ਭਾਰਤ ਵਿਚ ਮੀਡੀਆ ਦਾ ਇਤਿਹਾਸ ਲੋਕਾਂ ਦੀ ਆਵਾਜ਼ ਉਠਾਉਣ ਵਾਲਾ ਰਿਹਾ ਹੈ, ਪਰੰਤੂ ਅਜੋਕੇ ਦੌਰ ਵਿਚ ਭਾਰਤੀ ਮੀਡੀਆ ਡੂੰਘੇ ਸੰਕਟ ਵਿਚੋਂ ਲੰਘ ਰਿਹਾ ਹੈ | ਹਰ ਇਕ ਦੀ ਖ਼ਬਰ ਲੈਣ ਵਾਲਾ ਮੀਡੀਆ ਅੱਜ ਖ਼ੁਦ ਸਵਾਲਾਂ ਦੇ ਘੇਰੇ ਵਿਚ ਘਿਰ ਗਿਆ ਹੈ | ਇਸ ਨੂੰ ਕੇਵਲ ਮੀਡੀਆ ਦੇ ਮਿਆਰ ਵਿਚ ਗਿਰਾਵਟ ਵਜੋਂ ਨਹੀਂ ਵੇਖਿਆ ਜਾ ਸਕਦਾ |

ਵਰਲਡ ਪ੍ਰੈੱਸ ਫਰੀਡਮ ਇੰਡੈਕਸ ਦੇ ਅੰਕੜੇ ਭਾਰਤੀ ਮੀਡੀਆ ਦੀ ਚਿੰਤਾਜਨਕ ਤਸਵੀਰ ਪੇਸ਼ ਕਰਦੇ ਹਨ | ਦੁਨੀਆ ਦੇ ਸੂਚਕ-ਅੰਕ ਵਿਚ ਇਸ ਦੀ ਸਥਿਤੀ ਲਗਾਤਾਰ ਹੇਠਾਂ ਖਿਸਕਦੀ ਜਾ ਰਹੀ ਹੈ | ਅਜੋਕੇ ਭਾਰਤੀ ਮੀਡੀਆ ਦਾ ਸਭ ਤੋਂ ਵੱਡਾ ਸੰਕਟ ਇਸ ਦੀ ਮਾਲਕੀ ਦਾ ਕੇਂਦਰੀਕਰਨ ਹੈ | ਭਾਰਤੀ ਮੀਡੀਆ ਦਾ ਵੱਡਾ ਹਿੱਸਾ ਵੱਡੇ ਕਾਰੋਬਾਰੀ ਘਰਾਣਿਆਂ ਦੇ ਹੱਥਾਂ ਵਿਚ ਚਲਾ ਗਿਆ ਹੈ, ਉਹ ਜਦੋਂ ਮਰਜ਼ੀ ਜਿਹੜੇ ਮਰਜ਼ੀ ਮੀਡੀਆ ਅਦਾਰੇ ਨੂੰ ਪੈਸੇ ਦੇ ਬਲ 'ਤੇ ਖਰੀਦ ਲੈਂਦੇ ਹਨ | ਨਤੀਜੇ ਵਜੋਂ ਖ਼ਬਰਾਂ ਦੀ ਚੋਣ ਉਨ੍ਹਾਂ ਦੇ ਵਪਾਰਕ ਅਤੇ ਸਿਆਸੀ ਹਿੱਤਾਂ ਅਨੁਸਾਰ ਹੋਣ ਲੱਗਦੀ ਹੈ | ਇਸ ਸਥਿਤੀ ਕਾਰਨ ਉਹ ਸਵਾਲ ਕਦੇ ਉਠਾਏ ਹੀ ਨਹੀਂ ਜਾਂਦੇ, ਜਿਹੜੇ ਮੀਡੀਆ ਨੇ ਉਠਾਉਣੇ ਹੁੰਦੇ ਹਨ | ਦਰਸ਼ਕਾਂ ਤੱਕ ਉਹੀ ਗੱਲ ਪਹੁੰਚਦੀ ਹੈ, ਜਿਹੜੀ ਉਹ ਪਹੁੰਚਾਉਣੀ ਚਾਹੁੰਦੇ ਹਨ |
ਜਦੋਂ ਕੋਈ ਮੀਡੀਆ ਅਦਾਰਾ ਆਲੋਚਨਾਤਮਕ ਪਹੁੰਚ ਲੈ ਕੇ ਚੱਲਦਾ ਹੈ ਤਾਂ ਉਸ ਦੇ ਇਸ਼ਤਿਹਾਰ ਸਰਕਾਰ ਵਲੋਂ ਬੰਦ ਕਰ ਦਿੱਤੇ ਜਾਂਦੇ ਹਨ | ਇਹ ਸਥਿਤੀ ਸਾਰੀਆਂ ਧਿਰਾਂ ਲਈ ਅਣਸੁਖਾਵੀਂ ਹੁੰਦੀ ਹੈ |
ਮੀਡੀਆ-ਕਰਮੀਆਂ ਦੀ ਸੁਰੱਖਿਆ ਅਤੇ ਕਾਨੂੰਨੀ ਅੜਚਣਾਂ ਦਾ ਡਰ ਮੀਡੀਆ ਦੀ ਕਾਰਗੁਜ਼ਾਰੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ | ਸਾਲਾਂ ਤੱਕ ਚੱਲਣ ਵਾਲੀ ਕਾਨੂੰਨੀ ਪ੍ਰਕਿਰਿਆ ਆਪਣੇ-ਆਪ ਵਿਚ ਇਕ ਸਜ਼ਾ ਤੇ ਸੰਕਟ ਬਣ ਜਾਂਦੀ ਹੈ | ਆਨਲਾਈਨ ਟ੍ਰੋਲਿੰਗ, ਧਮਕੀਆਂ ਅਤੇ ਮਹਿਲਾ ਪੱਤਰਕਾਰਾਂ 'ਤੇ ਲਗਾਏ ਜਾਂਦੇ ਮਨਘੜਤ ਇਲਜ਼ਾਮ ਇਕ ਭੈਅ ਅਤੇ ਤਣਾਅ ਦਾ ਮਾਹੌਲ ਸਿਰਜ ਦਿੰਦੇ ਹਨ, ਜਿਸ ਨਾਲ ਨਿਰਪੱਖ ਅਤੇ ਉਸਾਰੂ ਪੱਤਰਕਾਰੀ ਸਿੱਧੇ-ਅਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੀ ਹੈ |
ਮੌਜੂਦਾ ਮੀਡੀਆ ਦਾ ਇਕ ਵੱਡਾ ਹਿੱਸਾ ਬੇਰੁਜ਼ਗਾਰੀ, ਸਿੱਖਿਆ, ਸਿਹਤ, ਮਹਿੰਗਾਈ ਅਤੇ ਭਿ੍ਸ਼ਟਾਚਾਰ ਜਿਹੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾ ਕੇ ਫਿਰਕੂ ਅਤੇ ਜਜ਼ਬਾਤੀ ਮੁੱਦਿਆਂ ਨੂੰ ਉਛਾਲ ਰਿਹਾ ਹੈ | ਇਨ੍ਹਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਵਿਚ ਰੁੱਝਾ ਹੋਇਆ ਹੈ | ਵਧੇਰੇ ਟੈਲੀਵਿਜ਼ਨ ਸਟੂਡੀਓ ਉਸਾਰੂ ਵਿਚਾਰ-ਵਟਾਂਦਰੇ ਦੇ ਮੰਚ ਨਹੀਂ ਰਹੇ, ਸਗੋਂ ਨਫ਼ਰਤ ਫੈਲਾਉਣ ਅਤੇ ਸਮਾਜਿਕ ਧਰੁਵੀਕਰਨ ਕਰਨ ਦੇ ਅਖਾੜੇ ਬਣ ਗਏ ਹਨ | ਅਸਲੀ ਖ਼ਬਰਾਂ ਨੂੰ ਪ੍ਰਾਈਮ ਟਾਈਮ ਕਵਰੇਜ ਨਹੀਂ ਮਿਲਦੀ, ਪਰੰਤੂ ਗੈਰ ਜ਼ਰੂਰੀ ਅਤੇ ਸਨਸਨੀਖੇਜ਼ ਖ਼ਬਰਾਂ ਨੂੰ ਘੰਟਿਆਂ ਤੱਕ ਬੇਲੋੜਾ ਵਿਖਾਇਆ ਜਾਂਦਾ ਹੈ | ਭਾਰਤੀ ਮੀਡੀਆ ਦੀ ਇਹ ਸਥਿਤੀ ਕੇਵਲ ਮੀਡੀਆ ਲਈ ਹੀ ਨਹੀਂ, ਸਗੋਂ ਲੋਕਤੰਤਰ ਲਈ ਇਕ ਚਿਤਾਵਨੀ ਹੈ | ਜਦੋਂ ਤੱਕ ਮੀਡੀਆ ਕਾਰਪੋਰੇਟ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋ ਕੇ ਮੁੜ ਲੋਕਾਂ ਪ੍ਰਤੀ ਜਵਾਬਦੇਹ ਨਹੀਂ ਹੁੰਦਾ, ਤਦ ਤੱਕ ਇਹ ਮਸਲਾ ਹੱਲ ਹੋਣ ਵਾਲਾ ਨਹੀਂ |
ਬੁਨਿਆਦੀ ਬਣਤਰ ਅਤੇ ਨੈਤਿਕ ਸੁਧਾਰਾਂ ਦੀ ਤੁਰੰਤ ਲੋੜ ਹੈ | ਇਕ ਮਜ਼ਬੂਤ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਆਪਣਾ ਅਕਸ ਅਤੇ ਭਰੋਸੇਯੋਗਤਾ ਬਹਾਲ ਕਰਨ ਲਈ ਤੁਰੰਤ ਅਜਿਹੇ ਹੋਰ ਕਦਮ ਚੁੱਕਣ ਦੀ ਲੋੜ ਹੈ |
ਸੰਪਾਦਕਾਂ ਨੂੰ ਬਿਨਾਂ ਕਿਸੇ ਦਬਾਅ ਦੇ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ | ਸਰਕਾਰੀ ਇਸ਼ਤਿਹਾਰਾਂ ਅਤੇ ਵੱਡੇ ਕਾਰਪੋਰੇਟ ਘਰਾਣਿਆਂ 'ਤੇ ਵਿੱਤੀ ਨਿਰਭਰਤਾ ਘਟਾਉਣ ਲਈ ਸੁਤੰਤਰ ਵਿੱਤੀ-ਮਾਡਲਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ |
ਸਟੂਡੀਓ ਬਹਿਸਾਂ ਦੀ ਬਜਾਏ, ਫੀਲਡ ਰਿਪੋਰਟਿੰਗ ਵੱਲ ਪਰਤਣਾ ਪਵੇਗਾ | ਰੌਲੇ-ਰੱਪੇ ਵਾਲੀਆਂ, ਧਰਮ ਅਤੇ ਜਾਤ-ਪਾਤ 'ਤੇ ਆਧਾਰਿਤ ਧਰੁਵੀਕਰਨ ਕਰਨ ਵਾਲੀਆਂ ਬਹਿਸਾਂ ਬੰਦ ਕਰਕੇ ਖੋਜੀ ਰਿਪੋਰਟਿੰਗ ਵੱਲ ਆਉਣਾ ਹੋਵੇਗਾ | ਆਮ ਲੋਕਾਂ ਦੀਆਂ ਮੰਗਾਂ-ਉਮੰਗਾਂ, ਦੁੱਖ-ਦਰਦ ਅਤੇ ਜੀਵਨ-ਯਥਾਰਥ ਨੂੰ ਪੇਸ਼ ਕਰਨਾ ਪਵੇਗਾ | ਪ੍ਰੈੱਸ ਕੌਂਸਲ ਆਫ਼ ਇੰਡੀਆ ਅਤੇ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡਜ਼ ਅਥਾਰਟੀ ਜਿਹੀਆਂ ਸੰਸਥਾਵਾਂ ਨੂੰ ਵਧੇਰੇ ਅਧਿਕਾਰ ਦੇਣ ਦੀ ਲੋੜ ਹੈ | ਅਜੋਕੇ ਡਿਜੀਟਲ ਯੁੱਗ ਵਿਚ ਗੁੰਮਰਾਹਕੁੰਨ ਜਾਣਕਾਰੀ ਬੜੀ ਤੇਜ਼ੀ ਨਾਲ ਫੈਲਦੀ ਹੈ | ਕਿਸੇ ਵੀ ਖ਼ਬਰ ਨੂੰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਤੋਂ ਪਹਿਲਾਂ ਉਸ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਮੀਡੀਆ ਅਦਾਰਿਆਂ ਅੰਦਰ ਤੱਥ-ਜਾਂਚ ਵਿਭਾਗ ਹੋਣੇ ਚਾਹੀਦੇ ਹਨ | ਸੱਚਾਈ ਨੂੰ ਪੱਖਪਾਤ ਤੋਂ ਉੱਪਰ ਰੱਖਣਾ ਪਵੇਗਾ |
ਮੀਡੀਆ ਦੇ ਸੁਧਾਰ ਲਈ ਸਮਾਜ ਦਾ ਚੇਤੰਨ ਹੋਣਾ ਵੀ ਓਨਾ ਹੀ ਜ਼ਰੂਰੀ ਹੈ | ਜਦੋਂ ਲੋਕ ਨਫ਼ਰਤੀ, ਸਨਸਨੀਖੇਜ਼ ਅਤੇ ਗ਼ੈਰ-ਮਿਆਰੀ ਸਮੱਗਰੀ ਨੂੰ ਨਜ਼ਰ-ਅੰਦਾਜ਼ ਕਰਕੇ ਸਹੀ, ਸੰਤੁਲਿਤ, ਸੱਚੀ ਤੇ ਮਿਆਰੀ ਪੱਤਰਕਾਰੀ ਦੀ ਮੰਗ ਕਰਨਗੇ ਤਾਂ ਟੀ.ਆਰ.ਪੀ. ਦੀ ਅੰਨ੍ਹੀ ਦੌੜ ਵਿਚ ਲੱਗੇ ਚੈਨਲਾਂ ਨੂੰ ਆਪਣੀ ਦਿਸ਼ਾ ਅਤੇ ਦਸ਼ਾ ਸੁਧਾਰਨੀ ਪਵੇਗੀ |
ਭਾਰਤੀ ਮੀਡੀਆ ਨੂੰ ਆਪਣੀ ਗੁਆਚੀ ਸਾਖ਼ ਅਤੇ ਭਰੋਸਾ ਵਾਪਿਸ ਹਾਸਿਲ ਕਰਨ ਲਈ ਲੋਕਾਂ ਦੀ ਆਵਾਜ਼ ਬਣਨ ਦੇ ਆਪਣੇ ਬੁਨਿਆਦੀ ਸਿਧਾਂਤ ਵੱਲ ਪਰਤਣਾ ਪਵੇਗਾ |
-ਈ-ਮੇਲ :prof_kulbir@yahoo.com