02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਵਿਆਹਾਂ 'ਚ ਨੋਟ ਉਡਾਉਣ ਦੀ ਥਾਂ ਲੋੜਵੰਦਾਂ ਦੀ ਮਦਦ ਕਰੀਏ

ਵਿਆਹਾਂ 'ਚ ਨੋਟ ਉਡਾਉਣ ਦੀ ਥਾਂ ਲੋੜਵੰਦਾਂ ਦੀ ਮਦਦ ਕਰੀਏ

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਅੱਜ-ਕੱਲ੍ਹ ਵਿਆਹ ਸਮਾਗਮਾਂ ਵਿਚ ਦਿਖਾਵੇ ਦੀ ਪ੍ਰਵਿਰਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ | ਕੱਝ ਲੋਕ ਆਪਣੀ ਅਮੀਰੀ ਅਤੇ ਰੁਤਬੇ ਦਾ ਪ੍ਰਦਰਸ਼ਨ ਕਰਨ ਲਈ ਗਾਇਕਾਂ, ਡੀ.ਜੇ. ਜਾਂ ਹੋਰ ਕਲਾਕਾਰਾਂ ਉੱਪਰ ਨੋਟਾਂ ਦੀਆਂ ਦੱਥੀਆਂ ਸੁੱਟ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ | ਕਈ ਵਾਰ ਹਜ਼ਾਰਾਂ ਰੁਪਏ ਸਿਰਫ਼ ਕੁਝ ਮਿੰਟਾਂ ਦੇ ਦਿਖਾਵੇ ਲਈ ਹਵਾ ਵਿਚ ਉਡਾ ਦਿੱਤੇ ਜਾਂਦੇ ਹਨ | ਇਸ ਤਰ੍ਹਾਂ ਪੈਸੇ ਦੀ ਬਰਬਾਦੀ ਕਰਕੇ ਆਪਣੇ-ਆਪ ਨੂੰ  ਵੱਡਾ ਅਮੀਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਪਰ ਅਸਲ ਸਵਾਲ ਇਹ ਹੈ ਕਿ, ਕੀ ਅਜਿਹਾ ਦਿਖਾਵਾ ਹੀ ਅਮੀਰੀ ਦੀ ਨਿਸ਼ਾਨੀ ਹੈ? ਅਸਲ ਅਮੀਰੀ ਤਾਂ ਉਸ ਸਮੇਂ ਸਾਹਮਣੇ ਆਉਂਦੀ ਹੈ, ਜਦੋਂ ਸਾਡੇ ਆਲੇ-ਦੁਆਲੇ ਕੋਈ ਗਰੀਬ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੋਵੇ, ਕਿਸੇ ਬੱਚੇ ਦੀ ਪੜ੍ਹਾਈ ਪੈਸਿਆਂ ਦੀ ਘਾਟ ਕਾਰਨ ਰੁਕ ਰਹੀ ਹੋਵੇ ਜਾਂ ਕੋਈ ਲਾਚਾਰ ਤੇ ਬਿਮਾਰ ਵਿਅਕਤੀ ਇਲਾਜ ਲਈ ਮਦਦ ਦੀ ਉਡੀਕ ਕਰ ਰਿਹਾ ਹੋਵੇ, ਤਾਂ ਅਸੀਂ, ਅਜਿਹੇ ਲੋਕਾਂ ਦੀ ਮਦਦ ਕਰੀਏ | ਦੁੱਖ ਦੀ ਗੱਲ ਹੈ ਕਿ ਵਿਆਹਾਂ ਵਿਚ ਨੋਟਾਂ ਦੀਆਂ ਦੱਥੀਆਂ ਸੁੱਟਣ ਵਾਲੇ ਕਈ ਲੋਕ ਅਜਿਹੇ ਲੋੜਵੰਦਾਂ ਦੀ ਮਦਦ ਕਰਨ ਵੇਲੇ ਪਿੱਛੇ ਹਟ ਜਾਂਦੇ ਹਨ | ਕਿਸੇ ਭੁੱਖੇ ਨੂੰ  ਇਕ ਵੇਲੇ ਦੀ ਰੋਟੀ ਦੇਣ ਜਾਂ ਕਿਸੇ ਬੇਸਹਾਰਾ ਦੇ ਇਲਾਜ ਲਈ ਕੁਝ ਪੈਸੇ ਦੇਣ ਸਮੇਂ ਉਨ੍ਹਾਂ ਦੀਆਂ ਜੇਬਾਂ ਨੂੰ  ਜਿਵੇਂ ਜਿੰਦੇ ਲੱਗ ਜਾਂਦੇ ਹਨ | ਸਾਨੂੰ ਆਪਣੇ-ਆਪ ਤੋਂ ਇਹ ਸਵਾਲ ਪੁੱਛਣ ਦੀ ਲੋੜ ਹੈ ਕਿ ਜਿਹੜਾ ਪੈਸਾ ਵਿਆਹ ਸਮਾਗਮ ਵਿਚ ਹਵਾ ਵਿਚ ਉਡਾ ਦਿੱਤਾ ਜਾਂਦਾ ਹੈ, ਜੇਕਰ ਉਹੀ ਪੈਸਾ ਕਿਸੇ ਲੋੜਵੰਦ ਦੀ ਮਦਦ ਲਈ ਵਰਤਿਆ ਜਾਵੇ ਤਾਂ ਕਿੰਨੀ ਵੱਡੀ ਨੇਕੀ ਹੋ ਸਕਦੀ ਹੈ | ਇਨ੍ਹਾਂ ਪੈਸਿਆਂ ਨਾਲ ਕਿਸੇ ਗਰੀਬ ਬੱਚੇ ਦੀ ਸਕੂਲ ਫੀਸ ਭਰੀ ਜਾ ਸਕਦੀ ਹੈ, ਕਿਸੇ ਬਿਮਾਰ ਦਾ ਇਲਾਜ ਕਰਵਾਇਆ ਜਾ ਸਕਦਾ ਹੈ, ਕਿਸੇ ਬਜ਼ੁਰਗ ਲਈ ਦਵਾਈਆਂ ਖ਼ਰੀਦੀਆਂ ਜਾ ਸਕਦੀਆਂ ਹਨ ਜਾਂ ਕਿਸੇ ਗਰੀਬ ਪਰਿਵਾਰ ਦੇ ਘਰ ਕੁਝ ਦਿਨਾਂ ਦਾ ਰਾਸ਼ਨ ਪਹੁੰਚਾਇਆ ਜਾ ਸਕਦਾ ਹੈ |

ਵਿਆਹ ਖੁਸ਼ੀ ਦਾ ਮੌਕਾ ਹੈ ਅਤੇ ਹਰ ਵਿਅਕਤੀ ਨੂੰ  ਆਪਣੀ ਖੁਸ਼ੀ ਮਨਾਉਣ ਦਾ ਹੱਕ ਹੈ, ਪਰ ਖੁਸ਼ੀ ਮਨਾਉਣ ਦੇ ਨਾਂਅ 'ਤੇ ਪੈਸੇ ਦੀ ਬੇਤਹਾਸ਼ਾ ਬਰਬਾਦੀ ਅਤੇ ਦਿਖਾਵਾ ਸਮਾਜ ਲਈ ਚੰਗੀ ਮਿਸਾਲ ਨਹੀਂ | ਇਸ ਨਾਲ ਖ਼ਾਸ ਕਰਕੇ ਮੱਧਵਰਗੀ ਅਤੇ ਗਰੀਬ ਪਰਿਵਾਰਾਂ 'ਤੇ ਵੀ ਸਮਾਜਿਕ ਦਬਾਅ ਪੈਂਦਾ ਹੈ | ਉਹ ਵੀ ਦੂਜਿਆਂ ਦੀ ਦੇਖਾ-ਦੇਖੀ ਮਹਿੰਗੇ ਵਿਆਹ ਕਰਨ ਅਤੇ ਫ਼ਜ਼ੂਲ ਖ਼ਰਚੀ ਕਰਨ ਲਈ ਖ਼ੁਦ ਨੂੰ  ਮਜਬੂਰ ਹੋਏ ਮਹਿਸੂਸ ਕਰਦੇ ਹਨ | ਇਸ ਨਾਲ ਕਈ ਪਰਿਵਾਰ ਕਰਜ਼ੇ ਦੇ ਬੋਝ ਹੇਠਾਂ ਵੀ ਦੱਬ ਜਾਂਦੇ ਹਨ | ਇਸ ਤੋਂ ਇਲਾਵਾ ਵਿਆਹ ਸਮਾਗਮਾਂ ਵਿਚ ਨੋਟ ਉਡਾਉਣ ਦੀ ਪ੍ਰਥਾ ਕਾਨੂੰਨੀ ਪੱਖੋਂ ਵੀ ਸਵਾਲਾਂ ਦੇ ਘੇਰੇ ਵਿਚ ਹੈ | ਇਸ ਲਈ ਵਿਆਹ ਸਮਾਗਮਾਂ ਦੇ ਪ੍ਰਬੰਧਕਾਂ ਅਤੇ ਪਰਿਵਾਰਾਂ ਨੂੰ  ਵੀ ਅਜਿਹੀਆਂ ਪ੍ਰਥਾਵਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਖੁਸ਼ੀ ਦੇ ਮੌਕੇ 'ਤੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ | ਸਮਾਜ ਵਿਚ ਸਾਨੂੰ ਅਮੀਰੀ ਦੀ ਪਰਿਭਾਸ਼ਾ ਬਦਲਣ ਦੀ ਲੋੜ ਹੈ | ਵੱਡੀ ਗੱਡੀ, ਮਹਿੰਗੇ ਕੱਪੜੇ, ਵੱਡਾ ਵਿਆਹ ਜਾਂ ਗਾਇਕਾਂ 'ਤੇ ਨੋਟ ਸੁੱਟਣੇ ਕਿਸੇ ਵਿਅਕਤੀ ਦੀ ਮਹਾਨਤਾ ਦਾ ਮਾਪਦੰਡ ਨਹੀਂ ਹੋ ਸਕਦਾ | ਅਸਲ ਅਮੀਰ ਉਹ ਹੈ, ਜਿਸ ਕੋਲ ਦੌਲਤ ਹੋਣ ਦੇ ਨਾਲ-ਨਾਲ ਦਿਲ ਵੀ ਵੱਡਾ ਹੋਵੇ, ਜਿਸ ਦੀ ਦੌਲਤ ਕਿਸੇ ਬੇਸਹਾਰਾ ਦੇ ਕੰਮ ਆਵੇ, ਕਿਸੇ ਭੁੱਖੇ ਦੇ ਮੂੰਹ ਵਿਚ ਰੋਟੀ ਪਾਵੇ ਅਤੇ ਕਿਸੇ ਬਿਮਾਰ ਦੀ ਜ਼ਿੰਦਗੀ ਬਚਾਉਣ ਵਿਚ ਸਹਾਈ ਬਣੇ | ਅੱਜ ਲੋੜ ਹੈ ਕਿ ਵਿਆਹਾਂ ਵਿਚ ਨੋਟ ਉਡਾਉਣ ਦੀ ਬਜਾਏ ਸਮਾਜ ਨੂੰ  ਕੋਈ ਚੰਗਾ ਸੁਨੇਹਾ ਦਿੱਤਾ ਜਾਵੇ | ਜੇਕਰ ਖੁਸ਼ੀ ਦੇ ਮੌਕੇ 'ਤੇ ਫ਼ਜ਼ੂਲ ਪੈਸਾ ਖਰਚਣ ਦੀ ਥਾਂ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਵੇ ਤਾਂ ਇਹ ਖੁਸ਼ੀ ਹੋਰ ਵੀ ਵੱਡੀ ਬਣ ਸਕਦੀ ਹੈ | ਅਜਿਹਾ ਕੰਮ ਨਾ ਸਿਰਫ਼ ਕਿਸੇ ਇਕ ਪਰਿਵਾਰ ਦੀ ਜ਼ਿੰਦਗੀ ਵਿਚ ਖੁਸ਼ੀ ਲਿਆ ਸਕਦਾ ਹੈ, ਸਗੋਂ ਸਮਾਜ ਵਿਚ ਮਨੁੱਖਤਾ, ਭਾਈਚਾਰੇ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ  ਵੀ ਮਜ਼ਬੂਤ ਕਰ ਸਕਦਾ ਹੈ | ਅਸਲ ਅਮੀਰੀ ਨੋਟਾਂ ਦੀਆਂ ਦੱੱਥੀਆਂ ਹਵਾ 'ਚ ਉਡਾਉਣ ਵਿਚ ਨਹੀਂ, ਸਗੋਂ ਮੁਸ਼ਕਿਲ ਸਮੇਂ ਕਿਸੇ ਲੋੜਵੰਦ ਦਾ ਹੱਥ ਫੜਨ ਵਿਚ ਹੈ | ਆਓ, ਦਿਖਾਵੇ ਦੀ ਦੌੜ ਛੱਡ ਕੇ ਆਪਣੀ ਦੌਲਤ ਨੂੰ  ਮਨੁੱਖਤਾ ਦੇ ਕੰਮ ਲਈ ਵਰਤੀਏ |

-ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ,
ਪਿੰਡ-ਦੁਸਾਂਝ ਕਲਾਂ |
ਮੋਬਾਈਲ : 76963-97240

Ad Position 22
No active advertisement
ਪਿਛਲੀ ਖ਼ਬਰ ਕੁਰਸੀਆਂ ਦੀ ਲੜਾਈ ਨੇ ਲੋਕ ਮੁੱਦੇ ਵਿਸਾਰੇ ਅਗਲੀ ਖ਼ਬਰ ਬਾਈ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸਾਢੇ ਛੇ ਕਰੋੜ 'ਚ ਨਿਪਟਾਉਣ ਦੀ ਕੋਸ਼ਿਸ਼
Ad Position 24