ਆਧੁਨਿਕ ਤਕਨੀਕੀ ਯੁੱਗ ਵਿਚ ਸੋਸ਼ਲ ਮੀਡੀਆ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਸਮਾਰਟਫ਼ੋਨ ਅਤੇ ਸਸਤੇ ਇੰਟਰਨੈੱਟ ਡਾਟੇ ਨੇ ਡਿਜੀਟਲ ਦੁਨੀਆ ਨੂੰ ਹਰ ਘਰ ਤੱਕ ਪਹੁੰਚਾ ਦਿੱਤਾ ਹੈ। ਖ਼ਾਸ ਕਰਕੇ ਨੌਜਵਾਨ ਵਰਗ ਵਿਚ ਫੇਸਬੁਕ, ਇੰਸਟਾਗ੍ਰਾਮ, ਵਟਸਐਪ, ਯੂ-ਟਿਊਬ ਆਦਿ ਪਲੇਟਫਾਰਮਾਂ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ। ਜਿੱਥੇ ਇਹ ਮਾਧਿਅਮ ਜਾਣਕਾਰੀ, ਮਨੋਰੰਜਨ ਅਤੇ ਸੰਚਾਰ ਦਾ ਸੌਖਾ ਸਾਧਨ ਬਣੇ ਹਨ, ਉੱਥੇ ਇਨ੍ਹਾਂ ਦੀ ਬੇਹੱਦ ਵਰਤੋਂ ਕਰਨਾ ਨੌਜਵਾਨਾਂ ਦੇ ਭਵਿੱਖ ਲਈ ਚਿੰਤਾਜਨਕ ਸਾਬਤ ਹੋ ਰਿਹਾ ਹੈ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਪੜ੍ਹਾਈ ਦੀ ਥਾਂ ਘੰਟਿਆਂਬੱਧੀ ਮੋਬਾਈਲ ਫ਼ੋਨਾਂ 'ਤੇ ਵੀਡੀਓ ਦੇਖਣ, ਰੀਲਾਂ ਬਣਾਉਣ ਅਤੇ ਆਨਲਾਈਨ ਗੱਲਬਾਤ ਵਿਚ ਲੀਨ ਰਹਿੰਦੇ ਹਨ। ਕਈ ਅਧਿਆਪਕਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਘਟ ਰਹੀ ਹੈ ਅਤੇ ਉਹ ਪਾਠ ਪੁਸਤਕਾਂ ਦੀ ਬਜਾਏ ਡਿਜੀਟਲ ਸਕਰੀਨਾਂ ਨਾਲ ਜੁੜੇ ਰਹਿੰਦੇ ਹਨ। ਇਸ ਕਾਰਨ ਉਨ੍ਹਾਂ ਦੇ ਪ੍ਰੀਖਿਆ ਨਤੀਜਿਆਂ 'ਤੇ ਵੀ ਨਕਾਰਾਤਮਿਕ ਅਸਰ ਪੈ ਰਿਹਾ ਹੈ। ਪੜ੍ਹਾਈ ਵਿਚ ਰੁਚੀ ਘਟਣ ਨਾਲ ਭਵਿੱਖੀ ਮੁਕਾਬਲਿਆਂ ਵਿਚ ਉਹ ਪਿੱਛੇ ਰਹਿ ਸਕਦੇ ਹਨ, ਜੋ ਕਿ ਸਮਾਜ ਲਈ ਵੀ ਚਿੰਤਾ ਦਾ ਕਾਰਨ ਬਣ ਗਿਆ ਹੈ।
ਮਨੋਵਿਗਿਆਨਕ ਪੱਖੋਂ ਵੀ ਸੋਸ਼ਲ ਮੀਡੀਆ ਦੇ ਪ੍ਰਭਾਵ ਗੰਭੀਰ ਹੋ ਰਹੇ ਹਨ। ਲਾਈਕਾਂ, ਕੁਮੈਂਟਾਂ ਅਤੇ ਫਾਲੋਅਰਾਂ ਦੀ ਦੌੜ ਨੇ ਨੌਜਵਾਨਾਂ ਵਿਚ ਤਣਾਅ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਜੇਕਰ ਕਿਸੇ ਪੋਸਟ ਨੂੰ ਉਮੀਦ ਮੁਤਾਬਕ ਪ੍ਰਤੀਕਿਰਿਆ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਨਿਰਾਸ਼ ਅਤੇ ਅਣਗੌਲਿਆ ਮਹਿਸੂਸ ਕਰਦੇ ਹਨ। ਵਰਚੁਅਲ ਪ੍ਰਸਿੱਧੀ ਦੀ ਲਾਲਸਾ ਕਈ ਵਾਰ ਉਨ੍ਹਾਂ ਨੂੰ ਖ਼ਤਰਨਾਕ ਕਦਮ ਚੁੱਕਣ ਲਈ ਵੀ ਪ੍ਰੇਰਿਤ ਕਰ ਸਕਦੀ ਹੈ। ਮਾਹਿਰਾਂ ਅਨੁਸਾਰ ਡਿਜੀਟਲ ਪਲੇਟਫਾਰਮਾਂ 'ਤੇ ਵੱਧ ਸਮਾਂ ਬਿਤਾਉਣ ਨਾਲ ਡਿਪ੍ਰੈਸ਼ਨ, ਚਿੰਤਾ ਅਤੇ ਇਕਾਂਤਵਾਦ ਦੀ ਸਮੱਸਿਆ ਵਧ ਰਹੀ ਹੈ। ਅਸਲ ਜੀਵਨ ਦੇ ਰਿਸ਼ਤੇ ਅਤੇ ਪਰਿਵਾਰਕ ਸੰਪਰਕ ਕਮਜ਼ੋਰ ਪੈ ਰਹੇ ਹਨ, ਜਿਸ ਨਾਲ ਸਮਾਜਿਕ ਤਾਣਾ-ਬਾਣਾ ਪ੍ਰਭਾਵਿਤ ਹੋ ਰਿਹਾ ਹੈ। ਸਿਹਤ ਸੰਬੰਧੀ ਸਮੱਸਿਆਵਾਂ ਵੀ ਚਿੰਤਾਜਨਕ ਹਨ। ਲੰਬੇ ਸਮੇਂ ਤੱਕ ਮੋਬਾਈਲ ਜਾਂ ਲੈਪਟਾਪ ਦੀ ਸਕਰੀਨ ਦੇ ਸਾਹਮਣੇ ਬੈਠੇ ਰਹਿਣ ਨਾਲ ਅੱਖਾਂ 'ਤੇ ਅਸਰ ਪੈਂਦਾ ਹੈ। ਸਿਰਦਰਦ, ਨੀਂਦ ਨਾ ਆਉਣਾ ਅਤੇ ਗਰਦਨ ਦਰਦ ਹੋਣ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਰਾਤ ਦੇ ਸਮੇਂ ਮੋਬਾਈਲ ਦੀ ਵਰਤੋਂ ਨੀਂਦ ਦੇ ਚੱਕਰ ਨੂੰ ਖ਼ਰਾਬ ਕਰ ਦਿੰਦੀ ਹੈ, ਜਿਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਦੋਵੇਂ ਪ੍ਰਭਾਵਿਤ ਹੁੰਦੇ ਹਨ। ਇਸ ਦੇ ਨਾਲ-ਨਾਲ ਸਰੀਰਕ ਕਸਰਤ ਦੀ ਘਾਟ ਕਾਰਨ ਮੋਟਾਪਾ ਅਤੇ ਹੋਰ ਰੋਗ ਵੀ ਵਧ ਰਹੇ ਹਨ। ਨੌਜਵਾਨ ਖੇਡ ਮੈਦਾਨਾਂ ਤੋਂ ਦੂਰ ਹੋ ਰਹੇ ਹਨ, ਜੋ ਕਿ ਉਨ੍ਹਾਂ ਦੀ ਤੰਦਰੁਸਤੀ ਲਈ ਘਾਤਕ ਹੈ। ਇਕ ਹੋਰ ਗੰਭੀਰ ਮਸਲਾ ਗਲਤ ਜਾਣਕਾਰੀ ਅਤੇ ਅਫ਼ਵਾਹਾਂ ਦਾ ਫੈਲਣਾ ਹੈ। ਸੋਸ਼ਲ ਮੀਡੀਆ ਰਾਹੀਂ ਬਿਨਾਂ ਜਾਂਚੇ-ਪਰਖੇ ਖ਼ਬਰਾਂ ਤੁਰੰਤ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਨੌਜਵਾਨ ਸੱਚਾਈ ਦੀ ਪੁਸ਼ਟੀ ਕੀਤੇ ਬਿਨਾਂ ਹੀ ਜਾਣਕਾਰੀ ਸਾਂਝੀ ਕਰ ਦਿੰਦੇ ਹਨ, ਜਿਸ ਨਾਲ ਸਮਾਜਿਕ ਤਣਾਅ ਵੀ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਾਈਬਰ ਅਪਰਾਧ ਦੇ ਮਾਮਲੇ ਵੀ ਵਧ ਰਹੇ ਹਨ।
ਆਨਲਾਈਨ ਠੱਗੀ, ਫ਼ਰਜ਼ੀ ਪ੍ਰੋਫ਼ਾਈਲ ਅਤੇ ਡਾਟਾ ਚੋਰੀ ਵਰਗੀਆਂ ਘਟਨਾਵਾਂ ਨੌਜਵਾਨਾਂ ਨੂੰ ਆਰਥਿਕ ਅਤੇ ਮਾਨਸਿਕ ਨੁਕਸਾਨ ਪਹੁੰਚਾ ਰਹੀਆਂ ਹਨ। ਡਿਜੀਟਲ ਸੁਰੱਖਿਆ ਬਾਰੇ ਅਗਿਆਨਤਾ ਕਾਰਨ ਕਈ ਨੌਜਵਾਨ ਠੱਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲਾਂਕਿ ਸੋਸ਼ਲ ਮੀਡੀਆ ਦੇ ਕੁਝ ਸਾਕਾਰਾਤਮਿਕ ਪੱਖ ਵੀ ਹਨ। ਇਸ ਰਾਹੀਂ ਵਿਦਿਆਰਥੀ ਨਵੀਂ ਜਾਣਕਾਰੀ ਹਾਸਿਲ ਕਰ ਸਕਦੇ ਹਨ, ਆਨਲਾਈਨ ਕੋਰਸਾਂ ਰਾਹੀਂ ਆਪਣੇ ਹੁਨਰ ਨਿਖਾਰ ਸਕਦੇ ਹਨ ਅਤੇ ਆਪਣੀ ਕਲਾ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰ ਸਕਦੇ ਹਨ। ਕਈ ਨੌਜਵਾਨਾਂ ਨੇ ਡਿਜੀਟਲ ਮਾਧਿਅਮ ਰਾਹੀਂ ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਕੀਤੇ ਹਨ। ਪਰ ਲੋੜ ਇਸ ਗੱਲ ਦੀ ਹੈ ਕਿ ਇਸ ਦਾ ਸਹੀ ਤੇ ਸੀਮਤ ਇਸਤੇਮਾਲ ਕੀਤਾ ਜਾਵੇ। ਜੇਕਰ ਸਮਾਂ ਬੰਨ੍ਹ ਕੇ ਅਤੇ ਕਿਸੇ ਮਕਸਦ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਨੁਕਸਾਨ ਘਟ ਸਕਦੇ ਹਨ।
ਮਾਪਿਆਂ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਸਮੇਂ ਦੀ ਕਦਰ ਅਤੇ ਡਿਜੀਟਲ ਅਨੁਸ਼ਾਸਨ ਬਾਰੇ ਸਚੇਤ ਕਰਨ। ਘਰ ਵਿਚ ਖੁੱਲ੍ਹਾ ਮਾਹੌਲ ਬਣਾਇਆ ਜਾਵੇ ਤਾਂ ਜੋ ਬੱਚੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਣ। ਸਕੂਲਾਂ ਵਿਚ ਡਿਜੀਟਲ ਸੁਰੱਖਿਆ ਅਤੇ ਮੀਡੀਆ ਸਾਵਧਾਨੀ ਬਾਰੇ ਵਰਕਸ਼ਾਪਾਂ ਕਰਵਾਈਆਂ ਜਾ ਸਕਦੀਆਂ ਹਨ। ਸਰਕਾਰ ਤੇ ਸਿੱਖਿਆ ਸੰਸਥਾਵਾਂ ਵਲੋਂ ਵੀ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ਹੈ। ਖੇਡਾਂ, ਸੱਭਿਆਚਾਰਕ ਸਮਾਗਮਾਂ ਅਤੇ ਰਚਨਾਤਮਿਕ ਸਰਗਰਮੀਆਂ ਨੂੰ ਉਤਸ਼ਾਹਿਤ ਕਰ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾ ਸਕਦਾ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਆਧੁਨਿਕ ਜੀਵਨ ਦਾ ਅਟੁੱਟ ਹਿੱਸਾ ਹੈ, ਪਰ ਇਸ ਦੀ ਬੇਲਗਾਮ ਵਰਤੋਂ ਕਰਨ ਨਾਲ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਖ਼ਤਰਾ ਬਣ ਸਕਦਾ ਹੈ। ਜੇਕਰ ਸਮਾਜ, ਪਰਿਵਾਰ ਤੇ ਸਰਕਾਰ ਮਿਲ ਕੇ ਸੰਤੁਲਿਤ ਦ੍ਰਿਸ਼ਟੀਕੋਣ ਅਪਣਾਉਣ ਤਾਂ ਨੌਜਵਾਨਾਂ ਨੂੰ ਡਿਜੀਟਲ ਦੁਨੀਆ ਦੇ ਨੁਕਸਾਨਾਂ ਤੋਂ ਬਚਾਇਆ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਰੌਸ਼ਨ ਭਵਿੱਖ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ।
-ਪੱਤਰਕਾਰ 'ਅਜੀਤ' ਚਵਿੰਡਾ ਦੇਵੀ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 98555-75151
ਈਮੇਲ : satpalajit@gmail.com