ਭਾਜਪਾ ਪੰਜਾਬ ਨੂੰ ਪੱਛਮੀ ਬੰਗਾਲ ਦੀ ਤਰਜ਼ 'ਤੇ ਜਿੱਤਣ ਦਾ ਇਰਾਦਾ ਰੱਖਦੀ ਹੈ ਅਤੇ ਉਸ ਨੇ ਬੰਗਾਲ ਵਿਚ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਪੰਜਾਬ ਵਿਚ ਆਪਣੇ ਪੱਤੇ ਵਿਛਾਉਣੇ ਸ਼ੁਰੂ ਕਰ ਦਿੱਤੇ ਸਨ। ਭਾਜਪਾ ਪੰਜਾਬ ਤੋਂ 'ਆਪ' ਦੇ 7 ਰਾਜ ਸਭਾ ਮੈਂਬਰਾਂ 'ਚੋਂ 6 ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਚੁੱਕੀ ਹੈ, ਜਿਨ੍ਹਾਂ 'ਚੋਂ ਰਾਘਵ ਚੱਢਾ ਤੇ ਸੰਦੀਪ ਪਾਠਕ ਭਾਜਪਾ ਲਈ ਬਹੁਤ ਉਪਯੋਗੀ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਉਂਦਿਆ ਉਮੀਦਵਾਰਾਂ ਦੀ ਚੋਣ ਕਰਨ ਤੋਂ ਲੈ ਕੇ ਚੋਣ ਰਣਨੀਤੀਆਂ ਬਣਾਉਣ ਤੱਕ ਦਾ ਕੰਮ ਕੀਤਾ ਸੀ। ਹੁਣ ਜਦੋਂ ਭਾਜਪਾ ਬੰਗਾਲ ਚੋਣਾਂ ਜਿੱਤ ਚੁੱਕੀ ਹੈ, ਜੋ ਪਾਰਟੀ ਲਈ ਬਹੁਤ ਮੁਸ਼ਕਿਲ ਜਾਪਦਾ ਸੀ ਕਿਉਂਕਿ ਬੰਗਾਲੀ ਭਾਸ਼ਾ ਤੇ ਸੱਭਿਆਚਾਰ ਨਾਲ ਉਨ੍ਹਾਂ ਦਾ ਪੂਰਾ ਤਾਲਮੇਲ ਨਹੀਂ ਬੈਠਦਾ ਸੀ। ਹੁਣ ਜਦੋਂ ਭਾਜਪਾ ਬੰਗਾਲ 'ਚ ਭਾਵੇਂ ਵਿਵਾਦਪੂਰਨ ਤਰੀਕਿਆਂ ਨਾਲ ਹੀ ਜਿੱਤ ਚੁੱਕੀ ਹੈ ਤਾਂ ਇਸ ਦੇ ਨੇਤਾਵਾਂ ਨੇ ਪੰਜਾਬ ਜਿੱਤਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਭਾਜਪਾ ਲਈ ਪੰਜਾਬ 'ਚ ਭਾਸ਼ਾ ਤੇ ਸੱਭਿਆਚਾਰ ਤੋਂ ਇਲਾਵਾ ਧਰਮ ਵੀ ਇਕ ਮੁੱਦਾ ਹੈ। ਭਾਜਪਾ ਲਈ ਕਰਨਾਟਕ, ਮਹਾਰਾਸ਼ਟਰ ਜਾਂ ਬੰਗਾਲ ਵਿਚ ਧਰਮ ਕੋਈ ਰੁਕਾਵਟ ਨਹੀਂ ਸੀ ਕਿਉਂਕਿ ਪਾਰਟੀ ਉੱਥੇ ਹਿੰਦੂ ਵੋਟਾਂ ਨੂੰ ਇਕਜੁੱਟ ਕਰਨ ਵਿਚ ਸਫਲ ਰਹੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਪੰਜਾਬ ਵਿਚ ਭਾਜਪਾ ਅਜਿਹੀ ਰਣਨੀਤੀ ਦੀ ਵਰਤੋਂ ਕਿਵੇਂ ਕਰਦੀ ਹੈ।
ਦੋ ਕੇਂਦਰੀ ਮੰਤਰੀ ਹਾਰੇ
ਕੇਂਦਰੀ ਮੰਤਰੀ ਦਾ ਅਹੁਦਾ ਬਹੁਤ ਅਹਿਮ ਹੁੰਦਾ ਹੈ, ਭਾਜਪਾ ਵਿਧਾਨ ਸਭਾ ਚੋਣਾਂ 'ਚ ਕੇਂਦਰੀ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਦੀ ਰਹਿੰਦੀ ਹੈ ਤੇ ਉਹ ਅਕਸਰ ਚੋਣ ਹਾਰ ਜਾਂਦੇ ਹਨ। ਪਿਛਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਈ ਕੇਂਦਰੀ ਮੰਤਰੀਆਂ ਨੇ ਚੋਣ ਲੜੀ ਸੀ, ਜਿਨ੍ਹਾਂ 'ਚੋਂ ਫੱਗਣ ਸਿੰਘ ਕੁਲਸਤੇ ਚੋਣ ਹਾਰ ਗਏ ਸਨ। ਇਸ ਤੋਂ ਪਹਿਲਾਂ ਨਿਸ਼ੀਥ ਪ੍ਰਮਾਣਿਕ ਵੀ ਕੇਂਦਰੀ ਮੰਤਰੀ ਹੁੰਦਿਆਂ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਹਨ।
ਇਸ ਵਾਰ ਭਾਜਪਾ ਨੇ ਵਿਧਾਨ ਸਭਾ ਚੋਣਾਂ 'ਚ ਦੋ ਕੇਂਦਰੀ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ, ਇਹ ਦੋਵੇਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਚੁਣੇ ਗਏ ਸਨ, ਜੋ ਉਨ੍ਹਾਂ ਦਾ ਗ੍ਰਹਿ ਰਾਜ ਨਹੀਂ ਹੈ। ਇਨ੍ਹਾਂ ਦੋਵੇਂ ਕੇਂਦਰੀ ਮੰਤਰੀਆਂ ਨੂੰ ਭਾਜਪਾ ਨੇ ਤਾਮਿਲਨਾਡੂ 'ਚ ਐਲ. ਮੁਰੂਗਨ ਤੇ ਕੇਰਲ 'ਚ ਜਾਰਜ ਕੁਰੀਅਨ ਨੂੰ ਚੋਣ ਮੈਦਾਨ ਵਿਚ ਉਤਾਰਿਆ, ਪਰ ਦੋਵੇਂ ਮੰਤਰੀ ਆਪਣੀਆਂ ਸੀਟਾਂ ਤੋਂ ਹਾਰ ਗਏ। ਤਾਮਿਲਨਾਡੂ ਵਿਚ ਤਾਂ ਭਾਜਪਾ ਨੇ ਪਿਛਲੀ ਵਾਰ 20 ਸੀਟਾਂ 'ਤੇ ਚੋਣ ਲੜ ਕੇ 4 ਜਿੱਤੀਆਂ ਸਨ, ਪਰ ਇਸ ਵਾਰ ਉਹ 27 ਸੀਟਾਂ 'ਤੇ ਚੋਣ ਲੜ ਕੇ ਸਿਰਫ਼ ਇਕ ਹੀ ਜਿੱਤ ਸਕੀ ਹੈ। ਤਾਮਿਲਨਾਡੂ ਵਿਚ ਸਾਬਕਾ ਰਾਜਪਾਲ ਤਮਿਲਸਾਈ ਸੁੰਦਰਰਾਜਨ ਵੀ ਚੋਣ ਹਾਰ ਗਏ।
ਖੇਤਰੀ ਪਾਰਟੀਆਂ 'ਤੇ ਸੰਕਟ
ਦੇਸ਼ ਦੀਆਂ ਖੇਤਰੀ ਪਾਰਟੀਆਂ ਸਾਹਮਣੇ ਸੰਕਟ ਵਧਦੇ ਜਾ ਰਹੇ ਹਨ, ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਦੋ ਪ੍ਰਮੁੱਖ ਖੇਤਰੀ ਪਾਰਟੀਆਂ ਨੂੰ ਵੱਡਾ ਝਟਕਾ ਲੱਗਾ ਹੈ। ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਤੇ ਤਾਮਿਲਨਾਡੂ ਵਿਚ ਐਮ.ਕੇ. ਸਟਾਲਿਨ ਦੀ ਡੀ.ਐਮ.ਕੇ. ਸੱਤਾ ਤੋਂ ਬਾਹਰ ਹੋ ਗਈਆਂ ਹਨ। ਇਸ ਤੋਂ ਪਹਿਲਾਂ ਬਿਹਾਰ ਚੋਣਾਂ 'ਚ ਰਾਸ਼ਟਰੀ ਜਨਤਾ ਦਲ ਸਿਰਫ਼ 25 ਸੀਟਾਂ ਤੱਕ ਸਿਮਟ ਚੁੱਕੀ ਹੈ ਅਤੇ ਨਿਤੀਸ਼ ਕੁਮਾਰ ਦਾ ਜਨਤਾ ਦਲ (ਯੂਨਾਈਟਿਡ) ਹੁਣ ਨਾਜ਼ੁਕ ਸਥਿਤੀ ਵਿਚ ਹੈ ਕਿਉਂਕਿ ਭਾਜਪਾ ਨੇ ਉੱਥੇ ਆਪਣਾ ਮੁੱਖ ਮੰਤਰੀ ਬਣਾ ਲਿਆ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਦਿੱਲੀ ਵਿਚ ਸੱਤਾ ਗੁਆ ਚੁੱਕੀ ਹੈ ਤੇ ਉਸ ਨੂੰ ਪੰਜਾਬ ਵਿਚ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਸ ਦੇ 6 ਤੇ ਦਿੱਲੀ ਤੋਂ ਇਕ ਰਾਜ ਸਭਾ ਮੈਂਬਰ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਚੁੱਕੇ ਹਨ। ਕਈ ਵਾਰ ਸੱਤਾਧਾਰੀ ਰਹਿ ਚੁੱਕਾ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਆਪਣੀ ਪ੍ਰਸੰਗਿਕਤਾ ਗੁਆ ਚੁੱਕਾ ਹੈ। ਓਡੀਸ਼ਾ ਵਿਚ ਲਗਾਤਾਰ 25 ਸਾਲ ਸੱਤਾਧਾਰੀ ਰਿਹਾ ਬੀਜੂ ਜਨਤਾ ਦਲ ਵੀ ਚੋਣ ਹਾਰ ਗਿਆ ਸੀ।
ਬਿਹਾਰ 'ਚ ਨਿਤੀਸ਼ ਕੁਮਾਰ ਤੇ ਓਡੀਸ਼ਾ 'ਚ ਨਵੀਨ ਪਟਨਾਇਕ ਦੋਵੇਂ ਬਜ਼ੁਰਗ ਉਮਰ ਹੋਣ ਕਰਕੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸੇ ਤਰ੍ਹਾਂ ਮਹਾਰਾਸ਼ਟਰ 'ਚ ਖੇਤਰੀ ਪਾਰਟੀਆਂ- ਸ਼ਿਵ ਸੈਨਾ ਅਤੇ ਐਨ.ਸੀ.ਪੀ. ਦੋਵੇਂ 2-2 ਧੜਿਆਂ 'ਚ ਵੰਡ ਹੋ ਕੇ ਕਮਜ਼ੋਰ ਹੋ ਚੁੱਕੀਆਂ ਹਨ। ਤੇਲੰਗਾਨਾ 'ਚ ਭਾਰਤੀ ਰਾਸ਼ਟਰ ਸਮਿਤੀ (ਬੀ.ਆਰ.ਐੱਸ) ਅਤੇ ਆਂਧਰਾ ਪ੍ਰਦੇਸ਼ ਵਿਚ ਵਾਈ.ਐਸ.ਆਰ. ਕਾਂਗਰਸ ਦੀ ਸਥਿਤੀ ਵੀ ਬਹੁਤੀ ਠੀਕ ਨਹੀਂ ਹੈ, ਜਦਕਿ ਕਰਨਾਟਕ 'ਚ ਸਾਬਕਾ ਪ੍ਰਧਾਨ ਮੰਤਰੀ ਐਚ.ਡੀ ਦੇਵਗੌੜਾ ਦੀ ਜਨਤਾ ਦਲ (ਸੈਕੂਲਰ) ਵੀ ਆਪਣਾ ਪ੍ਰਭਾਵ ਗੁਆ ਚੁੱਕੀ ਹੈ।
ਤ੍ਰਿਣਮੂਲ ਕਾਂਗਰਸ ਦਾ ਭਵਿੱਖ
ਭਾਵੇਂ ਮਮਤਾ ਬੈਨਰਜੀ ਦੀ ਪਾਰਟੀ ਪੱਛਮੀ ਬੰਗਾਲ 'ਚ ਸੱਤਾ ਗੁਆ ਚੁੱਕੀ ਹੈ। ਪਰ ਉਹ ਸੜਕ 'ਤੇ ਉਤਰ ਕੇ ਲੜਨ ਵਾਲੀ ਨੇਤਾ ਹੈ ਤੇ ਭਾਜਪਾ ਨੂੰ ਆਸਾਨੀ ਨਾਲ ਸਰਕਾਰ ਨਹੀਂ ਚਲਾਉਣ ਦੇਵੇਗੀ। ਪਰ ਹੁਣ ਮਮਤਾ ਦੀ ਉਮਰ ਉਸ ਦੇ ਪੱਖ ਵਿਚ ਨਹੀਂ ਹੈ, ਦੂਜਾ ਉਸ ਨੇ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਹੈ ਪਰ ਉਸ ਦੀ ਸੂਝਬੂਝ ਤੇ ਸਮਰੱਥਾ ਮਮਤਾ ਜਿਹੀ ਨਹੀਂ ਹੈ। ਇਸ ਲਈ ਪਾਰਟੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਤੇ ਚੋਣਾਂ ਦੌਰਾਨ ਇਹ ਅਫਵਾਹਾਂ ਫੈਲੀਆਂ ਸਨ ਕਿ ਤ੍ਰਿਣਮੂਲ ਕਾਂਗਰਸ ਦੇ 15 ਸੰਸਦ ਮੈਂਬਰ ਭਾਜਪਾ ਦੇ ਸੰਪਰਕ 'ਚ ਸਨ। ਦਰਅਸਲ ਇਹ ਚੋਣਾਂ ਦੌਰਾਨ ਭਾਜਪਾ ਦੁਆਰਾ ਖੇਡੀ ਗਈ ਇਕ 'ਮਾਈਂਡਗੇਮ' ਸੀ। ਪਰ ਕੀ ਹੁਣ ਇਹ ਸਾਜ਼ਿਸ਼ ਸੱਚ ਸਾਬਤ ਹੋ ਸਕਦੀ ਹੈ? ਪੱਛਮੀ ਬੰਗਾਲ ਦਾ ਇਤਿਹਾਸ ਅਜਿਹਾ ਹੀ ਰਿਹਾ ਹੈ। ਭਾਵੇਂ ਖੱਬੇਪੱਖੀ ਪਾਰਟੀਆਂ ਦੇ ਨੇਤਾਵਾਂ ਨੇ ਆਪਣੀਆਂ ਪਾਰਟੀਆਂ ਨਹੀਂ ਛੱਡੀਆਂ, ਪਰ ਬਹੁਤ ਸਾਰੇ ਕਾਂਗਰਸੀ ਨੇਤਾ ਹੋਰ ਪਾਰਟੀਆਂ 'ਚ ਸ਼ਾਮਿਲ ਹੁੰਦੇ ਰਹੇ ਹਨ। ਮਮਤਾ ਬੈਨਰਜੀ ਦੀ ਪੂਰੀ ਪਾਰਟੀ (ਟੀ.ਐਮ.ਸੀ.) ਪੁਰਾਣੇ ਕਾਂਗਰਸੀ ਨੇਤਾਵਾਂ ਤੋਂ ਬਣੀ ਸੀ। ਜੇਕਰ ਹੁਣ ਭਾਜਪਾ ਕਈ ਸਾਲਾਂ ਤੱਕ ਪੱਛਮੀ ਬੰਗਾਲ ਦੀ ਸੱਤਾ 'ਚ ਰਹਿੰਦੀ ਹੈ ਤਾਂ ਟੀ.ਐਮ.ਸੀ. ਦੇ ਕਈ ਲੋਕ ਪਾਲਾ ਬਦਲ ਸਕਦੇ ਹਨ। ਦੱਸਣਯੋਗ ਹੈ ਕਿ ਭਾਜਪਾ ਇਸ ਲੋਕ ਸਭਾ ਵਿਚ ਆਪਣਾ ਸਪੱਸ਼ਟ ਬਹੁਮਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇਕਰ ਬੰਗਾਲ 'ਚ 'ਆਪ੍ਰੇਸ਼ਨ ਲੋਟਸ' ਸ਼ੁਰੂ ਹੋ ਜਾਵੇ।
ਮੁਸਲਿਮ ਬਹੁਗਿਣਤੀ ਵਾਲੇ ਖੇਤਰਾਂ ਦੇ ਨਾਲ-ਨਾਲ ਹੋਰ ਖੇਤਰਾਂ ਦੇ ਸੰਸਦ ਮੈਂਬਰ ਵੀ ਪਾਰਟੀ ਬਦਲ ਸਕਦੇ ਹਨ। ਮਮਤਾ ਦੀ ਪਾਰਟੀ ਦੇ ਲੋਕ ਸਭਾ 'ਚ 29 ਲੋਕ ਸਭਾ ਸੰਸਦ ਮੈਂਬਰ ਹਨ।
ਸਿੱਧਾਰਮਈਆ ਦੀ ਕੁਰਸੀ ਸੁਰੱਖਿਅਤ
ਪੰਜ ਸੂਬਿਆਂ ਦੇ ਚੋਣ ਨਤੀਜੇ ਕਰਨਾਟਕ ਦੀ ਰਾਜਨੀਤੀ ਨਾਲ ਨੇੜਿਓਂ ਜੁੜੇ ਹੋਏ ਹਨ ਕਿਉਂਕਿ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੂੰ ਅਸਾਮ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਅਸਾਮ 'ਚ ਚੰਗਾ ਪ੍ਰਦਰਸ਼ਨ ਸ਼ਿਵਕੁਮਾਰ ਦੇ ਕੱਦ ਨੂੰ ਵਧਾ ਕੇ ਉਸ ਨੂੰ ਕਰਨਾਟਕ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਲੈ ਆਵੇਗਾ। ਪਰ ਅਸਾਮ 'ਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਨੇ ਸ਼ਿਵਕੁਮਾਰ ਦੀ ਸਥਿਤੀ ਨੂੰ ਨੁਕਸਾਨ ਪਹੁੰਚਾਇਆ ਹੈ, ਜਦਕਿ ਕਰਨਾਟਕ ਵਿਚ 2 ਵਿਧਾਨ ਸਭਾ ਸੀਟਾਂ ਲਈ ਹੋਈਆਂ ਉਪ-ਚੋਣਾਂ ਵਿਚ ਭਾਜਪਾ ਵਲੋਂ ਇਨ੍ਹਾਂ ਸੀਟਾਂ ਨੂੰ ਜਿੱਤਣ ਲਈ ਕੀਤੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਸਿੱਧਾਰਮਈਆ ਦੇ ਦੋਵਾਂ ਸੀਟਾਂ 'ਤੇ ਜ਼ੋਰਦਾਰ ਪ੍ਰਚਾਰ ਕਰਨ ਦੇ ਚਲਦੇ ਕਾਂਗਰਸ ਦੋਵੇਂ ਸੀਟਾਂ ਜਿੱਤ ਗਈ। ਕਾਂਗਰਸ ਇਹ ਦੋਵੇਂ ਸੀਟਾਂ ਬਰਕਰਾਰ ਰੱਖਣ 'ਚ ਕਾਮਯਾਬ ਰਹੀ ਹੈ। ਇਕ ਵੀ ਸੀਟ ਹਾਰਨ ਨੂੰ ਸਿੱਧਾਰਮਈਆ ਵਿਰੁੱਧ ਫ਼ਤਵਾ ਮੰਨਿਆ ਜਾਣਾ ਸੀ ਤੇ ਡੀ.ਕੇ. ਸ਼ਿਵਕੁਮਾਰ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਤੇਜ਼ ਕਰ ਦੇਣੀ ਸੀ। ਪਰ ਦੋਵੇਂ ਵਿਧਾਨ ਸਭਾ ਸੀਟਾਂ ਜਿੱਤ ਕੇ ਸਿੱਧਾਰਮਈਆ ਨੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਸੁਰੱਖਿਅਤ ਕਰ ਲਿਆ ਜਾਪਦਾ ਹੈ।
ਕੀ ਪੰਜਾਬ ਵਿਚ ਵੀ ਹੋਵੇਗੀ ਬੰਗਾਲ ਦੁਹਰਾਉਣ ਦੀ ਕੋਸ਼ਿਸ਼?
ਅਜੀਤ ਡੈਸਕ
11-05-2026