13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਘਰਾਂ 'ਚ ਸਾਫ਼ ਪਾਣੀ ਦੀ ਦੁਰਵਰਤੋਂ ਰੋਕਣਾ ਜ਼ਰੂਰੀ

ਘਰਾਂ 'ਚ ਸਾਫ਼ ਪਾਣੀ ਦੀ ਦੁਰਵਰਤੋਂ ਰੋਕਣਾ ਜ਼ਰੂਰੀ

Ad Position 21
No active advertisement
ਅਜੀਤ ਡੈਸਕ 14-10-2026

ਰੋਜ਼ਾਨਾ ਜੀਵਨ 'ਚ ਇਹ ਆਮ ਵੇਖਿਆ ਜਾਂਦਾ ਹੈ ਕਿ ਘਰਾਂ ਵਿਚ ਸੈਂਕੜਿਆਂ ਤੋਂ ਲੈ ਕੇ ਹਜ਼ਾਰਾਂ ਲੀਟਰ ਸਾਫ਼ ਪਾਣੀ ਅਜਾਈਾ ਨਾਲੀਆਂ 'ਚ ਜਾ ਰਿਹਾ ਹੈ | ਅਸੀਂ ਸੁਚੇਤ-ਅਚੇਤ ਰੂਪ 'ਚ ਇਸ ਦਾ ਭੋਰਾ ਫ਼ਿਕਰ ਨਹੀਂ ਕਰਦੇ | ਸਾਡੀ ਨਿੱਤ ਦੀ ਵਰਤੋਂ ਹਜ਼ਾਰਾਂ ਲੀਟਰ ਪਾਣੀ ਨੂੰ  ਗੰਦਾ ਕਰਕੇ ਛੱਪੜਾਂ ਤੇ ਨਾਲਿਆਂ 'ਚ ਵਹਾ ਰਹੀ ਹੈ | ਸਾਡੇ ਕੋਲ ਅਜਿਹੀ ਉਚਿਤ ਵਿਵਸਥਾ ਨਹੀਂ ਕਿ ਅਸੀਂ ਗੰਦੇ ਪਾਣੀ ਨੂੰ  ਗੁਣਵੱਤਾ ਮਸ਼ੀਨਾਂ ਜ਼ਰੀਏ ਸਾਫ਼ ਕਰਕੇ ਮੁੜ ਵਰਤੋਂ ਯੋਗ ਬਣਾ ਸਕੀਏ | ਇਸ ਪਾਣੀ 'ਚੋਂ ਮਾੜੇ ਰਸਾਇਣ ਕੱਢ ਕੇ ਇਸ ਨੂੰ  ਖੇਤੀ ਤੇ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ, ਪਰ ਅਜਿਹਾ ਕੁਝ ਨਹੀਂ ਹੋ ਰਿਹਾ | ਆਧੁਨਿਕ ਹੋਈ ਜੀਵਨ ਸ਼ੈਲੀ ਨੇ ਜਿੱਥੇ ਸਾਫ਼ ਪਾਣੀ ਦੀ ਵਧੇਰੇ ਖ਼ਪਤ ਵਧਾਈ ਹੈ, ਉੱਥੇ ਹੀ ਇਸ ਦੀ ਦੁਰਵਰਤੋਂ 'ਚ ਵੀ ਕਾਫ਼ੀ ਵਾਧਾ ਹੋਇਆ ਹੈ | ਪਾਣੀ ਦੀ ਵਰਤੋਂ ਦੇ ਢੰਗ ਕਿਵੇਂ ਬਦਲੇ ਹਨ? ਆਓ ਵਿਚਾਰ ਕਰੀਏ-

ਪਹਿਲੇ ਸਮਿਆਂ 'ਚ ਸਾਡੀਆਂ ਮਾਵਾਂ, ਭੈਣਾਂ ਤੇ ਧੀਆਂ ਕੱਪੜੇ ਹੱਥੀਂ ਧੋਂਦੀਆਂ ਸਨ ਤੇ ਮਸ੍ਹਾਂ ਦੋ-ਤਿੰਨ ਬਾਲਟੀਆਂ ਨਾਲ ਸਾਰੇ ਟੱਬਰ ਦੇ ਕੱਪੜੇ ਧੋਤੇ ਜਾਂਦੇ ਸਨ | ਅਜੋਕੇ ਸਮੇਂ 'ਚ ਘਰ-ਘਰ ਵਾਸ਼ਿੰਗ ਮਸ਼ੀਨਾਂ ਹਨ, ਜਿਸ ਨਾਲ ਪਾਣੀ ਦੀ ਖ਼ਪਤ ਬਹੁਤ ਵਧ ਗਈ ਹੈ | ਕਈ ਵਾਰ ਅਸੀਂ ਟੂਟੀ ਬੰਦ ਕਰਨੀ ਹੀ ਭੁੱਲ ਜਾਂਦੇ ਹਾਂ ਤੇ ਸੈਂਕੜੇ ਲੀਟਰ ਸਾਫ਼ ਪਾਣੀ ਨਾਲੀਆਂ 'ਚ ਵਹਿ ਜਾਂਦਾ ਹੈ | ਇਵੇਂ ਹੀ ਬਾਥਰੂਮਾਂ ਵਿਚ ਸਾਡੀਆਂ ਇੰਗਲਿਸ਼ ਸੀਟਾਂ ਦੇ ਬਟਨ ਕਈ ਵਾਰ ਦੱਬੇ ਰਹਿ ਜਾਂਦੇ ਹਨ, ਜਿਸ ਦੇ ਸਿੱਟੇ ਵਜੋਂ ਸੈਂਕੜੇ ਲੀਟਰ ਟੈਂਕੀ ਦਾ ਸਾਰਾ ਪਾਣੀ ਵਹਿ ਜਾਂਦਾ ਹੈ | ਸਾਡੇ ਘਰਾਂ 'ਚ ਇਕ ਆਮ ਤੋਂ ਆਮ ਪਰਿਵਾਰ ਨੇ ਵੀ 500 ਤੋਂ ਲੈ ਕੇ 1000 ਲੀਟਰ ਤੱਕ ਟੈਂਕੀ ਘਰ 'ਤੇ ਟਿਕਾਈ ਹੋਈ ਹੈ | ਆਮ ਵੇਖਿਆ ਜਾਂਦਾ ਹੈ ਕਿ ਰਸੋਈ 'ਚ ਭਾਂਡੇ ਧੋਣ ਸਮੇਂ ਟੂਟੀ ਨੂੰ  ਪੂਰੀ ਖੋਲ੍ਹ ਲਿਆ ਜਾਂਦਾ ਹੈ, ਤਾਂ ਕਿ ਭਾਂਡਿਆਂ ਨੂੰ  ਜਲਦੀ ਧੋਤਾ ਜਾ ਸਕੇ | ਕਈ ਵਾਰ ਭਾਂਡੇ ਧੋਣ ਵਾਲਾ ਵਿਅਕਤੀ ਓਨਾ ਫ਼ੁਰਤੀਲਾ ਨਹੀਂ ਹੁੰਦਾ ਤੇ ਉਹ ਵਧੇਰੇ ਸਮਾਂ ਲਾ ਕੇ ਪਾਣੀ ਬਹੁਤ ਜ਼ਿਆਦਾ ਮਾਤਰਾ 'ਚ ਖ਼ਪਾ ਦਿੰਦਾ ਹੈ | ਇਵੇਂ ਹੀ ਵਾਸ਼-ਬੇਸਨ ਸਾਹਮਣੇ ਖੜ੍ਹ ਕੇ ਬੁਰਸ਼ ਕਰਨ ਵਾਲੇ ਵਿਅਕਤੀ ਇਕ ਵਾਰ ਟੂਟੀ ਪੂਰੀ ਖੋਲ੍ਹ ਲੈਂਦੇ ਹਨ ਤੇ ਜਿੰਨਾ ਸਮਾਂ ਉਹ ਬੁਰਸ਼ ਕਰਦੇ ਹਨ, ਓਨਾ ਸਮਾਂ ਟੂਟੀ ਖੁੱਲ੍ਹੀ ਹੀ ਰਹਿੰਦੀ ਹੈ ਤੇ ਪਾਣੀ ਅਜਾਈਾ ਚਲਾ ਜਾਂਦਾ ਹੈ | ਸਾਡੇ ਘਰਾਂ ਅੰਦਰ ਨਵੇਂ ਬਣ ਰਹੇ ਮਕਾਨ ਦੀ ਉਸਾਰੀ ਕਰਦੇ ਸਮੇਂ ਅੱਜਕੱਲ੍ਹ ਇੱਟਾਂ ਦੀ ਤਰਾਈ ਮੱਛੀ ਮੋਟਰ (ਸਬਮਰਸੀਬਲ) ਦੀ ਮੋਟੀ ਪਾਈਪ ਨਾਲ ਕੀਤੀ ਜਾਣ ਲੱਗੀ ਹੈ | ਹਾਲਾਂ ਕਿ ਕਈ ਸਾਲ ਪਹਿਲਾਂ ਇਹ ਤਰਾਈ ਦਾ ਕੰਮ ਪੌਣੀ ਇੰਚ ਵਾਲੀ ਪਾਈਪ ਨਾਲ ਛੋਟੀ ਮੋਟਰ ਦੁਆਰਾ ਕੀਤਾ ਜਾਂਦਾ ਸੀ | ਸਬਮਰਸੀਬਲ ਮੋਟਰ ਦੀ ਮੋਟੀ ਪਾਈਪ ਨਾਲ ਇੱਟਾਂ ਦੀ ਤਰਾਈ ਕੀਤੇ ਜਾਣ ਕਾਰਨ ਬਹੁਤ ਜ਼ਿਆਦਾ ਸਾਫ਼ ਪਾਣੀ ਇੱਧਰ-ਓਧਰ ਵਹਿ ਜਾਂਦਾ ਹੈ | ਹਾਲਾਂ ਕਿ ਮੋਟੀ ਪਾਈਪ ਦੀ ਵਰਤੋਂ ਨਾਲ ਕੰਧਾਂ ਅਤੇ ਇੱਟਾਂ ਦੀ ਤਰਾਈ ਵੀ ਓਨੀ ਵਧੀਆ ਨਹੀਂ ਹੁੰਦੀ | ਸਬਮਰਸੀਬਲ ਮੋਟਰ ਚਲਾ ਕੇ ਕਾਰਾਂ ਧੋਤੀਆਂ ਜਾਂਦੀਆਂ ਹਨ, ਘਰਾਂ ਦੇ ਫ਼ਰਸ਼ ਧੋਤੇ ਜਾਂਦੇ ਹਨ, ਮੋਟਰ ਚਲਾ ਕੇ ਪਸ਼ੂਆਂ ਨੂੰ  ਨਹਾਇਆ ਜਾਂਦਾ ਹੈ ਤੇ ਉਨ੍ਹਾਂ ਦੇ ਬੈਠਣ ਵਾਲੀ ਥਾਂ ਤੋਂ ਗੋਹਾ, ਮਲ-ਮੂਤਰ ਵੀ ਤੇਜ਼ ਪਾਣੀ ਦੇ ਵਹਾਅ ਵਾਲੀ ਪਾਈਪ ਨਾਲ ਨਾਲੀਆਂ 'ਚ ਧੱਕ ਕੇ ਸੈਂਕੜੇ ਲੀਟਰ ਪਾਣੀ ਅਜਾਈਾ ਗੁਆ ਦਿੱਤਾ ਜਾਂਦਾ ਹੈ | ਇਵੇਂ ਖ਼ਾਸ ਕਰਕੇ ਗਰਮੀ ਦੇ ਮੌਸਮ 'ਚ ਘਰੇਲੂ ਫ਼ੁਹਾਰਿਆਂ ਹੇਠ ਲੰਬਾਂ ਸਮਾਂ ਨਹਾਉਣ ਵਾਲੇ ਪਾਣੀ ਨੂੰ  ਬਰਬਾਦ ਕਰਦੇ ਹਨ | ਹਾਲਾਂਕਿ ਇਨ੍ਹਾਂ ਫ਼ੁਹਾਰਿਆਂ ਦੀ ਸਹੀ ਵਰਤੋਂ ਕੀਤੇ ਜਾਣ ਨਾਲ ਪਾਣੀ ਦੀ ਕਾਫ਼ੀ ਜ਼ਿਆਦਾ ਬੱਚਤ ਹੁੰਦੀ ਹੈ | ਕਈ ਵਿਅਕਤੀ ਘਰੇਲੂ ਬਗ਼ੀਚੀ ਜਾਂ ਘਾਹ ਦੇ ਮੈਦਾਨ 'ਤੇ ਪਾਣੀ ਛੱਡ ਕੇ ਬੰਦ ਕਰਨਾ ਭੁੱਲ ਜਾਂਦੇ ਹਨ ਜਾਂ ਕਈ ਵਾਰ ਅਸੀ ਆਪਣੇ ਘਰਾਂ 'ਚ ਹੋ ਰਹੀ ਹਲਕੀ ਜਿਹੀ ਲੀਕੇਜ਼ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ |
ਭਾਰਤ ਦੇ ਹਰੇਕ ਘਰ 'ਚ ਘੱਟੋ-ਘੱਟ ਰੋਜ਼ਾਨਾ 45 ਲੀਟਰ ਪਾਣੀ ਅਜਾਈਾ ਗੁਆਇਆ ਜਾਂਦਾ ਹੈ, ਜੋ ਸਾਡੀ ਰੋਜ਼ਾਨਾ ਵਰਤੋਂ ਦਾ 30 ਫ਼ੀਸਦੀ ਬਣਦਾ ਹੈ | ਇਸ ਸੰਬੰਧੀ ਹੋਈ ਖੋਜ ਅਨੁਸਾਰ ਇਕ ਆਮ ਵਿਅਕਤੀ ਰੋਜ਼ਾਨਾ 150 ਲੀਟਰ ਪਾਣੀ ਦੀ ਵਰਤੋਂ ਵੱਖ-ਵੱਖ ਵਿਧੀਆਂ ਦੇ ਰੂਪ 'ਚ ਕਰ ਲੈਂਦਾ ਹੈ | ਅਸੀਂ ਸਾਰੇ ਸੁਚੇਤ-ਅਚੇਤ ਰੂਪ 'ਚ ਇਹ ਗੱਲ ਭੁੱਲ ਜਾਂਦੇ ਹਾਂ ਕਿ ਅਜੋਕੇ ਸਮੇਂ ਅੰਦਰ ਬਹੁਤ ਵੱਡੀਆਂ ਮਸ਼ੀਨਾਂ (ਸਬਮਰਸੀਬਲ) ਦੁਆਰਾ ਧਰਤੀ ਦੀ ਹਿੱਕ ਪਾੜ ਕੇ ਪਾਣੀ ਬਹੁਤ ਜ਼ਿਆਦਾ ਡੂੰਘਾਈ ਤੋਂ ਖਿੱਚਿਆ ਜਾ ਰਿਹਾ ਹੈ | ਜ਼ਮੀਨੀ ਪਾਣੀ ਦੀ ਵਧੇਰੇ ਵਰਤੋਂ ਵਾਲੇ ਭਾਰਤੀ ਸੂਬਿਆਂ 'ਚ ਆਏ ਸਾਲ ਪਾਣੀ ਦਾ ਪੱਧਰ ਨੀਵਾਂ ਹੋਣਾ ਚਿੰਤਾਜਨਕ ਹੈ | ਜੇ ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਏਥੇ 138 ਬਲਾਕਾਂ 'ਚੋਂ 114 ਬਲਾਕਾਂ 'ਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ | ਜ਼ਮੀਨੀ ਪਾਣੀ ਦਾ ਪੱਧਰ ਉੱਚਾ ਕਰਨ ਲਈ ਸਾਨੂੰ ਇਸ ਦੀ ਵਰਤੋਂ ਵਧੇਰੇ ਸੰਜਮ ਨਾਲ ਕਰਨੀ ਪਵੇਗੀ, ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਬੀਜਣੀਆਂ ਪੈਣਗੀਆਂ, ਮੀਂਹਾਂ ਦੇ ਪਾਣੀ ਨੂੰ  ਵਿਸ਼ੇਸ਼ ਪ੍ਰੋਜੈਕਟ ਲਾ ਕੇ ਧਰਤੀ ਅੰਦਰ ਰੀਚਾਰਜ ਕਰਨਾ ਹੋਵੇਗਾ, ਵੱਧ ਤੋਂ ਵਧ ਬੂਟੇ ਲਾ ਕੇ, ਲੱਗੇ ਹੋਏ ਰੁੱਖਾਂ ਦੀ ਸੰਭਾਲ ਕਰਕੇ ਕੁਦਰਤੀ ਵਰਖਾ ਚੱਕਰ ਲਈ ਅੱਗੇ ਆਉਣਾ ਪਵੇਗਾ | ਖੇਤੀ ਮਾਹਿਰਾਂ ਅਨੁਸਾਰ ਭੂਗੋਲਿਕ ਤਬਦੀਲੀਆਂ ਕਾਰਨ ਇਸ ਵਾਰ ਪੰਜਾਬ 'ਚ ਮੌਨਸੂਨ ਪੌਣਾਂ ਦੁਆਰਾ ਕੀਤੀ ਜਾਣ ਵਾਲੀ ਵਰਖਾ 40 ਫ਼ੀਸਦੀ ਘੱਟ ਹੋਈ ਹੈ, ਜਿਸ ਦੇ ਨਤੀਜੇ ਵਜੋਂ ਫ਼ਸਲਾਂ ਪਾਲਣ ਲਈ ਜ਼ਮੀਨੀ ਪਾਣੀ ਦੀ ਵਧੇਰੇ ਵਰਤੋਂ ਕਰਨੀ ਪਈ ਹੈ |

-ਨਿੱਜੀ ਪੱਤਰ-ਪ੍ਰੇਰਕ, ਕੋਟਕਪੂਰਾ |
#ਪਿੰਡ ਸਿਰਸੜੀ, ਨੇੜੇ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ-151207
ਮੋਬਾਈਲ : 98156-59110

Ad Position 22
No active advertisement
ਪਿਛਲੀ ਖ਼ਬਰ ਇਤਿਹਾਸ ਵਿਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖਲਾਕੀ ਕਿਰਦਾਰ ਅਗਲੀ ਖ਼ਬਰ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ
Ad Position 24