ਕੌਮਾਂਤਰੀ ਉਲੰਪਿਕ ਦਿਵਸ 'ਤੇ ਵਿਸ਼ੇਸ਼
ਉਲੰਪਿਕ ਖੇਡਾਂ ਅਸਲ ਵਿਚ ਸੰਸਾਰ ਭਰ ਦੇ ਖਿਡਾਰੀਆਂ ਲਈ ਹਰ ਚਾਰ ਸਾਲ ਬਾਅਦ ਆਉਣ ਵਾਲਾ ਇਕ ਖੇਡ ਮਹਾਂਕੁੰਭ ਹੁੰਦਾ ਹੈ। 23 ਜੂਨ ਦੇ ਦਿਨ 'ਕੌਮਾਂਤਰੀ ਉਲੰਪਿਕ ਦਿਵਸ' ਸਾਲ 1948 ਤੋਂ ਲੈ ਕੇ ਹੁਣ ਤੱਕ ਹਰ ਸਾਲ ਦੁਨੀਆ ਭਰ 'ਚ ਮਨਾਇਆ ਜਾਂਦਾ ਹੈ। 23 ਜੂਨ ਨੂੰ ਇਹ ਦਿਨ ਮਨਾਏ ਜਾਣ ਪਿੱਛੇ ਕਾਰਨ ਇਹ ਹੈ ਕਿ 23 ਜੂਨ 1894 ਨੂੰ ਪੈਰਿਸ ਦੇ ਸੋਰਬੌਰਨ ਵਿਖੇ ਕੌਮਾਂਤਰੀ ਉਲੰਪਿਕ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ ਤੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ 1947 ਵਿਚ ਸਵੀਡਨ ਦੇ ਸਟਾਕਹੋਮ ਸ਼ਹਿਰ ਵਿਚ ਹੋਈ ਕੌਮਾਂਤਰੀ ਉਲੰਪਿਕ ਕਮੇਟੀ ਦੀ ਇਕੱਤਰਤਾ ਦੌਰਾਨ ਡਾ. ਜੋਸਫ਼ ਗ੍ਰਸ ਨੇ ਇਸ ਸਬੰਧੀ ਆਪਣਾ ਸੁਝਾਅ ਪੇਸ਼ ਕੀਤਾ ਸੀ। 1948 ਵਿਚ ਸੇਂਟ ਮੌਰਟਿਜ਼ ਵਿਖੇ ਹੋਈ ਕੌਮਾਂਤਰੀ ਉਲੰਪਿਕ ਕਮੇਟੀ ਦੀ ਮੀਟਿੰਗ ਵਿਚ ਉਕਤ ਸੁਝਾਅ ਨੂੰ ਪ੍ਰਵਾਨ ਕਰਦਿਆਂ ਇਹ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ 23 ਜੂਨ ਨੂੰ 'ਕੌਮਾਂਤਰੀ ਉਲੰਪਿਕ ਦਿਵਸ' ਦੁਨੀਆ ਭਰ 'ਚ ਮਨਾਇਆ ਜਾਇਆ ਕਰੇਗਾ।
1948 'ਚ ਜਦੋਂ ਪਹਿਲੀ ਵਾਰ ਇਹ ਦਿਨ ਮਨਾਇਆ ਗਿਆ ਤਾਂ ਉਦੋਂ ਯੂਨਾਨ, ਆਸਟ੍ਰੇਲੀਆ, ਪੁਰਤਗਾਲ, ਕੈਨੇਡਾ, ਸਵਿਟਜ਼ਰਲੈਂਡ, ਵੈਨੇਜ਼ੁਏਲਾ, ਬਰਤਾਨੀਆ, ਉਰੂਗੁਏ ਤੇ ਬੈਲਜੀਅਮ ਨੇ ਇਹ ਦਿਨ ਵੱਡੇ ਪੱਧਰ 'ਤੇ ਮਨਾਇਆ। ਇਸ ਦਿਨ ਨੂੰ ਮਨਾਏ ਜਾਣ ਦੇ ਮੂਲ ਮੰਤਵਾਂ 'ਚ ਉਲੰਪਿਕ ਖੇਡਾਂ ਦੇ ਇਤਿਹਾਸ ਪ੍ਰਤੀ ਜਾਗਰੂਕਤਾ ਫੈਲਾਉਣਾ, ਖੇਡਾਂ ਪ੍ਰਤੀ ਲੋਕਾਂ ਨੂੰ ਆਕਰਸ਼ਿਤ ਕਰਨਾ, ਖਿਡਾਰੀਆਂ ਦੀ ਮਦਦ ਤੇ ਸਨਮਾਨ ਲਈ ਪ੍ਰੇਰਿਤ ਕਰਨਾ, ਖੇਡਾਂ ਰਾਹੀਂ ਹਾਂ-ਪੱਖੀ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਅਤੇ ਵੱਖ-ਵੱਖ ਮਜ਼੍ਹਬਾਂ ਤੇ ਮੁਲਕਾਂ ਨਾਲ ਸਬੰਧਿਤ ਖਿਡਾਰੀਆਂ ਦਰਮਿਆਨ ਆਪਸੀ ਪ੍ਰੇਮ, ਏਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਿਲ ਹਨ। 2024 ਵਿਚ 26 ਜੁਲਾਈ ਤੋਂ 11 ਅਗਸਤ ਤੱਕ ਪੈਰਿਸ ਵਿਖੇ ਆਯੋਜਿਤ ਕੀਤੀਆਂ ਗਈਆਂ ਉਲੰਪਿਕ ਖੇਡਾਂ ਲਈ 32 ਖੇਡਾਂ ਦੇ 329 ਮੁਕਾਬਲਿਆਂ 'ਚ 10,500 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ।
ਇੱਥੇ ਉਲੰਪਿਕ ਖੇਡਾਂ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਕਿ ਹਿੱਸਾ ਲੈਣ ਵਾਲੇ ਸਮੂਹ ਖਿਡਾਰੀਆਂ ਦੀ ਪਰੇਡ ਸੇਨ ਦਰਿਆ ਵਿਚ ਕਿਸ਼ਤੀਆਂ 'ਤੇ ਕੱਢੀ ਗਈ ਸੀ। ਇਕ ਹੋਰ ਰੌਚਕ ਗੱਲ ਇਹ ਵੀ ਰਹੀ ਕਿ ਮਹਿਲਾ ਤੇ ਪੁਰਸ਼ ਖਿਡਾਰੀਆਂ ਦੀਆਂ ਖੇਡਾਂ ਦੀ ਗਿਣਤੀ ਲਗਭਗ ਬਰਾਬਰ ਰੱਖੀ ਗਈ ਸੀ। 1904, 1932, 1984 ਤੇ 1996 ਵਿਚ ਉਲੰਪਿਕ ਖੇਡਾਂ ਦੇ ਆਯੋਜਨ ਦਾ ਸ਼ਰਫ਼ ਹਾਸਿਲ ਕਰਕੇ ਸੰਯੁਕਤ ਰਾਜ ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਸੀ, ਜਿਸ ਨੇ ਹੁਣ ਤੱਕ ਚਾਰ ਵਾਰ ਇਨ੍ਹਾਂ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ ਸੀ। ਸਾਬਕਾ ਉਲੰਪੀਅਨ ਤੇ ਕੌਮਾਤਰੀ ਉਲੰਪਿਕ ਕਮੇਟੀ ਦੇ 9ਵੇਂ ਮੁਖੀ ਥਾਮਸ ਬੈਚ ਨੂੰ 12 ਸਾਲ ਤੱਕ ਇਹ ਅਹੁਦਾ ਸੰਭਾਲਣ ਦਾ ਮਾਣ ਹਾਸਿਲ ਹੋਇਆ। ਉਨ੍ਹਾਂ ਤੋਂ ਬਾਅਦ 20 ਮਾਰਚ 2025 ਨੂੰ ਇਸ ਵੱਕਾਰੀ ਅਹੁਦੇ ਲਈ ਜ਼ਿੰਬਾਬਵੇ ਦੀ ਨਾਮਵਰ ਤੈਰਾਕ ਤੇ ਰਾਜਨੇਤਾ ਕਰਸਟੀ ਕੋਵੈਂਟਰੀ ਦੀ ਚੋਣ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਮਹੱਤਵਪੂਰਨ ਅਹੁਦੇ ਲਈ ਚੁਣੀ ਜਾਣ ਵਾਲੀ ਇਹ ਪਹਿਲੀ ਮਹਿਲਾ ਤੇ ਪਹਿਲੀ ਅਫ਼ਰੀਕੀ ਹਸਤੀ ਵੀ ਹੈ।
ਉਲੰਪਿਕ ਖੇਡਾਂ ਨਾਲ ਜੁੜੀਆਂ ਰੌਚਕ ਜਾਣਕਾਰੀਆਂ ਦੀ ਜੇ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ 776 ਈਸਾ ਪੂਰਵ ਯੂਨਾਨ ਦੇ ਓਲੰਪੀਆ ਪਿੰਡ ਵਿਖੇ ਸ਼ੁਰੂ ਹੋਈਆਂ ਇਹ ਖੇਡਾਂ 393 ਈ. ਤੱਕ ਚਲਦੀਆਂ ਰਹੀਆਂ। ਆਧੁਨਿਕ ਉਲੰਪਿਕ ਖੇਡਾਂ ਦੀ ਅਰੰਭਤਾ 1896 ਵਿਚ ਯੂਨਾਨ ਦੇ ਹੀ ਇਤਿਹਾਸਕ ਸ਼ਹਿਰ ਏਥਨਜ਼ ਵਿਖੇ ਹੋਈ ਸੀ। ਸਾਲ 1900 ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਪਹਿਲੀ ਵਾਰ ਮਹਿਲਾ ਖਿਡਾਰੀਆਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਮਿਲੀ ਸੀ। ਪੰਜ ਛੱਲਿਆਂ ਦੇ ਚਿੰਨ੍ਹ ਵਾਲਾ ਉਲੰਪਿਕ ਝੰਡਾ ਸਾਲ 1914 ਵਿਚ ਪ੍ਰਵਾਨ ਕੀਤਾ ਗਿਆ ਸੀ ਪਰ ਇਸ ਨੂੰ ਪਹਿਲੀ ਵਾਰ ਲਹਿਰਾਉਣ ਦੀ ਰਸਮ 1920 ਦੀਆਂ ਬਰਲਿਨ ਉਲੰਪਿਕ ਖੇਡਾਂ ਦੌਰਾਨ ਅਦਾ ਕੀਤੀ ਗਈ। ਇਸ ਝੰਡੇ ਵਿਚਲੇ ਪੰਜ ਛੱਲੇ ਵਿਸ਼ਵ ਦੇ ਵੱਡੇ ਹਿੱਸੇ ਦੇ ਪੰਜ ਮਹਾਂਦੀਪਾਂ (ਅਫ਼ਰੀਕਾ, ਅਮਰੀਕਾ, ਏਸ਼ੀਆ, ਯੂਰਪ ਤੇ ਓਸ਼ਨੀਆ) ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਚਿੰਨ੍ਹ ਦੀ ਪੇਸ਼ਕਸ਼ ਸ੍ਰੀ ਪੀ.ਡੀ. ਕਿਊਬਰਟਨ ਨੇ ਕੀਤੀ ਸੀ, ਜਦੋਕਿ ਇਸ ਚਿੰਨ੍ਹ ਦੀ ਘਾੜਤ ਉਸ ਦੇ ਇਕ ਪਾਦਰੀ ਮਿੱਤਰ ਹੈਨਰੀ ਡਿਡੌਨ ਨੇ 1891 ਵਿਚ ਘੜੀ ਸੀ।
ਉਲੰਪਿਕ ਖੇਡਾਂ ਦੇ ਟੀ.ਵੀ. ਪ੍ਰਸਾਰਨ ਦੀ ਅਰੰਭਤਾ 1936 'ਚ ਬਰਲਿਨ ਗਰਮੀਆਂ ਦੀਆਂ ਹੋਈਆਂ ਉਲੰਪਿਕ ਖੇਡਾਂ ਰਾਹੀਂ ਹੋਈ ਪਰ ਇਹ ਪ੍ਰਸਾਰਨ ਕੇਵਲ ਸਥਾਨਕ ਲੋਕਾਂ ਲਈ ਹੀ ਉਪਲਬਧ ਸੀ, ਜਦਕਿ 1956 ਵਿਚ ਇਟਲੀ ਦੀਆਂ ਉਲੰਪਿਕ ਖੇਡਾਂ ਦਾ ਪ੍ਰਸਾਰਨ ਪਹਿਲੀ ਵਾਰ ਕੌਮਾਂਤਰੀ ਪੱਧਰ 'ਤੇ ਕੀਤਾ ਗਿਆ। 1986 ਵਿਚ ਕੌਮਾਂਤਰੀ ਉਲੰਪਿਕ ਕਮੇਟੀ ਨੇ ਫ਼ੈਸਲਾ ਕੀਤਾ ਕਿ ਗਰਮੀਆਂ ਤੇ ਸਰਦੀਆਂ ਦੀਆਂ ਉਲੰਪਿਕ ਖੇਡਾਂ ਵੱਖ-ਵੱਖ ਕਰਵਾਈਆਂ ਜਾਣਗੀਆਂ ਤੇ 1994 ਤੋਂ ਉਲੰਪਿਕ ਖੇਡਾਂ 'ਸਮਰ ਉਲੰਪਿਕਸ' ਤੇ 'ਵਿੰਟਰ ਉਲੰਪਿਕਸ' ਸਿਰਲੇਖਾਂ ਹੇਠ ਹਰ ਦੋ ਸਾਲ ਬਾਅਦ ਕਰਵਾਈਆਂ ਜਾਣ ਲੱਗੀਆਂ।
ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਚਲਦਿਆਂ 1916, 1940 ਤੇ 1944 ਵਿਚ ਇਹ ਮੁਕਾਬਲੇ ਨਹੀਂ ਕਰਵਾਏ ਗਏ। ਕੋਵਿਡ-19 ਕਰਕੇ 2020 ਦੀਆਂ ਖੇਡਾਂ 2021 ਤੱਕ ਲਈ ਮੁਲਤਵੀ ਕੀਤੀਆਂ ਗਈਆਂ ਸਨ। ਇਹ ਬੜਾ ਹੀ ਦਿਲਚਸਪ ਤੱਥ ਹੈ ਕਿ ਹੁਣ ਤੱਕ ਅਮਰੀਕਾ ਦੇ ਐਡੀ ਐਗਨ ਤੇ ਸਵੀਡਨ ਦੇ ਗਿੱਲਜ਼ ਗ੍ਰਾਫ਼ਸਟਰਾਮ ਨਾਮੀ ਕੇਵਲ ਦੋ ਹੀ ਅਜਿਹੇ ਅਥਲੀਟ ਹੋਏ ਹਨ, ਜਿਨ੍ਹਾਂ ਨੇ ਸਰਦੀਆਂ ਦੀਆਂ ਤੇ ਗਰਮੀ ਦੀਆਂ ਉਲੰਪਿਕ ਖੇਡਾਂ ਭਾਵ ਦੋਹਾਂ ਮੁਕਾਬਲਿਆਂ 'ਚ ਸੋਨ ਤਗਮੇ ਜਿੱਤੇ ਹੋਣ। ਹੁਣ ਅਗਲੀਆਂ ਗਰਮੀਆਂ ਦੀਆਂ ਉਲੰਪਿਕ ਖੇਡਾਂ 14 ਜੁਲਾਈ 2028 ਤੋਂ 30 ਜੁਲਾਈ 2028 ਤੱਕ ਅਮਰੀਕਾ ਵਿਖੇ ਕਰਵਾਈਆਂ ਜਾਣਗੀਆਂ।
-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008