ਦੇਸ਼ ਦਾ ਅਜਿਹਾ ਖ਼ਿੱਤਾ ਜਿੱਥੇ ਹਰੇ-ਭਰੇ ਦਰੱਖ਼ਤਾਂ ਨੇ ਇਨਸਾਨਾਂ ਨੂੰ ਆਕਸੀਜਨ ਰੂਪੀ ਜ਼ਿੰਦਗੀ ਬਖ਼ਸ਼ੀ ਹੋਵੇ, ਉੱਥੇ ਹੀ ਉੱਥੋਂ ਦੇ ਬਾਸ਼ਿੰਦਿਆਂ ਵਲੋਂ ਉਨ੍ਹਾਂ ਦਰੱਖ਼ਤਾਂ ਦਾ ਇਕ ਤਰ੍ਹਾਂ ਨਾਲ ਕਤਲੇਆਮ ਕੀਤਾ ਜਾਂਦਾ ਹੋਵੇ, ਉਸ ਧਰਤੀ ਦੇ ਵਾਰਸਾਂ ਨੂੰ ਅਸੀਂ ਕਿਸ ਨਾਂਅ ਨਾਲ ਪੁਕਾਰੀਏ ਕੁਝ ਸਮਝ ਨਹੀਂ ਪੈਂਦਾ। ਜਿੱਥੇ ਅਸੀਂ ਕਚਨਾਰ ਬਨਸਪਤੀ ਨੂੰ ਉਜਾੜਨ ਦੇ ਦੋਸ਼ੀ ਹਾਂ, ਉੱਥੇ ਹੀ ਅੰਮ੍ਰਿਤ ਵਰਗੇ 'ਪਾਣੀ ਦੇ ਕਾਤਲ' ਵੀ ਅਖਵਾਵਾਂਗੇ। ਸੋਚਦਿਆਂ ਹੀ ਰੂਹ ਕੰਬ ਜਾਂਦੀ ਹੈ ਕਿ ਜੇ ਅਸੀਂ ਲਗਭਗ 40 ਸਾਲਾਂ ਦੇ ਵਕਫ਼ੇ ਦੌਰਾਨ ਧਰਤੀ ਹੇਠਲੇ ਘਟ ਰਹੇ ਪਾਣੀ ਦੀ ਰਫ਼ਤਾਰ ਨੂੰ ਪ੍ਰਤੀ ਸਾਲ 2 ਫੁੱਟ ਤੱਕ ਹੇਠਾਂ ਜਾਣ ਦੇਣ ਤੋਂ ਇਲਾਵਾ ਹਰ ਪਿੰਡ ਤੇ ਸ਼ਹਿਰ ਅੰਦਰੋਂ ਤਕਰੀਬਨ 60 ਹਜ਼ਾਰ ਲੀਟਰ ਪਾਣੀ ਰੋਜ਼ਾਨਾ ਛੱਪੜਾਂ 'ਚ ਸੁੱਟਣ ਦੀ ਪਿਰਤ ਜਾਰੀ ਰੱਖੀ ਤਾਂ ਸਾਡੀ ਆਉਣ ਵਾਲੀ ਨਸਲ ਦਾ ਭਵਿੱਖ ਕੀ ਹੋਵੇਗਾ, ਕਹਿਣ ਦੀ ਲੋੜ ਨਹੀਂ। ਅਸੀਂ ਖ਼ੁਦ ਆਪਣੀ ਜ਼ਰਖੇਜ਼ ਜ਼ਮੀਨ 'ਚ ਖ਼ਤਰਨਾਕ ਰਸਾਇਣਾਂ ਨੂੰ ਮਿਲਾ ਕੇ ਪੰਜਾਬ ਨੂੰ ਇਕ 'ਜ਼ਹਿਰੀਲਾ ਮਾਰੂਥਲ' ਬਣਾਉਣ ਵੱਲ ਵਧ ਰਹੇ ਹਾਂ। ਕਾਫ਼ੀ ਸਮਾਂ ਪਹਿਲਾਂ ਹੋਰਨਾਂ ਭਾਰਤੀ ਸੂਬਿਆਂ ਦੇ ਰੇਲਵੇ ਸਟੇਸ਼ਨਾਂ 'ਤੇ ਪਾਣੀ ਵੇਚਣ ਵਾਲਿਆਂ ਦੇ ਹੋਕੇ ਉੱਥੋਂ ਦੇ ਧਰਤੀ ਹੇਠਲੇ ਪਾਣੀ ਦੀ ਅਸਲ ਸਥਿਤੀ ਨੂੰ ਬਿਆਨ ਕਰਦੇ ਸਨ, ਕਿ ਦੂਰ-ਦੁਰਾਡੇ ਰੋਹੀ ਬੀਆਬਾਨ, ਨੁਕੀਲੇ ਤਪਦੇ ਪਹਾੜਾਂ ਅਤੇ ਰੇਤ ਦੇ ਡਰਾਵਣੇ ਟਿੱਬਿਆਂ 'ਤੇ ਜੇ ਇਨਸਾਨ ਨੂੰ ਪਾਣੀ ਦੀ ਪਿਆਸ ਲੱਗੇ ਤਾਂ ਇਕ ਬੂੰਦ ਵੀ ਮਿਲਣੀ ਨਾਮੁਮਕਿਨ ਹੈ। ਕਈ ਵਾਰ ਇਸ ਹਾਲਤ ਵਿਚ ਬਹੁਤੇ ਇਨਸਾਨ ਇਸ ਸੰਸਾਰ ਤੋਂ ਪਾਣੀ ਨੂੰ ਤਰਸਦੇ ਕੂਚ ਕਰ ਚੁੱਕੇ ਹਨ। ਕਹਿੰਦੇ ਇਕ ਵਾਰ ਕੋਈ ਜਿਊਂਦਾ ਜਾਗਦਾ ਇਨਸਾਨ ਰਾਜਸਥਾਨ ਦੇ ਮਾਰੂਥਲ 'ਚ ਰਾਹ ਭਟਕ ਕੇ ਰੇਤ ਦੇ ਟਿੱਬਿਆਂ ਅੰਦਰ ਪਾਣੀ ਖੁਣੋਂ ਸਦਾ ਲਈ ਗੁਆਚ ਗਿਆ, ਮੁੜ ਕੇ ਉਧਰ ਨੂੰ ਕਿਸੇ ਨੇ ਜਾਣਾ ਤਾਂ ਦੂਰ ਦੀ ਗੱਲ ਕਿਸੇ ਨੇ ਝਾਕਣਾ ਵੀ ਮੁਨਾਸਬ ਨਾ ਸਮਝਿਆ। ਜੇ ਮਈ, ਜੂਨ ਦੇ ਮਹੀਨੇ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਬੰਗਾਲ ਤੇ ਤਾਮਿਲਨਾਡੂ ਦੇ ਉਨ੍ਹਾਂ ਹਿੱਸਿਆਂ ਦਾ ਗੇੜਾ ਕੱਢੀਏ, ਜਿੱਥੇ ਪਾਣੀ ਨੂੰ ਰੱਬ ਵਾਂਗ ਪੂਜਿਆ ਜਾਂਦਾ ਹੈ ਤਾਂ ਪਾਣੀ ਦੀ ਕਦਰ ਸ਼ਾਇਦ ਸਾਡੀ ਸਮਝ 'ਚ ਆ ਜਾਵੇ। ਦੇਸ਼ ਦੇ ਕਈ ਹਿੱਸੇ ਅਜਿਹੇ ਵੀ ਹਨ, ਜਿੱਥੇ ਪਾਣੀ ਨੂੰ ਲੁੱਟਿਆ ਜਾਂਦਾ ਹੈ ਤੇ ਪਾਣੀ ਖ਼ਾਤਰ ਕਿਸੇ ਦੀ ਜਾਨ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ।
ਮੱਧ ਪ੍ਰਦੇਸ਼ ਦਾ ਇਕ ਹਿੱਸਾ ਅਜਿਹਾ ਹੈ, ਜਿੱਥੇ ਸ਼ਹਿਰ ਤੋਂ ਬਹੁਤ ਦੂਰ ਪਿੰਡਾਂ ਅੰਦਰ ਪਾਣੀ ਦੀ ਗੱਡੀ ਆਉਣ 'ਤੇ ਢੋਲ- ਢਮੱਕੇ ਨਾਲ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਫਿਰ ਮਾਰਾਮਾਰੀ ਰਾਹੀਂ ਪਾਣੀ ਨੂੰ ਇਕ-ਦੂਜੇ ਤੋਂ ਖੋਹਿਆ ਜਾਂਦਾ ਹੈ। ਬਹੁਤ ਥਾਈਂ ਇਹ ਵਰਤਾਰਾ ਅੱਜ ਵੀ ਜਾਰੀ ਹੈ। ਇਸ ਦੇ ਮੁਕਾਬਲੇ ਕੁਦਰਤ ਨੇ ਪੰਜਾਬ ਦੀ ਰੰਗਲੀ ਧਰਤੀ ਨੂੰ ਜ਼ਰਖੇਜ਼ ਜ਼ਮੀਨ ਦੇ ਨਾਲ-ਨਾਲ ਅੰਮ੍ਰਿਤ ਵਰਗਾ ਪਾਣੀ ਵੀ ਦਿੱਤਾ ਹੈ। ਪੰਜਾਬ ਦੇ ਤਿੰਨਾਂ ਖ਼ਿੱਤਿਆਂ ਮਾਝਾ, ਮਾਲਵਾ ਤੇ ਦੋਆਬਾ ਤੋਂ ਬਾਅਦ ਪੁਆਧ ਦੇ ਹਿੱਸੇ ਅੰਦਰ ਕਈ ਇਲਾਕਿਆਂ ਦਾ ਮਿੱਠਾ ਪਾਣੀ, ਜਿਸ ਨੂੰ ਪੀ ਕੇ ਇਨਸਾਨ ਅੰਦਰ ਸਰੂਰ ਦੀਆਂ ਬੁਛਾੜਾਂ ਖਿੜ ਜਾਂਦੀਆਂ ਸਨ ਤੇ ਪਾਣੀ ਦੇ ਚਸ਼ਮਿਆਂ 'ਚੋਂ ਅੰਮ੍ਰਿਤ ਦੀ ਵਰਖਾ ਹੋਇਆ ਕਰਦੀ ਸੀ। ਚਿੱਟੀ ਕਪਾਹ ਦੀਆਂ ਫੁੱਟੀਆਂ ਵਰਗਾ ਪਾਣੀ ਮਨੁੱਖ ਨੂੰ ਕੁਦਰਤ ਦਾ ਕਦਰਵਾਨ ਹੋਣ ਦੀ ਦੁਹਾਈ ਪਾਉਂਦਾ ਜਾਪਦਾ ਸੀ। ਪਾਣੀ ਨੂੰ ਪਵਿੱਤਰ ਮੰਨ ਕੇ ਇਨਸਾਨ ਉਸ ਦੀ ਝੂਠੀ ਸਹੁੰ ਖਾਣ ਤੋਂ ਵੀ ਖ਼ੌਫ਼ ਖਾਂਦਾ ਸੀ। ਸ਼ਾਇਦ ਉਸ ਸਮੇਂ ਸਾਨੂੰ ਅੱਜ ਜਿੰਨਾ ਗਿਆਨ ਹੀ ਨਹੀਂ ਸੀ, ਇਸੇ ਲਈ ਅਸੀਂ ਪਾਣੀ ਦੇ ਕਦਰਦਾਨ ਸੀ। ਅਫ਼ਸੋਸ ਹੁਣ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ 'ਤੇ ਵੀ ਪਾਣੀ ਖ਼ਰੀਦਣ ਲਈ ਕਤਾਰਾਂ ਲੱਗਦੀਆਂ ਹਨ ਤੇ ਉੱਚੀ ਆਵਾਜ਼ 'ਚ ਲੱਗ ਰਹੇ ਹੋਕੇ ਇੱਥੋਂ ਦੀ ਆਉਣ ਵਾਲੇ ਸਮੇਂ ਦੀ ਦਰਦ ਕਹਾਣੀ ਨੂੰ ਸ਼ਰ੍ਹੇਆਮ ਦਰਸਾਉਂਦੇ ਨਜ਼ਰ ਆਉਂਦੇ ਹਨ। ਕੋਈ ਸਮਝੇ ਜਾਂ ਨਾ, ਅਜੇ ਕਿਸੇ ਨੂੰ ਕੋਈ ਫ਼ਰਕ ਪਵੇ ਜਾਂ ਨਾ, ਪਰ ਹਾਲਾਤ ਜਿਸ ਭਿਆਨਕ ਹੋਣੀ ਵੱਲ ਇਸ਼ਾਰਾ ਕਰਦੇ ਹਨ, ਉਹ ਕਿਸੇ ਤੋਂ ਲੁਕੀ ਹੋਈ ਨਹੀਂ। ਧਰਤੀ ਦਾ ਜਿਸਮ ਪਾੜ ਕੇ 450 ਫੁੱਟ ਤੱਕ ਕੀਤੇ ਸਬਮਰਸੀਬਲਾਂ ਦੇ ਬੋਰਾਂ ਅੰਦਰੋਂ ਹੁਣ ਉਹ ਮਹਿਕ ਨਹੀਂ ਆਉਂਦੀ, ਜੋ ਕੁਝ ਸਾਲ ਪਹਿਲਾਂ ਇਕ ਕਿਸਾਨ ਵਲੋਂ ਗ਼ਰੀਬੀ ਨਾਲ ਜੂਝਦਿਆਂ 70 ਫੁੱਟ ਤੱਕ ਕੀਤੇ ਬੋਰ 'ਚੋਂ ਆਉਂਦੀ ਸੀ।
ਪੰਜਾਬ ਦੇ ਬਹੁਤ ਸਾਰੇ ਇਲਾਕੇ ਇਸ ਸਮੇਂ ਖ਼ਤਰੇ ਦੇ ਜ਼ੋਨ 'ਚ ਆ ਚੁੱਕੇ ਹਨ। ਕਈ ਹਲਕਿਆਂ ਅੰਦਰ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਦਾ ਪੱਧਰ 150 ਫੁੱਟ ਤੱਕ ਜਾ ਪਹੁੰਚਿਆ ਹੈ। ਉਸ 'ਚੋਂ ਵੀ ਸੜ੍ਹਾਂਦ ਮਾਰਦੀ ਬਦਬੂ ਤੇ ਜਿਲਬ ਦੀ ਪਕੜ ਸਾਫ਼ ਵਿਖਾਈ ਦਿੰਦੀ ਹੈ ਕਿ ਕਿੰਝ ਅਸੀਂ ਬੇਰਹਿਮੀ ਨਾਲ ਕੰਕਰੀਟ ਦੇ ਜੰਗਲ ਉਸਾਰਦਿਆਂ-ਉਸਾਰਦਿਆਂ 'ਅੰਮ੍ਰਿਤ ਦਾ ਕਤਲ' ਕਰ ਦਿੱਤਾ, ਜਿਸ ਦਾ ਦੋਸ਼ੀ ਕੋਈ ਹੋਰ ਨਹੀਂ, ਸਗੋਂ ਅਸੀਂ ਖ਼ੁਦ ਹਾਂ। ਸਾਨੂੰ ਤਾਂ ਕੁਦਰਤ ਨੇ ਪੰਜ ਪਾਣੀਆਂ ਦੇ ਮਾਲਕ ਬਣਾ ਦਿੱਤਾ ਸੀ, ਪਰ ਅਸੀਂ ਇਕ ਦੇ ਵੀ ਨਾ ਰਹੇ। 1970 ਤੋਂ ਹਰੇ ਇਨਕਲਾਬ ਦੀ ਸ਼ੁਰੂਆਤ। ਅੰਨ੍ਹੇਵਾਹ ਬੇਰਹਿਮੀ ਨਾਲ ਪੁੱਤਾਂ ਵਾਂਗੂ ਪਾਲੇ ਦਰੱਖ਼ਤਾਂ ਦੀ ਕਟਾਈ ਜਾਂ ਸਾਡੀ ਮੂਰਖਤਾ ਦੀ ਸਿਖਰ, ਦੋਸ਼ੀ ਕਿਸ ਨੂੰ ਮੰਨੀਏ, ਫ਼ੈਸਲਾ ਅਸੀਂ ਆਪ ਹੀ ਕਰਨਾ ਹੈ। ਧਰਤੀ ਦੀ ਹਿੱਕ ਪਾੜ ਕੇ ਉਸ ਵਿਚ ਯੂਰੀਏ ਵਰਗੀ ਰਸਾਇਣ ਨੂੰ ਮਿਲਾ ਕੇ ਪਤਾ ਨਹੀਂ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ? ਫੈਕਟਰੀਆਂ ਅੰਦਰ ਮਨੁੱਖੀ ਜ਼ਿੰਦਗੀਆਂ ਨੂੰ ਤਬਾਹ ਕਰਨ ਵਾਲੇ ਰਸਾਇਣਾਂ ਦੇ 10 ਇੰਚ ਪਾਈਪ ਧਰਤੀ ਦੀ ਹਿੱਕ ਵਿਚ ਸੁੱਟ ਕੇ ਉਸ ਨੂੰ ਅੱਗ ਦੇ ਭਾਂਬੜ ਬਣਨ ਲਈ ਮਜਬੂਰ ਕਰਨ ਦੀ ਕਹਾਣੀ ਕਿਸੇ ਦੀ ਸਮਝ ਵਿਚ ਕਿਉਂ ਨਹੀਂ ਆ ਰਹੀ? ਪੰਜਾਬੀਓ, ਹੁਣ ਸ਼ਾਇਦ ਬਹੁਤਾ ਸਮਾਂ ਨਹੀਂ ਲੱਗੇਗਾ, ਪਾਣੀ ਦੇ ਖ਼ਤਮ ਹੋਣ ਦੀ ਕਹਾਣੀ ਨੇੜੇ ਆ ਪਹੁੰਚੀ ਹੈ। ਛੇਤੀ ਹੀ ਪੰਜਾਬ ਜ਼ਹਿਰੀਲਾ ਮਾਰੂਥਲ ਬਣਨ ਵੱਲ ਵਧ ਰਿਹਾ ਹੈ। ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਬਾਜ਼ਾਰਾਂ ਤੇ ਦੁਕਾਨਾਂ ਅੰਦਰ 'ਪੰਜਾਂ ਪਾਣੀਆਂ ਦੇ ਮਾਲਕਾਂ' ਨੂੰ ਬੋਤਲਾਂ ਵਿਚ ਭਰੇ ਪਾਣੀ ਦੀ ਖ਼ਰੀਦ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ। ਜੇ ਅਸੀਂ ਸੱਚੇ ਮਨੋਂ ਅੰਮ੍ਰਿਤ ਰੂਪੀ ਪਾਣੀ ਦੀ ਕਦਰ ਕਰਨਾ ਚਾਹੁੰਦੇ ਹਾਂ, ਤਾਂ ਕਿਸੇ ਵੀ ਰੂਪ ਵਿਚ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕ ਕੇ ਆਪਣਾ ਫ਼ਰਜ਼ ਜ਼ਰੂਰ ਨਿਭਾਓ। ਜੇ ਫਿਰ ਵੀ ਸਾਡੀ ਸਮਝ ਵਿਚ ਕੁਝ ਨਾ ਆਵੇ ਤਾਂ ਰਾਜਸਥਾਨ ਦੇ ਉਸ 'ਬੰਦੇ ਖਾਣੇ' ਭਿਆਨਕ ਮਾਰੂਥਲ ਨੂੰ ਇਕ ਵਾਰ ਯਾਦ ਜ਼ਰੂਰ ਕਰੋ ਤਾਂ ਕਿ ਸਾਨੂੰ ਪਾਣੀ ਦੀ ਕਦਰ ਪਤਾ ਲੱਗੇ।
-ਮਲੇਰਕੋਟਲਾ।
ਮੋਬਾਈਲ : 94634-63136