14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਿਹਤ ਸੇਵਾਵਾਂ ਵਿਚ ਅਹਿਮ ਸਥਾਨ ਰੱਖਦਾ ਹੈ ਨਰਸਿੰਗ ਦਾ ਕਿੱਤਾ

Ad Position 21
No active advertisement
ਅਜੀਤ ਡੈਸਕ 12-05-2026

ਵਿਸ਼ਵ ਨਰਸਿੰਗ ਦਿਵਸ 'ਤੇ ਵਿਸ਼ੇਸ਼


ਨਰਸਿੰਗ ਕਿੱਤਾ ਅੱਜ ਵਿਸ਼ਵ ਭਰ ਦੇ ਮੈਡੀਕਲ ਖੇਤਰ ਵਿਚ ਬਹੁਤ ਅਹਿਮ ਬਣ ਚੁੱਕਾ ਹੈ। ਸਰਕਾਰੀ ਅਤੇ ਨਿੱਜੀ ਖੇਤਰ ਦੇ ਸਿਹਤ ਸੰਸਥਾਨਾਂ ਦੀ ਨਰਸਿੰਗ ਸੇਵਾਵਾਂ ਤੋਂ ਬਗੈਰ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿਉਂ ਜਿਉਂ ਜਾਗਰੂਕਤਾ ਵਧਦੀ ਜਾ ਰਹੀ ਹੈ, ਇਸ ਕਿੱਤੇ ਦੀ ਅਹਿਮੀਅਤ ਵੀ ਵਧਦੀ ਜਾ ਰਹੀ ਹੈ।
ਅੱਜ ਦੇ ਦਿਨ ਨਰਸਿੰਗ ਖੇਤਰ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਨੂੰ ਉਸ ਦੇ ਜਨਮ ਦਿਨ 'ਤੇ ਵਿਸ਼ਵ ਭਰ ਵਿਚ ਸਿਜਦਾ ਕੀਤਾ ਜਾਂਦਾ ਹੈ। ਜ਼ਖਮੀ ਸੈਨਿਕਾਂ ਦੀ ਸੇਵਾ ਲਈ ਉਹ ਰਾਤ ਨੂੰ ਹੱਥ ਵਿਚ ਲੈਂਪ ਲੈ ਕੇ ਨਿਕਲਦੀ ਅਤੇ ਜ਼ਖਮੀਆਂ ਦੀ ਮਲ੍ਹਮ ਪੱਟੀ ਕਰਦੀ ਸੀ। ਉਸ ਦਾ ਨਾਂਅ ਹੀ 'ਲੇਡੀ ਵਿਦ ਦ ਲੈਂਪ' ਪੈ ਗਿਆ ਸੀ।
ਮੈਂ ਕੈਨੇਡਾ, ਆਸਟ੍ਰੇਲੀਆ, ਜਰਮਨ, ਇਟਲੀ, ਸਵਿਟਜ਼ਰਲੈਂਡ ਅਤੇ ਹੋਰ ਮੁਲਕਾਂ ਵਿਚ ਘੁੰਮ ਕੇ ਵੇਖਿਆ ਹੈ ਕਿ ਉੱਥੇ ਨਰਸਾਂ ਦੀ ਬਹੁਤ ਘਾਟ ਹੈ। ਉੱਥੇ ਨਰਸਿੰਗ ਕਾਲਜ ਹਨ ਪਰ ਉੱਥੋਂ ਦੀ ਲੋੜ ਅਨੁਸਾਰ ਨਰਸਾਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ। ਨੈਸ਼ਨਲ ਨਰਸਿੰਗ ਕਾਲਜ ਸੰਗਰੂਰ ਦੇ ਸੰਚਾਲਕ ਇੰਜੀ. ਸ਼ਿਵ ਆਰੀਆ ਜੋ ਪੰਜਾਬ ਨਰਸਿੰਗ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਇਹ ਘਾਟ ਕੇਵਲ ਉਨ੍ਹਾਂ ਦੇਸ਼ਾਂ ਵਿਚ ਹੀ ਨਹੀਂ, ਸਗੋਂ ਭਾਰਤ ਵਿਚ ਵੀ ਹੈ। ਅੱਜ ਸਥਿਤੀ ਇਹ ਹੈ ਕਿ ਨਰਸਿੰਗ ਕੋਰਸ ਪਾਸ ਕਰਨ ਵਾਲੀਆਂ 95 ਫ਼ੀਸਦੀ ਨਰਸਾਂ ਸਰਕਾਰੀ ਜਾਂ ਨਿੱਜੀ ਸੰਸਥਾਨਾਂ ਵਿਚ ਸੇਵਾਵਾਂ ਨਿਭਾਅ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਤੇ ਇੰਗਲੈਂਡ ਵਿਚ ਟਰੇਡ ਨਰਸਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ।
ਨਰਸਿੰਗ ਖੇਤਰ ਵਿਚ ਪ੍ਰਵੇਸ਼ ਕਰਨ ਲਈ ਕਈ ਕੋਰਸ ਹਨ। ਕਿਸੇ ਵੀ ਵਿਸ਼ੇ ਵਿਚ ਬਾਰ੍ਹਵੀਂ ਜਮਾਤ ਪਾਸ ਵਿਦਿਆਰਥੀ ਏ.ਐਨ.ਐਮ. ਜਾਂ ਜੀ.ਐਨ.ਐਮ. ਕੋਰਸ ਵਿਚ ਪ੍ਰਵੇਸ਼ ਕਰ ਸਕਦੇ ਹਨ। ਜੀ.ਐਨ.ਐਮ. ਪਾਸ ਕਰਨ ਪਿੱਛੋਂ ਵਿਦਿਆਰਥੀ ਬੀ.ਐਸ.ਸੀ. ਪੋਸਟ ਬੇਸਿਕ ਵਿਚ ਦਾਖਲਾ ਲੈ ਸਕਦੇ ਹਨ।
ਇਹ ਕੋਰਸ ਬੀ.ਐਸ.ਸੀ. ਨਰਸਿੰਗ ਦੀ ਡਿਗਰੀ ਦੇ ਬਰਾਬਰ ਮੰਨਿਆ ਜਾਂਦਾ ਹੈ। ਬੀ.ਐਸ.ਸੀ. ਨਰਸਿੰਗ ਲਈ ਸਾਇੰਸ ਵਿਸ਼ਿਆਂ ਨਾਲ ਬਾਰ੍ਹਵੀਂ ਜਮਾਤ ਪਾਸ ਕਰਨਾ ਜ਼ਰੂਰੀ ਹੈ। ਬੀ.ਐਸ.ਸੀ. ਤੋਂ ਬਾਅਦ ਐਮ.ਐਸ.ਸੀ. ਨਰਸਿੰਗ ਅਤੇ ਫਿਰ ਪੀ.ਐਚ.ਡੀ. ਤੱਕ ਪਹੁੰਚਿਆ ਜਾ ਸਕਦਾ ਹੈ। ਨਰਸਿੰਗ ਖੇਤਰ ਉਚੇਰੀ ਸਿੱਖਿਆ ਦਾ ਕੋਰਸ ਪਾਸ ਕਰਨ ਪਿੱਛੋਂ ਕੋਈ ਜ਼ਰੂਰੀ ਨਹੀਂ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਜਾਇਆ ਜਾਵੇ, ਨਰਸਿੰਗ ਸਿੱਖਿਆ ਦੇ ਖੇਤਰ ਵਿਚ ਵੀ ਯੋਗ ਉਮੀਦਵਾਰਾਂ ਦੀ ਲੋੜ ਬਣੀ ਰਹਿੰਦੀ ਹੈ। ਬਹੁਤ ਸਾਰੇ ਕਾਲਜਾਂ ਨੂੰ ਪ੍ਰਿੰਸੀਪਲ ਦਾ ਅਹੁਦਾ ਭਰਨ ਲਈ ਦਿੱਕਤ ਆਉਂਦੀ ਹੈ ਕਿਉਂਕਿ ਸਹੀ ਉਮੀਦਵਾਰ ਨਹੀਂ ਮਿਲਦੇ। ਸਹੀ ਉਮੀਦਵਾਰਾਂ ਨੂੰ ਕਈ ਕਾਲਜ 70 ਸਾਲ ਦੀ ਉਮਰ ਤੱਕ ਪ੍ਰਿੰਸੀਪਲ ਦੇ ਅਹੁਦੇ 'ਤੇ ਕਾਇਮ ਰੱਖਦੇ ਹਨ ਕਿਉਂਕਿ ਸਰਕਾਰੀ ਨਿਯਮਾਂ ਅਨੁਸਾਰ ਸਿਹਤ ਸਿੱਖਿਆ ਦੇ ਖੇਤਰ ਵਿਚ ਵੱਧ ਤੋਂ ਵੱਧ 70 ਸਾਲ ਦੀ ਉਮਰ ਤੱਕ ਸੇਵਾਵਾਂ ਨਿਭਾਈਆਂ ਜਾ ਸਕਦੀਆਂ ਹਨ।
ਨਰਸਿੰਗ ਪਾਸ ਕਰਨ ਵਾਲੇ ਵਿਦਿਆਰਥੀ ਨੂੰ ਸਹੁੰ ਚੁਕਾਈ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਵਿਤਕਰੇ ਦੇ ਹਰ ਮਰੀਜ਼ ਦੀ ਸੇਵਾ ਕਰਨਗੇ। ਇਸ ਸਹੁੰ 'ਤੇ ਕਾਇਮ ਰਹਿਣ ਵਾਲੇ ਨਾ ਕੇਵਲ ਚੰਗੀ ਤਨਖ਼ਾਹ ਹਾਸਲ ਕਰਦੇ ਹਨ, ਸਗੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਦੀਆਂ ਅਸੀਸਾਂ ਵੀ ਹਾਸਲ ਕਰਦੇ ਹਨ।
ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਪਾਸੋਂ ਸਰਕਾਰੀ ਅਤੇ ਹੁਣ ਨਿੱਜੀ ਨਰਸਿੰਗ ਕਾਲਜ 'ਚੋਂ ਕੋਰਸ ਪਾਸ ਕਰ ਕੇ ਗਈਆਂ ਵਿਦਿਆਰਥਣਾਂ ਨੂੰ ਉਹ ਜਦੋਂ ਆਦਰਸ਼ ਨਰਸਾਂ ਵਜੋਂ ਵੇਖਦੇ ਹਨ ਤਾਂ ਉਨ੍ਹਾਂ ਦਾ ਸਿਰ ਫਲੋਰੈਂਸ ਨਾਈਟਿੰਗੇਲ ਅੱਗੇ ਮੱਲੋ-ਮੱਲੀ ਝੁਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਵਰਗੇ ਸੰਕਟ ਸਮੇਂ ਨਰਸਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਇਆਂ ਮਾਨਵਤਾ ਦੀ ਸੇਵਾ ਜਾਰੀ ਰੱਖੀ ਸੀ।
ਵਿਸ਼ਵ ਸਿਹਤ ਸੰਸਥਾ ਹਰ ਸਾਲ ਨਰਸਿੰਗ ਦਿਵਸ ਮੌਕੇ ਇਕ ਵਿਸ਼ੇਸ਼ ਥੀਮ (ਵਿਸ਼ਾ) ਸਥਾਪਤ ਕਰਦੀ ਹੈ। ਇਸ ਵਾਰ 2026 ਦਾ ਵਿਸ਼ਾ 'ਸਾਡੀਆਂ ਨਰਸਾਂ ਸਾਡਾ ਭਵਿੱਖ' ਰੱਖਿਆ ਗਿਆ ਹੈ। ਸਚਾਈ ਇਹ ਹੈ ਕਿ ਨਰਸਿੰਗ ਕਿੱਤਾ ਸਿਹਤ ਸੇਵਾਵਾਂ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ। ਡਾਕਟਰ ਨੇ ਮਰੀਜ਼ ਕੋਲ 24 ਘੰਟੇ ਵਿਚ ਦੋ ਕੁ ਵਾਰ ਆਉਣਾ ਹੁੰਦਾ ਹੈ, ਜਦਕਿ ਨਰਸਿੰਗ ਸੇਵਾਵਾਂ 24 ਘੰਟੇ ਜਾਰੀ ਰਹਿੰਦੀਆਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਨਰਸਿੰਗ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਨਰਸ ਸਿਰਫ਼ ਸਿਹਤ ਕਰਮਚਾਰੀ ਹੀ ਨਹੀਂ, ਸਗੋਂ ਮਨੁੱਖਤਾ ਤੇ ਸੇਵਾ ਦੀ ਮੂਰਤ ਹੈ।

-ਇੰਚਾਰਜ, ਅਜੀਤ ਉਪ ਦਫ਼ਤਰ, ਸੰਗਰੂਰ।
ਮੋਬਾਈਲ : 98142-82543

Ad Position 22
No active advertisement
ਪਿਛਲੀ ਖ਼ਬਰ ਬੰਗਾਲ ਨੇ ਆਪਣੀ ਪਛਾਣ ਮੁੜ ਹਾਸਿਲ ਕੀਤੀ ਅਗਲੀ ਖ਼ਬਰ 'ਇੰਡੀਆ ਬਲਾਕ' ਲਈ ਵੱਡੀ ਚੁਣੌਤੀ ਹੈ ਭਾਜਪਾ ਦਾ ਮੁਕਾਬਲਾ ਕਰਨਾ
Ad Position 24