14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

'ਇੰਡੀਆ ਬਲਾਕ' ਲਈ ਵੱਡੀ ਚੁਣੌਤੀ ਹੈ ਭਾਜਪਾ ਦਾ ਮੁਕਾਬਲਾ ਕਰਨਾ

Ad Position 21
No active advertisement
ਅਜੀਤ ਡੈਸਕ 12-05-2026

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ 4 ਮਈ ਨੂੰ ਐਲਾਨੇ ਗਏ ਨਤੀਜੇ ਪੂਰੇ ਭਾਰਤ ਵਿਚ ਭਾਜਪਾ ਦੇ ਹੋਰ ਮਜ਼ਬੂਤ ਹੋਣ ਤੇ ਵਿਰੋਧੀ ਧਿਰ ਦੇ 'ਇੰਡੀਆ' ਗੱਠਜੋੜ ਲਈ ਨਵੇਂ ਝਟਕਿਆਂ ਦਾ ਸਪੱਸ਼ਟ ਸੰਕੇਤ ਦਿੰਦੇ ਹਨ। ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਦੋ ਪ੍ਰਮੁੱਖ ਨੇਤਾ- ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਤੇ ਤਾਮਿਲਨਾਡੂ ਵਿਚ ਐਮ.ਕੇ. ਸਟਾਲਿਨ ਆਪੋ- ਆਪਣੀਆਂ ਸੀਟਾਂ ਹਾਰ ਗਏ ਹਨ ਤੇ ਉਨ੍ਹਾਂ ਦੀਆਂ ਪਾਰਟੀਆਂ ਸੱਤਾ ਗੁਆ ਚੁੱਕੀਆਂ ਹਨ। ਬੰਗਾਲ 'ਚ ਭਾਜਪਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਤਾਮਿਲਨਾਡੂ 'ਚ ਤਾਮਿਲ ਫਿਲਮ ਸੁਪਰ ਸਟਾਰ ਵਿਜੇ ਦੀ ਪਾਰਟੀ ਟੀ.ਵੀ.ਕੇ. ਨੇ ਸੱਤਾਧਾਰੀ ਡੀ.ਐਮ.ਕੇ. ਨੂੰ ਹਰਾ ਕੇ ਤਾਮਿਲਨਾਡੂ ਦੀ ਦੋ-ਧਰੁਵੀ ਦ੍ਰਾਵਿੜ ਰਾਜਨੀਤੀ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਭਾਜਪਾ ਨੇ ਅਸਾਮ 'ਚ ਆਪਣਾ ਦਬਦਬਾ ਹੋਰ ਮਜ਼ਬੂਤ ਕਰ ਲਿਆ ਅਤੇ ਕੇਰਲ ਵਿਚ ਵੀ ਪਹਿਲੀ ਵਾਰ 3 ਵਿਧਾਨ ਸਭਾ ਸੀਟਾਂ ਜਿੱਤੀਆਂ ਹਨ। ਭਾਜਪਾ ਨੇ ਬੰਗਾਲ 'ਚ ਟੀ.ਐਮ.ਸੀ. ਮੁਖੀ ਮਮਤਾ ਬੈਨਰਜੀ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ, ਜਦਕਿ ਤਾਮਿਲਨਾਡੂ ਵਿਚ ਐਮ.ਕੇ. ਸਟਾਲਿਨ ਦੇ ਸੱਤਾ ਤੋਂ ਬਾਹਰ ਹੋਣ ਨਾਲ ਭਾਜਪਾ ਆਪਣੇ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਲਈ ਹੋਰ ਵਧੇਰੇ ਸਰਗਰਮ ਹੋ ਸਕਦੀ ਹੈ। ਹਾਲਾਂਕਿ ਟੀ.ਵੀ.ਕੇ. ਮੁਖੀ ਵਿਜੇ ਨੇ ਡੀ.ਐਮ.ਕੇ. ਗੱਠਜੋੜ ਸਹਿਯੋਗੀਆਂ ਕਾਂਗਰਸ, ਖੱਬੇਪੱਖੀਆਂ ਅਤੇ ਹੋਰ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ।
ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਦੀ ਅਗਵਾਈ ਵਾਲੀ ਯੂ.ਡੀ.ਐਫ. ਨੇ 2026 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੇਰਲ ਦੀ ਸੱਤਾ 'ਤੇ ਮੁੜ ਕਬਜ਼ਾ ਕਰ ਲਿਆ ਹੈ। ਕਾਂਗਰਸ ਨੂੰ ਇਸ ਸਾਲ ਜਨਵਰੀ ਵਿਚ ਹੋਈਆਂ ਸਥਾਨਕ ਚੋਣਾਂ ਦੌਰਾਨ ਮਿਲੇ ਵੱਡੇ ਹੁਲਾਰੇ ਤੋਂ ਉਮੀਦ ਬੱਝ ਗਈ ਸੀ ਕਿ ਪਾਰਟੀ ਇਸ ਵਾਰ ਸੱਤਾ ਹਾਸਿਲ ਕਰ ਸਕਦੀ ਹੈ, ਹਾਲਾਂਕਿ ਸੱਤਾ ਤਬਦੀਲੀ ਕੇਰਲਾ ਵਿਚ ਇਕ ਆਮ ਪ੍ਰਕਿਰਿਆ ਹੈ। ਭਾਵੇਂ ਕੇਰਲਾ 'ਚ ਸੀ.ਪੀ.ਆਈ.-ਐਮ ਦੀ ਅਗਵਾਈ ਵਾਲਾ ਐਲ.ਡੀ.ਐਫ. ਗੱਠਜੋੜ ਚੋਣਾਂ ਹਾਰ ਗਿਆ ਹੈ, ਪਰ ਇਸ ਦਾ ਸੰਗਠਨਾਤਮਿਕ ਆਧਾਰ ਬਹੁਤ ਮਜ਼ਬੂਤ ਹੋਣ ਕਰਕੇ ਇਹ ਗੱਠਜੋੜ ਅਗਲੀਆਂ ਚੋਣਾਂ ਮੌਕੇ ਸੱਤਾ 'ਚ ਮੁੜ ਵਾਪਸੀ ਲਈ ਪੂਰੀ ਕੋਸਿਸ਼ ਕਰੇਗਾ। ਪਰ ਕੇਰਲਾ 'ਚ ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਲਈ ਚਿੰਤਾ ਦੀ ਗੱਲ ਇਹ ਹੈ ਕਿ ਸੂਬੇ 'ਚ ਭਾਜਪਾ ਦਾ ਲਗਾਤਾਰ ਪ੍ਰਭਾਵ ਵਧ ਰਿਹਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਇਕ ਸੀਟ ਜਿੱਤਣ ਬਾਅਦ ਐਤਕੀਂ ਵਿਧਾਨ ਸਭਾ ਚੋਣਾਂ ਦੌਰਾਨ 3 ਸੀਟਾਂ ਜਿੱਤੀਆਂ ਹਨ। ਭਾਜਪਾ 2029 ਦੀਆਂ ਲੋਕ ਸਭਾ ਚੋਣਾਂ ਤੱਕ ਕੇਰਲ ਵਿਚ ਆਪਣੀ ਤਾਕਤ ਵਧਾਉਣ ਲਈ ਪੂਰੀ ਕੋਸ਼ਿਸ਼ ਕਰੇਗੀ। ਕਾਂਗਰਸ ਦਾ ਪੱਛਮੀ ਬੰਗਾਲ ਦੀਆਂ ਸਾਰੀਆਂ 294 ਸੀਟਾਂ 'ਤੇ ਚੋਣ ਲੜਨ ਦਾ ਉਦੇਸ਼ ਵੋਟ ਫ਼ੀਸਦੀ ਨਾਲ ਪਾਰਟੀ ਦੇ ਆਧਾਰ ਦਾ ਪਤਾ ਲਗਾਉਣਾ ਸੀ, ਹਾਲਾਂਕਿ ਪਾਰਟੀ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹੈ। ਅਸਾਮ 'ਚ ਕਾਂਗਰਸ ਭਾਜਪਾ ਦੀਆਂ 102 ਸੀਟਾਂ ਦੇ ਮੁਕਾਬਲੇ ਸਿਰਫ਼ 21 ਸੀਟਾਂ ਜਿੱਤ ਸਕੀ ਹੈ ਕਿਉਂਕਿ ਕਾਂਗਰਸ ਹਾਈਕਮਾਨ ਅਸਾਮ ਵਿਚ ਇਕ ਸੰਯੁਕਤ ਮੋਰਚਾ ਬਣਾਉਣ 'ਚ ਨਾਕਾਮ ਰਹੀ ਸੀ। ਦਰਅਸਲ ਭਾਜਪਾ ਕੋਲ ਧਰੁਵੀਕਰਨ ਦੀ ਇਕ ਅਜਿਹੀ ਰਣਨੀਤੀ ਹੈ, ਜੋ ਬਹੁਤੇ ਸੂਬਿਆਂ 'ਚ ਕੰਮ ਕਰਦੀ ਰਹੀ ਹੈ। ਤਾਮਿਲਨਾਡੂ 'ਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਡੀ.ਐਮ.ਕੇ 'ਤੇ ਨਿਰਭਰ ਰਹੀ ਹੈ ਤੇ ਚੋਣ ਨਤੀਜਿਆਂ ਬਾਅਦ ਕਾਂਗਰਸ ਨੇ ਡੀ.ਐਮ.ਕੇ. ਗੱਠਜੋੜ ਨੂੰ ਛੱਡ ਕੇ ਸਰਕਾਰ ਬਣਾਉਣ ਲਈ ਵਿਜੇ ਦੀ ਪਾਰਟੀ ਟੀ.ਵੀ.ਕੇ. ਨੂੰ ਸਮਰਥਨ ਦੇ ਦਿੱਤਾ ਹੈ। ਕੁਝ ਸੂਬਾਈ ਕਾਂਗਰਸ ਆਗੂ ਚੋਣਾਂ ਤੋਂ ਪਹਿਲਾਂ ਵੀ ਵਿਜੇ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ।
ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਸਭ ਤੋਂ ਵੱਡੀ ਪ੍ਰਾਪਤੀ ਬੰਗਾਲ 'ਚ ਪਿਛਲੇ 15 ਸਾਲਾਂ ਤੋਂ ਸੱਤਾਧਾਰੀ ਟੀ.ਐਮ.ਸੀ. ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਹੈ। ਦਰਅਸਲ ਭਾਜਪਾ ਹਾਈਕਮਾਨ ਨੇ 'ਅੰਗ' ਤੇ 'ਕਲਿੰਗ' ਭਾਵ ਬਿਹਾਰ ਤੇ ਓਡੀਸ਼ਾ ਤੋਂ ਬਾਅਦ 'ਬੰਗ' (ਬੰਗਾਲ) ਨੂੰ ਜਿੱਤਣ ਦੇ ਆਪਣੇ ਟੀਚੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਹਾਂ ਨੇ ਰੈਲੀਆਂ, ਰੋਡ ਸ਼ੋਅ ਕਰਦਿਆਂ ਬੰਗਾਲ ਵਿਚ ਕਈ-ਕਈ ਦਿਨ ਬਿਤਾਏ। ਭਾਰਤ ਦੇ ਚੋਣ ਇਤਿਹਾਸ ਵਿਚ ਕਦੇ ਵੀ ਹੋਰ ਸੂਬਿਆਂ ਦੇ ਅਧਿਕਾਰੀਆਂ ਨੂੰ ਇੰਨੇ ਵੱਡੇ ਪੱਧਰ 'ਤੇ ਤਾਇਨਾਤ ਨਹੀਂ ਕੀਤਾ ਗਿਆ ਸੀ ਅਤੇ ਸੂਬੇ ਦੇ ਬਹੁਤ ਸਾਰੇ ਅਧਿਕਾਰੀਆਂ ਦੇ ਤਬਾਦਲੇ ਭਾਜਪਾ ਨੇਤਾਵਾਂ ਦੁਆਰਾ ਪ੍ਰਦਾਨ ਕੀਤੀਆਂ ਸੂਚੀਆਂ ਦੇ ਆਧਾਰ 'ਤੇ ਕੀਤੇ ਗਏ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਚੋਣਾਂ ਦੌਰਾਨ ਟੀ.ਐਮ.ਸੀ. ਸਰਕਾਰ ਤੇ ਪਾਰਟੀ ਦੋਵੇਂ ਪੂਰੀ ਤਰ੍ਹਾਂ ਕੇਂਦਰ ਦੀ ਸਰਕਾਰੀ ਮਸ਼ੀਨਰੀ ਦੀ ਘੇਰਾਬੰਦੀ 'ਚ ਸਨ। ਬਿਨਾਂ ਸ਼ੱਕ ਸੱਤਾ ਵਿਰੋਧੀ ਲਹਿਰ ਤੋਂ ਇਲਾਵਾ ਕੇਂਦਰੀ ਏਜੰਸੀਆਂ ਦੀ ਸ਼ੱਕੀ ਭੂਮਿਕਾ ਨੇ ਚੋਣਾਂ ਵਿਚ ਟੀ.ਐਮ.ਸੀ. ਦੀ ਹਾਰ ਲਈ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਐਸ.ਆਈ.ਆਰ. ਤਹਿਤ ਵੱਡੇ ਪੱਧਰ 'ਤੇ ਵੋਟਰਾਂ ਦੇ ਨਾਂਅ ਕੱਟਣ ਨਾਲ ਟੀ.ਐਮ.ਸੀ. ਨੂੰ ਬਹੁਤ ਨੁਕਸਾਨ ਹੋਇਆ ਹੈ। ਸਿਰਫ਼ ਹਿੰਦੂ ਵੋਟਰਾਂ ਦੀ ਇਕਜੁੱਟਤਾ ਕਾਰਨ ਬੰਗਾਲ ਵਿਚ ਟੀ.ਐਮ.ਸੀ. ਦੀ ਕਰਾਰੀ ਹਾਰ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਵੋਟਿੰਗ ਅੰਕੜਿਆਂ ਅਨੁਸਾਰ ਕੁਝ ਮੁਸਲਿਮ ਵੋਟਰ ਵੀ ਭਾਜਪਾ ਵੱਲ ਮੁੜੇ ਹਨ, ਜੋ ਟੀ.ਐਮ.ਸੀ. ਲੀਡਰਸ਼ਿਪ ਖ਼ਾਸ ਕਰਕੇ ਮਮਤਾ ਬੈਨਰਜੀ ਲਈ ਵੱਡੀ ਚੁਣੌਤੀ ਵਾਂਗ ਹੈ। ਭਾਜਪਾ ਦੀ ਸੂਬਾਈ ਲੀਡਰਸ਼ਿਪ ਟੀ.ਐਮ.ਸੀ. ਨੂੰ ਪੂਰੀ ਤਰ੍ਹਾਂ ਹਾਸ਼ੀਏ 'ਤੇ ਧੱਕਣਾ ਚਾਹੁੰਦੀ ਹੈ, ਇਸ ਲਈ ਬੰਗਾਲ 'ਚ ਅੰਦਰੂਨੀ ਟਕਰਾਅ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਸ਼ਾਇਦ ਇਸੇ ਲਈ ਅਗਲੇ 60 ਦਿਨਾਂ ਲਈ ਕੇਂਦਰੀ ਬਲ ਉੱਥੇ ਤਾਇਨਾਤ ਰਹਿਣਗੇ। ਬੰਗਾਲ 'ਚ ਆਪਣੀ ਹਾਰ ਤੋਂ ਬਾਅਦ ਮਮਤਾ ਬੈਨਰਜੀ ਇਨ੍ਹਾਂ ਮੁੱਦਿਆਂ ਨਾਲ ਕਿਵੇਂ ਨਜਿੱਠੇਗੀ, ਇਹ ਦੇਖਣਾ ਬਾਕੀ ਹੈ।
ਬੰਗਾਲ 'ਚ ਸੀ.ਪੀ.ਆਈ.-ਐਮ ਨੇ ਇੱਕਲੇ 195 ਸੀਟਾਂ 'ਤੇ ਚੋਣ ਲੜਦਿਆਂ 4.45 ਫ਼ੀਸਦੀ ਵੋਟ ਪ੍ਰਾਪਤ ਕਰਕੇ 1 ਸੀਟ ਜਿੱਤੀ ਹੈ। ਮਤਲਬ ਪਿਛਲੇ 5 ਸਾਲਾਂ ਦੌਰਾਨ ਪਾਰਟੀ ਦੀ ਵੋਟ ਹਿੱਸੇਦਾਰੀ 'ਚ ਕੋਈ ਬਦਲਾਅ ਨਹੀਂ ਆਇਆ, ਹਾਲਾਂਕਿ ਪਾਰਟੀ ਦੇ ਕੁਝ ਨੌਜਵਾਨ ਉਮੀਦਵਾਰਾਂ ਨੇ ਉਮੀਦਾਂ ਜ਼ਰੂਰ ਜਗਾਈਆਂ ਹਨ। ਪਾਰਟੀ ਨੂੰ ਚੋਣ ਨਤੀਜਿਆਂ ਦੀ ਸਮੀਖਿਆ ਕਰਦਿਆਂ ਸੂਬੇ 'ਚ ਨਵੀਂ ਭਾਜਪਾ ਸਰਕਾਰ ਦਾ ਸਾਹਮਣਾ ਕਰਨ ਲਈ ਆਪਣੇ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗਾ। ਮੌਜੂਦਾ ਰਾਜਨੀਤਿਕ ਮਾਹੌਲ ਨੂੰ ਦੇਖਦਿਆਂ ਖੱਬੇ ਪੱਖੀ ਪਾਰਟੀਆਂ ਨੂੰ ਭਾਜਪਾ ਦਾ ਮੁਕਾਬਲਾ ਕਰਨ ਲਈ ਟੀ.ਐਮ.ਸੀ. ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਭਾਜਪਾ ਬੰਗਾਲ 'ਚ ਤਾਨਾਸ਼ਾਹੀ ਵਾਲਾ ਰੁਖ਼ ਅਪਣਾ ਸਕਦੀ ਹੈ। ਹੁਣ 'ਇੰਡੀਆ' ਗੱਠਜੋੜ ਨੂੰ ਚੋਣ ਨਤੀਜਿਆਂ ਦੀ ਸਮੀਖਿਆ ਕਰਨ ਅਤੇ ਭਾਜਪਾ ਤੇ ਨਰਿੰਦਰ ਮੋਦੀ ਸਰਕਾਰ ਦਾ ਮੁਕਾਬਲਾ ਕਰਨ ਲਈ ਇਕ ਠੋਸ ਰਣਨੀਤੀ ਤਿਆਰ ਕਰਨ ਲਈ ਆਪਣੇ ਸਹਿਯੋਗੀਆਂ ਦੀ ਇਕ ਬੈਠਕ ਬੁਲਾਉਣੀ ਚਾਹੀਦੀ ਹੈ। ਭਾਜਪਾ ਸਰਕਾਰ ਤੇ ਕੇਂਦਰੀ ਏਜੰਸੀਆਂ ਦੀ ਤਾਕਤ ਅੱਗੇ ਵਿਰੋਧੀ ਧਿਰ ਦੀਆਂ ਸਭ ਪਾਰਟੀਆਂ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ ਹੈ। ਇਸ ਲਈ ਸਭ ਪਾਰਟੀਆਂ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਭੱਖਦੇ ਮੁੱਦਿਆਂ ਦੇ ਹੱਲ ਲਈ ਆਪਸੀ ਸਹਿਮਤੀ ਤੇ ਸੂਝਬੂਝ ਨਾਲ ਐਨ.ਡੀ.ਏ. ਤੇ ਮੋਦੀ ਸਰਕਾਰ ਦੇ ਵਿਰੁੱਧ ਇਕੱਠੇ ਹੋਣਾ ਚਾਹੀਦਾ ਹੈ। ਇਹ ਵਿਧਾਨ ਸਭਾ ਚੋਣਾਂ 'ਇੰਡੀਆ ਅਲਾਇੰਸ' ਲਈ ਇਕ ਬੁਰਾ ਮੋੜ ਸਾਬਤ ਹੋਈਆਂ ਹਨ, ਜਿਸ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਦਾ ਕੁੱਝ ਸਮਾਂ ਭਾਜਪਾ ਲਈ ਇਕ ਮੁਸ਼ਕਿਲ ਦੌਰ ਸੀ। ਇੰਡੀਆ ਗੱਠਜੋੜ ਦੇ ਨੇਤਾਵਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਉਹ ਇਕੱਠੇ ਨਾ ਹੋਏ ਤਾਂ ਬੇਹੱਦ ਮਜ਼ਬੂਤ ਸਥਿਤੀ ਵਿਚ ਪਹੁੰਚ ਚੁੱਕੀਆਂ 'ਭਗਵਾ' ਤਾਕਤਾਂ ਦਾ ਦ੍ਰਿੜਤਾ ਨਾਲ ਸਾਹਮਣਾ ਨਹੀਂ ਕਰ ਸਕਣਗੇ ਅਤੇ ਇਕ ਰਾਸ਼ਟਰ ਦੇ ਰੂਪ ਵਿਚ ਭਾਰਤ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ।
(ਸੰਵਾਦ)

 

Ad Position 22
No active advertisement
ਪਿਛਲੀ ਖ਼ਬਰ ਸਿਹਤ ਸੇਵਾਵਾਂ ਵਿਚ ਅਹਿਮ ਸਥਾਨ ਰੱਖਦਾ ਹੈ ਨਰਸਿੰਗ ਦਾ ਕਿੱਤਾ ਅਗਲੀ ਖ਼ਬਰ ਤਾਮਿਲਨਾਡੂ ਦੀ ਨਵੀਂ ਸ਼ੁਰੂਆਤ
Ad Position 24