ਹਰਿਆਣਾ ਦੇ ਨਜ਼ਰੀਏ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਜਿਸ ਦੌਰਾਨ ਉਨ੍ਹਾਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਜੀਂਦ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਇਲਾਵਾ ਸੂਬੇ 'ਚ ਕਈ ਹੋਰ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਦਿਆਂ ਕਈ ਹੋਰ ਪ੍ਰੋਜੈਕਟਾਂ ਦੇ ਨੀਂਹ-ਪੱਥਰ ਵੀ ਰੱਖੇ। ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਜੀਂਦ ਤੋਂ ਸੋਨੀਪਤ ਵਿਚਾਲੇ ਇਕ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸ਼ੁਰੂ ਹੋ ਗਈ ਹੈ, 10 ਡੱਬਿਆਂ (ਕੋਚਾਂ) ਵਾਲੀ ਇਹ ਹਾਈਡ੍ਰੋਜਨ ਟ੍ਰੇਨ 3,200 ਹਾਰਸ ਪਾਵਰ ਦੀ ਹੈ। ਇਸ ਦੇ ਨਾਲ ਹੀ ਭਾਰਤ ਦੁਨੀਆ ਦੇ ਉਨ੍ਹਾਂ 3-4 ਦੇਸ਼ਾਂ 'ਚ ਸ਼ਾਮਿਲ ਹੋ ਗਿਆ ਹੈ, ਜੋ ਹਾਈਡ੍ਰੋਜਨ ਟ੍ਰੇਨ ਚਲਾਉਣ ਦੇ ਸਮਰੱਥ ਹਨ। ਇਹ ਹਾਈਡ੍ਰੋਜਨ ਟ੍ਰੇਨ ਧੂੰਆਂ ਰਹਿਤ ਹੈ ਅਤੇ ਪੂਰੀ ਤਰ੍ਹਾਂ ਨਾਲ 'ਮੇਕ ਇਨ ਇੰਡੀਆ' ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਟ੍ਰੇਨ ਦੇ ਚੱਲਣ ਨਾਲ ਜਿੱਥੇ ਇਸ ਨਾਲ ਸੰਬੰਧਿਤ ਮੁੱਢਲਾ ਢਾਂਚਾ ਤਿਆਰ ਹੋਵੇਗਾ, ਉੱਥੇ ਹਾਈਡ੍ਰੋਜਨ ਟ੍ਰੇਨ ਨੈੱਟਵਰਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਨਵੀਆਂ ਫੈਕਟਰੀਆਂ ਲੱਗਣ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਪਹਿਲਾਂ ਦੇਸ਼ 'ਚ ਜ਼ਿਆਦਾਤਰ ਟ੍ਰੇਨਾਂ ਕੋਲੇ ਤੇ ਭਾਫ਼ ਨਾਲ ਚੱਲਦੀਆਂ ਸਨ ਅਤੇ ਬਾਅਦ 'ਚ ਡੀਜ਼ਲ ਇੰਜਣ ਤੇ ਬਿਜਲੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਆ ਗਈਆਂ ਸਨ, ਹੁਣ ਦੇਸ਼ 'ਚ ਹਾਈਡ੍ਰੋਜਨ ਟ੍ਰੇਨਾਂ ਦਾ ਇਕ ਨਵਾਂ ਯੁੱਗ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਾਈਡ੍ਰੋਜਨ ਟ੍ਰੇਨ ਨੂੰ 21ਵੀਂ ਸਦੀ ਦੀ ਟ੍ਰੇਨ ਦੱਸਦਿਆਂ ਇਸ ਦੇ ਭਵਿੱਖ ਨੂੰ ਲੈ ਕੇ ਵੱਡੀਆਂ ਉਮੀਦਾਂ ਪ੍ਰਗਟਾਈਆਂ ਹਨ।
ਇਲੈੱਕਟ੍ਰਿਕ ਵਾਹਨਾਂ ਦੀ ਵਰਤੋਂ
ਇਸ ਵਾਰ ਪ੍ਰਧਾਨ ਮੰਤਰੀ ਮੋਦੀ ਦੀ ਜੀਂਦ ਰੈਲੀ ਲਈ ਜ਼ਿਆਦਾਤਰ ਇਲੈਕਟ੍ਰਿਕ ਵਾਹਨ ਵਰਤੋਂ ਵਿਚ ਲਿਆਂਦੇ ਗਏ। ਰੈਲੀ 'ਚ 466 ਇਲੈਕਟ੍ਰਿਕ ਵਾਹਨ ਪੁੱਜੇ, ਜਿਨ੍ਹਾਂ 'ਚ 155 ਇਲੈਕਟ੍ਰਿਕ ਬੱਸਾਂ ਤੇ 311 ਇਲੈਕਟ੍ਰਿਕ ਕਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਸੀ.ਐਨ.ਜੀ. ਵਾਹਨਾਂ 'ਤੇ ਰੈਲੀ 'ਚ ਸ਼ਾਮਿਲ ਹੋਏ। ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਕੋਈ ਦਿੱਕਤ ਨਾ ਆਵੇ, ਇਸ ਲਈ 41 ਈ.ਵੀ. ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਦੇ ਨਾਲ ਹੀ 6 ਹੋਰ ਚਾਰਜਿੰਗ ਸਟੇਸ਼ਨ ਬਣਾਏ ਗਏ ਸਨ। ਇਸ ਰੈਲੀ ਦੌਰਾਨ 135 ਇਲੈਕਟ੍ਰਿਕ ਬੱਸਾਂ ਤੇ 150 ਕਾਰਾਂ ਨੂੰ ਚਾਰਜ ਵੀ ਕੀਤਾ ਗਿਆ। ਇਸ ਵਾਰ ਭਾਜਪਾ ਵਰਕਰਾਂ 'ਚ ਰੈਲੀ ਪ੍ਰਤੀ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਖਾਸ ਗੱਲ ਇਹ ਵੀ ਰਹੀ ਕਿ ਰੈਲੀ ਤੋਂ ਪਹਿਲਾਂ ਤੇ ਬਾਅਦ ਵਿਚ ਪਾਰਟੀ ਵਰਕਰਾਂ ਨੇ ਜੀਂਦ ਦੇ ਨਾਲ-ਨਾਲ ਪੂਰੇ ਸੂਬੇ 'ਚ ਸਵੱਛਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਇਸ ਵਾਰ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸਿੱਧਾ ਦਿਖਾਉਣ ਲਈ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਤੇ ਭਾਜਪਾ ਦੇ ਜ਼ਿਲ੍ਹਾਂ ਪ੍ਰਧਾਨਾਂ ਦੀ ਉਚੇਚੇ ਤੌਰ 'ਤੇ ਜ਼ਿੰਮੇਵਾਰ ਲਗਾਈ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਜੀਂਦ ਦੇ ਨਾਲ-ਨਾਲ ਹੋਰ ਸ਼ਹਿਰਾਂ ਦੇ ਪ੍ਰੋਜੈਕਟਾਂ ਨੂੰ ਡਿਜ਼ੀਟਲੀ ਲੋਕਾਂ ਨੂੰ ਸਮਰਪਿਤ ਕੀਤਾ।
ਸਿੱਖ ਮਿਊਜ਼ੀਅਮ ਦਾ ਰੱਖਿਆ ਨੀਂਹ-ਪੱਥਰ
ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੁਰੂਕਸ਼ੇਤਰ 'ਚ ਬਣਨ ਵਾਲੇ ਸਿੱਖ ਮਿਊਜ਼ੀਅਮ ਦਾ ਨੀਂਹ-ਪੱਥਰ ਵੀ ਰੱਖਿਆ। ਲਗਭਗ 164 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਮਿਊਜ਼ੀਅਮ 'ਚ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਉਪਦੇਸ਼ਾਂ, ਕੁਰਬਾਨੀਆਂ, ਬਹਾਦਰੀ ਤੇ ਭਾਰਤੀ ਸੰਸਕ੍ਰਿਤੀ 'ਚ ਸਿੱਖ ਸਮਾਜ ਦੇ ਅਨਮੋਲ ਯੋਗਦਾਨ ਨੂੰ ਆਧੁਨਿਕ ਤਕਨੀਕ ਦੁਆਰਾ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਨਾਲ ਕੁਰੂਕਸ਼ੇਤਰ ਦੀ ਧਾਰਮਿਕ ਤੇ ਸੰਸਕ੍ਰਿਤਕ ਪਹਿਚਾਣ ਹੋਰ ਜ਼ਿਆਦਾ ਪ੍ਰਫੁੱਲਿਤ ਹੋਵੇਗੀ ਅਤੇ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਆਮਦ 'ਚ ਵਾਧਾ ਹੋਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕੁਰੂਕਸ਼ੇਤਰ 'ਚ 372 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਐਲੀਵੇਟਿਡ ਰੇਲਵੇ ਟ੍ਰੈਕ ਦਾ ਉਦਘਾਟਨ ਕਰਨ ਤੋਂ ਇਲਾਵਾ 9,681 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਦਿੱਲੀ-ਜੰਮੂ-ਕੱਟੜਾ ਐੱਕਸਪ੍ਰੈਸ-ਵੇਅ ਦੇ ਹਰਿਆਣੇ ਦੇ ਹਿੱਸੇ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ 1184 ਕਰੋੜ ਦੀ ਲਾਗਤ ਨਾਲ ਬਣੇ 34 ਕਿੱਲੋਮੀਟਰ ਅੰਬਾਲਾ-ਕਾਲਾ ਅੰਬ ਰਾਸ਼ਟਰੀ ਰਾਜਮਾਰਗ ਦਾ ਵੀ ਉਦਘਾਟਨ ਕੀਤਾ। ਮੋਦੀ ਨੇ 1606 ਕਰੋੜ ਦੀ ਲਾਗਤ ਨਾਲ ਤਿਆਰ ਹੋਏ 40 ਕਿੱਲੋਮੀਟਰ ਲੰਬੇ ਜੀਂਦ-ਗੋਹਾਣਾ ਰਾਸ਼ਟਰੀ ਰਾਜਮਾਰਗ ਦਾ ਵੀ ਉਦਘਾਟਨ ਕਰਨ ਦੇ ਨਾਲ ਹੀ 135 ਕਰੋੜ ਦੀ ਲਾਗਤ ਨਾਲ ਬਣਨ ਵਾਲੇ 24 ਕਿਲੋਮੀਟਰ ਲੰਬੇ ਹਾਂਸੀ-ਬਰਵਾਲਾ ਰਾਸ਼ਟਰੀ ਰਾਜਮਾਰਗ ਦਾ ਨੀਂਹ-ਪੱਥਰ ਵੀ ਰੱਖਿਆ। ਭਿਵਾਨੀ 'ਚ 594 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪੰਡਿਤ ਨੇਕੀਰਾਮ ਸ਼ਰਮਾ ਮੈਡੀਕਲ ਕਾਲਜ ਤੇ ਨਰਨੌਲ ਜ਼ਿਲ੍ਹੇ ਦੇ ਕੋਰਿਆਵਾਸ 'ਚ 844 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮੈਡੀਕਲ ਕਾਲਜ ਦੇ ਸ਼ੁਰੂ ਹੋਣ ਨਾਲ ਦੱਖਣੀ ਹਰਿਆਣਾ ਦੇ ਪਿਛੜੇ ਖੇਤਰਾਂ 'ਚ ਬਿਹਤਰ ਸਿਹਤ ਸਹੂਲਤਾਂ ਉਪਲਬੱਧ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਜੀਂਦ ਨਾਲ ਗੂੜ੍ਹੇ ਰਿਸ਼ਤਿਆਂ ਦਾ ਕੀਤਾ ਜ਼ਿਕਰ
ਮੋਦੀ ਨੇ ਕਰੀਬ 30 ਸਾਲ ਪਹਿਲਾਂ ਹਰਿਆਣਾ ਭਾਜਪਾ ਦੇ ਇੰਚਾਰਜ ਹੋਣ ਸਮੇਂ ਸੂਬੇ 'ਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਬਹੁਤ ਮਿਹਨਤ ਕੀਤੀ ਸੀ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਨ ਸਮੇਂ ਹਰਿਆਣਾ ਨਾਲ ਆਪਣੇ ਪੁਰਾਣੇ ਰਿਸ਼ਤੇ ਨੂੰ ਯਾਦ ਕਰਦਿਆਂ ਜੀਂਦ ਦੇ ਘਿਓ ਤੇ ਘੇਵਰ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਮੋਦੀ ਨੇ ਜੀਂਦ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਗੂੜ੍ਹੇ ਰਿਸ਼ਤੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਜੀਂਦ ਦਾ ਮਾਣ ਦੱਸਿਆ ਹੈ। ਮੋਦੀ ਨੇ ਪਾਂਡੂ ਪਿਟਾਰਾ ਦਾ ਜ਼ਿਕਰ ਕਰਦਿਆਂ ਜੀਂਦ ਨਾਲ ਪਾਡਵਾਂ ਦੇ ਸੰਬੰਧਾਂ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਖਿਡਾਰੀਆਂ ਦਾ ਪਿਛਲੇ ਲੰਬੇ ਸਮੇਂ ਤੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ 2030 ਦੀਆਂ ਰਾਸ਼ਟਰ ਮੰਡਲ ਖੇਡਾਂ ਤੇ 2036 ਦੀਆਂ ਉਲੰਪਿਕ ਖੇਡਾਂ ਭਾਰਤ 'ਚ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਖਿਡਾਰੀਆਂ ਨੂੰ ਹੁਣ ਤੋਂ ਇਨ੍ਹਾਂ ਖੇਡਾਂ ਲਈ ਜ਼ੋਰਦਾਰ ਤਿਆਰੀ ਕਰਨ ਦੀ ਹੱਲਾਸ਼ੇਰੀ ਦਿੰਦਿਆਂ ਉਮੀਦ ਪ੍ਰਗਟਾਈ ਹੈ ਕਿ ਹਰਿਆਣਾ ਦੇ ਖਿਡਾਰੀ ਹਮੇਸ਼ਾ ਵਾਂਗ ਬਿਹਤਰ ਪ੍ਰਦਰਸ਼ਨ ਕਰਨਗੇ।
ਮੁੱਖ ਮੰਤਰੀ ਸੈਣੀ ਨੂੰ ਦਿੱਤਾ ਥਾਪੜਾ
ਪ੍ਰਧਾਨ ਮੰਤਰੀ ਮੋਦੀ ਨੇ ਜੀਂਦ ਰੈਲੀ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਿੱਠ ਥਾਪੜਦਿਆਂ ਕਿਹਾ ਕਿ ਹਰਿਆਣਾ ਦੀ ਸੈਣੀ ਸਰਕਾਰ 'ਸਬ ਕਾ ਸਾਥ ਸਬ ਕਾ ਵਿਕਾਸ' ਯੋਜਨਾ ਤਹਿਤ ਸੂਬੇ ਦੇ ਨੌਜਵਾਨਾਂ, ਕਿਸਾਨਾਂ, ਭੈਣਾਂ-ਬੇਟੀਆਂ ਦੇ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਉਨ੍ਹਾਂ ਇਸ ਗੱਲ ਦਾ ਖਾਸ ਕਰਕੇ ਜ਼ਿਕਰ ਕੀਤਾ ਕਿ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ ਰਿਸ਼ਵਤ ਬਗੈਰ ਨੌਕਰੀ ਦੇਣ ਦਾ ਰਾਹ ਅਪਣਾਇਆ ਹੈ ਅਤੇ ਭਾਜਪਾ ਸਰਕਾਰ ਦੀ ਅਗਵਾਈ 'ਚ ਸੂਬਾ ਵਿਕਾਸ ਦੇ ਰਸਤੇ 'ਤੇ ਦੌੜ ਰਿਹਾ ਹੈ। ਖੇਤੀ ਤੇ ਉਦਯੋਗ ਰੂਪੀ ਵਿਕਾਸ ਦੇ ਦੋ ਪਹੀਏ ਸੂਬੇ ਨੂੰ ਖ਼ੁਸ਼ਹਾਲ ਬਣਾ ਰਹੇ ਹਨ। ਪਹਿਲਾਂ ਜੀਂਦ ਤੋਂ ਜ਼ਿਆਦਾਤਰ ਗ਼ੈਰ ਭਾਜਪਾ ਵਿਧਾਇਕ ਜਿੱਤਦੇ ਸਨ, ਹੁਣ ਪਿਛਲੇ ਕਾਫ਼ੀ ਸਮੇਂ ਤੋਂ ਜੀਂਦ ਤੋਂ ਭਾਜਪਾ ਜਾਂ ਐਨ.ਡੀ.ਏ. ਦੇ ਉਮੀਦਵਾਰਾਂ ਦੇ ਜਿੱਤਣ 'ਤੇ ਮੋਦੀ ਬਹੁਤ ਖ਼ੁਸ਼ ਨਜ਼ਰ ਆਏ। ਪ੍ਰਧਾਨ ਮੰਤਰੀ ਮੋਦੀ ਦੀ ਜੀਂਦ ਰੈਲੀ ਨੂੰ ਸਫਲ ਬਣਾਉਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਸਮੇਤ ਜੀਂਦ ਨਾਲ ਲੱਗਦੇ 27 ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਪਾਰਟੀ ਦੇ ਵਿਧਾਇਕਾਂ, ਮੰਤਰੀਆਂ, ਸੰਸਦ ਮੈਂਬਰਾਂ ਤੇ ਪਾਰਟੀ ਦੇ ਅਹੁਦੇਦਾਰਾਂ ਵਲੋਂ ਕੀਤੀ ਕਰੜੀ ਮਿਹਨਤ ਸਦਕਾ ਰੈਲੀ ਹਰ ਲਿਹਾਜ਼ ਨਾਲ ਕਾਮਯਾਬ ਰਹੀ।
-ਵਿਸ਼ੇਸ਼ ਪ੍ਰਤੀਨਿਧੀ
ਮੋਬਾਈਲ : 9855465946
ਈ-ਮੇਲ : ramsinghbrar@gmail.com