02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਜੋਬਨ ਰੁੱਤੇ ਤੁਰ ਜਾਣ ਵਾਲੇ ਸ਼ਿਵ ਕੁਮਾਰ ਬਟਾਲਵੀ

Ad Position 21
No active advertisement
ਅਜੀਤ ਡੈਸਕ 23-07-2026

ਜਨਮ ਦਿਨ 'ਤੇ ਵਿਸ਼ੇਸ਼

ਬਿਰਹਾ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਸਿਆਲਕੋਟ (ਅੱਜ ਪਾਕਿਸਤਾਨ ਦੇ ਪੰਜਾਬ 'ਚ) ਵਿਖੇ 23 ਜੁਲਾਈ 1936 ਨੂੰ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ। ਉਸ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਮਾਲ ਮਹਿਕਮੇ ਵਿਚ ਕਾਨੂੰਗੋ ਸਨ। ਦੇਸ਼ ਦੀ ਵੰਡ ਤੋਂ ਬਾਅਦ 1947 'ਚ ਇਹ ਪਰਿਵਾਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਆ ਵਸਿਆ। ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਵਿੱਦਿਆ ਪ੍ਰਾਪਤ ਕੀਤੀ। 1953 ਵਿਚ ਉਸ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਤੋਂ ਦਸਵੀਂ ਕੀਤੀ ਤੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇਕ ਸਕੂਲ 'ਚ ਕੋਰਸ ਲਈ ਦਾਖਲਾ ਲਿਆ, ਪਰ ਡਿਪਲੋਮਾ ਪ੍ਰਾਪਤ ਨਾ ਕਰ ਸਕੇ। ਉਸ ਦੇ ਪਿਤਾ ਨੇ ਉਨ੍ਹਾਂ ਨੂੰ ਪਟਵਾਰੀ ਲਵਾ ਦਿੱਤਾ। 1961 'ਚ ਸ਼ਿਵ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ 1966 ਤੱਕ ਕੋਈ ਕੰਮ ਨਾ ਕੀਤਾ। ਫਿਰ ਸਟੇਟ ਬੈਂਕ ਆਫ਼ ਇੰਡੀਆ ਦੀ ਬਟਾਲਾ ਸ਼ਾਖਾ 'ਚ ਕਲਰਕ ਦੀ ਨੌਕਰੀ ਕਰ ਲਈ। 5 ਫਰਵਰੀ 1967 ਨੂੰ ਉਸ ਦਾ ਵਿਆਹ ਗੁਰਦਾਸਪੁਰ ਦੇ ਪਿੰਡ ਕੀੜੀ ਮੰਗਿਆਲ ਦੀ ਅਰੁਣਾ ਨਾਲ ਹੋਇਆ। ਉਸ ਦੇ ਘਰ ਪੁੱਤਰ ਮਿਹਰਬਾਨ ਤੇ ਧੀ ਪੂਜਾ ਨੇ ਜਨਮ ਲਿਆ।
ਸ਼ਿਵ ਕੁਮਾਰ ਨੇ ਕਾਵਿ ਰਚਨਾ ਲੂਣਾ 1965 ਵਿਚ ਲਿਖੀ, ਜਿਸ ਨੂੰ 1967 ਵਿਚ 'ਸਾਹਿਤ ਅਕਾਦਮੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਇਸ ਰਚਨਾ ਵਿਚ ਸ਼ਿਵ, ਸਮਾਜ ਵਿਚ ਭੰਡੀ ਜਾਣ ਵਾਲੀ ਲੂਣਾ ਨੂੰ ਨਿਰਦੋਸ਼ ਦੱਸਦਿਆਂ ਲਿਖਦਾ ਹੈ:-
ਹਰ ਬਾਬਲ ਵਰ ਢੂੰਡਣ ਜਾਵੇ
ਆਪਣਾ ਵਿਹੜਾ ਵੇਖ
ਜੋ ਬਾਬਲ ਵਰ ਢੂੰਡ ਲਿਆਇਆ
ਸੋ ਨਾ ਆਇਆ ਮੇਚ
ਨੀਂ ਮੈਂ ਅੱਗ ਟੁਰੀ ਪਰਦੇਸ
ਸ਼ਿਵ ਕੁਮਾਰ ਆਪਣੀ ਜ਼ਿੰਦਗੀ ਦੀਆਂ ਦਰਦ ਭਰੀਆਂ ਯਾਦਾਂ ਨੂੰ ਗੀਤਾਂ ਵਿਚ ਦੇਸੀ ਮਹੀਨਿਆਂ ਅਤੇ ਖੇਤਾਂ ਵਿਚ ਉੱਗੀਆਂ ਫ਼ਸਲਾਂ ਦੇ ਹਿਸਾਬ ਨਾਲ ਯਾਦ ਕਰਦਾ ਲਿਖਦਾ ਹੈ:-
ਜਦ ਪੈਣ ਕਪਾਹੀਂ ਫੁੱਲ
ਵੇ ਧਰਮੀ ਬਾਬਲਾ
ਸਾਨੂੰ ਉਹ ਰੁੱਤ ਲੈ ਦਈਂ ਮੁੱਲ
ਵੇ ਧਰਮੀ ਬਾਬਲਾ
ਉਸ ਦੀਆਂ ਰਚਨਾਵਾਂ ਵਿਚ ਪੀੜਾਂ ਦਾ ਪਰਾਗਾ (1960), ਲਾਜਵੰਤੀ (1961), ਆਟੇ ਦੀਆਂ ਚਿੜੀਆਂ (1962), ਮੈਨੂੰ ਵਿਦਾ ਕਰੋ (1963), ਦਰਦਮੰਦਾਂ ਦੇ ਆਹੀ (1964), ਲੂਣਾ (1965), ਮੈਂ ਤੇ ਮੈਂ (1970), ਆਰਤੀ (1971) ਆਦਿ ਕਿਤਾਬਾਂ ਸ਼ਾਮਿਲ ਹਨ। 1960 ਵਿਚ ਛਪੇ ਪਲੇਠੇ ਕਾਵਿ ਸੰਗ੍ਰਹਿ ਨੇ ਸ਼ਿਵ ਨੂੰ ਚੋਖੀ ਪ੍ਰਸਿੱਧੀ ਦਿਵਾਈ। ਇਸ ਵਿਚ ਔਰਤ ਦੇ ਮਨ ਦੀਆਂ ਰੀਝਾਂ, ਸਧਰਾਂ, ਦੁੱਖ ਦਰਦ ਅਤੇ ਘੋਰ ਨਿਰਾਸ਼ਾ ਨੂੰ ਆਪਣੀ ਕਵਿਤਾ ਵਿਚ ਪੇਸ਼ ਕੀਤਾ ਗਿਆ ਹੈ:-
ਲਾ ਲਾ ਲੂਣ ਖੁਆਏ ਦਿਲ ਦੇ
ਡੱਕਰੇ ਕਰ ਕਰ ਪੀੜਾਂ ਨੂੰ
ਪਰ ਇਕ ਪੀੜ ਵਸਲ ਦੀ ਤਾਂ ਵੀ
ਭੁਖੀ ਮਰਦੀ ਜਾਏ ਨੀਂ
ਹੰਝੂਆਂ ਦੀ ਅੱਗ ਸੇਕ ਸੇਕ ਕੇ
ਸੜ ਚੱਲੀਆਂ ਜੇ ਪਲਕਾਂ ਨੀਂ
ਪਰ ਪੀੜਾਂ ਦੇ ਪੋਹ ਦਾ ਅੜੀਓ
ਘਟਿਆ ਸੀਤ ਨਾ ਮਾਸਾ ਨੀ

ਸ਼ਿਵ ਕੁਮਾਰ ਦੀਆਂ ਰਚਨਾਵਾਂ ਸਰਿੰਦਰ ਕੌਰ, ਨੁਸਰਤ ਫ਼ਤਹਿ ਅਲੀ ਖ਼ਾਨ, ਜਗਜੀਤ ਸਿੰਘ, ਦੀਦਾਰ ਸਿੰਘ ਪ੍ਰਦੇਸੀ, ਆਸਾ ਸਿੰਘ ਮਸਤਾਨਾ, ਕੇ ਦੀਪ, ਮਹਿੰਦਰ ਕਪੂਰ ਤੇ ਹੋਰ ਗਾਇਕਾਂ ਨੇ ਗਾਈਆਂ। ਮਈ 1972 ਵਿਚ ਸ਼ਿਵ ਕੁਮਾਰ ਨੇ ਡਾ. ਗੋਪਾਲ ਪੁਰੀ ਤੇ ਸ੍ਰੀਮਤੀ ਕੈਲਾਸ਼ ਪੁਰੀ ਦੇ ਸੱਦੇ 'ਤੇ ਇੰਗਲੈਡ ਦਾ ਦੌਰਾ ਕੀਤਾ। ਇੰਗਲੈਂਡ ਦੇ ਪੰਜਾਬੀ ਭਾਈਚਾਰੇ ਵਿਚ ਸ਼ਿਵ ਕੁਮਾਰ ਦੀ ਪ੍ਰਸਿੱਧੀ ਪਹਿਲਾਂ ਹੀ ਬਹੁਤ ਸੀ। ਸਥਾਨਕ ਅਖ਼ਬਾਰਾਂ ਵਿਚ ਸੁਰਖੀਆਂ ਲਾ ਕੇ ਉਸ ਦੇ ਆਉਣ ਦਾ ਐਲਾਨ ਕੀਤਾ ਗਿਆ। ਉਸ ਦੇ ਸਨਮਾਨ ਲਈ ਕਈ ਜਨਤਕ ਸਮਾਗਮਾਂ ਅਤੇ ਨਿੱਜੀ ਪਾਰਟੀਆਂ ਦਾ ਪ੍ਰਬੰਧ ਕੀਤਾ ਗਿਆ। ਰਾਤ ਨੂੰ ਪਾਰਟੀਆਂ ਤੋਂ ਦੇਰੀ ਨਾਲ ਆਉਣ ਤੇ ਸਵੇਰੇ ਸੁਵੱਖਤੇ ਉੱਠਣ ਕਾਰਨ ਉਸ ਦੀ ਸਿਹਤ ਘਟਣੀ ਸ਼ੁਰੂ ਹੋ ਗਈ ਸੀ। ਸਤੰਬਰ 1972 ਨੂੰ ਉਹ ਇੰਗਲੈਂਡ ਤੋਂ ਵਾਪਸ ਪਰਤਿਆ ਤਾਂ ਉਸ ਦੀ ਸਿਹਤ ਵਿਚ ਕਾਫ਼ੀ ਗਿਰਾਵਟ ਆ ਚੁੱਕੀ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਲੋੜ ਵੇਲੇ ਉਸ ਦੇ ਬਹੁਤ ਸਾਰੇ ਦੋਸਤਾਂ ਨੇ ਉਸ ਦਾ ਸਾਥ ਛੱਡ ਦਿੱਤਾ। ਉਸ ਦੇ ਜਿਗਰ ਵਿਚ ਨੁਕਸ ਪੈ ਚੁੱਕਾ ਸੀ। ਉਸ ਨੂੰ ਉਸ ਦੀ ਪਤਨੀ ਨੇ ਚੰਡੀਗੜ੍ਹ 16 ਸੈਕਟਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਕੁੱਝ ਦਿਨ ਇਲਾਜ ਚੱਲਿਆ।
ਕੁਝ ਮਹੀਨਿਆਂ ਬਾਅਦ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰ ਸ਼ਿਵ ਕੁਮਾਰ ਡਾਕਟਰਾਂ ਦੀ ਮਰਜ਼ੀ ਤੋਂ ਬਿਨਾਂ ਹੀ ਛੁੱਟੀ ਲੈ ਗਿਆ, ਕਿਉਂਕਿ ਉਹ ਹਸਪਤਾਲ ਵਿਚ ਮਰਨਾ ਨਹੀਂ ਸੀ ਚਾਹੁੰਦਾ। ਉਹ ਬਟਾਲੇ ਆਪਣੇ ਪਰਿਵਾਰ ਕੋਲ ਚਲਾ ਗਿਆ। ਬਾਅਦ ਵਿਚ ਉਸ ਨੂੰ ਉਸ ਦੇ ਸਹੁਰੇ ਪਿੰਡ ਲਿਜਾਇਆ ਗਿਆ, ਜਿੱਥੇ 6 ਮਈ 1973 ਨੂੰ 37ਵੇਂ ਸਾਲ ਭਰ ਜਵਾਨੀ ਵਿਚ ਉਹ ਅਕਾਲ ਚਲਾਣਾ ਕਰ ਗਿਆ, ਜਿਵੇਂ ਉਸ ਨੇ ਲਿਖਿਆ ਸੀ:-
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪ੍ਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਸ਼ਿਵ ਕੁਮਾਰ ਦੀ ਮੌਤ ਤੋਂ ਬਾਅਦ ਬਿਰਹੜਾ (1974), ਅਲਵਿਦਾ (1974), ਅਸਾਂ ਤਾਂ ਜੋਬਨ ਰੁੱਤੇ ਮਰਨਾ (1976), ਸਾਗਰ ਤੇ ਕਣੀਆਂ (1982), ਸ਼ਿਵ ਕੁਮਾਰ ਪੂਰਨ ਕਾਵਿ ਸੰਗ੍ਰਹਿ (1983) ਵਿਚ ਛਾਪਿਆ ਗਿਆ। ਅੱਜ ਬੇਸ਼ੱਕ ਉਹ ਸਾਡੇ ਵਿਚਕਾਰ ਨਹੀਂ ਹੈ ਪਰ ਆਪਣੀਆਂ ਰਚਨਾਵਾਂ ਰਾਹੀਂ ਉਹ ਹਮੇਸ਼ਾ ਜ਼ਿੰਦਾ ਰਹੇਗਾ।

ਕੈਲਪੁਰ ਰੋਡ, ਮੁੱਲਾਂਪੁਰ ਦਾਖਾ।
ਮੋਬਾਈਲ : 84274-54104

Ad Position 22
No active advertisement
ਪਿਛਲੀ ਖ਼ਬਰ ਪ੍ਰਭਾਵਸ਼ਾਲੀ ਰਿਹਾ ਪ੍ਰਧਾਨ ਮੰਤਰੀ ਮੋਦੀ ਦਾ ਹਰਿਆਣਾ ਦੌਰਾ ਅਗਲੀ ਖ਼ਬਰ ਕਾਕਰੋਚ ਅੰਦੋਲਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
Ad Position 24
No active advertisement