ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਕਿਸੇ ਮਾਮਲੇ ਦੇ ਸੰਦਰਭ 'ਚ ਕੀਤੀ ਗਈ ਇਕ ਟਿੱਪਣੀ ਨੂੰ ਲੈ ਕੇ ਦੇਸ਼ 'ਚ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਹੋਇਆ ਜਾਂ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਹ ਦੇਸ਼ ਸਾਹਮਣੇ ਗੰਭੀਰ ਸਵਾਲਾਂ ਅਤੇ ਇਸ ਦੀ ਵਿਵਸਥਾ 'ਚ ਰਹਿ ਗਈਆਂ ਵੱਡੀਆਂ ਤਰੁਟੀਆਂ ਵੱਲ ਧਿਆਨ ਕੇਂਦਰਿਤ ਕਰਦਾ ਹੈ। ਅਮਰੀਕਾ 'ਚ ਗਏ ਅਭਿਜੀਤ ਦੀਪਕੇ ਵਲੋਂ ਨੀਟ, ਸੀ.ਬੀ.ਐਸ.ਈ. ਤੇ ਹੋਰ ਕੇਂਦਰੀ ਪ੍ਰੀਖਿਆਵਾਂ ਵਿਚ ਰਹਿ ਗਈਆਂ ਤਰੁੱਟੀਆਂ ਨੂੰ ਸੋਸ਼ਲ ਮੀਡੀਆ 'ਤੇ ਵਿਅੰਗਮਈ ਢੰਗ ਨਾਲ ਕਾਕਰੋਚ ਜਨਤਾ ਪਾਰਟੀ ਬਣਾ ਕੇ ਉਸ ਦੇ ਮਾਧਿਅਮ ਰਾਹੀਂ ਉਜਾਗਰ ਕੀਤਾ ਗਿਆ ਸੀ, ਜਿਸ ਨੂੰ ਦੇਸ਼ ਭਰ 'ਚ ਲੋਕਾਂ ਵਲੋਂ ਵੱਡਾ ਹੁੰਗਾਰਾ ਭਰਿਆ ਗਿਆ। ਇਸ ਪਾਰਟੀ ਨਾਲ ਨੌਜਵਾਨ ਵਧੇਰੇ ਗਿਣਤੀ 'ਚ ਜੁੜੇ। ਫਿਰ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਕਾਕਰੋਚ ਜਨਤਾ ਪਾਰਟੀ ਨਾਲ ਜੁੜਨ ਵਾਲਿਆਂ ਦੀ ਗਿਣਤੀ ਕਰੋੜਾਂ ਤੱਕ ਪਹੁੰਚ ਗਈ ਸੀ।
ਅਮਰੀਕਾ ਤੋਂ ਪਰਤ ਕੇ ਜੰਤਰ-ਮੰਤਰ ਵਿਖੇ ਅਭਿਜੀਤ ਦੀਪਕੇ ਨੀਟ ਪੇਪਰ ਲੀਕ ਤੇ ਸੀ.ਬੀ.ਐਸ.ਈ. ਵਲੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਪੇਪਰਾਂ ਦੀ ਆਨ ਸਕਰੀਨਿੰਗ ਕਰਵਾਈ ਗਈ ਨੁਕਸਦਾਰ ਮਾਰਕਿੰਗ ਵਿਰੁੱਧ ਰੋਸ ਪ੍ਰਗਟ ਕਰਨ 'ਤੇ ਇਸ ਕਾਰਨ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਮੰਗਣ ਲਈ ਹਜ਼ਾਰਾਂ ਨੌਜਵਾਨਾਂ ਸਮੇਤ ਇਕੱਠੇ ਹੋਏ। ਉਸ ਦਾ ਬੜੀ ਸਰਗਰਮੀ ਨਾਲ ਸਵਾਗਤ ਕੀਤਾ ਗਿਆ। ਉਸ ਵਲੋਂ ਬਣਾਈ ਗਈ 'ਕਾਕਰੋਚ ਜਨਤਾ ਪਾਰਟੀ' ਦੇ ਹੱਕ 'ਚ ਨਾਅਰੇ ਲਾਏ ਗਏ ਅਤੇ 'ਨੀਟ' ਦਾ ਪੇਪਰ ਲੀਕ ਹੋਣ ਲਈ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਉਸ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਇਸ ਇਕੱਠ 'ਚ ਲੱਦਾਖ ਦੇ ਆਗੂ ਸੋਨਮ ਵਾਂਗਚੁਕ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ ਦੇ ਕਈ ਆਗੂ ਵੀ ਸ਼ਾਮਿਲ ਹੋਏ। ਦੀਪਕੇ ਤੇ ਉਸ ਦੇ ਸਾਥੀਆਂ ਨੇ ਕੇਂਦਰੀ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਇਕ ਹਫ਼ਤੇ ਦਾ ਰਸਮੀ ਨੋਟਿਸ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਹ ਇਕ ਹਫ਼ਤੇ 'ਚ ਅਸਤੀਫ਼ਾ ਨਹੀਂ ਦਿੰਦੇ ਤਾਂ ਇਸ ਵਿਰੁੱਧ ਦਿੱਲੀ ਦੇ ਜੰਤਰ-ਮੰਤਰ ਤੋਂ ਇਕ ਵੱਡਾ ਅੰਦੋਲਨ ਆਰੰਭਿਆ ਜਾਏਗਾ। ਕਾਕਰੋਚ ਜਨਤਾ ਪਾਰਟੀ ਦੇ ਇਨ੍ਹਾਂ ਆਗੂਆਂ ਦੀ ਚਿਤਾਵਨੀ ਦਾ ਕੇਂਦਰ ਸਰਕਾਰ 'ਤੇ ਕਿੰਨਾ ਕੁ ਅਸਰ ਹੁੰਦਾ ਹੈ, ਇਹ ਅੱਗੇ ਦੇਖਣ ਵਾਲੀ ਗੱਲ ਹੋਵੇਗੀ। ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਸੋਸ਼ਲ ਮੀਡੀਆ ਰਾਹੀਂ ਹੋਂਦ ਵਿਚ ਆਈ ਇਹ ਨਵੀਂ ਪਾਰਟੀ ਕਿੰਨੀ ਕੁ ਸਰਗਰਮੀ ਫੜ ਸਕੇਗੀ।
ਬਿਨਾਂ ਸ਼ੱਕ ਭਾਰਤ ਇਸ ਸਮੇਂ ਬੇਰੁਜ਼ਗਾਰੀ, ਗੁਰਬਤ ਤੇ ਮਹਿੰਗਾਈ ਆਦਿ ਅਨੇਕਾਂ ਅਨੇਕ ਹੋਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸਿਧਾਂਤਕ ਤੌਰ 'ਤੇ ਵੀ ਵੱਖ-ਵੱਖ ਪਾਰਟੀਆਂ ਆਪਣੇ ਏਜੰਡੇ ਅਨੁਸਾਰ ਕੰਮ ਕਰਦੀਆਂ ਵਿਖਾਈ ਦੇ ਰਹੀਆਂ ਹਨ। ਇਸ ਨਵੀਂ ਪਾਰਟੀ ਦੇ ਆਗੂਆਂ ਨੇ ਸੱਤਾਧਾਰੀਆਂ 'ਤੇ ਸਿਆਸਤ ਵਿਚ ਹਿੰਦੂ-ਮੁਸਲਿਮ ਦਾ ਮਸਲਾ ਖੜ੍ਹਾ ਕਰਕੇ ਵੋਟਾਂ ਹਾਸਿਲ ਕਰਨ ਦਾ ਗੰਭੀਰ ਦੋਸ਼ ਵੀ ਲਾਇਆ ਹੈ। ਅਸੀਂ ਵੀ ਅਜਿਹੇ ਫਿਰਕੂ ਏਜੰਡੇ ਨਾਲ ਸਹਿਮਤ ਨਹੀਂ ਹਾਂ। ਪਰ ਇਸ ਮੁੱਦੇ 'ਤੇ ਕਈ ਕੌਮੀ ਤੇ ਪ੍ਰਾਂਤਕ ਪਾਰਟੀਆਂ ਵੀ ਲਗਾਤਾਰ ਆਵਾਜ਼ ਚੁੱਕਦੀਆਂ ਰਹੀਆਂ ਹਨ। ਪਰ ਅਨੇਕਾਂ ਕਾਰਨਾਂ ਕਰਕੇ ਅੱਜ ਕਾਂਗਰਸ ਅਤੇ ਦੇਸ਼ ਦੀਆਂ ਹੋਰ ਵਿਰੋਧੀ ਪਾਰਟੀਆਂ ਚੋਣਾਂ ਵਿਚ ਭਾਜਪਾ ਤੋਂ ਪਛੜ ਰਹੀਆਂ ਦਿਖਾਈ ਦੇ ਰਹੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ-ਆਪਣੇ ਵਿਚਾਰਾਂ ਮੁਤਾਬਿਕ ਸਰਗਰਮੀ ਜ਼ਰੂਰ ਜਾਰੀ ਰੱਖੀ ਹੋਈ ਹੈ। ਪਿਛਲੇ ਮਹੀਨਿਆਂ ਵਿਚ ਹੀ ਦੇਸ਼ 'ਚ ਕਈ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ ਹਨ। ਉਨ੍ਹਾਂ 'ਚ ਚਾਹੇ ਭਾਜਪਾ ਦੀ ਵੱਡੀ ਬੜ੍ਹਤ ਜ਼ਰੂਰ ਦਿਖਾਈ ਦਿੰਦੀ ਹੈ ਪਰ ਦੂਸਰੀਆਂ ਪਾਰਟੀਆਂ ਨੇ ਵੀ ਕਈ ਥਾਵਾਂ 'ਤੇ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਹੁਣ ਉਹ ਫਿਰ ਇਕ ਸਟੇਜ 'ਤੇ ਇਕੱਠੇ ਹੋ ਕੇ ਭਾਜਪਾ ਦਾ ਮੁਕਾਬਲਾ ਕਰਨ ਲਈ ਨਵੀਂ ਰਣਨੀਤੀ ਤਿਆਰ ਕਰ ਰਹੀਆਂ ਹਨ।
ਅਜਿਹੀ ਸੂਰਤ ਵਿਚ ਕਾਕਰੋਚ ਜਨਤਾ ਪਾਰਟੀ ਵਿਸ਼ੇਸ਼ ਤੌਰ 'ਤੇ ਸਿੱਖਿਆ ਦੇ ਖੇਤਰ ਵਿਚ ਅਤੇ ਹੋਰ ਮੁੱਦਿਆਂ 'ਤੇ ਕਿਸ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਹੋਂਦ ਜਤਾ ਸਕੇਗੀ, ਇਸ ਬਾਰੇ ਨਿਸਚਿਤ ਰੂਪ 'ਚ ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਅਜਿਹਾ ਉਠਾਲ ਤੇ ਉਬਾਲ ਇਸ ਗੱਲ ਵੱਲ ਸੰਕੇਤ ਜ਼ਰੂਰ ਕਰਦਾ ਹੈ ਕਿ ਭਾਰਤੀ ਸਰਕਾਰਾਂ ਨੂੰ ਸਮਾਜ ਵਿਚ ਰਹਿ ਗਈਆਂ ਵੱਡੀਆਂ ਤਰੁੱਟੀਆਂ ਵੱਲ ਫੌਰੀ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਇਕ ਦਮ ਉੱਠਿਆ ਅਸੰਤੋਸ਼ ਵੀ ਇਨ੍ਹਾਂ ਗੰਭੀਰ ਸਮਾਜਿਕ ਤਰੁੱਟੀਆਂ ਵੱਲ ਇਸ਼ਾਰਾ ਕਰਦਾ ਨਜ਼ਰ ਆ ਰਿਹਾ ਹੈ, ਜਿਸ ਵੱਲ ਸਰਕਾਰ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਅਤੇ ਸਮਾਜ ਦੇ ਸਾਰੇ ਚੇਤੰਨ ਵਰਗਾਂ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ