ਕਰਨਾਟਕ ਦੇ ਗ੍ਰਹਿ ਮੰਤਰੀ ਪ੍ਰਿਯਾਂਕ ਖੜਗੇ ਨੇ ਆਰ.ਐਸ.ਐਸ. (ਸੰਘ) ਮੁਖੀ ਮੋਹਨ ਭਾਗਵਤ ਤੋਂ ਇਕ ਸਵਾਲ ਪੁੱਛਿਆ ਕਿ ਸੰਘ ਨੇ ਹੁਣ ਤੱਕ ਆਪਣਾ ਰਜਿਸਟ੍ਰੇਸ਼ਨ ਕਿਉਂ ਨਹੀਂ ਕਰਵਾਇਆ? ਭਾਗਵਤ ਕਹਿ ਸਕਦੇ ਸਨ ਕਿ ਰਜਿਸਟ੍ਰੇਸ਼ਨ ਕਰਵਾ ਲਵਾਂਗੇ, ਪਰ ਸੰਘ ਮੁਖੀ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਬੜਾ ਹਾਸੋਹੀਣਾ ਤੇ ਅਪਮਾਨਜਨਕ ਜਵਾਬ ਦਿੱਤਾ। ਭਾਗਵਤ ਦਾ ਕਹਿਣਾ ਹੈ ਕਿ ਹਿੰਦੂ ਧਰਮ ਦਾ ਕਦੋਂ ਰਜਿਸਟ੍ਰੇਸ਼ਨ ਹੋਇਆ ਹੈ? ਇਹ ਹੰਕਾਰ ਭਰਿਆ ਜਵਾਬ ਕਰੋੜਾਂ ਹਿੰਦੂਆਂ ਦਾ ਅਪਮਾਨ ਹੈ। ਸੰਘ ਮੁਖੀ ਆਪਣੇ ਹੰਕਾਰ ਵਿਚ ਭੁੱਲ ਗਏ ਕਿ ਆਰ.ਐਸ.ਐਸ.. ਹਿੰਦੂ ਧਰਮ ਨਹੀਂ ਹੈ, ਜੇਕਰ ਉਹ ਕਿਸੇ ਭਰਮ 'ਚ ਹਨ ਤਾਂ ਇਹ ਜਲਦੀ ਹੀ ਦੂਰ ਹੋ ਜਾਵੇਗਾ, ਕਿਉਂਕਿ ਹਿੰਦੂ ਧਰਮ ਕਿਸੇ ਦੇ ਹੰਕਾਰ ਨੂੰ ਬਰਦਾਸ਼ਤ ਨਹੀਂ ਕਰਦਾ। ਜੇਕਰ ਆਰ.ਐਸ.ਐਸ. ਭਾਰਤੀ ਸੰਵਿਧਾਨ ਨੂੰ ਮੰਨਦਿਆਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਦਾ ਹੈ, ਤਾਂ ਉਸ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ। ਜੇ ਉਨ੍ਹਾਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਵੱਖਰੀ ਗੱਲ ਹੈ, ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਸੀ, ਕਿਉਂਕਿ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਕਿ ਦੇਸ਼ ਕਾਨੂੰਨ ਦੇ ਅਨੁਸਾਰ ਚੱਲੇਗਾ। ਦੇਸ਼ ਦੇ ਸੰਵਿਧਾਨ ਅਨੁਸਾਰ ਜੇਕਰ ਕੁਝ ਲੋਕ ਇਕ ਸੰਗਠਨ ਬਣਾ ਕੇ ਕੋਈ ਕੰਮ ਕਰਨਾ ਚਾਹੁੰਦੇ ਹਨ ਤਾਂ ਇਸ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਚੱਲ ਸਕੇ, ਕਿ ਸੰਬੰਧਿਤ ਸੰਗਠਨ ਦੇ ਕੰਮ ਦਾ ਉਦੇਸ਼ ਕੀ ਹੈ, ਉਨ੍ਹਾਂ ਦੇ ਮੈਂਬਰ ਤੇ ਅਹੁਦੇਦਾਰ ਕੌਣ ਹਨ? ਉਹ ਕਾਨੂੰਨ ਦੀ ਕਿਸ ਧਾਰਾ ਦੇ ਤਹਿਤ ਆਪਣੀਆਂ ਸਰਗਰਮੀਆਂ ਚਲਾਉਂਦੇ ਹਨ? ਉਹ ਸੰਗਠਨ ਕੋਈ ਵਿੱਤੀ ਲੈਣ-ਦੇਣ ਕਰਦਾ ਹੈ ਤਾਂ ਕੀ ਉਸ ਦਾ ਹਿਸਾਬ ਰੱਖਿਆ ਜਾਂਦਾ ਹੈ ਜਾਂ ਨਹੀਂ? ਇਹ ਸਭ ਕਾਨੂੰਨ ਅਨੁਸਾਰ ਕਿਸੇ ਵੀ ਸੰਗਠਨ ਲਈ ਜ਼ਰੂਰੀ ਹੈ।
ਸੰਘ ਪਰਿਵਾਰ ਜੋ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਹੋਣ ਦਾ ਦਾਅਵਾ ਕਰਦਾ ਹੈ, ਪ੍ਰਧਾਨ ਮੰਤਰੀ ਖ਼ੁਦ ਲਾਲ ਕਿਲ੍ਹੇ ਦੀ ਫਸੀਲ ਤੋਂ ਆਰ.ਐਸ.ਐਸ. ਬਾਰੇ ਦੁਨੀਆ ਦਾ ਸਭ ਤੋਂ ਵੱਡਾ ਐਨ.ਜੀ.ਓ. ਹੋਣ ਦਾ ਦਾਅਵਾ ਕਰਦੇ ਹਨ। ਫਿਰ ਇਹ ਸੰਗਠਨ ਇਸ ਤੱਥ ਨੂੰ ਮੰਨਣ ਤੋਂ ਇਨਕਾਰੀ ਕਿਉਂ ਹੁੰਦਾ ਹੈ? ਸੰਘ ਨੂੰ ਇਹ ਦੱਸਣ ਦੀ ਲੋੜ ਹੈ। ਸੰਘ ਆਪਣੀ ਸੰਗਠਨਾਤਮਕ ਤਾਕਤ 'ਤੇ ਮਾਣ ਕਰਦਿਆਂ ਉਸ ਨਾਲ ਕਰੋੜਾਂ ਲੋਕਾਂ ਦੇ ਜੁੜੇ ਹੋਣ ਤੇ ਉਨ੍ਹਾਂ ਦੁਆਰਾ 50 ਤੋਂ ਵੱਧ ਸੰਗਠਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਉਣ ਦਾ ਦਾਅਵਾ ਵੀ ਕਰਦਾ ਹੈ। ਜਿਸ ਵਿਚ ਮੁਖੀ ਤੋਂ ਲੈ ਕੇ ਹੇਠਲੇ ਪੱਧਰ ਤੱਕ ਕੰਮ ਕਰਨ ਵਾਲੇ ਵਿਅਕਤੀ ਦੇ ਕਾਰਜ ਨਿਰਧਾਰਤ ਹਨ, ਫਿਰ ਉਸ ਦਾ ਕਹਿਣਾ ਹੈ ਕਿ ਉਹ ਸੰਗਠਨ ਨਹੀਂ ਹੈ, ਸਗੋਂ ਸਿਰਫ਼ 'ਵਿਅਕਤੀਆਂ ਦਾ ਸਮੂਹ' ਹੈ।
ਹੁਣ ਕੌਣ ਮੰਨੇਗਾ ਕਿ ਸੰਘ ਸਿਰਫ਼ ਵਿਅਕਤੀਆਂ ਦਾ ਸਮੂਹ ਹੈ ਜੋ ਰੋਜ਼ਾਨਾ ਇਕ ਦੂਜੇ ਨੂੰ ਮਿਲ ਕੇ ਚਲੇ ਜਾਂਦੇ ਹਨ? ਸੰਘ ਦਰਅਸਲ ਸੰਗਠਨ ਦਾ ਸਮਾਨਾਰਥੀ ਹੈ, ਜਿਸ ਤੋਂ ਪੂਰੀ ਦੁਨੀਆ ਨੂੰ ਸਿੱਖਣਾ ਚਾਹੀਦਾ ਹੈ ਕਿ ਇਕ ਸੰਗਠਨ ਕਿਵੇਂ ਬਣਦਾ ਹੈ, ਇਹ ਕਿਵੇਂ ਚਲਦਾ ਤੇ ਕੰਮ ਕਰਦਾ ਹੈ। ਇਹ ਆਪਣੇ ਅਹੁਦੇਦਾਰਾਂ ਤੇ ਕਾਰਕੁੰਨਾਂ 'ਚ ਕਿਵੇਂ ਅਨੁਸ਼ਾਸਨ ਪੈਦਾ ਕਰਦਾ ਹੈ, ਪਰ ਦਾਅਵਾ ਕਰਦਾ ਹੈ ਕਿ ਉਹ ਸੰਗਠਨ ਨਹੀਂ ਹੈ। ਹੁਣ ਇਸ ਨੂੰ ਝੂਠ ਨਾ ਕਹੀਏ ਤਾਂ ਕੀ ਕਹੀਏ? ਸਵਾਲ ਉੱਠਦਾ ਹੈ ਕਿ ਆਰ.ਐਸ.ਐਸ. ਆਪਣੇ ਆਪ ਨੂੰ ਇਕ ਸੰਗਠਨ ਕਿਉਂ ਨਹੀਂ ਮੰਨਦਾ?
ਦਰਅਸਲ ਆਰ.ਐਸ.ਐਸ. ਦੇ ਇਸ ਝੂਠ 'ਚ ਉਸ ਦਾ ਦਰਦ ਤੇ ਮਜਬੂਰੀ ਦੋਵੇਂ ਛੁਪੇ ਹੋਏ ਹਨ। ਸੰਘ ਦਾ ਮੂਲ ਉਦੇਸ਼ ਹਿੰਦੂਆਂ ਨੂੰ ਇਕਜੁੱਟ ਕਰਨਾ ਹੈ, ਕਿਉਂਕਿ ਉਸ ਦਾ ਮੰਨਣਾ ਹੈ ਕਿ ਹਿੰਦੂਆਂ ਦੇ ਇਕਜੁੱਟ ਨਾ ਹੋਣ ਕਰਕੇ ਉਹ ਸਦੀਆਂ ਤੱਕ ਗੁਲਾਮ ਰਹੇ ਹਨ। ਵੱਖ-ਵੱਖ ਜਾਤਾਂ 'ਚ ਵੰਡੇ ਹਿੰਦੂਆਂ ਨੂੰ ਇਕਜੁੱਟ ਕਰਨ ਲਈ ਸੰਘ ਨੂੰ ਇਕ ਦੁਸ਼ਮਣ ਦੀ ਲੋੜ ਹੈ, ਜਿਸ ਨੂੰ ਉਹ ਮੁਸਲਮਾਨਾਂ ਤੇ ਈਸਾਈਆਂ ਦੇ ਰੂਪ 'ਚ ਲੱਭ ਕੇ ਉਨ੍ਹਾਂ ਦਾ ਡਰ ਦਿਖਾ ਕੇ ਹਿੰਦੂਆਂ ਨੂੰ ਇਕਜੁੱਟ ਕਰਨਾ ਚਾਹੁੰਦਾ ਹੈ। ਆਪਣੀ ਕਿਤਾਬ 'ਬੰਚ ਆਫ਼ ਥੌਟਸ' 'ਚ ਸੰਘ ਦੇ ਦੂਜੇ ਸਭ ਤੋਂ ਵੱਡੇ ਨੇਤਾ ਐਮ.ਐਸ. ਗੋਲਵਲਕਰ ਨੇ ਲਿਖਿਆ ਕਿ ਭਾਰਤ ਦੇ 3 ਦੁਸ਼ਮਣ: ਮੁਸਲਮਾਨ, ਈਸਾਈ ਤੇ ਕਮਿਊਨਿਸਟ ਹਨ।
ਮੋਹਨ ਭਾਗਵਤ ਦਾ ਕਹਿਣਾ ਹੈ ਕਿ ਸੰਘ ਨੇ ਗੋਲਵਲਕਰ ਦੀ ਕਿਤਾਬ ਦੇ ਇਸ ਹਿੱਸੇ ਨੂੰ ਹਟਾ ਦਿੱਤਾ ਹੈ, ਜੋ ਸੰਘ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦਾ। ਫਿਰ ਕਿਉਂ ਸੰਘ ਦੇ ਅਹੁਦੇਦਾਰ ਤੇ ਕਾਰਕੁੰਨ ਰੋਜ਼ਾਨਾ ਮੁਸਲਮਾਨਾਂ ਤੇ ਈਸਾਈਆਂ ਵਿਰੁੱਧ ਜ਼ਹਿਰ ਉਗਲਦੇ ਰਹਿੰਦੇ ਹਨ? ਸੰਘ ਦੇ ਇਸੇ ਕਿਰਦਾਰ ਦਾ ਪਰਦਾਫਾਸ਼ ਸਰਦਾਰ ਪਟੇਲ ਨੇ ਕੀਤਾ ਸੀ, ਜਦੋਂ ਉਨ੍ਹਾਂ 11 ਸਤੰਬਰ 1948 ਨੂੰ ਗੋਲਵਲਕਰ ਨੂੰ ਲਿਖੇ ਇਕ ਪੱਤਰ 'ਚ ਕਿਹਾ ਸੀ ਕਿ ਹਿੰਦੂਆਂ ਨੂੰ ਇਕਜੁੱਟ ਕਰਨਾ ਤੇ ਉਨ੍ਹਾਂ ਦੀ ਮਦਦ ਕਰਨਾ ਠੀਕ ਹੈ, ਪਰ ਉਨ੍ਹਾਂ ਦੇ ਦੁੱਖਾਂ ਦੇ ਲਈ ਮਾਸੂਮ ਤੇ ਬੇਸਹਾਰਾ ਮਰਦਾਂ, ਔਰਤਾਂ ਤੇ ਬੱਚਿਆਂ ਤੋਂ ਬਦਲਾ ਲੈਣਾ ਬਿਲਕੁਲ ਗ਼ਲਤ ਗੱਲ ਹੈ। ਗੋਲਵਲਕਰ ਦੇ ਭਾਸ਼ਨ ਫਿਰਕੂ ਜ਼ਹਿਰ ਨਾਲ ਭਰੇ ਹੁੰਦੇ ਸਨ, ਇਸ ਜ਼ਹਿਰ ਦੇ ਨਤੀਜੇ ਵਜੋਂ ਮਹਾਤਮਾ ਗਾਂਧੀ ਦੀ ਕੀਮਤੀ ਜਾਨ ਚਲੀ ਗਈ। ਜਦੋਂ ਗਾਂਧੀ ਦੀ ਹੱਤਿਆ ਤੋਂ ਬਾਅਦ ਸੰਘ ਦੇ ਲੋਕਾਂ ਨੇ ਮਠਿਆਈਆਂ ਵੰਡੀਆਂ ਤਾਂ ਪਟੇਲ ਨੇ ਸੰਘ 'ਤੇ ਪਾਬੰਦੀ ਲਗਾਉਂਦਿਆ ਗੋਲਵਲਕਰ ਤੇ ਉਨ੍ਹਾਂ ਦੇ ਹਜ਼ਾਰਾਂ ਕਾਰਕੁੰਨਾਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ। ਹਾਲਾਂਕਿ ਇਸ ਗੱਲ ਦਾ ਕਦੇ ਕੋਈ ਸਬੂਤ ਨਹੀਂ ਮਿਲਿਆ ਕਿ ਗਾਂਧੀ ਦੀ ਹੱਤਿਆ 'ਚ ਸੰਘ ਦਾ ਕੋਈ ਹੱਥ ਸੀ ਜਾਂ ਨਹੀਂ। ਪਟੇਲ, ਗਾਂਧੀ ਦੇ ਪੱਕੇ ਪੈਰੋਕਾਰ ਤੇ ਕਾਂਗਰਸੀ ਹੋਣ ਦੇ ਬਾਵਜੂਦ ਸੰਘ ਨਾਲ ਹਮਦਰਦੀ ਰੱਖਦੇ ਸਨ। ਫਿਰ ਵੀ ਉਨ੍ਹਾਂ ਸੰਘ 'ਤੇ ਇਸ ਲਈ ਪਾਬੰਦੀ ਲਗਾਈ ਕਿਉਂਕਿ ਸੰਘ ਦੀਆਂ ਸਰਗਰਮੀਆਂ ਦੇਸ਼ ਤੇ ਸਮਾਜ ਲਈ ਖ਼ਤਰਨਾਕ ਸਨ।
ਇੰਦਰਾ ਗਾਂਧੀ ਵਲੋਂ 1975 'ਚ ਦੇਸ਼ 'ਚ ਐਮਰਜੈਂਸੀ ਲਗਾਉਣ ਸਮੇਂ ਸੰਘ 'ਤੇ ਪਾਬੰਦੀ ਲਗਾ ਦਿੱਤੀ ਸੀ। ਅਟਲ ਬਿਹਾਰੀ ਵਾਜਪਾਈ ਤੇ ਸੰਘ ਮੁਖੀ ਬਾਲਾ ਸਾਹਿਬ ਦੇਵਰਸ ਵੀ ਇੰਦਰਾ ਗਾਂਧੀ ਦੀ ਪ੍ਰਸੰਸਾ ਕਰਦੇ ਸਨ। ਇੰਦਰਾ ਗਾਂਧੀ ਸੰਘ ਨੂੰ ਨਫ਼ਰਤ ਨਹੀਂ ਕਰਦੀ ਸੀ, ਫਿਰ ਵੀ ਉਸ ਨੂੰ ਸੰਘ 'ਤੇ ਪਾਬੰਦੀ ਲਗਾਉਣੀ ਪਈ ਸੀ? ਇਸੇ ਤਰ੍ਹਾਂ ਪੀ.ਵੀ. ਨਰਸਿਮ੍ਹਾ ਰਾਓ ਨੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਸੰਘ 'ਤੇ ਪਾਬੰਦੀ ਲਗਾ ਦਿੱਤੀ ਸੀ। ਲਾਲ ਕ੍ਰਿਸ਼ਨ ਅਡਵਾਨੀ ਨੇ ਬਾਬਰੀ ਮਸਜਿਦ ਨੂੰ ਢਾਹੁਣ ਵਾਲੇ ਦਿਨ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਦੁਖਦਾਈ ਘਟਨਾ ਕਿਹਾ ਸੀ, ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਇਸ ਨੂੰ ਇਕ ਅਪਰਾਧਿਕ ਕਾਰਵਾਈ ਲਿਖਿਆ ਹੈ। ਬਾਬਰੀ ਮਸਜਿਦ ਨੂੰ ਢਾਹੁਣ ਦੀ ਪੂਰੀ ਯੋਜਨਾ ਸੰਘ ਦੇ ਕਾਰਕੁੰਨਾਂ ਨੇ ਤਿਆਰ ਕੀਤੀ ਸੀ। ਨਰਸਿਮ੍ਹਾ ਰਾਓ ਵੀ ਸੰਘ ਦੇ ਦੁਸ਼ਮਣ ਨਹੀਂ ਸਨ ਤੇ ਸੰਘ ਪ੍ਰਤੀ ਨਰਮ ਵਤੀਰਾ ਰੱਖਦੇ ਸਨ। ਪਟੇਲ, ਇੰਦਰਾ ਗਾਂਧੀ ਤੇ ਰਾਓ ਸਾਰੇ ਸੰਘ ਪ੍ਰਤੀ ਨਰਮ ਵਤੀਰਾ ਰੱਖਦੇ ਸਨ, ਫਿਰ ਵੀ ਉਨ੍ਹਾਂ ਨੂੰ ਇਸ 'ਤੇ ਪਾਬੰਦੀ ਲਗਾਉਣੀ ਪਈ। ਕਿਉਂ?
ਜਿਸ ਸੰਗਠਨ 'ਤੇ ਦੇਸ਼ 'ਚ 3 ਵਾਰ ਪਾਬੰਦੀ ਲੱਗੀ ਹੋਵੇ, ਉਹ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਉਸ ਦੀ ਕੋਈ ਵੀ ਸਰਗਰਮੀ ਕਾਗਜ਼ਾਂ 'ਤੇ ਦਰਜ਼ ਨਾ ਹੋਵੇ ਤਾਂ ਜੋ ਕੋਈ ਸਬੂਤ ਨਾ ਮਿਲ ਸਕੇ, ਜੇਕਰ ਸੰਘ ਰਜਿਸਟ੍ਰੇਸ਼ਨ ਕਰਵਾਉਂਦਾ ਹੈ ਤਾਂ ਉਸ ਨੂੰ ਆਪਣੇ ਵਰਕਰਾਂ ਤੇ ਅਹੁਦੇਦਾਰਾਂ ਦਾ ਰਜਿਸਟਰ ਰੱਖਣਾ ਪਵੇਗਾ। ਜੇਕਰ ਉਹ ਕਦੇ ਵੀ ਕਿਸੇ ਗਲਤ ਕੰਮ ਜਾਂ ਸਮਾਜ ਵਿਰੋਧੀ ਸਰਗਰਮੀਆਂ 'ਚ ਸ਼ਾਮਿਲ ਹੋਣ ਕਰਕੇ ਫੜੇ ਜਾਂਦੇ ਹਨ ਤਾਂ ਸੰਘ ਉਨ੍ਹਾਂ ਨੂੰ ਆਪਣੇ ਵਰਕਰ ਨਾ ਹੋਣ ਦਾ ਕਹਿ ਕੇ ਇਨਕਾਰ ਨਹੀਂ ਕਰ ਸਕੇਗਾ, ਕਿਉਂਕਿ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਹੁਣ ਵਾਲੀ ਸਹੂਲਤ ਨਹੀਂ ਮਿਲੇਗੀ। ਮੈਨੂੰ ਉਮੀਦ ਨਹੀਂ ਹੈ ਕਿ ਸੰਘ ਕਰਨਾਟਕ ਸਰਕਾਰ ਦੇ ਦਬਾਅ ਹੇਠ ਰਜਿਸਟ੍ਰੇਸ਼ਨ ਕਰਵਾਉਣ ਲਈ ਸਹਿਮਤ ਹੋ ਜਾਵੇਗਾ, ਕਿਉਂਕਿ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਹੈ। ਅਜਿਹੀ ਸਥਿਤੀ ਵਿਚ ਕਰਨਾਟਕ ਸਰਕਾਰ ਵੀ ਇਕ ਹੱਦ ਤੋਂ ਬਾਅਦ ਸੰਘ ਨੂੰ ਰਜਿਸਟ੍ਰੇਸ਼ਨ ਲਈ ਮਜਬੂਰ ਨਹੀਂ ਕਰ ਸਕੇਗੀ। ਪਰ ਲੋਕਾਂ ਦੇ ਮਨਾਂ 'ਚ ਇਹ ਸਵਾਲ ਜ਼ਰੂਰ ਰਹੇਗਾ, ਕਿ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਆਪਣੇ ਆਪ ਨੂੰ ਇਕ ਸੰਗਠਨ ਕਿਉਂ ਨਹੀਂ ਮੰਨਦਾ? ਸੰਘ ਸੱਚ ਬੋਲਣ ਤੋਂ ਕਿਉਂ ਝਿਜਕਦਾ ਹੈ? ਕੁਝ ਤਾਂ ਗਲਤ ਹੈ, ਜੋ ਸੰਘ ਦੇ ਨੈਤਿਕਤਾ ਦੇ ਝੂਠੇ ਪਰਦੇ ਨੂੰ ਨੁਕਸਾਨ ਪਹੁੰਚਾਉਣ ਲਈ ਕਾਫ਼ੀ ਹੈ ਅਤੇ ਸ਼ਾਇਦ ਇਹੀ ਕਾਂਗਰਸ ਦਾ ਉਦੇਸ਼ ਹੈ।
ashutosh83b@gmail.com