14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਤਾਮਿਲਨਾਡੂ ਦੀ ਨਵੀਂ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 12-05-2026

ਤਾਮਿਲਨਾਡੂ ਵਿਚ ਸੀ. ਜੋਸਫ਼ ਵਿਜੇ ਵਲੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਨਾਲ ਚਿਰਾਂ ਤੋਂ ਦੋ ਦ੍ਰਾਵਿੜ ਪਾਰਟੀਆਂ ਦੇ ਵਾਰੋ-ਵਾਰੀ ਰਾਜ ਕਰਨ ਦਾ ਦੌਰ ਇਕ ਵਾਰ ਤਾਂ ਖ਼ਤਮ ਹੋ ਗਿਆ ਹੈ। ਪਿਛਲੇ 60 ਸਾਲ ਤੋਂ ਦ੍ਰਾਵਿੜ ਮੁਨੇਤਰ ਕਜ਼ਗਮ (ਡੀ.ਐਮ.ਕੇ.) ਅਤੇ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕਜ਼ਗਮ (ਏ.ਆਈ.ਏ.ਡੀ.ਐਮ.ਕੇ) ਪਾਰਟੀਆਂ ਕੋਲੋਂ ਸੱਤਾ ਖੋਹਣਾ ਉੱਥੇ ਇਕ ਇਨਕਲਾਬ ਤੋਂ ਘੱਟ ਨਹੀਂ ਹੈ। ਪਿਛਲੇ ਲੰਮੇ ਸਮੇਂ ਤੋਂ ਤਾਮਿਲਨਾਡੂ ਦੀ ਸਿਆਸਤ ਵਿਚ ਇਕ ਵਿਸ਼ੇਸ਼ ਗੱਲ ਇਹ ਵੀ ਦੇਖੀ ਗਈ ਹੈ ਕਿ ਇੱਥੇ ਫ਼ਿਲਮੀ ਹਸਤੀਆਂ ਨੂੰ ਹੀ ਵਧੇਰੇ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਸੀ.ਐਨ. ਅੰਨਾਦੁਰਾਈ ਜਿਨ੍ਹਾਂ ਨੇ ਡੀ.ਐਮ.ਕੇ. ਪਾਰਟੀ ਦੀ ਨੀਂਹ ਰੱਖੀ ਸੀ, ਉਹ ਤਾਮਿਲ ਫ਼ਿਲਮਾਂ ਦੇ ਮਸ਼ਹੂਰ ਕਹਾਣੀ ਲੇਖਕ ਸਨ। ਉਹ 1967 ਵਿਚ ਮੁੱਖ ਮੰਤਰੀ ਬਣੇ। ਉਸ ਸਮੇਂ ਇਸ ਨੂੰ ਮਦਰਾਸ ਸਟੇਟ ਕਿਹਾ ਜਾਂਦਾ ਸੀ। 1969 ਵਿਚ ਤਾਮਿਲਨਾਡੂ ਰਾਜ ਦੇ ਬਣਨ 'ਤੇ ਵੀ ਉਹ ਉੱਥੋਂ ਦੇ ਪਹਿਲੇ ਮੁੱਖ ਮੰਤਰੀ ਸਨ।
ਇਸੇ ਹੀ ਤਰ੍ਹਾਂ ਫ਼ਿਲਮੀ ਕਹਾਣੀ ਲੇਖਕ ਐਮ. ਕਰੁਣਾਨਿਧੀ, ਜਿਨ੍ਹਾਂ ਦੇ 75 ਦੇ ਲਗਭਗ ਸਕ੍ਰਿਪਟ (ਕਹਾਣੀਆਂ) ਅਤੇ ਡਾਇਲਾਗ ਲਿਖੇ ਸਨ, ਉਹ ਵੀ ਲਗਭਗ 20 ਸਾਲ ਤੱਕ ਇੱਥੋਂ ਦੇ ਮੁੱਖ ਮੰਤਰੀ ਰਹੇ। ਇਸੇ ਹੀ ਤਰ੍ਹਾਂ ਐਮ.ਜੀ. ਰਾਮਚੰਦਰਨ (ਐਮ.ਜੀ.ਆਰ.) ਜਿਨ੍ਹਾਂ ਨੇ 140 ਫ਼ਿਲਮਾਂ ਵਿਚ ਭੂਮਿਕਾ ਨਿਭਾਈ, ਨੇ ਡੀ.ਐਮ.ਕੇ. ਤੋਂ ਵੱਖਰੀ ਅੰਨਾ. ਡੀ.ਐਮ.ਕੇ. ਦਾ ਗਠਨ ਕੀਤਾ ਅਤੇ 1977 ਵਿਚ ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ। ਇਸੇ ਹੀ ਤਰ੍ਹਾਂ ਐਮ.ਜੀ.ਆਰ. ਨਾਲ ਬਹੁਤੀਆਂ ਫ਼ਿਲਮਾਂ ਵਿਚ ਰੋਲ ਨਿਭਾਉਣ ਵਾਲੀ ਅਦਾਕਾਰਾ ਜੈ ਲਲਿਤਾ ਵੀ ਤਾਮਿਲਨਾਡੂ ਦੀ 6 ਵਾਰ ਮੁੱਖ ਮੰਤਰੀ ਬਣੀ। ਵਿਜੇ ਵੀ ਇਸ ਰਾਜ ਦਾ ਇਕ ਬੇਹੱਦ ਹਰਮਨ ਪਿਆਰਾ ਫ਼ਿਲਮੀ ਅਦਾਕਾਰ ਰਿਹਾ ਹੈ, ਜਿਸ ਨੇ 2 ਸਾਲ ਪਹਿਲਾਂ ਹੀ ਆਪਣੀ ਪਾਰਟੀ ਤਾਮਿਲਗਾ ਵੇਤਰੀ ਕਜ਼ਗਮ (ਟੀ.ਵੀ.ਕੇ.) ਦਾ ਆਪਣੇ ਪਿਤਾ ਨਾਲ ਮਿਲ ਕੇ ਗਠਨ ਕੀਤਾ ਅਤੇ ਥੋੜ੍ਹੇ ਸਮੇਂ ਵਿਚ ਹੀ ਉਹ ਉੱਥੋਂ ਦਾ ਬੇਹੱਦ ਹਰਮਨ ਪਿਆਰਾ ਆਗੂ ਵੀ ਬਣ ਗਿਆ। ਰਾਜ ਦੀਆਂ ਚੋਣਾਂ ਦੌਰਾਨ ਉਸ ਦੀ ਪਾਰਟੀ ਨੇ 108 ਸੀਟਾਂ ਜਿੱਤ ਕੇ ਸਿਆਸਤ ਵਿਚ ਇਕ ਤਰਥੱਲੀ ਮਚਾ ਦਿੱਤੀ। ਪਿਛਲੇ 6 ਦਹਾਕਿਆਂ ਤੋਂ ਵਾਰੋ-ਵਾਰੀ ਰਾਜ ਕਰ ਰਹੀਆਂ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ. ਉਸ ਦੇ ਚੋਣ ਪ੍ਰਚਾਰ ਸਾਹਮਣੇ ਚਿੱਤ ਹੋ ਗਈਆਂ। ਐਮ.ਕੇ. ਸਟਾਲਿਨ ਵਰਗਾ ਧੁਰੰਧਰ ਆਗੂ ਵੀ ਵਿਜੇ ਦੀ ਸਿਆਸੀ ਹਨੇਰੀ ਨਾਲ ਡਗਮਗਾ ਗਿਆ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ 4 ਦਿਨ ਤੱਕ ਸਿਆਸੀ ਕਸ਼ਮਕਸ਼ ਚਲਦੀ ਰਹੀ। ਤਾਮਿਲਨਾਡੂ ਦੀ ਵਿਧਾਨ ਸਭਾ ਦੀਆਂ 234 ਸੀਟਾਂ ਹਨ। ਵਿਜੇ ਦੋ ਸੀਟਾਂ 'ਤੇ ਜਿੱਤਿਆ ਸੀ। ਸਰਕਾਰ ਬਣਾਉਣ ਲਈ ਉਸ ਨੂੰ 10 ਹੋਰ ਵਿਧਾਇਕਾਂ ਦੀ ਜ਼ਰੂਰਤ ਸੀ। ਡੀ.ਐਮ.ਕੇ. ਨਾਲ ਰਲ ਕੇ ਚੋਣ ਲੜਨ ਵਾਲੀ ਕਾਂਗਰਸ ਨੂੰ 5 ਸੀਟਾਂ ਮਿਲੀਆਂ ਸਨ, ਪਰ ਉਸ ਦੇ ਸਮਰਥਨ ਤੋਂ ਬਾਅਦ ਵੀ ਬਹੁਮਤ ਲਈ ਵਿਜੇ ਨੂੰ ਹੋਰ ਪਾਰਟੀਆਂ ਦੇ ਸਮਰਥਨ ਦੀ ਜ਼ਰੂਰਤ ਸੀ।
ਮਾਰਕਸੀ ਪਾਰਟੀ ਅਤੇ ਸੀ.ਪੀ.ਆਈ. ਦੇ 2-2 ਮੈਂਬਰਾਂ ਦੇ ਸਮਰਥਨ ਤੋਂ ਬਾਅਦ ਉਸ ਨੂੰ 2 ਹੋਰ ਛੋਟੀਆਂ ਪਾਰਟੀਆਂ ਦਾ ਸਮਰਥਨ ਵੀ ਮਿਲ ਗਿਆ। ਸਹੁੰ ਚੁੱਕ ਸਮਾਗਮ ਸਮੇਂ ਵਿਜੇ ਨੇ ਬਹੁਤ ਸਪੱਸ਼ਟ ਸ਼ਬਦਾਂ ਵਿਚ ਇਹ ਕਿਹਾ ਕਿ ਉਸ ਦਾ ਪ੍ਰਸ਼ਾਸਨ ਪਾਰਦਰਸ਼ੀ ਹੋਵੇਗਾ ਅਤੇ ਇਹ ਵੀ ਕਿ ਉਹ ਆਪਣੀ ਸਰਕਾਰ ਵਿਚ ਧਰਮ-ਨਿਰਪੱਖਤਾ ਅਤੇ ਸਮਾਜਿਕ ਨਿਆਂ ਨੂੰ ਪਹਿਲ ਦੇਵੇਗਾ। ਇਹ ਵੀ ਕਿ ਜੋ ਵਾਅਦੇ ਉਸ ਨੇ ਕੀਤੇ ਹਨ, ਉਹ ਹਰ ਸੂਰਤ ਵਿਚ ਪੂਰੇ ਕੀਤੇ ਜਾਣਗੇ। ਤਾਮਿਲਨਾਡੂ ਵਿਚ ਬਣੇ ਨਵੇਂ ਸਿਆਸੀ ਸਮੀਕਰਨਾਂ ਨੇ ਬਿਨਾਂ ਸ਼ੱਕ ਉੱਥੇ ਇਕ ਅਜਿਹੇ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ, ਜਿਸ ਤੋਂ ਸੂਬੇ ਦੇ ਵਿਕਾਸ ਲਈ ਵੱਡੀਆਂ ਉਮੀਦਾਂ ਰੱਖੀਆਂ ਜਾ ਸਕਦੀਆਂ ਹਨ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ 'ਇੰਡੀਆ ਬਲਾਕ' ਲਈ ਵੱਡੀ ਚੁਣੌਤੀ ਹੈ ਭਾਜਪਾ ਦਾ ਮੁਕਾਬਲਾ ਕਰਨਾ ਅਗਲੀ ਖ਼ਬਰ ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ: ਜਾਨਸਨ
Ad Position 24