ਫ਼ਸਲੀ ਭਿੰਨਤਾ ਵਿਚ ਬਾਸਮਤੀ ਦਾ ਵਿਸ਼ੇਸ਼ ਰੋਲ ਹੈ। ਬਾਸਮਤੀ ਦੀ ਕਾਸ਼ਤ ਪੰਜਾਬ 'ਚ 7 ਲੱਖ ਹੈਕਟੇਅਰ ਅਤੇ ਹਰਿਆਣਾ 'ਚ ਲਗਭਗ 6 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਭਾਰਤ 'ਚ ਬਾਸਮਤੀ ਦੀ ਕਾਸ਼ਤ ਹੇਠ 21 ਲੱਖ ਹੈਕਟੇਅਰ ਰਕਬਾ ਹੈ। ਉਂਝ ਤਾਂ ਬਾਸਮਤੀ ਦੀ ਮੰਗ ਘਰੇਲੂ ਅਤੇ ਵਿਦੇਸ਼ਾਂ 'ਚ ਮਤਵਾਤਰ ਵਧ ਰਹੀ ਹੈ ਪਰ ਜੇ ਅਮਰੀਕਾ ਈਰਾਨ ਦਾ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਬਾਸਮਤੀ ਦਾ ਭਵਿੱਖ ਹੋਰ ਵੀ ਉਜਵਲ ਹੋ ਜਾਵੇਗਾ। ਈਰਾਨ ਬਾਸਮਤੀ ਦਾ ਵਿਸ਼ਵ 'ਚ ਦੂਜਾ ਵੱਡਾ ਦਰਾਮਦਕਾਰ ਹੈ। ਪੰਜਾਬ, ਹਰਿਆਣਾ ਦੀ ਬਾਸਮਤੀ ਸਭ ਮੁਲਕਾਂ ਨਾਲੋਂ ਵੱਧ ਈਰਾਨ 'ਚ ਜਾਂਦੀ ਹੈ। ਪਿਛਲੇ ਸਾਲ (2025 26 'ਚ) ਭਾਰਤ ਤੋਂ 65 ਲੱਖ ਟਨ ਬਾਸਮਤੀ ਵਿਦੇਸ਼ਾਂ ਨੂੰ ਬਰਾਮਦ ਕੀਤੀ ਗਈ ਤੇ ਇਸ ਤੋਂ 50,180 ਕਰੋੜ ਦੀ ਵਿਦੇਸ਼ੀ ਮੁਦਰਾ ਭਾਰਤ ਨੂੰ ਆਈ। ਉਸ ਤੋਂ ਇਕ ਸਾਲ ਪਹਿਲਾਂ (2024 25 'ਚ) ਭਾਰਤ ਤੋਂ 60 ਲੱਖ ਟਨ ਬਾਸਮਤੀ ਬਰਾਮਦ ਹੋਈ ਸੀ। ਉਦੋਂ ਵੀ ਵਿਦੇਸ਼ੀ ਮੁਦਰਾ ਇੰਨੀ ਹੀ (50 ਹਜ਼ਾਰ ਕਰੋੜ ਦੇ ਲਗਭਗ) ਕਮਾਈ ਗਈ ਸੀ। ਪੰਜ ਲੱਖ ਟਨ ਬਾਸਮਤੀ ਦੀ ਬਰਾਮਦ ਵਧਣ ਉਪਰੰਤ ਵੀ ਵਿਦੇਸ਼ੀ ਮੁਦਰਾ 'ਚ ਕੋਈ ਵਾਧਾ ਨਹੀਂ ਹੋਇਆ। ਐਗਰੀਕਲਚਰਲ ਪ੍ਰੋਸੈਸਡ ਫੂਡ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੀਡਾ) ਅਨੁਸਾਰ ਕੀਟਨਾਸ਼ਕਾਂ ਦਾ ਪ੍ਰਯੋਗ ਵੱਧ ਹੋਣ ਕਾਰਨ ਇਸ ਦੀ ਗੁਣਵੱਤਾ ਅਤੇ ਇਸ ਦੀ ਕੀਮਤ ਪ੍ਰਭਾਵਿਤ ਹੋ ਰਹੇ ਹਨ। ਪੱਛਮੀ ਏਸ਼ੀਆ ਦੀ ਜੰਗ ਦੌਰਾਨ ਈਰਾਨ ਤੋਂ ਇਲਾਵਾ ਬਾਕੀ ਸਾਊਦੀ ਅਰਬ, ਖਾੜੀ ਤੇ ਯੂਰਪ ਆਦਿ ਦੇਸ਼ਾਂ ਨੂੰ ਬਾਸਮਤੀ ਲਗਾਤਾਰ ਬਰਾਮਦ ਹੁੰਦੀ ਰਹੀ। ਸਾਊਦੀ ਅਰਬ ਅਤੇ ਈਰਾਨ ਪੰਜਾਬ ਤੇ ਹਰਿਆਣਾ ਦੀ ਬਾਸਮਤੀ ਦੀ ਵੱਡੀ ਮਾਤਰਾ 'ਚ ਦਰਾਮਦ ਕਰਨ ਵਾਲੇ ਮੁਲਕ ਹਨ।
ਯੂਰਪੀਅਨ ਯੂਨੀਅਨ ਵਲੋਂ ਰਸਾਇਣਾਂ ਦੀ ਵਰਤੋਂ ਸੰਬੰਧੀ ਸਖ਼ਤ ਨੀਤੀ ਤੈਅ ਕਰਨ ਉਪਰੰਤ ਪੰਜਾਬ ਸਰਕਾਰ ਨੇ ਟ੍ਰਾਈਸਾਈਕਲਾਜ਼ੋਨ, ਬਾਇਆਮੀਥਾਕਸਮ, ਟ੍ਰਾਈਐਜੋਫਾਸ, ਕਾਰਬੈਂਡਾਜ਼ਿਮ ਅਤੇ ਐਸੀਫੇਟ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ। ਯੂਰਪ ਵਲੋਂ ਬੁਪਰੋਫਜ਼ਿਨ ਤੇ ਟਰਾਈਸਾਈਕਲਾਜ਼ੋਨ ਰਸਾਇਣਾਂ ਦੀ ਰਹਿੰਦ ਖੂਹੰਦ ਸੰਬੰਧੀ ਸੀਮਾ 0.01 ਪੀ.ਪੀ.ਐਮ. ਕਰਨ ਉਪਰੰਤ ਕਿਸਾਨ ਰਸਾਇਣਾਂ ਦੀ ਵਰਤੋਂ ਸੰਬੰਧੀ ਚੁਕੰਨੇ ਹੋ ਗਏ ਹਨ। ਪੰਜਾਬ, ਹਰਿਆਣਾ ਦੀ ਬਾਸਮਤੀ ਦੀ ਗੁਣਵੱਤਾ ਵਧੀਆ ਹੈ। ਜੋਗਰਫੀਕਲ ਇੰਡੀਕੇਟਰ (ਜੀ.ਆਈ.) ਦੇ ਰਾਜ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉਤਰਾਖੰਡ, ਜੰਮੂ ਤੇ ਕਸ਼ਮੀਰ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਨੂੰ ਬਾਸਮਤੀ ਪੈਦਾ ਕਰਨ ਲਈ ਨੋਟੀਫਾਈਡ ਕੀਤਾ ਗਿਆ ਹੈ ਅਤੇ ਇਨ੍ਹਾਂ ਖੇਤਰਾਂ 'ਚ ਪੈਦਾ ਕੀਤੀ ਫ਼ਸਲ ਨੂੰ ਹੀ ਬਾਸਮਤੀ ਦਾ ਟੈਗ ਹਾਸਿਲ ਹੈ। ਪ੍ਰੰਤੂ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ ਤੇ ਰਾਜਸਥਾਨ ਵੀ ਬਾਸਮਤੀ ਦੀਆਂ ਕਿਸਮਾਂ ਦੀ ਕਾਸ਼ਤ ਕਰ ਰਹੇ ਹਨ। ਨਿੱਜੀ ਬੀਜ ਕੰਪਨੀਆਂ ਤੇ ਵਪਾਰੀ ਵੱਡੇ ਪੱਧਰ 'ਤੇ ਬੀਜ ਮੁਹੱਈਆ ਕਰਕੇ ਮਹਾਰਾਸ਼ਟਰਾ ਅਤੇ ਤੇਲੰਗਾਨਾ 'ਚ ਵੀ ਬਾਸਮਤੀ ਦੀ ਕਾਸ਼ਤ ਵਧਾ ਰਹੇ ਹਨ। ਗ਼ੈਰ ਜੀ.ਆਈ. ਖੇਤਰਾਂ 'ਚ ਬਾਸਮਤੀ ਦਾ ਬੀਜ ਉਪਲਬਧ ਕਰਨ ਨਾਲ ਇਨ੍ਹਾਂ ਰਾਜਾਂ 'ਚ ਬਾਸਮਤੀ ਦੀਆਂ ਕਿਸਮਾਂ ਦੀ ਕਾਸ਼ਤ ਵਧਦੀ ਜਾ ਰਹੀ ਹੈ। ਜੀ.ਆਈ. ਖੇਤਰ ਦੇ ਰਾਜਾਂ ਨੂੰ ਉੱਥੇ ਦੀ ਭੂਮੀ, ਪਾਣੀ, ਆਬੋ-ਹਵਾ, ਵਾਤਾਵਰਨ ਤੇ ਰਵਾਇਤ ਦੇਖਦੇ ਹੋਏ ਜੀ.ਆਈ. ਟੈਗ ਦਿੱਤਾ ਗਿਆ ਸੀ। ਹੁਣ ਦੂਜੇ ਰਾਜ ਜੋ ਬਾਸਮਤੀ ਦੀ ਕਾਸ਼ਤ ਕਰਨ ਲਈ ਅੱਗੇ ਆ ਰਹੇ ਹਨ, ਉਨ੍ਹਾਂ ਨੂੰ ਜੀ.ਆਈ. ਟੈਗ ਹਾਸਿਲ ਨਹੀਂ ਅਤੇ ਉੱਥੇ ਪੈਦਾ ਕੀਤੀ ਗਈ ਫ਼ਸਲ ਨੂੰ ਬਾਸਮਤੀ ਦਾ ਦਰਜਾ ਉਪਲਬਧ ਨਹੀਂ ਹੈ। ਪਰ ਕੁਝ ਵਪਾਰੀ ਗੈਰ ਜੀ.ਆਈ. ਖੇਤਰ 'ਚ ਪੈਦਾ ਕੀਤੀ ਗਈ ਬਾਸਮਤੀ ਸਸਤੇ ਭਾਅ ਖਰੀਦ ਰਹੇ ਹਨ। ਇਸ ਤਰ੍ਹਾਂ ਬਾਸਮਤੀ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਉਨ੍ਹਾਂ ਇਲਾਕਿਆਂ ਦੀ ਪੈਦਾਵਾਰ 'ਚ ਬਾਸਮਤੀ ਦੇ ਵਿਸ਼ੇਸ਼ ਗੁਣ ਨਹੀਂ ਹਨ। ਤਕਰੀਬਨ ਸਾਰੀ ਬਰਾਮਦ ਖਾੜੀ ਦੇਸ਼ਾਂ ਤੇ ਈਰਾਨ ਨੂੰ ਪੀਬੀ 1121 ਦੇ ਲੇਬਲ ਹੇਠ ਹੋ ਰਹੀ ਹੈ। ਪੀਬੀ 1509 ਕਿਸਮ ਦਾ ਚੌਲ ਵੀ ਭਾਵੇਂ ਲਗਭਗ ਪੀਬੀ 1121 ਕਿਸਮ ਦੇ ਚੌਲਾਂ ਦਾ ਮੁਕਾਬਲਾ ਕਰਦਾ ਹੈ ਅਤੇ ਇਸ ਦੇ ਲੇਬਲ ਹੇਠ ਖਪ ਜਾਂਦਾ ਹੈ (ਜੇ ਇਹ ਜੀ.ਆਈ. ਜ਼ੋਨ ਦੇ ਖੇਤਰ 'ਚ ਪੈਦਾ ਕੀਤਾ ਜਾਵੇ)।
ਭਾਵੇਂ ਮੱਧ ਪ੍ਰਦੇਸ਼ (ਜੋ ਜੀ.ਆਈ. ਖੇਤਰ 'ਚ ਨਹੀਂ ਹੈ) ਨੂੰ ਜੀ.ਆਈ. ਖੇਤਰ 'ਚ ਸ਼ਾਮਿਲ ਕਰਨ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਪਰ ਅਫ਼ਵਾਹਾਂ ਫੈਲ ਰਹੀਆਂ ਹਨ ਕਿ ਕੇਂਦਰ ਵਲੋਂ ਮੱਧ ਪ੍ਰਦੇਸ਼ ਨੂੰ ਜੀ.ਆਈ. ਟੈਗ ਦਿੱਤਾ ਜਾ ਰਿਹਾ ਹੈ। ਜੇ ਅਜਿਹਾ ਹੋ ਜਾਂਦਾ ਹੈ ਤਾਂ ਬਾਸਮਤੀ ਦੇ ਭਾਅ 'ਚ ਗਿਰਾਵਟ ਆਵੇਗੀ। ਕਿਸਾਨ ਡਰੇ ਹੋਏ ਹਨ ਕਿ ਉਨ੍ਹਾਂ ਨੂੰ ਠੀਕ ਭਾਅ ਨਹੀਂ ਮਿਲਣਗੇ। ਬਾਸਮਤੀ ਦੀ ਬਰਾਮਦ 'ਚ ਪੰਜਾਬ ਤੇ ਹਰਿਆਣਾ ਦਾ 60% ਤੱਕ ਯੋਗਦਾਨ ਹੈ। ਬਾਸਮਤੀ 'ਤੇ ਐਮ.ਐਸ.ਪੀ. ਨਾ ਹੋਣ ਕਾਰਨ ਮੰਡੀ 'ਚ ਭਾਅ ਘੱਟ ਮਿਲ ਰਿਹਾ ਹੈ। ਪੰਜਾਬ 'ਚ ਬਾਸਮਤੀ ਦੀ ਕਾਸ਼ਤ ਹੇਠਲਾ ਰਕਬਾ ਵਧਣ ਦੀ ਸੰਭਾਵਨਾ ਹੈ ਪਰ ਉਪਰੋਕਤ ਕਾਰਨਾਂ ਕਰਕੇ ਕਿਸਾਨ ਬਾਸਮਤੀ ਦੀ ਕਾਸ਼ਤ ਵਧਾਉਣ 'ਚ ਅੱਗੇ ਨਹੀਂ ਆ ਰਹੇ। ਬਾਸਮਤੀ ਦੀ ਕਾਸ਼ਤ ਥੱਲੇ ਕੁੱਲ ਰਕਬੇ 'ਚੋਂ ਤਕਰੀਬਨ 80% ਰਕਬੇ 'ਤੇ ਆਈ.ਸੀ.ਏ.ਆਰ. ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਪੀਬੀ 1509 ਕਿਸਮ ਜੋ ਕਿਸਾਨਾਂ ਦੀ ਪਸੰਦ ਬਣ ਗਈ ਹੈ, ਆਈ.ਏ.ਆਰ.ਆਈ. ਦੇ ਸਾਬਕਾ ਡਾਇਰੈਕਟਰ ਅਤੇ ਪ੍ਰਸਿੱਧ ਬਾਸਮਤੀ ਦੇ ਬ੍ਰੀਡਰ ਡਾ. ਅਸ਼ੋਕ ਕੁਮਾਰ ਸਿੰਘ ਦੀ ਨਿਗਰਾਨੀ ਹੇਠ ਵਿਕਸਤ ਹੋਈ ਸੀ। ਇਹ ਕਿਸਮ ਪੱਕਣ ਨੂੰ ਥੋੜ੍ਹਾ ਸਮਾਂ ਲੈਂਦੀ ਹੈ ਤੇ ਇਸ ਦਾ ਝਾੜ ਵੱਧ ਹੈ। ਇਸ ਦੇ ਬੀਜਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਕਈ ਥਾਵਾਂ 'ਤੇ ਇਹ ਮੌਨਸੂਨ ਦੇ ਮੀਹਾਂ ਨਾਲ ਹੀ ਤਿਆਰ ਹੋ ਜਾਂਦੀ ਹੈ। ਕਿਸਾਨ ਇਸ ਕਿਸਮ ਨੂੰ ਅਪਣਾ ਰਹੇ ਹਨ। ਆਈ.ਏ.ਆਰ.ਆਈ. ਦੇ ਜੈਨੇਟਿਕਸ ਡਵੀਜ਼ਨ ਦੇ ਮੁਖੀ ਡਾ. ਗੋਪਾਲਾ ਕ੍ਰਿਸ਼ਨਨ ਐਸ. ਕਹਿੰਦੇ ਹਨ ਕਿ ਇਕ ਹੋਰ ਬਾਸਮਤੀ ਦੀ ਕਿਸਮ ਵਿਕਾਸ ਅਧੀਨ ਹੈ, ਜੋ ਬਲਾਸਟ ਤੇ ਬਲਾਈਟ ਤੋਂ ਮੁਕਤ ਹੋਵੇਗੀ ਅਤੇ ਸਿੱਧੀ ਬਿਜਾਈ (ਡੀ.ਐਸ.ਆਰ.) ਤਕਨੀਕ ਨਾਲ ਬੀਜੀ ਜਾ ਸਕੇਗੀ। ਬਰਾਮਦ 'ਚ ਦੂਜੇ ਮੁਲਕਾਂ ਵਲੋਂ ਇਸ ਦੀ ਮੰਗ ਕੀਤੇ ਜਾਣ ਦੀ ਵੀ ਪੂਰੀ ਸੰਭਾਵਨਾ ਹੈ। ਆਈ.ਸੀ.ਏ.ਆਰ. ਆਈ.ਏ.ਆਰ.ਆਈ. ਦੇ ਡਾਇਰੈਕਟਰ ਡਾ. ਸੀ.ਐਚ. ਸ੍ਰੀਨਿਵਾਸਾ ਰਾਓ ਕਹਿੰਦੇ ਹਨ ਕਿ ਸੰਸਥਾਨ ਦਾ ਬਾਸਮਤੀ ਦੀ ਖੋਜ ਅਤੇ ਇਸ ਦੇ ਫੈਲਾਅ 'ਤੇ ਪੂਰਾ ਜ਼ੋਰ ਰਹੇਗਾ, ਜਿਸ ਨਾਲ ਭਵਿੱਖ 'ਚ ਬਰਾਮਦ ਵਧਣ ਨਾਲ ਵਿਦੇਸ਼ੀ ਮੁਦਰਾ ਹੋਰ ਆਵੇਗੀ।
ਬਾਸਮਤੀ ਦੀ ਕਾਸ਼ਤ ਤੇ ਪੈਦਾਵਾਰ ਵਧਾਉਣ ਸੰਬੰਧੀ ਮਾਹਿਰ ਕਹਿੰਦੇ ਹਨ ਕਿ ਬਾਸਮਤੀ ਦੀਆਂ ਕਿਸਮਾਂ ਦੀ ਕਾਸ਼ਤ ਗ਼ੈਰ ਜੀ.ਆਈ. ਖੇਤਰ ਦੇ ਰਾਜਾਂ ਜਿਵੇਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ ਤੇ ਰਾਜਸਥਾਨ 'ਚ ਬੰਦ ਕੀਤੀ ਜਾਣੀ ਚਾਹੀਦੀ ਹੈ। ਗ਼ੈਰ ਜੀ.ਆਈ. ਖੇਤਰਾਂ 'ਚ ਬਾਸਮਤੀ ਬੀਜਾਂ ਦੀ ਸਰਟੀਫਿਕੇਸ਼ਨ 'ਤੇ ਪਾਬੰਦੀ ਲਾਈ ਜਾਵੇ। ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਵਲੋਂ ਸਲਾਹਕਾਰੀਆਂ ਜਾਰੀ ਕੀਤੀਆਂ ਜਾਣ ਕਿ ਕਿਸਾਨ ਗ਼ੈਰ ਜੀ.ਆਈ. ਖੇਤਰ 'ਚ ਬਾਸਮਤੀ ਕਿਸਮਾਂ ਦੀ ਕਾਸ਼ਤ ਕਰਨ ਦੀ ਥਾਂ ਹੋਰ ਫ਼ਸਲਾਂ ਦੀ ਕਾਸ਼ਤ ਕਰਨੇ। ਇਸ ਨਾਲ ਹੀ ਬਾਸਮਤੀ ਦੀ ਗੁਣਵੱਤਾ ਕਾਇਮ ਰੱਖੀ ਜਾ ਸਕਦੀ ਹੈ।
ਈ-ਮੇਲ : bhagwandass226@gmail.com