21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਚਾਪਲੂਸੀ ਸਿਆਸੀ ਪਾਰਟੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ

ਚਾਪਲੂਸੀ ਸਿਆਸੀ ਪਾਰਟੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ

Ad Position 21
No active advertisement
ਅਜੀਤ ਡੈਸਕ 22-09-2026

ਧਾਨ ਮੰਤਰੀ ਮੋਦੀ ਨੂੰ  ਕੁਝ ਦੇਰੀ ਨਾਲ ਜਨਮ ਦਿਨ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ | ਹਾਲਾਂਕਿ ਮੈਂ ਆਮ ਤੌਰ 'ਤੇ ਜਨਮ ਦਿਨ ਮਨਾਉਣ ਦੇ ਪੱਖ 'ਚ ਨਹੀਂ ਹਾਂ, ਪਰ ਮੈਨੂੰ ਪਰਿਵਾਰ ਤੇ ਦੋਸਤਾਂ ਦੇ ਦਬਾਅ ਹੇਠ ਜਨਮ ਦਿਨ ਮਨਾਉਣਾ ਪੈਂਦਾ ਹੈ | ਅਜਿਹੇ ਮੌਕਿਆਂ 'ਤੇ ਬਹੁਤੇ ਦੋਸਤ ਮੇਰੀ ਪ੍ਰਸੰਸਾ ਕਰਨ ਦੀ ਬਜਾਏ ਛੇੜਖਾਨੀ ਜ਼ਿਆਦਾ ਕਰਦੇ ਹਨ | ਮੇਰਾ ਰਾਜਨੀਤੀ ਦਾ ਤਜਰਬਾ ਬਹੁਤ ਜ਼ਿਆਦਾ ਨਹੀਂ ਹੈ, ਪਰ ਮੈਂ ਜਾਣਦਾ ਹਾਂ ਕਿ ਚਮਚਾਗਿਰੀ ਕਰਨ ਵਾਲੇ ਲੋਕ ਰਾਜਨੀਤੀ ਵਿਚ ਖੂਬ ਪ੍ਰਫੁੱਲਿਤ ਹੁੰਦੇ ਹਨ | ਅਜਿਹੇ ਲੋਕ ਤੁਹਾਡੇ ਮੂੰਹ 'ਤੇ ਤਾਰੀਫ਼ ਕਰਦੇ ਹਨ ਤੇ ਤੁਹਾਡੀ ਪਿੱਠ ਪਿੱਛੇ ਗਾਲ੍ਹਾਂ ਕੱਢਦੇ ਹਨ | ਅਜਿਹੇ ਲੋਕ ਕੋਈ ਵੀ ਬਿਹਤਰ ਮੌਕਾ ਮਿਲਣ 'ਤੇ ਤੁਹਾਡਾ ਸਾਥ ਛੱਡ ਕੇ ਆਪਣੇ ਸਵਾਰਥ ਲਈ ਪਾਰਟੀ ਬਦਲ ਕੇ ਫਿਰ ਹੋਰਾਂ ਦੇ ਚਾਪਲੂਸ ਬਣ ਜਾਂਦੇ ਹਨ | ਜੇਕਰ ਤੁਸੀਂ ਇਤਿਹਾਸ ਨੂੰ  ਖੰਗਾਲੋਗੇ ਤਾਂ ਗਾਂਧੀ ਤੋਂ ਲੈ ਕੇ ਮੋਦੀ ਤੱਕ ਤੁਹਾਨੂੰ ਚਾਪਲੂਸਾਂ ਦੀ ਇਕ ਪੂਰੀ ਸੂਚੀ ਮਿਲ ਜਾਵੇਗੀ | ਪਰ ਇਹ ਵੀ ਸੱਚ ਹੈ ਕਿ ਨੇਤਾ ਤੇ ਸਫਲ ਵਿਅਕਤੀ ਚਾਪਲੂਸਾਂ ਨੂੰ   ਪਸੰਦ ਕਰਦੇ ਹਨ ਮਤਲਬ ਉਨ੍ਹਾਂ ਨੂੰ  ਆਪਣੀ ਪ੍ਰਸੰਸਾ ਸੁਣਨਾ ਚੰਗਾ ਲੱਗਦਾ ਹੈ | ਅਜਿਹੇ 'ਚ ਮੋਦੀ ਜੀ ਦੇ ਜਨਮ ਦਿਨ 'ਤੇ ਚਾਪਲੂਸੀ ਦਾ ਜੋ ਤਮਾਸ਼ਾ ਦੇਖਣ ਨੂੰ  ਮਿਲਿਆ ਉਹ ਹੈਰਾਨ ਕਰਨ ਵਾਲਾ ਤਾਂ ਨਹੀਂ ਸੀ |ਵੱਡੇ-ਵੱਡੇ ਨੇਤਾਵਾਂ ਵਲੋਂ ਪ੍ਰਧਾਨ ਮੰਤਰੀ ਲਈ ਹਵਨ ਕਰਨਾ, ਆਰਤੀ ਉਤਾਰਨਾ ਤੇ ਦੀਵੇ ਜਗਾਉਣਾ ਅਜੀਬ ਲੱਗਿਆ, ਉਹ ਇਹ ਸਭ ਕੁਝ ਸਿਰਫ਼ ਆਪਣੇ ਸਵਾਰਥਾਂ ਦੀ ਪੂਰਤੀ ਲਈ ਕਰ ਰਹੇ ਸਨ | ਉਹ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਭਾਜਪਾ ਦੇ ਸਭ ਤੋਂ ਕਾਮਯਾਬ ਤੇ ਸਰਬਉੱਚ ਨੇਤਾ ਹਨ, ਉਹ 3 ਵਾਰ ਦੇ ਮੁੱਖ ਮੰਤਰੀ ਤੇ 3 ਵਾਰ ਦੇ ਪ੍ਰਧਾਨ ਮੰਤਰੀ ਹਨ | ਜੇਕਰ ਉਨ੍ਹਾਂ ਦੀ ਨਜ਼ਰ ਟੇਢੀ ਹੋ ਗਈ ਤਾਂ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਸਕਦਾ ਹੈ ਤੇ ਉਨ੍ਹਾਂ ਦੀ ਨਜ਼ਰ ਸਵੱਲੀ ਰਹੀ ਤਾਂ ਉਨ੍ਹਾਂ ਦੀ ਬੱਲੇ-ਬੱਲੇ ਹੋ ਸਕਦੀ ਹੈ | ਅਕਸਰ ਦੋਸਤ ਤੁਹਾਨੂੰ ਸਹੀ ਰਸਤੇ 'ਤੇ ਚੱਲਣ ਦੀ ਸਲਾਹ ਦਿੰਦੇ ਹਨ, ਪਰ ਮੇਰਾ ਰਾਜਨੀਤੀ ਦਾ ਤਜਰਬਾ ਦੱਸਦਾ ਹੈ ਕਿ ਉੱਥੇ ਕੋਈ ਦੋਸਤੀ ਨਹੀਂ ਹੁੰਦੀ | ਸਿਰਫ਼ ਮੁਕਾਬਲਾ ਹੁੰਦਾ ਹੈ, ਇਕ-ਦੂਜੇ ਨੂੰ  ਡੇਗਣ ਦੀ ਇਕ ਨਿਰੰਤਰ ਖੇਡ ਚੱਲਦੀ ਰਹਿੰਦੀ ਹੈ | ਰਾਜਨੀਤੀ ਕਿਸੇ ਵਿਅਕਤੀ ਦੀ ਸਭ ਤੋਂ ਭੈੜੀ ਤੇ ਘਿ੍ਣਤ ਪ੍ਰਵਿਰਤੀ ਨੂੰ  ਉਭਾਰ ਕੇ ਮਨੁੱਖ ਨੂੰ  ਮਨੁੱਖ ਨਹੀਂ ਰਹਿਣ ਦਿੰਦੀ ਹੈ | ਸਿਆਸਤ 'ਚ ਬਹੁਤ ਘੱਟ ਲੋਕ ਚੰਗੇ ਇਨਸਾਨ ਬਣੇ ਰਹਿੰਦੇ ਹਨ, ਪਰ ਅਜਿਹੇ ਲੋਕ ਰਾਜਨੀਤੀ ਵਿਚ ਬਹੁਤੇ ਕਾਮਯਾਬ ਨਹੀਂ ਹੁੰਦੇ |

ਕੀ ਮੋਦੀ ਜੀ ਨੂੰ  ਅਜਿਹੇ ਲੋਕ ਪਸੰਦ ਹਨ, ਜੋ ਉਨ੍ਹਾਂ ਦੀ ਤੁਲਨਾ ਪਰਮਾਤਮਾ ਨਾਲ ਕਰਦੇ ਹਨ ਜਾਂ ਉਨ੍ਹਾਂ ਨੂੰ  ਵਿਸ਼ਨੂੰ ਦਾ ਅਵਤਾਰ ਦੱਸਦੇ ਹਨ? ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਜਿਹਾ ਬਿਲਕੁਲ ਵੀ ਨਹੀਂ ਹੋਵੇਗਾ, ਪਰ ਇਹ ਉਨ੍ਹਾਂ ਦੀ ਰਾਜਨੀਤੀ ਦਾ ਸਫਲ ਫਾਰਮੂਲਾ ਹੈ | ਇਹ ਜ਼ਰੂਰੀ ਹੈ ਕਿ ਚਾਪਲੂਸ ਉਨ੍ਹਾਂ ਦੇ ਕ੍ਰਿਸ਼ਮੇ ਤੇ ਡਰ ਹੇਠ ਹਮੇਸ਼ਾ ਦੱਬੇ ਰਹਿਣ ਤੇ ਕੋਈ ਵੀ ਉਨ੍ਹਾਂ ਵਿਰੁੱਧ ਬਗਾਵਤ ਕਰਨ ਜਾਂ ਵਿਰੋਧ ਦੀ ਆਵਾਜ਼  ਉਠਾਉਣ ਦੀ ਹਿੰਮਤ ਨਾ ਕਰ ਸਕੇ  | ਇਹ ਤਕਨੀਕ ਹਰ ਸਫਲ ਸਿਆਸਤਦਾਨ ਵਰਤਦਾ ਹੈ ਤੇ ਸ਼ਾਇਦ ਇਹ ਉਨ੍ਹਾਂ ਦੀ ਕਾਮਯਾਬੀ ਦਾ ਇਕ ਬਿਹਤਰ ਨੁਸਖ਼ਾ ਵੀ | ਇਥੋਂ ਹੀ ਵਿਅਕਤੀ ਪੂਜਾ ਦਾ ਰਸਤਾ ਨਿਕਲਦਾ ਹੈ, ਜਦਕਿ ਇਕ ਪਰਿਪੱਕ ਲੋਕਤੰਤਰ 'ਚ ਵਿਅਕਤੀ ਪੂਜਾ ਲਈ ਕੋਈ ਜਗ੍ਹਾ ਨਹੀਂ ਹੁੰਦੀ ਹੈ | ਭਾਰਤੀ ਲੋਕਤੰਤਰ 'ਚ 'ਪ੍ਰਧਾਨ ਮੰਤਰੀ ਬਰਾਬਰ ਲੋਕਾਂ 'ਚੋਂ ਪਹਿਲਾਂ ਹੁੰਦਾ ਹੈ', ਉਸ ਦਾ ਦਰਜਾ ਵੀ ਇਕ ਕੈਬਨਿਟ ਮੰਤਰੀ ਦਾ ਹੀ ਹੁੰਦਾ ਹੈ | ਭਾਰਤੀ ਲੋਕਤੰਤਰ ਦੇ ਸੰਸਥਾਪਕਾਂ ਨੇ ਇਹ ਸ਼ਰਤ ਰੱਖੀ ਸੀ ਕਿ ਪ੍ਰਧਾਨ ਮੰਤਰੀ ਕਿਸੇ ਵੀ ਪਾਰਟੀ ਦਾ ਨੇਤਾ ਨਹੀਂ ਹੋਵੇਗਾ, ਨਾ ਹੀ ਚੋਣਾਂ ਪਾਰਟੀ-ਅਧਾਰਤ ਹੋਣਗੀਆਂ | ਭਾਰਤੀ ਸੰਵਿਧਾਨ ਵਿਚ 'ਪਾਰਟੀ' ਸ਼ਬਦ ਤੱਕ ਨਹੀਂ ਹੈ | ਪਹਿਲੀ ਵਾਰ ਪਾਰਟੀ ਸ਼ਬਦ ਦਾ ਜ਼ਿਕਰ ਉਦੋਂ ਹੋਇਆ ਜਦੋਂ 'ਆਇਆ ਰਾਮ –ਗਿਆ ਰਾਮ' ਦੀ ਰਾਜਨੀਤੀ ਨੂੰ  ਰੋਕਣ ਦੇ ਲਈ ਦਲ-ਬਦਲੀ ਵਿਰੋਧੀ ਕਾਨੂੰਨ ਬਣਾਇਆ ਗਿਆ ਸੀ | ਨਹੀਂ ਤਾਂ, ਸੰਵਿਧਾਨ ਸਪੱਸ਼ਟ ਤੌਰ 'ਤੇ ਕਹਿੰਦਾ ਹੈ ਕਿ ਚੋਣਾਂ ਤੋਂ ਬਾਅਦ ਲੋਕ ਸਭਾ ਸਦਨ ਦੇ ਨੇਤਾ ਦੀ ਚੋਣ ਕਰੇਗੀ ਤੇ ਚੁਣਿਆ ਹੋਇਆ ਨੇਤਾ ਪ੍ਰਧਾਨ ਮੰਤਰੀ ਬਣੇਗਾ, ਉੁਹ ਫਿਰ ਆਪਣੀ ਕੈਬਨਿਟ ਦੀ ਚੋਣ ਕਰੇਗਾ | 
ਸੰਵਿਧਾਨ ਨਿਰਮਾਤਾਵਾਂ ਨੇ ਤਾਂ ਸੋਚਿਆ ਵੀ ਨਹੀਂ ਹੋਵੇਗਾ ਕਿ ਇਕ ਦਿਨ ਭਾਰਤੀ ਲੋਕਤੰਤਰ ਪਾਰਟੀਆਂ ਦਾ ਸਮਾਨਾਰਥੀ ਬਣ ਜਾਵੇਗਾ | ਨਹਿਰੂ ਦੇ ਜ਼ਮਾਨੇ ਤੋਂ ਪਾਰਟੀਆਂ ਇੰਨੀਆਂ ਪ੍ਰਭਾਵਸ਼ਾਲੀ ਹੋ ਗਈਆਂ ਸਨ ਕਿ ਪਾਰਟੀਆਂ ਤੋਂ ਬਿਨਾਂ ਭਾਰਤੀ ਲੋਕਤੰਤਰ ਦੀ ਕਲਪਨਾ ਕਰਨਾ ਅਸੰਭਵ ਸੀ | ਨਹਿਰੂ ਲੋਕਤੰਤਰਿਕ ਸਨ ਤੇ ਉਨ੍ਹਾਂ ਦੇ ਸਮੇਂ ਪਾਰਟੀ 'ਚ ਵਿਚਾਰਾਂ ਦੇ ਮਤਭੇਦਾਂ ਲਈ ਸਥਾਨ ਸੀ, ਪਰ ਨਹਿਰੂ ਨੇ ਖੁਦ ਕਈ ਵਾਰ ਇਸ ਤੋਂ ਨਿਰਾਸ਼ ਹੋ ਕੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਤੱਕ ਕੀਤੀ ਸੀ | ਇੰਦਰਾ ਗਾਂਧੀ ਦੇ ਸਮੇਂ ਦੌਰਾਨ ਕਾਂਗਰਸ ਇਕ 'ਸਮਰਾਟ ਤੰਤਰ' ਵਿਚ ਬਦਲ ਗਈ ਤੇ ਪਾਰਟੀ 'ਚ ਉੱਪਰ ਤੋਂ ਹੇਠਾਂ ਤੱਕ ਇੰਦਰਾ ਦਾ ਦਬਦਬਾ ਸੀ | ਦੇਬਕਾਂਤ ਬਰੂਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ- ਇੰਦਰਾ ਹੀ ਭਾਰਤ ਹੈ ਤੇ ਭਾਰਤ ਹੀ ਇੰਦਰਾ ਹੈ | ਚਾਪਲੂਸਾਂ ਦੇ ਇਸ ਸਮੂਹ ਨੇ ਕਾਂਗਰਸ ਦੀ ਸਿਆਸੀ ਇਮਾਰਤ ਨੂੰ  ਕਮਜ਼ੋਰ ਕਰਨ 'ਚ ਕੋਈ ਕਸਰ ਨਾ ਛੱਡੀ, ਕਿਉਂਕਿ ਦਰਬਾਰੀ ਨੇਤਾ ਜਾਣਦੇ ਸਨ ਕਿ ਚਾਪਲੂਸੀ ਕਰਕੇ ਵੱਡੇ ਅਹੁਦੇ ਪ੍ਰਾਪਤ ਕੀਤੇ ਜਾ ਸਕਦੇ ਹਨ | ਇਹ ਰੁਝਾਨ ਇੰਦਰਾ ਲਈ ਤਾਂ ਠੀਕ ਸੀ, ਪਰ ਪਾਰਟੀ ਦੇ ਹਿੱਤ 'ਚ ਨਹੀਂਾ ਸੀ | ਜਦੋਂ ਕੈਬਨਿਟ ਮੰਤਰੀ ਸੰਜੇ ਗਾਂਧੀ ਦੀਆਂ ਚੱਪਲਾਂ ਉਠਾਉਣ ਲੱਗੇ ਤਾਂ ਕਾਂਗਰਸ ਦਾ ਪਤਨ ਸ਼ੁਰੂ ਗਿਆ | ਕਾਂਗਰਸ ਦੀ ਮੌਜੂਦਾ  ਸਥਿਤੀ ਲਈ ਇੰਦਰਾ ਗਾਂਧੀ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ | ਕਾਂਗਰਸ ਦੇ ਦਰਬਾਰੀਆਂ ਵਲੋਂ ਪੈਦਾ ਕੀਤੇ  ਹਾਲਾਤਾਂ ਕਾਰਨ ਮਜ਼ਬੂਤ ਆਧਾਰ ਵਾਲੇ ਆਗੂ ਪਾਰਟੀ ਛੱਡਣ ਲਈ ਮਜਬੂਰ ਹੋ ਗਏ | ਮਮਤਾ ਬੈਨਰਜੀ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ | ਮੈਨੂੰ ਅੱਜ ਭਾਜਪਾ ਵਿਚ ਵੀ ਉਹੀ ਲੱਛਣ ਦਿਖਾਈ ਦੇ ਰਹੇ ਹਨ |
ਪ੍ਰਧਾਨ ਮੰਤਰੀ ਮੋਦੀ ਦੀਆਂ ਪ੍ਰਾਪਤੀਆਂ ਸ਼ਲਾਘਾਯੋਗ ਹਨ, ਭਾਜਪਾ ਆਗੂਆਂ ਨੂੰ  ਉਨ੍ਹਾਂ ਦੀ ਪ੍ਰਸੰਸਾ ਕਰਨੀ ਹੀ ਚਾਹੀਦੀ ਹੈ, ਪਰ ਪ੍ਰਸੰਸਾ ਤੇ ਚਾਪਲੂਸੀ ਕਰਨ 'ਚ ਫ਼ਰਕ ਹੁੰਦਾ ਹੈ | ਅੱਜ ਭਾਜਪਾ ਵਿਚ ਵੀ ਇੰਦਰਾ ਗਾਂਧੀ ਯੁੱਗ ਦੀ ਕਾਂਗਰਸ ਵਾਂਗ ਮਜ਼ਬੂਤ ਜਨਅਧਾਰ ਵਾਲੇ ਆਗੂਆਂ ਨੂੰ  ਪਾਸੇ ਕਰ ਦਿੱਤਾ ਗਿਆ  ਹੈ | ਵਾਜਪਾਈ ਤੇ ਅਡਵਾਨੀ ਦੇ ਸਮੇਂ ਕੇਂਦਰ ਤੇ ਰਾਜਾਂ ਵਿਚ ਦੂਜੀ ਕਤਾਰ  ਦੇ ਨੇਤਾਵਾਂ ਦੀ ਇਕ ਮਜ਼ਬੂਤ ਜਮਾਤ ਹੁੰਦੀ ਸੀ, ਹੁਣ ਇਕ-ਇਕ ਕਰਕੇ ਹਰ ਵੱਡੇ ਨੇਤਾ ਨੂੰ  ਖ਼ਤਮ ਕਰ ਦਿੱਤਾ ਗਿਆ ਹੈ | ਅੱਜ ਯੋਗੀ ਆਦਿੱਤਿਆਨਾਥ ਵਰਗੇ ਕੁਝ ਨੇਤਾਵਾਂ ਨੂੰ  ਛੱਡ ਕੇ ਬਹੁਤੇ ਆਪਣੀਆਂ ਸੀਟਾਂ ਤੱਕ ਨਹੀਂ ਜਿੱਤ ਸਕਦੇ | ਮੋਦੀ ਦੀ ਮਿਹਰਬਾਨੀ ਸਦਕਾ ਪਿਛਲੇ 10-12 ਸਾਲਾਂ ਤੋਂ ਭਾਜਪਾ ਦੇ ਸਿਖਰਲੇ ਨੇਤਾ ਮੰਤਰੀ ਜਾਂ ਪਾਰਟੀ ਦੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ | ਉਨ੍ਹਾਂ ਦੀ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਦੇ ਹੁਕਮਾਂ ਦੀਆਂ ਅੱਖਾਂ ਬੰਦ ਕਰਕੇ ਪਾਲਣਾ ਕਰਨ ਤੋਂ ਇਲਾਵਾ ਕੋਈ ਹੋਰ ਵੱਡੀਆਂ ਪ੍ਰਾਪਤੀਆਂ ਨਹੀਂ ਹਨ | ਵੱਡੇ-ਵੱਡੇ ਬੰਗਲਿਆਂ 'ਚ ਰਹਿੰਦੇ ਇਹ ਨੇਤਾ ਕੰਧ 'ਤੇ ਲਟਕੀਆਂ ਤਸਵੀਰਾਂ ਵਾਂਗ ਹਨ, ਜਿਨ੍ਹਾਂ ਦਾ ਆਪਣਾ ਕੋਈ ਸੁਤੰਤਰ ਵਜੂਦ ਨਹੀਂ ਹੈ | ਅੱਜ ਭਾਜਪਾ ਸਰਕਾਰ 'ਚ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਵੱਡੀ ਗਿਣਤੀ ਲੋਕਾਂ 'ਚ ਕਈ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਬਾਹਰੀ ਹਨ | ਉਨ੍ਹਾਂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਹੈ, ਉਹ ਪੂਰੀ ਤਰ੍ਹਾਂ ਦਰਬਾਰੀ, ਸੱਤਾ ਦੇ ਭੁੱਖੇ, ਮੌਕਾਪ੍ਰਸਤ ਲੋਕ ਹਨ | ਜੇਕਰ ਭਾਜਪਾ ਕਮਜ਼ੋਰ ਹੁੰਦੀ ਹੈ ਤਾਂ ਉਹ ਫਿਰ ਆਪਣਾ ਪਾਸਾ ਬਦਲ ਲੈਣਗੇ | 
ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਜਿਹੇ ਲੋਕਾਂ ਨੂੰ  ਵੀ ਭਾਜਪਾ ਵਿਚ ਜਗ੍ਹਾ ਮਿਲ ਗਈ ਹੈ, ਕਿਉਂਕਿ ਭਾਜਪਾ ਇਕ ਕੇਡਰ ਆਧਾਰਿਤ ਪਾਰਟੀ ਹੈ, ਜਿਸ ਦੀ ਚੰਗੀ ਤਰ੍ਹਾਂ ਸੋਚੀ-ਸਮਝੀ ਵਿਚਾਰਧਾਰਾ ਹੈ | ਭਾਜਪਾ ਹਮੇਸ਼ਾ ਸਮੂਹਿਕ ਲੀਡਰਸ਼ਿਪ 'ਤੇ ਚੱਲਦੀ ਰਹੀ ਹੈ, ਪਰ ਮੋਦੀ ਦੀ ਅਗਵਾਈ ਤੋਂ ਬਾਅਦ ਭਾਜਪਾ ਵਿਚ ਸਮੂਹਿਕ ਲੀਡਰਸ਼ਿਪ ਖ਼ਤਮ ਹੋ ਗਈ ਹੈ | ਪਾਰਟੀ ਪੂਰੀ ਤਰ੍ਹਾਂ ਨਾਲ ਮੋਦੀ 'ਚ ਜਜ਼ਬ ਹੋ ਗਈ ਹੈ, ਜਿਵੇਂ ਕਦੇ ਇੰਦਰਾ ਗਾਂਧੀ ਦੇ ਸਮੇਂ ਕਾਂਗਰਸ 'ਚ ਹੋਇਆ ਸੀ | ਭਾਜਪਾ ਦੇ ਸੀਨੀਅਰ ਨੇਤਾ ਵੀ ਮੋਦੀ ਦੀ ਜੈ-ਜੈਕਾਰ ਕਰਦਿਆਂ ਉਨ੍ਹਾਂ ਦੀ ਤੁਲਨਾ ਪਰਮਾਤਮਾ ਨਾਲ ਕਰਨ ਲੱਗੇ ਹਨ | ਜੋ ਰੋਗ ਕਾਂਗਰਸ ਨੂੰ  ਲੱਗਿਆ ਸੀ, ਉਹੀ ਰੋਗ ਹੁਣ ਭਾਜਪਾ ਨੂੰ  ਵੀ ਲੱਗ ਚੁੱਕਾ ਹੈ | ਇਹ ਇਕ ਅਜਿਹੀ ਬਿਮਾਰੀ ਹੈ, ਜੋ ਕਿਸੇ ਪਾਰਟੀ ਨੂੰ  ਘੁਣ ਵਾਂਗ ਖਾ ਜਾਂਦੀ ਹੈ | ਜਦੋਂ ਤੱਕ ਕੋਈ ਨੇਤਾ ਸੱਤਾ ਦੇ ਸਿਖਰ 'ਤੇ ਰਹਿੰਦਾ ਹੈ ਤਾਂ ਸਭ ਕੁਝ ਠੀਕ ਜਾਪਦਾ ਹੈ ਅਤੇ ਜਿਉਂ ਹੀ ਉਹ ਨੇਤਾ ਹਟਦਾ ਹੈ ਤਾਂ ਸੱਤਾ ਦੀ ਖੋਖਲੀ ਹੋਈ ਇਮਾਰਤ ਢਹਿ ਜਾਂਦੀ  ਹੈ | ਭਾਵੇਂ ਮੋਦੀ ਦੀ ਚਾਪਲੂਸੀ ਦਾ ਇਹ ਕੰਮ ਉਨ੍ਹਾਂ ਦੀ ਤਾਕਤ ਦੀ ਨਿਸ਼ਾਨੀ ਹੈ, ਪਰ ਇਹ ਆਪਣੇ ਨਾਲ ਭਾਜਪਾ ਦੇ ਪਤਨ ਦੀ ਕਹਾਣੀ ਵੀ ਲਿਖ ਰਿਹਾ ਹੈ |

-ashutosh83b@gmail.com

Ad Position 22
No active advertisement
ਪਿਛਲੀ ਖ਼ਬਰ ਭਾਰਤ-ਚੀਨ ਸੰਬੰਧਾਂ ਦੀ ਮਜ਼ਬੂਤੀ ਅਗਲੀ ਖ਼ਬਰ ਪੰਜਾਬ ਨੂੰ ਬਚਾਉਣਾ ਹੈ ਤਾਂ ਚਿੱਟੇ ਦਾ ਕਾਰੋਬਾਰ ਬੰਦ ਕਰਵਾਉਣਾ ਪਵੇਗਾ
Ad Position 24