇ ਪੰਜਾਬ ਦੇ ਘੱਟ।
ਆਈ.ਏ.ਆਰ.ਆਈ. ਵਲੋਂ ਗੁਲਾਬ ਦੀਆਂ ਸਫ਼ਲ ਤੇ ਲਾਹੇਵੰਦ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਤੇ ਫੁੱਲ ਪੈਦਾ ਕਰਕੇ ਪੰਜ ਤਾਰਾ ਹੋਟਲਾਂ 'ਚ ਵੇਚ ਕੇ ਚੋਖੀ ਕਮਾਈ ਕੀਤੀ ਜਾ ਸਕਦੀ ਹੈ, ਪਰ ਕੇਵਲ ਸਰਦੀਆਂ ਦੇ ਮੌਸਮ ਵਿਚ। ਗੁਲਾਬ ਦੀ ਖੇਤੀ ਲਗਾਤਾਰ ਸਾਰਾ ਸਾਲ ਪੰਜਾਬ ਦੇ ਵਾਤਾਵਰਨ 'ਚ ਨਹੀਂ ਹੋਵੇਗੀ। ਪਟਿਆਲਾ ਨੇੜੇ ਸਰਹਿੰਦ ਰੋਡ 'ਤੇ ਸਿਕੰਦਰ ਸਿੰਘ ਨੇ 4 5 ਏਕੜ 'ਚ ਗੁਲਾਬ ਦੀ ਖੇਤੀ ਕੀਤੀ ਸੀ, ਜੋ ਸਫ਼ਲ ਨਹੀਂ ਸੀ ਹੋਈ।
ਬਾਗ਼ਬਾਨੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ (ਸੇਵਾਮੁਕਤ) ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਨੈਸ਼ਨਲ ਹੋਰਟੀਕਲਚਰ ਮਿਸ਼ਨ ਹੇਠ ਪੰਜਾਬ ਤੇ ਹਰਿਆਣਾ 'ਚ ਗੁਲਾਬ ਦੇ ਕਈ ਪ੍ਰੋਜੈਕਟ ਪੋਲੀ ਹਾਊਸ ਬਣਾ ਕੇ ਸ਼ੁਰੂ ਕੀਤੇ, ਪਰ ਗਰਮੀ ਕਾਰਨ ਬੰਦ ਹੋ ਗਏ। ਦੇਸੀ ਗੁਲਾਬ ਤੇ ਕੱਟ ਫਲਾਵਰ ਹਾਈਬ੍ਰਿਡ ਦੋਹਾਂ ਦੀ ਕਾਸ਼ਤ ਗਰਮੀ ਦੇ 7 8 ਮਹੀਨੇ ਦੌਰਾਨ ਕਰਨ ਦੀ ਸਮੱਸਿਆ ਹੈ। ਜੇ ਸਰਕਾਰ ਫੁੱਲਾਂ ਦੀ ਕਾਸ਼ਤ ਦੇ ਮੰਡੀਕਰਨ ਲਈ ਯੋਗ ਸਹੂਲਤਾਂ ਦੇਵੇ ਤਾਂ ਪੂਸਾ ਆਈ.ਏ.ਆਰ.ਆਈ ਵਲੋਂ ਵਿਕਸਿਤ ਪੂਸਾ ਅਰੂਣ, ਪੂਸਾ ਸ਼ਤਾਬਦੀ, ਪੂਸਾ ਅਜੇ, ਪੂਸਾ ਕੋਮਲ ਤੇ ਪੂਸਾ ਮੋਹਿਤ ਜਿਹੀਆਂ ਕਿਸਮਾਂ ਦਾ ਗੁਲਾਬ ਪੈਦਾ ਕੀਤਾ ਜਾ ਸਕਦਾ ਹੈ, ਜੋ ਸਰਦੀਆਂ 'ਚ ਵਪਾਰ ਲਈ ਵਧੇਰੇ ਅਨੁਕੂਲ ਹਨ। ਪਰ ਫੁੱਲਾਂ ਦੇ ਮੰਡੀਕਰਨ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਛੋਟੇ ਕਿਸਾਨ ਪੰਜ ਤਾਰਾ ਹੋਟਲਾਂ, ਨੁਮਾਇਸ਼ਾਂ ਤੇ ਵੱਡੇ ਵੱਡੇ ਅਦਾਰੇ, ਜੋ ਸਜਾਵਟ ਲਈ ਗੁਲਾਬ ਖਰੀਦਦੇ ਹਨ, ਨਾਲ ਸੰਪਰਕ ਨਹੀਂ ਕਰ ਸਕਦੇ।
ਡਾ. ਅਲ੍ਹਾਰੰਗ ਜੋ ਪੀ.ਏ.ਯੂ. ਤੋਂ ਸੇਵਾਮੁਕਤ ਹੋ ਕੇ ਰੱਖੜਾ ਧਬਲਾਨ ਸੜਕ 'ਤੇ 100 ਏਕੜ ਤੋਂ ਵੱਧ ਰਕਬੇ 'ਤੇ ਫੁੱਲਾਂ ਦੇ ਬੀਜਾਂ ਦੀ ਪੈਦਾਵਾਰ ਕਰਦੇ ਹਨ ਅਤੇ 1100 ਏਕੜ 'ਤੇ ਹੋਰ ਕਿਸਾਨਾਂ ਨੂੰ ਨਾਲ ਮਿਲਾ ਕੇ ਬੀਜ ਪੈਦਾ ਕਰਵਾ ਕੇ ਉਨ੍ਹਾਂ ਤੋਂ ਖ਼ਰੀਦਦੇ ਹਨ ਤੇ ਉਨ੍ਹਾਂ ਦੀ ਬਰਾਮਦ ਕਰਦੇ ਹਨ, ਦਾ ਕਹਿਣਾ ਹੈ ਕਿ ਫੁੱਲਾਂ ਦੀ ਖੇਤੀ ਤੋਂ ਕਿਸਾਨਾਂ ਨੂੰ 1.25 ਲੱਖ ਰੁਪਏ ਪ੍ਰਤੀ ਏਕੜ ਦੀ ਆਮਦਨ ਹੋ ਜਾਂਦੀ ਹੈ। ਉਨ੍ਹਾਂ ਨੇ 1993 'ਚ ਪਹਿਲੀ ਵਾਰ 25 ਕਿੱਲੋ ਫੁੱਲਾਂ ਦਾ ਬੀਜ ਬਰਾਮਦ ਕੀਤਾ ਸੀ, ਜੋ ਹੁਣ 250 ਟਨ ਬਾਹਰ ਭੇਜਦੇ ਹਨ।
ਫੁੱਲਾਂ ਦੇ ਬੀਜ ਪੈਦਾ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਹ ਝੋਨਾ ਕਣਕ ਦੇ ਫ਼ਸਲੀ ਚੱਕਰ ਨਾਲੋਂ ਦੁੱਗਣੀ ਤਿੱਗਣੀ ਆਮਦਨ ਪ੍ਰਾਪਤ ਕਰਦੇ ਹਨ। ਕੌਮੀ ਬਾਗਬਾਨੀ ਮਿਸ਼ਨ ਹੇਠ ਫੁੱਲਾਂ ਦਾ ਬੀਜ ਤਿਆਰ ਕਰਨ ਲਈ 35 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੀ ਸਬਸਿਡੀ ਵੀ ਮਿਲਦੀ ਹੈ। ਗੁਲਦਾਉਦੀ ਦੇ ਫੁੱਲ ਕਿਸਾਨਾਂ ਲਈ ਚੰਗੀ ਆਮਦਨ ਦੇ ਸਾਧਨ ਹਨ। ਪੂਸਾ ਵਲੋਂ ਗੁਲਦਾਉਦੀ ਦੀਆਂ ਵੀ ਕਈ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅਪਣਾ ਕੇ ਕਈ ਛੋਟੇ ਤੇ ਅਗਾਂਹਵਧੂ ਕਿਸਾਨ ਫੁੱਲਾਂ ਦੀ ਖੇਤੀ ਕਰਕੇ ਆਪਣੀ ਆਮਦਨ ਵਧਾ ਸਕਦੇ ਹਨ। ਕਈ ਕਿਸਮਾਂ ਲਗਾਤਾਰ ਸਾਰਾ ਸਾਲ ਫੁੱਲ ਦਿੰਦੀਆਂ ਹਨ। ਪੂਸਾ ਵਲੋਂ ਵਿਕਸਿਤ ਗੁਲਦਾਉਦੀ ਦੀ ਸੋਨਾ ਕਿਸਮ ਜੋ ਦੂਜੀਆਂ ਕਿਸਮਾਂ ਨਾਲੋਂ 20 ਦਿਨ ਪਹਿਲਾਂ ਫੁੱਲ ਦੇ ਦਿੰਦੀ ਹੈ, ਗਮਲਿਆਂ 'ਚ ਲਾਉਣ ਲਈ ਬਹੁਤ ਅਨੁਕੂਲ ਹੈ ਤੇ ਕਿਸਾਨ ਫੁੱਲ ਵੇਚ ਕੇ ਲਾਭ ਲੈ ਸਕਦੇ ਹਨ। ਜੇ ਸਰਕਾਰ ਵਲੋਂ ਯੋਗ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਫੁੱਲਾਂ ਦੇ ਖਰੀਦਦਾਰਾਂ ਦੀ ਵੀ ਕੋਈ ਕਮੀ ਨਹੀਂ ਹੋਵੇਗੀ।

ਈ-ਮੇਲ :bhagwandass226@gmail.com

 

Ad Position 22
No active advertisement
ਪਿਛਲੀ ਖ਼ਬਰ ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜੇ-ਲਗਭਗ ਐਗਜ਼ਿਟ ਪੋਲ ਏਜੰਸੀਆਂ ਦੇ ਦਾਅਵੇ ਸਹੀ ਸਾਬਤ ਹੋਏ ਅਗਲੀ ਖ਼ਬਰ ਕੀ ਪੰਜਾਬ ਦਾ ਬਿਜਲੀ ਟੈਰਿਫ਼ ਆਰਡਰ ਸਹੀ ਹੈ?
Ad Position 24