ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਹੈਨਰੀ ਨੋਵਾਕ ਦੇ ਕਤਲ ਨੂੰ ਪੂਰੇ ਸਿੱਖ ਭਾਈਚਾਰੇ ਨਾਲ ਜੋੜਨਾ ਸਹੀ ਨਹੀਂ

Ad Position 21
No active advertisement
ਅਜੀਤ ਡੈਸਕ 09-06-2026

ਇੰਗਲੈਂਡ ਦੇ ਸ਼ਹਿਰ ਸਾਊਥਹੈਂਪਟਨ 'ਚ ਬੀਤੇ ਦਿਨੀਂ ਵਾਪਰੀ ਇਕ ਘਟਨਾ ਨੇ ਸਮੁੱਚੀ ਸਿੱਖ ਕੌਮ ਨੂੰ ਕਟਹਿਰੇ 'ਚ ਲਿਆ ਖੜ੍ਹਾ ਕੀਤਾ ਹੈ। ਆਮ ਘਰਾਂ 'ਚ ਬੈਠੇ ਹਰ ਵਰਗ ਦੇ ਲੋਕਾਂ ਤੋਂ ਲੈ ਕੇ ਬਰਤਾਨੀਆ ਦੀ ਸੰਸਦ ਤੱਕ ਇਸ ਦੀ ਬਹਿਸ ਛਿੜੀ ਹੋਈ ਹੈ। ਬੀਤੇ 70 ਸਾਲਾਂ ਦੇ ਇਤਿਹਾਸ 'ਚ ਇਹ ਇਕੋ-ਇਕ ਮਾਮਲਾ ਹੈ ਕਿ ਜਦੋਂ ਕਿਸੇ ਅੰਮ੍ਰਿਤਧਾਰੀ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਕਿਸੇ ਨਿਹੱਥੇ 18 ਸਾਲਾਂ ਦੇ ਨੌਜਵਾਨ ਦੀ ਹੱਤਿਆ ਕੀਤੀ ਹੋਵੇ। ਜ਼ਿਕਰਯੋਗ ਹੈ ਕਿ 3 ਦਸੰਬਰ 2025 ਨੂੰ ਹੈਨਰੀ ਨੋਵਾਕ ਨਾਮੀ 18 ਸਾਲਾ ਨੌਜਵਾਨ ਦਾ ਵਿਕਰਮ ਸਿੰਘ ਦਿਗਵਾ ਨਾਂਅ ਦੇ 23 ਸਾਲਾ ਸਿੱਖ ਨੌਜਵਾਨ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਭਾਵੇਂ ਕਿ ਉਕਤ ਨੌਜਵਾਨ ਵਲੋਂ ਜਿਸ ਹਥਿਆਰ ਦੀ ਵਰਤੋਂ ਕੀਤੀ ਗਈ, ਉਹ ਆਮ ਅੰਮ੍ਰਿਤਧਾਰੀ ਸਿੱਖਾਂ ਵਲੋਂ ਕਿਰਪਾਨ ਦੇ ਤੌਰ 'ਤੇ ਨਹੀਂ ਪਹਿਨਿਆ ਜਾਂਦਾ, ਪਰ ਉਸ ਦੀ ਬਣਤਰ ਪੁਰਾਤਨ ਸ਼ਸਤਰਾਂ ਵਰਗੀ ਹੈ, ਜਦਕਿ ਮੀਡੀਆ 'ਚ ਇਸ ਨੂੰ ਕਿਰਪਾਨ ਕਹਿ ਕੇ ਪ੍ਰਚਾਰਿਆ ਗਿਆ। ਭਾਵੇਂ ਕਿ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਦਿਆਂ ਜੱਜ ਨੇ ਵੀ ਸਪੱਸ਼ਟ ਕੀਤਾ ਸੀ ਕਿ ਇਹ ਉਹ ਕਿਰਪਾਨ ਨਹੀਂ ਹੈ, ਜੋ ਆਮ ਸਿੱਖਾਂ ਵਲੋਂ ਪਹਿਨੀ ਜਾਂਦੀ ਹੈ। ਸਮੱਸਿਆ ਇੱਥੇ ਹੀ ਖ਼ਤਮ ਨਹੀਂ ਹੋਈ, ਦਿਗਵਾ ਦੇ ਘਰੋਂ 40 ਹੋਰ ਅਜਿਹੇ ਸ਼ਸਤਰ ਬਰਾਮਦ ਹੋਏ ਹਨ, ਜਿਨ੍ਹਾਂ ਬਾਰੇ ਅਜੇ ਕੱਝ ਸਪੱਸ਼ਟ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਕ ਅਨੁਮਾਨ ਹੈ ਕਿ ਉਹ ਪੁਰਾਤਨ ਰਵਾਇਤੀ ਸ਼ਸਤਰ ਹੋ ਸਕਦੇ ਹਨ। ਜੇ ਅਜਿਹਾ ਹੈ ਤਾਂ ਅਜਿਹੇ ਸ਼ਸਤਰ ਹੋਰ ਕਿੰਨੇ ਸਿੱਖਾਂ ਦੇ ਘਰਾਂ, ਗੁਰਦੁਆਰਿਆਂ ਵਿਚ ਜਾਂ ਗਤਕਾ ਅਖਾੜੇ ਚਲਾਉਣ ਵਾਲਿਆਂ ਜਾਂ ਗਤਕਾ ਸਿੱਖਣ ਵਾਲੇ ਸਿੱਖਾਂ ਦੇ ਘਰਾਂ 'ਚ ਵੀ ਹੋਣਗੇ, ਤਾਂ ਅਜਿਹੇ ਸਮੇਂ 'ਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਕੁਝ ਸਿਆਸੀ ਲੋਕ ਇਸ ਕਤਲ ਨੂੰ ਆਧਾਰ ਬਣਾ ਕੇ ਕਿਰਪਾਨ 'ਤੇ ਪਾਬੰਦੀ ਦੀ ਖੁੱਲ੍ਹੇਆਮ ਮੰਗ ਕਰ ਰਹੇ ਹਨ, ਜਿਸ ਨੂੰ ਪ੍ਰਧਾਨ ਮੰਤਰੀ ਕੀਰ ਸਟਾਰਮਰ, ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ, ਵਿਰੋਧੀ ਧਿਰ ਦੀ ਨੇਤਾ ਕੇਮੀ ਬੇਡਨੋਕ ਮੁੱਢੋਂ ਹੀ ਰੱਦ ਕਰ ਚੁੱਕੇ ਹਨ। ਸਿੱਖ ਸੰਸਦ ਮੈਂਬਰਾਂ ਤਨਮਨਜੀਤ ਸਿੰਘ ਢੇਸੀ, ਗੁਰਿੰਦਰ ਸਿੰਘ ਜੋਸਨ, ਜਸ ਅਠਵਾਲ, ਪ੍ਰੀਤ ਕੌਰ ਗਿੱਲ ਸਮੇਤ ਸਾਰੇ ਸਿੱਖ ਸੰਸਦਾਂ ਨੇ ਸਪੱਸ਼ਟ ਰੂਪ 'ਚ ਕਿਰਪਾਨ 'ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦਾ ਵਿਰੋਧ ਕੀਤਾ ਹੈ, ਜਦਕਿ ਕੁਝ ਸਿਆਸਤਦਾਨਾਂ ਵਲੋਂ ਸਿੱਖਾਂ ਨੂੰ ਸਿਆਸੀ ਮੁਫ਼ਾਦਾਂ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਰਿਫਾਰਮ ਪਾਰਟੀ ਯੂ.ਕੇ. ਅਤੇ ਰੀਸਟੋਰ ਪਾਰਟੀ ਦੇ ਆਗੂਆਂ ਵਲੋਂ ਕੀਤੀ ਬਿਆਨਬਾਜ਼ੀ ਸਿੱਖ ਭਾਈਚਾਰੇ ਲਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ, ਜਦਕਿ ਬਹੁਤ ਸਾਰੇ ਗ਼ੈਰ-ਸਿੱਖ ਭਾਈਚਾਰੇ ਦੇ ਲੋਕ ਸਿੱਖਾਂ ਦੇ ਹੱਕ 'ਚ ਵੀ ਖੜ੍ਹੇ ਹਨ। ਇੱਥੋਂ ਤੱਕ ਕਿ ਹੈਨਰੀ ਨੋਵਾਕ ਦੇ ਪਰਿਵਾਰ ਨੇ ਖ਼ੁਦ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨੂੰ ਨਸਲੀ ਮੁੱਦਾ ਨਾ ਬਣਾਇਆ ਜਾਵੇ, ਇਹ ਇਕ ਵਿਅਕਤੀ ਵਲੋਂ ਕੀਤਾ ਗਿਆ ਕਤਲ ਹੈ, ਜਿਸ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀਂ, ਜਦਕਿ ਹਰ ਸਿੱਖ ਨੇ ਇਸ ਘਟਨਾਂ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਤਾਂ ਅਖੰਡ ਪਾਠ ਦੇ ਭੋਗ ਪਾ ਕੇ ਨੋਵਾਕ ਨਮਿਤ ਅਰਦਾਸ ਵੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਇੰਗਲੈਂਡ 'ਚ ਸਿੱਖਾਂ ਨੂੰ ਦਸਤਾਰ, ਕਿਰਪਾਨ ਤੇ ਕੜਾ ਪਾਉਣ ਦੀ ਕਾਨੂੰਨੀ ਇਜਾਜ਼ਤ ਹੈ, ਜਿਸ ਲਈ ਸਿੱਖਾਂ ਨੂੰ ਬਹੁਤ ਸੰਘਰਸ਼ ਕਰਨੇ ਪਏ, ਜਿਨ੍ਹਾਂ ਦਾ ਇਤਿਹਾਸ ਕਾਫ਼ੀ ਵੱਡਾ ਹੈ। 1983 ਦਾ ਮੰਡਲਾ ਬਨਾਮ ਡੋਵਲ ਲੀ ਕੇਸ ਬੜਾ ਮਹੱਤਵਪੂਰਨ ਸੀ, ਜਦੋਂ ਇਕ ਨਿੱਜੀ ਸਕੂਲ ਨੇ ਸਿੱਖ ਬੱਚੇ ਗੁਰਿੰਦਰ ਸਿੰਘ ਮੰਡਲਾ ਨੂੰ ਕੇਸ ਕਟਵਾਉਣ ਤੇ ਦਸਤਾਰ ਉਤਾਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਕੇਸ ਹਾਊਸ ਆਫ ਲਾਰਡਜ਼ ਤੱਕ ਪਹੁੰਚ ਗਿਆ ਸੀ। ਆਖਰ ਸਿੱਖਾਂ ਨੂੰ ਇਕ ਨਸਲੀ ਸਮੂਹ ਵਜੋਂ ਮਾਨਤਾ ਮਿਲੀ। ਯੂ.ਕੇ. ਦੇ ਕਾਨੂੰਨ ਜਨਤਕ ਥਾਵਾਂ 'ਤੇ ਤੇਜ਼ਧਾਰ ਚੀਜ਼ਾਂ ਜਾਂ ਹਥਿਆਰ ਲੈ ਕੇ ਜਾਣ ਦੀ ਸਖ਼ਤ ਮਨਾਹੀ ਕਰਦੇ ਹਨ, ਪਰ ਯੂ.ਕੇ. ਦੀ ਨਿਆਂਪਾਲਿਕਾ ਅੰਮ੍ਰਿਤਧਾਰੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਸਪੱਸ਼ਟ ਤੌਰ 'ਤੇ ਰੱਖਿਆ ਕਰਦੀ ਹੈ।
ਇਤਿਹਾਸ ਮੁਤਾਬਿਕ ਕਿਰਪਾਨ ਬਾਰੇ ਕਾਨੂੰਨੀ ਬਹਿਸ ਭਾਰਤ ਵਿਚ ਬ੍ਰਿਟਿਸ਼ ਰਾਜ ਦੌਰਾਨ ਸ਼ੁਰੂ ਹੋਈ ਸੀ। 1849 ਵਿਚ ਪੰਜਾਬ 'ਤੇ ਕਬਜ਼ਾ ਕਰਕੇ ਅੰਗਰੇਜ਼ ਹਕੂਮਤ ਨੇ ਬਗਾਵਤਾਂ ਰੋਕਣ ਲਈ ਇੰਡੀਅਨ ਆਰਮਜ਼ ਐਕਟ ਰਾਹੀਂ ਕਿਰਪਾਨ ਸਮੇਤ ਬਾਕੀ ਹਥਿਆਰਾਂ 'ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਸਨ। ਪਰ ਬਾਅਦ 'ਚ ਕਿਰਪਾਨ ਦੀ ਅਧਿਆਤਮਿਕ ਤੇ ਧਾਰਮਿਕ ਮਹੱਤਤਾ ਨੂੰ ਸਮਝਦਿਆਂ ਬ੍ਰਿਟਿਸ਼ ਇੰਡੀਆ ਵਿਚ ਸਿੱਖਾਂ ਨੂੰ ਕਿਰਪਾਨ ਰੱਖਣ ਦੀ ਵਿਸ਼ੇਸ਼ ਕਾਨੂੰਨੀ ਛੋਟ ਦਿੱਤੀ ਗਈ। ਯੂ.ਕੇ. ਦੀ ਗੱਲ ਕਰੀਏ ਤਾਂ ਇੱਥੇ ਕ੍ਰਿਮੀਨਲ ਜਸਟਿਸ ਐਕਟ 1988 (ਧਾਰਾ 139) ਤਹਿਤ ਕਿਸੇ ਜਨਤਕ ਸਥਾਨ 'ਤੇ ਬਿਨਾਂ ਕਿਸੇ ਠੋਸ ਕਾਰਨ ਜਾਂ ਕਾਨੂੰਨੀ ਅਧਿਕਾਰ ਦੇ 3 ਇੰਚ ਤੋਂ ਵੱਡੇ ਬਲੇਡ ਵਾਲਾ ਚਾਕੂ ਜਾਂ ਕਿਰਪਾਨ ਲੈ ਕੇ ਜਾਣਾ ਅਪਰਾਧ ਹੈ, ਜਦਕਿ ਇਸ ਦੀ ਧਾਰਾ 139(5)(ਬੀ) ਤਹਿਤ ਸਿੱਖਾਂ ਨੂੰ ਛੋਟ ਹੈ। ਦੂਜਾ ਆਫੈਂਸਿਵ ਵੈਪਨਜ਼ ਐਕਟ 2019 ਦੇ ਕਾਨੂੰਨ ਨੇ ਚਾਕੂਆਂ ਤੇ ਖ਼ਤਰਨਾਕ ਵਸਤੂਆਂ ਬਾਰੇ ਯੂ.ਕੇ. ਦੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਹੈ, ਪਰ ਸਿੱਖ ਭਾਈਚਾਰੇ ਲਈ ਦਿੱਤੀਆਂ ਛੋਟਾਂ ਨੂੰ ਬਰਕਰਾਰ ਰੱਖਿਆ ਹੈ। ਇਹ ਐਕਟ ਯਕੀਨੀ ਬਣਾਉਂਦਾ ਹੈ ਕਿ ਧਾਰਮਿਕ ਉਦੇਸ਼ਾਂ ਲਈ ਕਿਰਪਾਨ ਰੱਖਣਾ ਪੂਰੀ ਤਰ੍ਹਾਂ ਕਾਨੂੰਨੀ ਹੈ ਤੇ ਇਹ ਧਾਰਮਿਕ ਰਸਮਾਂ ਜਾਂ ਡਿਊਟੀਆਂ ਲਈ 50 ਸੈਂਟੀਮੀਟਰ ਤੱਕ ਦੀ ਕਿਰਪਾਨ ਦੀ ਵਿਕਰੀ, ਨਿਰਮਾਣ ਤੇ ਰੱਖਣ ਦੀ ਵੀ ਇਜਾਜ਼ਤ ਦਿੰਦਾ ਹੈ (ਜੋ ਆਮ ਹਾਲਾਤ ਵਿਚ ਪਾਬੰਦੀਸ਼ੁਦਾ ਹਥਿਆਰਾਂ ਦੀ ਸ਼੍ਰੇਣੀ 'ਚ ਆ ਸਕਦੀਆਂ ਹਨ)। ਕ੍ਰਿਮੀਨਲ ਜਸਟਿਸ ਐਕਟ 1988 ਦੀ ਧਾਰਾ 139 ਏ ਇਸ ਧਾਰਮਿਕ ਛੋਟ ਨੂੰ ਸਕੂਲਾਂ 'ਚ ਵੀ ਲਾਗੂ ਕਰਦੀ ਹੈ। ਅੰਮ੍ਰਿਤਧਾਰੀ ਸਿੱਖ ਵਿਦਿਆਰਥੀ, ਅਧਿਆਪਕ ਤੇ ਲੋਕਾਂ ਨੂੰ ਸਕੂਲ ਵਿਚ ਕਿਰਪਾਨ ਪਹਿਨਣ ਦੀ ਕਾਨੂੰਨੀ ਇਜਾਜ਼ਤ ਹੈ। ਹਾਲਾਂਕਿ ਸਕੂਲ ਪ੍ਰਸ਼ਾਸਨ ਅਕਸਰ ਸਥਾਨਕ ਸਿੱਖਾਂ ਨਾਲ ਮਿਲ ਕੇ ਸੁਰੱਖਿਆ ਦਿਸ਼ਾ-ਨਿਰਦੇਸ਼ ਤੈਅ ਕਰਦਾ ਹੈ (ਜਿਵੇਂ ਕਿ ਕਿਰਪਾਨ ਦਾ ਆਕਾਰ ਛੋਟਾ ਹੋਣਾ, ਗਾਤਰੇ ਦੇ ਅੰਦਰ ਸਿਲਾਈ ਹੋਣਾ ਤੇ ਕੱਪੜਿਆਂ ਦੇ ਹੇਠਾਂ ਢਕੀ ਹੋਣੀ ਆਦਿ)।
ਯੂ.ਕੇ. ਦੀਆਂ ਅਦਾਲਤਾਂ ਤੇ ਬ੍ਰਿਟਿਸ਼ ਸੰਸਦ ਦੀਆਂ ਅਧਿਕਾਰਤ ਨੀਤੀਆਂ ਸਿੱਖ ਕਰਮਚਾਰੀਆਂ ਤੇ ਯਾਤਰੀਆਂ ਨੂੰ ਕਿਰਪਾਨ ਸਮੇਤ ਅੰਦਰ ਜਾਣ ਦੀ ਇਜਾਜ਼ਤ ਦਿੰਦੀਆਂ ਹਨ, ਬਸ਼ਰਤੇ ਕਿਰਪਾਨ ਕੱਪੜਿਆਂ ਦੇ ਹੇਠਾਂ ਹੋਵੇ। ਹਵਾਈ ਅੱਡਿਆਂ 'ਤੇ ਕੰਮ ਕਰਨ ਵਾਲੇ ਕਾਮਿਆਂ ਨੂੰ 6 ਇੰਚ ਤੋਂ ਘੱਟ ਲੰਮੀ ਕਿਰਪਾਨ ਦੀ ਇਜਾਜ਼ਤ ਹੈ, ਪਰ ਯਾਤਰਾ ਸਮੇਂ ਛੋਟੀ ਕਿਰਪਾਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਸਿਰਫ਼ ਤਿੰਨ ਇੰਚ ਤੋਂ ਘੱਟ ਲੰਮੀ ਸ੍ਰੀ ਸਾਹਿਬ ਨੂੰ ਪਹਿਨਿਆ ਜਾ ਸਕਦਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬਰਤਾਨੀਆ ਦੀਆਂ ਕੁਝ ਜਨਤਕ ਥਾਵਾਂ 'ਤੇ 6 ਇੰਚ ਵਾਲੀ ਕਿਰਪਾਨ ਪਹਿਨਣ ਦੀ ਵੀ ਮਨਾਹੀ ਹੈ, ਜਿਵੇਂ ਕਿ ਲੰਡਨ ਆਈ 'ਤੇ ਜਾਣ ਵਾਲੇ ਚੋਣਵੇਂ ਲੋਕਾਂ ਦੀ ਤਲਾਸ਼ੀ ਲਈ ਜਾਂਦੀ ਹੈ, ਜੇ ਤਲਾਸ਼ੀ ਦੌਰਾਨ ਕਿਸੇ ਨੂੰ ਰੋਕ ਲਿਆ ਜਾਵੇ ਤਾਂ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ, ਪਰ ਇਕ ਸਿੱਖ ਨੌਜਵਾਨ ਵਲੋਂ ਹੈਨਰੀ ਨੋਵਾਕ ਨਾਂਅ ਦੇ ਨੌਜਵਾਨ ਦਾ ਕਤਲ ਕੀਤੇ ਜਾਣ ਨਾਲ ਭਵਿੱਖ ਵਿਚ ਸਿੱਖ ਭਾਈਚਾਰੇ ਨੂੰ ਕੀ ਮੁਸ਼ਕਿਲਾਂ ਆ ਸਕਦੀਆਂ ਹਨ, ਇਹ ਸਮਾਂ ਹੀ ਦੱਸੇਗਾ?

-ਅਜੀਤ ਪ੍ਰਤੀਨਿਧ, ਲੰਡਨ (ਯੂ.ਕੇ.)।
ਮੋਬਾਈਲ : 07899798363
ਈ ਮੇਲ: msbadhni@yahoo.co.uk

Ad Position 22
No active advertisement
ਪਿਛਲੀ ਖ਼ਬਰ ਮਾਵਾਂ ਤੇ ਨਵਜਨਮੇ ਬੱਚਿਆਂ ਦੀ ਸੁਰੱਖਿਆ ਲਈ ਯਤਨਸ਼ੀਲ ਹੈ ਸਰਕਾਰ ਅਗਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਦੀ ਸਰਗਰਮੀ
Ad Position 24
No active advertisement