01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਪੇਨ ਦੀ ਬਾਦਸ਼ਾਹਤ

Ad Position 21
No active advertisement
ਅਜੀਤ ਡੈਸਕ 21-07-2026

ਦੁਨੀਆ ਭਰ 'ਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਫੀਫਾ ਵਿਸ਼ਵ ਕੱਪ ਮਹਾਂਕੁੰਭ ਯੂਰਪ ਦੇ ਦੇਸ਼ ਸਪੇਨ ਦੇ ਵਿਸ਼ਵ ਕੱਪ ਚੈਂਪੀਅਨ ਬਣਨ ਦੇ ਨਾਲ ਸਮਾਪਤ ਹੋ ਗਿਆ। ਇਸ ਵਾਰ ਸਪੇਨ ਦਾ ਫਾਈਨਲ ਮੁਕਾਬਲਾ ਪਿਛਲੀ ਵਾਰ ਦੀ ਚੈਂਪੀਅਨ ਅਰਜਨਟੀਨਾ ਨਾਲ ਸੀ। ਦੋਵੇਂ ਟੀਮਾਂ ਆਪਣੀ ਪੂਰੀ ਕੋਸ਼ਿਸ਼ ਦੇ ਬਾਵਜੂਦ 90 ਮਿੰਟ ਤੱਕ ਕੋਈ ਗੋਲ ਨਾ ਕਰ ਸਕੀਆਂ। ਦਿੱਤੇ ਗਏ ਵਾਧੂ ਸਮੇਂ ਦੇ 106ਵੇਂ ਮਿੰਟ ਵਿਚ ਸਪੇਨ ਦੇ ਖਿਡਾਰੀ ਫੇਰਨ ਟੋਰੇਂਸ ਨੇ ਗੋਲ ਕਰਕੇ ਸਪੇਨ ਨੂੰ ਵਿਸ਼ਵ ਜੇਤੂ ਬਣਾ ਦਿੱਤਾ। ਸਪੇਨ ਦੀ ਟੀਮ ਦੀ ਇਹ ਗੋਲ ਕਰਨ ਦੀ 20ਵੀਂ ਕੋਸ਼ਿਸ਼ ਸੀ।
ਸਪੇਨ ਸਾਲ 2010 ਵਿਚ ਪਹਿਲੀ ਵਾਰ ਵਾਧੂ ਸਮੇਂ 'ਚ ਗੋਲ ਕਰਕੇ ਨੀਦਰਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਜੇਤੂ ਬਣਿਆ ਸੀ। ਹੁਣ 16 ਸਾਲ ਬਾਅਦ ਪਿਛਲੀ ਵਾਰ ਦੀ ਜੇਤੂ ਟੀਮ ਅਰਜਨਟੀਨਾ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਹੈ। ਇਸ ਤਰ੍ਹਾਂ ਸਪੇਨ ਦੋ ਵਾਰ ਫੀਫਾ ਕੱਪ ਜਿੱਤਣ ਵਾਲਾ ਦੇਸ਼ ਬਣ ਗਿਆ ਹੈ। ਦੂਜਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਖ਼ੁਸ਼ੀ 'ਚ ਖੀਵੇ ਹੋਏ ਟੋਰੈਂਸ ਨੇ ਆਪਣੇ ਗੋਲ ਬਾਰੇ ਕਿਹਾ, 'ਸੱਚ ਕਹਾਂ ਤਾਂ ਮੈਂ ਗੋਲ ਬਾਰੇ ਕੁੱਝ ਵੀ ਸੋਚਿਆ ਨਹੀਂ। ਮੈਂ ਫੁਟਬਾਲ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਤੇ ਸਾਰੇ ਸਪੇਨੀ ਲੋਕਾਂ ਦੀ ਤਾਕਤ ਨਾਲ ਸ਼ਾਟ ਮਾਰ ਦਿੱਤਾ।' ਇਸ ਮੈਚ ਦੌਰਾਨ ਸਪੇਨ ਦੀ ਟੀਮ ਨੇ ਲਗਭਗ 65 ਫ਼ੀਸਦੀ ਸਮਾਂ ਬਾਲ ਨੂੰ ਆਪਣੇ ਕੰਟਰੋਲ 'ਚ ਰੱਖਿਆ, ਜਦਕਿ ਅਰਜਨਟੀਨਾ ਨੂੰ ਆਪਣੇ ਬਿਹਤਰ ਮੁਕਾਬਲਾਕਾਰੀਆਂ ਦੇ ਸਾਹਮਣੇ ਗੇਂਦ ਨੂੰ ਆਪਣੇ ਕੋਲ ਰੱਖਣ ਲਈ ਬੜਾ ਸੰਘਰਸ਼ ਕਰਨਾ ਪਿਆ। ਅਰਜਨਟੀਨਾ ਲਈ ਮੁਸ਼ਕਿਲ ਉਦੋਂ ਹੋਰ ਵਧ ਗਈ ਜਦੋਂ ਉਸ ਦੇ ਇਕ ਖਿਡਾਰੀ ਐਂਜੋ ਫਰਨਾਂਡਿਜ਼ ਨੂੰ ਦੂਜੀ ਵਾਰ ਫਾਉਲ ਖੇਡਣ 'ਤੇ ਰੈਫਰੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਸਪੇਨ ਨੇ ਸਾਲ 2008 ਵਿਚ ਵੀ ਯੂਰਪੀ ਚੈਂਪੀਅਨਸ਼ਿਪ ਜਿੱਤੀ ਸੀ ਤੇ ਉਸ ਤੋਂ ਬਾਅਦ 2010 ਦਾ ਫੀਫਾ ਕੱਪ ਜਿੱਤਿਆ ਸੀ। ਉਹ ਵਿਸ਼ਵ ਕੱਪ ਜੇਤੂ ਬਣਨ ਤੋਂ ਪਹਿਲਾਂ 2024 ਵਿਚ ਯੂਰਪੀ ਚੈਂਪੀਅਨ ਬਣਿਆ ਸੀ ਤੇ ਹੁਣ 2026 'ਚ ਫੁਟਬਾਲ ਦਾ ਵਿਸ਼ਵ ਜੇਤੂ ਬਣਿਆ ਹੈ। ਸਪੇਨ ਦੀ ਇਹ ਵੀ ਖਾਸੀਅਤ ਰਹੀ ਹੈ ਕਿ ਉਸ ਦੀ ਟੀਮ ਨੇ ਪੂਰੇ ਵਿਸ਼ਵ ਕੱਪ ਦੌਰਾਨ ਸਿਰਫ਼ ਇਕ ਹੀ ਗੋਲ ਖਾਧਾ ਹੈ। ਇਸੇ ਲਈ ਉਸ ਦੇ ਗੋਲਕੀਪਰ ਉਨੈ ਸਾਈਮਨ ਨੂੰ 'ਗੋਲਡਨ ਗਲਵ' ਦਾ ਖ਼ਿਤਾਬ ਮਿਲਿਆ ਹੈ। ਦੂਜਾ ਸਨਮਾਨ 'ਗੋਲਡਨ ਬਾਲ' ਦਾ ਸਨਮਾਨ ਸਪੇਨ ਦੇ ਹੀ ਖਿਡਾਰੀ ਰੋਡਰੀ ਨੂੰ ਮਿਲਿਆ ਹੈ ਅਤੇ 'ਬੈਸਟ ਯੰਗ ਪਲੇਅਰ' ਦਾ ਸਨਮਾਨ ਵੀ ਸਪੇਨ ਦੇ ਖਿਡਾਰੀ ਪਾਵ ਕਬਰਸੀ ਨੂੰ ਮਿਲਿਆ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸਪੇਨ ਦੀ ਟੀਮ ਵਿਚ ਵਧੇਰੇ ਖਿਡਾਰੀ ਨੌਜਵਾਨ ਸਨ। ਉਨ੍ਹਾਂ ਦੀ ਰੱਖਿਆ ਪੰਕਤੀ (ਡਿਫੈਂਸ) ਮਜ਼ਬੂਤ ਅਨੁਸ਼ਾਸਨ 'ਚ ਰਹਿ ਕੇ ਖੇਡਦੀ ਹੈ ਜਿਸ ਦਾ ਆਪਸ ਵਿਚ ਚੰਗਾ ਤਾਲਮੇਲ ਸੀ। ਟੀਮ ਨੂੰ ਜੇਤੂ ਬਣਾਉਣ 'ਚ 19 ਸਾਲਾ ਲਾਮੀਨ ਯਮਾਲ ਦਾ ਖ਼ਾਸ ਯੋਗਦਾਨ ਰਿਹਾ। ਮੈਚਾਂ ਦੌਰਾਨ ਉਸ ਦੀ ਡ੍ਰਿਬਲਿੰਗ, ਰਫ਼ਤਾਰ ਤੇ ਰਚਨਾਤਮਿਕ ਖੇਡ ਭਾਵਨਾ ਨੇ ਸਭ ਖਿਡਾਰੀਆਂ ਨੂੰ ਇਕ ਟੀਮ ਵਜੋਂ ਖੇਡਣ ਲਈ ਪ੍ਰੇਰਿਤ ਕੀਤਾ, ਜੋ ਟੀਮ ਦੀ ਸਭ ਤੋਂ ਵੱਡੀ ਤਾਕਤ ਸਾਬਤ ਹੋਈ। ਇਹ ਸਪੇਨ ਦੇ ਕੋਚ ਦੀ ਕੋਚਿੰਗ ਦਾ ਵੀ ਕਮਾਲ ਹੈ ਕਿ ਉਨ੍ਹਾਂ ਦੀ ਤਿਆਰ ਕੀਤੀ ਟੀਮ ਲਗਾਤਾਰ ਪਿਛਲੇ 38 ਅੰਤਰਰਾਸ਼ਟਰੀ ਮੈਚਾਂ ਵਿਚ ਅਜੇਤੂ ਰਹੀ ਹੈ। ਭਾਵ ਉਹ ਇਕ ਵੀ ਮੈਚ ਨਹੀਂ ਹਾਰੀ ਤੇ ਉਸ ਨੇ 29 ਮੈਚ ਜਿੱਤੇ ਤੇ 9 ਬਰਾਬਰੀ 'ਤੇ ਖੇਡੇ।
ਦੂਜੇ ਪਾਸੇ ਜੇ ਗੱਲ ਕਰੀਏ ਅਰਜਨਟੀਨਾ ਦੀ ਤਾਂ ਇਸ ਦੇ ਖਿਡਾਰੀ ਲਿਓਨਲ ਮੈਸੀ ਦੀ ਖ਼ੂਬ ਚਰਚਾ ਸੀ ਤੇ ਉਸ ਤੋਂ ਬਹੁਤ ਆਸਾਂ ਸਨ ਪਰ ਉਹ ਆਪਣੇ ਦੇਸ਼ ਵਾਸੀਆਂ ਅਤੇ ਪ੍ਰਸ਼ੰਸਕਾਂ ਦੀਆਂ ਆਸਾਂ 'ਤੇ ਖ਼ਰਾ ਨਾ ਉਤਰ ਸਕਿਆ। 39 ਸਾਲਾ ਮੈਸੀ ਆਪਣਾ 6ਵਾਂ ਵਿਸ਼ਵ ਕੱਪ ਖੇਡ ਰਿਹਾ ਸੀ। ਪਰ 19 ਸਾਲਾ ਲਾਮੀਨ ਯਮਾਲ ਦਾ ਇਹ ਪਹਿਲਾ ਵਿਸ਼ਵ ਕੱਪ ਸੀ। ਇਸ ਫਾਈਨਲ ਮੁਕਾਬਲੇ 'ਚ ਮੈਸੀ ਆਪਣਾ ਕ੍ਰਿਸ਼ਮਾ ਨਾ ਦਿਖਾ ਸਕਿਆ। ਉਸ ਦੀ ਟੀਮ ਨੇ ਸਾਰੀ ਖੇਡ ਰਖਿਆਤਮਿਕ ਖੇਡੀ, ਜਦਕਿ ਸਪੇਨ ਦੇ ਨੌਜਵਾਨ ਖਿਡਾਰੀ ਪੂਰੀ ਟੀਮ ਭਾਵਨਾ ਨਾਲ, ਜਜ਼ਬੇ ਨਾਲ ਤੇ ਤੇਜ਼ ਪਾਸਿੰਗ ਨਾਲ ਖੇਡੇ। ਸਪੇਨ ਦੇ ਚੈਂਪੀਅਨ ਬਣਦਿਆਂ ਹੀ ਮੈਸੀ ਦਾ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ। ਦੂਜੇ ਪਾਸੇ ਸਪੇਨ ਨੇ ਬੇਮਿਸਾਲ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜੀ ਵਾਰ ਵਿਸ਼ਵ ਕੱਪ ਜੇਤੂ ਬਣਨ ਦਾ ਸੁਪਨਾ ਪੂਰਾ ਕਰ ਲਿਆ। ਫਾਈਨਲ ਤੋਂ ਪਹਿਲਾਂ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਇੰਗਲੈਂਡ ਨੇ ਫਰਾਂਸ ਨੂੰ ਮਾਤ ਦੇ ਕੇ ਟੂਰਨਾਮੈਂਟ 'ਚ ਤੀਜਾ ਸਥਾਨ ਹਾਸਿਲ ਕੀਤਾ। ਹਾਲਾਂਕਿ ਫਰਾਂਸ ਦੇ ਸ਼ਾਨਦਾਰ ਖਿਡਾਰੀ ਐਮਬਾਪੇ ਨੂੰ ਇਸ ਟੂਰਨਾਮੈਂਟ ਵਿਚ ਕੀਤੇ 10 ਗੋਲਾਂ ਕਰਕੇ 'ਗੋਲਡਨ ਬੂਟ' ਨਾਲ ਸਨਮਾਨਿਤ ਕੀਤਾ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਦੁਨੀਆ ਭਰ ਦੇ ਫੁਟਬਾਲ ਪ੍ਰੇਮੀਆਂ ਨੂੰ ਫੀਫਾ ਵਿਸ਼ਵ ਕੱਪ ਨੇ ਆਪਣੇ ਨਾਲ ਜੋੜੀ ਰੱਖਿਆ ਸੀ, ਹੁਣ ਉਨ੍ਹਾਂ ਨੂੰ ਚਾਰ ਸਾਲ ਬਾਅਦ ਹੋਣ ਵਾਲੇ ਅਗਲੇ ਫੀਫਾ ਵਿਸ਼ਵ ਕੱਪ ਦੀ ਉਡੀਕ ਰਹੇਗੀ।

Ad Position 22
No active advertisement
ਪਿਛਲੀ ਖ਼ਬਰ ਸਰਕਾਰ ਲੋਕਾਂ ਦੇ ਮੁੱਦਿਆਂ ਪ੍ਰਤੀ ਜਵਾਬਦੇਹ ਬਣੇ ਅਗਲੀ ਖ਼ਬਰ ਜਿੱਤ ਹਮੇਸ਼ਾ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਵਾਲਿਆਂ ਦੀ ਹੁੰਦੀ ਹੈ। -ਗੌਤਮ ਬੱਧ
Ad Position 24
No active advertisement