15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜਾਰੀ ਹੈ ਬੰਬ ਧਮਾਕਿਆਂ ਦਾ ਸਿਲਸਿਲਾ

Ad Position 21
No active advertisement
ਅਜੀਤ ਡੈਸਕ 07-05-2026

ਜਲੰਧਰ ਅਤੇ ਅੰਮ੍ਰਿਤਸਰ ਵਿਚ ਹੋਏ ਤਾਜ਼ਾ ਬੰਬ ਧਮਾਕਿਆਂ ਨੇ ਇਕ ਵਾਰ ਫਿਰ ਪ੍ਰਸ਼ਾਸਨ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਸੰਗਠਨਾਂ ਨੇ ਪੰਜਾਬ ਨੂੰ ਨਿਸ਼ਾਨੇ 'ਤੇ ਧਰਿਆ ਹੋਇਆ ਹੈ। ਇਨ੍ਹਾਂ ਸੰਗਠਨਾਂ ਦੇ ਮੈਂਬਰ ਅਮਰੀਕਾ, ਕੈਨੇਡਾ ਅਤੇ ਯੂਰਪੀਅਨ ਮੁਲਕਾਂ ਤੋਂ ਬਗ਼ੈਰ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਫੈਲੇ ਹੋਏ ਹਨ। ਆਪਣੀਆਂ ਸੁਰੱਖਿਅਤ ਥਾਵਾਂ 'ਤੇ ਬੈਠੇ ਇਹ ਲੋਕ ਸੂਬੇ ਵਿਚ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਪਾਕਿਸਤਾਨ ਨੇ ਕਦੇ ਵੀ ਭਾਰਤ ਨਾਲ ਦੁਸ਼ਮਣੀ ਨਹੀਂ ਤਿਆਗੀ। ਆਪ ਚਾਹੇ ਉਹ ਆਪਣੇ ਲੋਕਾਂ ਨੂੰ ਵਿਕਾਸ ਦੇ ਰਾਹ 'ਤੇ ਤੋਰਨ ਤੋਂ ਅਸਮਰੱਥ ਰਿਹਾ ਹੋਵੇ ਪਰ ਉਸ ਨੇ ਆਪਣੀਆਂ ਨਾਪਾਕ ਕਾਰਵਾਈਆਂ ਨਾਲ ਭਾਰਤ ਨੂੰ ਵੀ ਲੀਹੋਂ ਲਾਉਣ ਲਈ ਆਪਣੇ ਯਤਨ ਲਗਾਤਾਰ ਜਾਰੀ ਰੱਖੇ ਹੋਏ ਹਨ।
ਪੰਜਾਬ ਹਮੇਸ਼ਾ ਉਸ ਦੇ ਇਸ ਲਈ ਨਿਸ਼ਾਨੇ 'ਤੇ ਰਿਹਾ ਹੈ, ਕਿਉਂਕਿ ਇਹ ਪਾਕਿਸਤਾਨ ਦੀ ਸਰਹੱਦ ਨਾਲ ਲਗਦਾ ਸਰਹੱਦੀ ਪ੍ਰਾਂਤ ਹੈ ਅਤੇ ਇਥੋਂ ਦੇ ਬਹੁਤ ਸਾਰੇ ਦੇਸ਼ ਵਿਰੋਧੀ ਅਨਸਰਾਂ ਨੇ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ਾਂ ਵਿਚ ਸ਼ਰਨ ਵੀ ਲਈ ਹੋਈ ਹੈ। ਉਨ੍ਹਾਂ ਦਾ ਮੁੱਖ ਕੇਂਦਰ ਪਾਕਿਸਤਾਨ ਰਿਹਾ ਹੈ। ਜਿਥੇ ਉਨ੍ਹਾਂ ਨੂੰ ਲਗਾਤਾਰ ਸ਼ਰਨ ਦੇ ਨਾਲ-ਨਾਲ ਪੰਜਾਬ ਵਿਚ ਅਜਿਹੀਆਂ ਕਾਰਵਾਈਆਂ ਕਰਨ ਲਈ ਵੱਡੀ ਮਦਦ ਵੀ ਮਿਲਦੀ ਰਹੀ ਹੈ, ਜੋ ਅੱਜ ਤੱਕ ਵੀ ਜਾਰੀ ਹੈ। ਪੰਜਾਬ ਨਾਲ ਪਾਕਿਸਤਾਨ ਦੀ ਹਜ਼ਾਰਾਂ ਮੀਲ ਲੰਬੀ ਸਰਹੱਦ ਲਗਦੀ ਹੈ। ਚਾਹੇ ਸਰਹੱਦ ਪਾਰੋਂ ਆਉਂਦੀਆਂ ਹਥਿਆਰਾਂ ਅਤੇ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀਆਂ ਖੇਪਾਂ ਨੂੰ ਕੰਡਿਆਲੀ ਤਾਰ ਲਗਾ ਕੇ ਰੋਕਣ ਦਾ ਯਤਨ ਜ਼ਰੂਰ ਕੀਤਾ ਗਿਆ ਸੀ ਪਰ ਕਈ ਦਹਾਕੇ ਪਹਿਲਾਂ ਡਰੋਨਾਂ ਦੀ ਵਰਤੋਂ ਕਰਕੇ ਉਧਰੋਂ ਅਜਿਹੀ ਸਮੱਗਰੀ ਆਉਣ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਸੀ, ਜੋ ਇਧਰ ਬੈਠੇ ਉਨ੍ਹਾਂ ਸੰਗਠਨਾਂ ਦੇ ਸਾਥੀਆਂ ਕੋਲ ਪਹੁੰਚਾਈ ਜਾਂਦੀ ਹੈ, ਤਾਂ ਜੋ ਗੜਬੜ ਕਰਵਾਉਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੇ। ਤਾਜ਼ਾ ਧਮਾਕਿਆਂ ਤੋਂ ਪਹਿਲਾਂ 27 ਅਪ੍ਰੈਲ ਦੀ ਰਾਤ ਨੂੰ ਸ਼ੰਭੂ ਨੇੜੇ ਰੇਲਵੇ ਲਾਈਨ 'ਤੇ ਜੋ ਬੰਬ ਰੱਖਿਆ ਜਾ ਰਿਹਾ ਸੀ ਉਸ ਵਿਚ ਇਕ ਵਿਅਕਤੀ ਅਚਾਨਕ ਬੰਬ ਫਟਣ ਨਾਲ ਮਾਰਿਆ ਗਿਆ ਸੀ, ਪਰ ਉਸ ਦਾ ਦੂਜਾ ਸਾਥੀ ਫਰਾਰ ਹੋ ਗਿਆ ਸੀ। ਬਾਅਦ ਵਿਚ ਪੁਲਿਸ ਨੇ ਇਹ ਕਾਰਾ ਕਰਨ ਵਾਲੇ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ। ਪੁਲਿਸ ਮੁਖੀ ਨੇ ਇਸ ਦਾ ਖੁਲਾਸਾ ਕਰਦਿਆਂ ਇਹ ਦੱਸਿਆ ਸੀ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸਰਗਨਾ ਮਲੇਸ਼ੀਆ ਵਿਚ ਬੈਠਾ ਸੀ। ਇਸ ਗਰੁੱਪ ਨਾਲ ਸੰਬੰਧਿਤ ਇਕ ਹੋਰ ਵਿਅਕਤੀ ਅਮਰੀਕਾ ਰਹਿੰਦਾ ਹੈ ਅਤੇ ਇਨ੍ਹਾਂ ਦਾ ਮੁੱਖ ਸਰਗਨਾ ਪਾਕਿਸਤਾਨ ਵਿਚ ਬੈਠਾ ਹੈ। ਇਸੇ ਹੀ ਸੰਗਠਨ ਵਲੋਂ ਨਵੰਬਰ, 2025 ਵਿਚ ਮੋਗਾ ਵਿਖੇ ਸੀ.ਆਈ.ਏ. ਸਟਾਫ ਦੇ ਥਾਣੇ 'ਤੇ ਗ੍ਰਨੇਡ ਸੁੱਟਿਆ ਗਿਆ ਸੀ ਅਤੇ 23 ਜਨਵਰੀ, 2026 ਨੂੰ ਰੇਲਵੇ ਟਰੈਕ 'ਤੇ ਹੋਏ ਧਮਾਕੇ ਵਿਚ ਵੀ ਇਸੇ ਸੰਗਠਨ ਦਾ ਹੱਥ ਸੀ। ਫੜੇ ਜਾਣ ਵਾਲੇ ਅਜਿਹੇ ਵਿਅਕਤੀਆਂ ਤੋਂ ਹੈਂਡ ਗ੍ਰਨੇਡ, ਪਿਸਤੌਲਾਂ, ਸੰਚਾਰ ਦੇ ਉਪਕਰਨਾਂ ਦੇ ਨਾਲ-ਨਾਲ ਲੈਪਟਾਪ ਆਦਿ ਵੀ ਬਰਾਮਦ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਤੋਂ ਇਸ ਗੱਲ ਦਾ ਭਲੀ-ਭਾਂਤ ਪਤਾ ਲਗ ਜਾਂਦਾ ਹੈ ਕਿ ਅਜਿਹੀਆਂ ਕਾਰਵਾਈਆਂ ਲਈ ਕਿਸ ਹੱਦ ਤੱਕ ਯੋਜਨਾਬੰਦੀ ਕੀਤੀ ਜਾਂਦੀ ਹੈ ਅਤੇ ਕਿੰਨਾ ਪੈਸਾ ਖ਼ਰਚ ਕੀਤਾ ਜਾਂਦਾ ਹੈ। ਬਿਨਾਂ ਸ਼ੱਕ ਇਹ ਬੇਹੱਦ ਗੰਭੀਰ ਮਸਲਾ ਹੈ, ਜਿਸ ਨੂੰ ਪੂਰੀ ਤਿਆਰੀ ਨਾਲ ਹੀ ਨਜਿੱਠਿਆ ਜਾ ਸਕੇਗਾ।
ਇਸ ਗੱਲ 'ਤੇ ਕਿਸੇ ਤਰ੍ਹਾਂ ਦੀ ਵੀ ਸਿਆਸਤ ਨਹੀਂ ਖੇਡੀ ਜਾਣੀ ਚਾਹੀਦੀ। ਇਕ ਪਾਸੇ ਸੂਬੇ ਸਾਹਮਣੇ ਇੰਨੀ ਗੰਭੀਰ ਸਥਿਤੀ ਪੈਦਾ ਹੋਈ ਹੋਵੇ, ਦੂਜੇ ਪਾਸੇ ਸਿਆਸੀ ਆਗੂ ਇਸ ਲਈ ਇਕ-ਦੂਜੇ ਵਿਰੁੱਧ ਬਿਆਨ ਦੇ ਰਹੇ ਹੋਣ ਕਿ ਅਜਿਹੀਆਂ ਕਾਰਵਾਈਆਂ ਕੋਈ ਸਿਆਸੀ ਪਾਰਟੀ ਕਰਵਾ ਰਹੀ ਹੈ, ਤਾਂ ਜੋ ਅਜਿਹੀ ਸਥਿਤੀ ਦਾ ਲਾਹਾ ਉਹ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਠਾ ਸਕੇ। । ਦੂਸਰੇ ਪਾਸੇ ਪੁਲਿਸ ਮੁਖੀ ਗੌਰਵ ਯਾਦਵ ਸਿੱਧੇ ਤੌਰ 'ਤੇ ਇਨ੍ਹਾਂ ਧਮਾਕਿਆਂ ਲਈ ਪਾਕਿਸਤਾਨ ਦੀ ਖ਼ੁਫੀਆ ਏਜੰਸੀ 'ਤੇ ਦੋਸ਼ ਲਗਾ ਰਹੇ ਹਨ ਅਤੇ ਇਹ ਆਖ ਰਹੇ ਹਨ ਕਿ ਆਪ੍ਰੇਸ਼ਨ ਸੰਧੂਰ ਦੀ ਵਰ੍ਹੇਗੰਢ 'ਤੇ ਇਹ ਪਾਕਿਸਤਾਨ ਵਲੋਂ ਪੰਜਾਬ ਵਿਚ ਗੜਬੜ ਕਰਵਾਉਣ ਲਈ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਇਨ੍ਹਾਂ ਘਟਨਾਵਾਂ ਦੀਆਂ ਤਾਰਾਂ ਪਿਛਲੀਆਂ ਲਗਾਤਾਰ ਹੁੰਦੀਆਂ ਅਜਿਹੀਆਂ ਘਟਨਾਵਾਂ ਨਾਲ ਜੁੜਦੀਆਂ ਹਨ। ਅਸੀਂ ਪੰਜਾਬ ਦੇ ਸਿਆਸਤਦਾਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਅਜਿਹੀਆਂ ਚੁਣੌਤੀਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਅਜਿਹੇ ਘਟਨਾਚੱਕਰ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਨਾ ਕਰਨ। ਬਿਨਾਂ ਸ਼ੱਕ ਪੰਜਾਬ ਸਰਕਾਰ ਦੀ ਵਾਪਰ ਰਹੇ ਅਜਿਹੇ ਘਟਨਾਚੱਕਰ ਨੂੰ ਠੱਲ੍ਹ ਪਾਉਣ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ, ਜੋ ਉਸ ਨੂੰ ਗੰਭੀਰਤਾ ਨਾਲ ਹਰ ਹੀਲੇ ਨਿਭਾਉਣੀ ਚਾਹੀਦੀ ਹੈ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਆਪਣੀ ਰਾਜਨੀਤੀ ਬਾਰੇ ਮੁੜ ਤੋਂ ਵਿਚਾਰ ਕਰੇ ਅਗਲੀ ਖ਼ਬਰ ਗੰਭੀਰ ਸੰਜੀਦਗੀ ਦੀ ਘਾਟ ਅਸਫ਼ਲਤਾਵਾਂ ਦਾ ਕਾਰਨ ਬਣਦੀ ਹੈ। -ਐਮਰਸਨ
Ad Position 24