21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭਾਰਤ-ਚੀਨ ਸੰਬੰਧਾਂ ਦੀ ਮਜ਼ਬੂਤੀ

ਭਾਰਤ-ਚੀਨ ਸੰਬੰਧਾਂ ਦੀ ਮਜ਼ਬੂਤੀ

Ad Position 21
No active advertisement
ਅਜੀਤ ਡੈਸਕ 22-09-2026

ਪਿਛਲੇ ਦਿਨੀਂ ਦਿੱਲੀ ਵਿਚ ਹੋਏ ਬਿ੍ਕਸ ਸੰਮੇਲਨ ਦੀ ਦੁਨੀਆ ਭਰ ਵਿਚ ਚਰਚਾ ਰਹੀ ਹੈ | ਇਸ ਸਾਲ ਇਸ ਦੀ ਸਦਾਰਤ ਕਰਕੇ ਭਾਰਤ ਵੀ ਵਿਸ਼ੇਸ਼ ਤੌਰ 'ਤੇ ਕੌਮਾਂਤਰੀ ਪੱਧਰ 'ਤੇ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ | ਬਿਨਾਂ ਸ਼ੱਕ ਇਸ ਸੰਮੇਲਨ ਨੇ ਦੇਸ਼ ਦਾ ਕੱਦ-ਬੁੱਤ ਹੋਰ ਵੀ ਉੱਚਾ ਕੀਤਾ ਹੈ | ਇਕ ਮੰਚ 'ਤੇ ਦੁਨੀਆ ਦੇ ਕੁਝ ਵੱਡੇ ਤੇ ਵਿਕਾਸਸ਼ੀਲ ਦੇਸ਼ਾਂ ਦਾ ਜੁੜਨਾ, ਆਪਸੀ ਸਹਿਯੋਗ ਦੀ ਗੱਲ ਕਰਨਾ, ਕਈ ਖਿੱਤਿਆਂ ਵਿਚ ਲੱਗੀਆਂ ਜੰਗਾਂ ਬਾਰੇ ਚਿੰਤਾਵਾਂ ਪ੍ਰਗਟ ਕਰਨਾ ਤੇ ਉਨ੍ਹਾਂ ਦੇ ਹੱਲ ਲੱਭਣ ਦਾ ਯਤਨ ਕਰਨਾ, ਇਕ ਸਿਆਣੀ ਪਹੁੰਚ ਦੀ ਨਿਸ਼ਾਨੀ ਕਹੀ ਜਾ ਸਕਦੀ ਹੈ | ਜਦੋਂ ਦੁਨੀਆ ਭਰ ਲਈ ਸਾਰੇ ਖੇਤਰਾਂ 'ਚ ਬਹੁਤ ਸਾਰੇ ਪੱਖਾਂ ਤੋਂ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ, ਕਈ ਦੇਸ਼ ਆਪਸ 'ਚ ਉਲਝੇ ਹੋਏ ਹਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੇ ਸਭ ਨੂੰ  ਹੈਰਾਨੀ ਤੇ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਹੈ, ਉਸ ਸਮੇਂ ਅਜਿਹਾ ਇਕੱਠ ਜੁੜਨਾ ਅਤੇ ਇਕ ਸਾਂਝੀ ਨੀਤੀ ਅਪਣਾਉਣ ਦਾ ਯਤਨ ਕਰਨਾ, ਆਪਣੇ-ਆਪ ਵਿਚ ਵੱਡੀ ਪ੍ਰਾਪਤੀ ਮੰਨੀ ਜਾ ਸਕਦਾ ਹੈ |ਪਰ ਅਸੀਂ ਭਾਰਤ ਦੀ ਇਹ ਵੀ ਇਕ ਵੱਡੀ ਸਫ਼ਲਤਾ ਮੰਨਦੇ ਹਾਂ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸੰਮੇਲਨ ਵਿਚ  ਸ਼ਿਰਕਤ ਕਰਨ ਲਈ ਭਾਰਤ ਆਏ | ਉਨ੍ਹਾਂ ਵਲੋਂ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕਰਨਾ ਤੇ ਵੱਖਰੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਾ, ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ  ਇਕ ਸੁਖਾਵੇਂ ਮਾਹੌਲ ਵੱਲ ਤੇ ਇਕ ਨਵੇਂ ਰਸਤੇ 'ਤੇ ਤੋਰਨ ਦਾ ਯਤਨ ਕਰਨਾ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ |  ਸੰਮੇਲਨ 'ਚ ਸ਼ੀ ਜਿਨਪਿੰਗ ਨੇ ਜਿੱਥੇ ਤਕਨੀਕ ਦੇ ਵਿਕਾਸ 'ਤੇ ਜ਼ੋਰ ਦਿੱਤਾ, ਉੱਥੇ ਸਨਅਤੀ ਮਿਲਵਰਤਣ ਦੀ ਗੱਲ ਵੀ ਕੀਤੀ ਤੇ ਇਸ ਦੇ ਨਾਲ ਹੀ ਡਿਜੀਟਲ ਦੌਰ ਵਿਚ ਸੰਮੇਲਨ ਦੇ ਭਾਈਵਾਲ ਦੇਸ਼ਾਂ ਨੂੰ  ਆਪਸ ਵਿਚ ਜੁੜ ਕੇ ਕੰਮ ਕਰਨ ਦਾ ਸੰਦੇਸ਼ ਵੀ ਦਿੱਤਾ | ਇਸ ਦੇ ਨਾਲ ਹੀ ਸਾਇੰਸ ਤੇ ਤਕਨੀਕ ਵਿਚ ਵੀ ਸਾਂਝੇ ਕਦਮ ਉਠਾਉਣ ਦੀ ਗੱਲ ਉਨ੍ਹਾਂ ਵਲੋਂ ਆਖੀ ਗਈ | ਜਿੱਥੋਂ ਤੱਕ ਭਾਰਤ ਤੇ ਚੀਨ ਦਾ ਸੰਬੰਧ ਹੈ, ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਆਪਸ ਵਿਚ ਆਰਥਿਕ ਸਹਿਯੋਗ ਵਧਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਚੀਨ ਦੇ ਮੁਖੀ ਦਾ ਇਸ ਗੱਲ ਵੱਲ ਵੀ ਵਧੇਰੇ ਧਿਆਨ ਦਿਵਾਇਆ ਹੈ ਕਿ ਚਾਹੇ ਦੋਵੇਂ ਦੇਸ਼ ਇਕ-ਦੂਜੇ ਨਾਲ ਵਪਾਰ ਕਰਨ ਨੂੰ  ਤਰਜੀਹ ਦੇ ਰਹੇ ਹਨ, ਪਰ ਭਾਰਤ ਲਈ ਚੀਨ ਨਾਲ ਵਪਾਰ ਵੱਡਾ ਘਾਟੇ ਵਾਲਾ ਸੌਦਾ ਹੈ | ਮਿਸਾਲ ਲਈ ਭਾਰਤ ਵਲੋਂ ਵਿੱਤੀ ਸਾਲ 2026-27 ਦੇ ਅਪ੍ਰੈਲ ਤੋਂ ਜੁਲਾਈ ਦੇ ਚਾਰ ਮਹੀਨਿਆਂ ਵਿਚ ਚੀਨ ਨੂੰ  74724 ਕਰੋੜ ਰੁਪਏ ਦਾ ਸਾਮਾਨ ਭੇਜਿਆ ਗਿਆ ਸੀ, ਜਦਕਿ ਚੀਨ ਵਲੋਂ 504866 ਕਰੋੜ ਰੁਪਏ ਦਾ ਸਾਮਾਨ ਭਾਰਤ ਵਿਚ ਆਇਆ ਸੀ | ਇਸ ਸਾਲ ਭਾਰਤ ਤੇ ਚੀਨ ਦਾ ਵਪਾਰਕ ਅੰਤਰ 1072960 ਕਰੋੜ ਰੁਪਏ ਤੱਕ ਦਾ ਹੋ ਗਿਆ ਸੀ | ਚੀਨੀ ਰਾਸ਼ਟਰਪਤੀ ਨੇ ਇਸ ਗੱਲ ਬਾਰੇ ਹਾਂ-ਪੱਖੀ ਹੁੰਗਾਰਾ ਭਰਦਿਆਂ ਇਸ ਆਪਸੀ ਵਪਾਰਕ ਅੰਤਰ ਨੂੰ  ਘਟਾਉਣ ਲਈ ਦੋਹਾਂ ਦੇਸ਼ਾਂ ਨੂੰ  ਨੀਤੀਬੱਧ ਢੰਗ ਨਾਲ ਯੋਜਨਾਬੰਦੀ ਕਰਨ ਲਈ ਕਿਹਾ | ਇਸੇ ਦਿਸ਼ਾ ਵਿਚ ਚੀਨੀ ਦੂਤਘਰ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਉਸ ਦਾ ਇਕ ਮਹੱਤਵਪੂਰਨ ਗੁਆਂਢੀ ਦੇਸ਼ ਹੈ | ਦੋਵੇਂ ਹੀ ਦੇਸ਼ ਇਕ-ਦੂਜੇ ਨਾਲ ਮਿਲਵਰਤਣ ਦੇ ਚਾਹਵਾਨ ਹਨ ਅਤੇ ਦੋਹਾਂ ਦੇਸ਼ਾਂ ਦੇ ਆਗੂਆਂ ਨੇ ਇਸ ਸੰਬੰਧੀ ਜੋ ਆਪਸੀ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ਦੀ ਸੇਧ ਨਾਲ ਭਵਿੱਖ ਵਿਚ ਸੁਚੇਤ ਰੂਪ 'ਚ ਇਕ ਤਵਾਜ਼ਨ ਬਣਾਉਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ |ਜੇਕਰ ਨੇੜ ਭਵਿੱਖ ਵਿਚ ਅਮਲੀ ਤੌਰ 'ਤੇ ਅਜਿਹੇ ਰਸਤੇ 'ਤੇ ਚੱਲਿਆ ਜਾਂਦਾ ਹੈ ਤਾਂ ਭਾਰਤ ਲਈ ਇਸ ਨੂੰ  ਇਕ ਵੱਡੀ ਪ੍ਰਾਪਤੀ ਮੰਨਿਆ ਜਾਏਗਾ | ਇਸੇ ਹੀ ਦਿਸ਼ਾ ਵਿਚ ਚਲਦਿਆਂ ਜੇ ਦੋਵਾਂ ਦੇਸ਼ਾਂ ਦੇ ਸੰਬੰਧ ਹਰ ਪੱਖੋਂ ਸੁਧਰਦੇ ਹਨ ਤਾਂ ਦੋਵੇਂ ਦੇਸ਼ ਹੀ ਵਿਕਾਸ ਦੇ ਹੋਰ ਰਾਹ ਖੋਲ੍ਹਣ ਦੇ ਸਮਰੱਥ ਹੋ ਸਕਦੇ ਹਨ | ਭਾਰਤ ਅਤੇ ਚੀਨ ਦੋਵਾਂ ਨੂੰ  ਅਜਿਹੀ ਭਾਵਨਾ ਨਾਲ ਆਪਸੀ ਸੰਬੰਧਾਂ ਨੂੰ  ਸਦਭਾਵਨਾ ਪੂਰਨ ਢੰਗ ਨਾਲ ਅੱਗੇ ਵਧਾਉਣ ਦੀ ਨੀਤੀ 'ਤੇ ਅਮਲ ਕਰਦੇ ਰਹਿਣਾ ਚਾਹੀਦਾ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ | ਜਦੋਂ ਸੋਚ ਬਦਲ ਜਾਵੇ ਤਾਂ ਜ਼ਿੰਦਗੀ ਬਦਲ ਜਾਂਦੀ ਹੈ | ¸ਸਿਸਰੋ ਅਗਲੀ ਖ਼ਬਰ ਚਾਪਲੂਸੀ ਸਿਆਸੀ ਪਾਰਟੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ
Ad Position 24