30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਈਥਾਨੌਲ ਸੰਬੰਧੀ ਖ਼ਦਸ਼ੇ

ਈਥਾਨੌਲ ਸੰਬੰਧੀ ਖ਼ਦਸ਼ੇ

Ad Position 21
No active advertisement
ਅਜੀਤ ਡੈਸਕ 31-10-2026

ਦੇਸ਼ ਦੇ ਵਾਹਨਾਂ ਲਈ ਪੈਟਰੋਲ ਵਿਚ 20 ਫ਼ੀਸਦੀ ਈਥਾਨੌਲ ਮਿਲਾਏ ਜਾਣ ਸੰਬੰਧੀ ਅਕਸਰ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਕੇਂਦਰ ਸਰਕਾਰ ਵਲੋਂ ਇਸ ਸੰਬੰਧੀ ਸਪੱਸ਼ਟ ਲਏ ਗਏ ਫ਼ੈਸਲੇ ਨਾਲ ਇਹ ਵਿਵਾਦ ਘੱਟ ਜ਼ਰੂਰ ਹੋਇਆ ਹੈ | ਮੁੱਖ ਤੌਰ 'ਤੇ ਇਸ ਬਾਰੇ ਇਹ ਸ਼ੰਕਾ ਪ੍ਰਗਟ ਕੀਤੀ ਜਾਂਦੀ ਰਹੀ ਹੈ ਕਿ ਇਸ ਨਾਲ ਕਾਰਾਂ ਅਤੇ ਹੋਰ ਵਾਹਨਾਂ ਵਿਚ ਕਈ ਨੁਕਸ ਪੈ ਜਾਂਦੇ ਹਨ, ਪਰ ਇਸ ਪ੍ਰਚਾਰ ਨੂੰ  ਵੀ ਸਰਕਾਰ ਨੇ ਅਕਸਰ ਗ਼ਲਤ ਦੱਸਿਆ ਹੈ | ਇਸ ਸੰਬੰਧੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵਿਸਥਾਰਤ ਗੱਲਬਾਤ ਵਿਚ ਇਸ ਦੀ ਵਰਤੋਂ ਦੇ ਵੱਖ-ਵੱਖ ਪਹਿਲੂਆਂ ਵੱਲ ਵੀ ਧਿਆਨ ਦਵਾਇਆ ਹੈ | ਉਨ੍ਹਾਂ ਨੇ ਇਸ ਗੱਲ ਨੂੰ  ਝੁਠਲਾਇਆ ਹੈ ਕਿ ਈਥਾਨੌਲ ਨਾਲ ਗੱਡੀਆਂ ਦਾ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ 22 ਸਾਲ ਤੋਂ ਪੈਟਰੋਲ ਵਿਚ ਈਥਾਨੌਲ ਮਿਲਾਇਆ ਜਾ ਰਿਹਾ ਹੈ, ਹੁਣ ਤੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਸਾਹਮਣੇ ਨਹੀਂ ਆਈ | ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਤੇਲ ਲਾਗੂ ਕਰਨ ਤੋਂ ਪਹਿਲਾਂ ਘੱਟੋ-ਘੱਟ 4-4 ਸਾਲ ਤੱਕ ਇਸ ਬਾਰੇ ਖੋਜ ਕੀਤੀ ਜਾਂਦੀ ਹੈ | ਭਾਰਤ ਵਿਚ ਤਾਂ ਇਸ ਦੀ ਵਰਤੋਂ ਥੋੜ੍ਹੀ ਮਾਤਰਾ ਵਿਚ ਕੀਤੀ ਜਾਂਦੀ ਹੈ, ਪਰ ਅਮਰੀਕਾ, ਬ੍ਰਾਜ਼ੀਲ, ਕੈਨੇਡਾ, ਜਰਮਨੀ ਅਤੇ ਹੋਰ ਕਈ ਦੇਸ਼ ਵੱਖ-ਵੱਖ ਅਨੁਪਾਤ ਨਾਲ ਈਥਾਨੌਲ ਨਾਲ ਮਿਸ਼ਰਿਤ ਤੇਲ ਦੀ ਵਰਤੋਂ ਕਰ ਰਹੇ ਹਨ |
ਇਸ ਸੰਬੰਧੀ ਸਰਬ ਉੱਚ ਅਦਾਲਤ ਨੇ ਸਰਕਾਰ ਤੋਂ ਇਹ ਜਵਾਬ ਮੰਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਮੋਟਰ ਵਹੀਕਲ ਰੂਲਜ਼ 1889 ਵਿਚ ਜੋ ਸੋਧ ਕੀਤੀ ਗਈ ਹੈ, ਉਸ ਅਨੁਸਾਰ 100 ਫ਼ੀਸਦੀ ਈਥਾਨੌਲ ਵਾਲੇ ਵਾਹਨਾਂ ਦੀ ਜੋ ਇਜਾਜ਼ਤ ਦਿੱਤੀ ਜਾ ਰਹੀ ਹੈ, ਉਸ ਸੰਬੰਧੀ ਸਾਰੇ ਦੇਸ਼ ਵਿਚ ਇਸ ਦੀ ਵੰਡ ਨੂੰ  ਕਿਵੇਂ ਯਕੀਨੀ ਬਣਾਇਆ ਜਾਏਗਾ | ਇਸ ਸੰਬੰਧੀ ਪੈਟਰੋਲੀਅਮ ਮੰਤਰਾਲੇ ਨੇ ਇਹ ਕਿਹਾ ਹੈ ਕਿ ਫਿਲਹਾਲ ਪੈਟਰੋਲ ਵਿਚ ਈਥਾਨੌਲ ਦਾ ਮਿਸ਼ਰਣ 20 ਫ਼ੀਸਦੀ ਤੋਂ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ | ਇਸ ਤੋਂ ਇਹ ਭਾਵ ਹੀ ਲਿਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿਚ ਇਸ ਦੀ ਵਰਤੋਂ ਨੂੰ  ਅਮਲੀ ਰੂਪ ਦਿੱਤਾ ਜਾ ਸਕਦਾ ਹੈ | ਜਿੱਥੋਂ ਤੱਕ ਊਰਜਾ ਦੀ ਪ੍ਰਾਪਤੀ ਦਾ ਸੰਬੰਧ ਹੈ, ਉਸ ਸੰਬੰਧੀ ਹਰ ਸਾਲ ਕੇਂਦਰ ਸਰਕਾਰ ਪੈਟਰੋਲ ਦੀ ਦਰਾਮਦ 'ਤੇ ਅਰਬਾਂ ਡਾਲਰ ਖ਼ਰਚ ਕਰਦੀ ਹੈ | ਇਸ ਖੇਤਰ ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ ਸਥਿਰ ਨਹੀਂ ਰਹਿੰਦੀਆਂ | ਖ਼ਾਸ ਤੌਰ 'ਤੇ ਲੜਾਈ, ਕੁਦਰਤੀ ਆਫ਼ਤ ਜਾਂ ਹੋਰ ਐਮਰਜੈਂਸੀ ਦੇ ਆਉਣ 'ਤੇ ਕੱਚੇ ਤੇਲ ਦੀ ਦਰਾਮਦ 'ਤੇ ਵੱਡਾ ਅਸਰ ਪੈ ਜਾਂਦਾ ਹੈ, ਜਿਸ ਨਾਲ ਊਰਜਾ ਖੇਤਰ ਮੁਸ਼ਕਿਲ ਵਿਚ ਫਸ ਜਾਂਦਾ ਹੈ | ਈਥਾਨੌਲ ਦੇ ਨਾਲ-ਨਾਲ ਬਿਜਲਈ ਵਾਹਨਾਂ ਅਤੇ ਹੋਰ ਬਦਲਵੇਂ ਊਰਜਾ ਸੋਮਿਆਂ ਦੀ ਵਰਤੋਂ ਨੂੰ  ਹਰ ਸੂਰਤ ਵਿਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ | ਈਥਾਨੌਲ ਦੀ ਵਰਤੋਂ ਤੋਂ ਵੀ ਕਿਤੇ ਵਧੇਰੇ ਹੁਣ ਬਿਜਲਈ ਵਾਹਨਾਂ ਦੀ ਵਰਤੋਂ ਨੂੰ  ਵੀ ਤਰਜੀਹ ਦਿੱਤੀ ਜਾਣ ਲੱਗੀ ਹੈ | ਇਸ ਦੇ ਨਾਲ ਹੀ ਸੂਰਜ ਤੋਂ ਊਰਜਾ ਪ੍ਰਾਪਤ ਕਰਨ ਲਈ ਵੱਡੀ ਪੱਧਰ 'ਤੇ ਜੋ ਸੋਲਰ ਪ੍ਰਬੰਧ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਵਰਤੋਂ ਨੂੰ  ਵੀ ਵੱਧ ਤੋਂ ਵੱਧ ਉਤਸ਼ਾਹਿਤ ਕੀਤੇ ਜਾਣ ਦੀ ਜ਼ਰੂਰਤ ਹੈ | ਇਹ ਨਵੇਂ ਊਰਜਾ ਪ੍ਰਬੰਧ ਪੈਦਾ ਹੁੰਦੀਆਂ ਗ੍ਰੀਨ ਗੈਸਾਂ ਨੂੰ  ਵੀ ਘੱਟ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਪ੍ਰਦੂਸ਼ਣ ਨੂੰ  ਵੀ ਵੱਡੀ ਹੱਦ ਤੱਕ ਰੋਕਦੇ ਹਨ |

ਅੱਜ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਛੋਟੇ-ਵੱਡੇ ਸ਼ਹਿਰਾਂ ਵਿਚ 40 ਫ਼ੀਸਦੀ ਦੇ ਲਗਭਗ ਪ੍ਰਦੂਸ਼ਣ ਵਾਹਨਾਂ ਦੀ ਵਰਤੋਂ ਨਾਲ ਪੈਦਾ ਹੁੰਦਾ ਹੈ | ਈਥਾਨੌਲ ਦੀ ਵਰਤੋਂ ਵਧਾਉਣ ਨਾਲ ਖੇਤੀ ਖੇਤਰ ਨੂੰ  ਵੀ ਵੱਡਾ ਉਤਸ਼ਾਹ ਮਿਲਣ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ, ਕਿਉਂਕਿ ਇਹ ਗੰਨੇ, ਮੱਕੀ, ਚੌਲ ਅਤੇ ਹੋਰ ਖੇਤੀ ਉਤਪਾਦਾਂ ਤੋਂ ਤਿਆਰ ਕੀਤਾ ਜਾਂਦਾ ਹੈ | ਜੇਕਰ ਅਜਿਹਾ ਚਲਨ ਵਧਦਾ ਹੈ ਤਾਂ ਇਸ ਨਾਲ ਦੇਸ਼ ਦੀ ਆਰਥਿਕਤਾ ਵਿਦੇਸ਼ਾਂ ਤੋਂ ਮੰਗਾਏ ਜਾਣ ਵਾਲੇ ਤੇਲ ਦੀ ਦਰਾਮਦ ਘਟਣ ਨਾਲ ਮਜ਼ਬੂਤ ਹੋਵੇਗੀ | ਚਾਹੇ ਇਨ੍ਹਾਂ ਨਵੇਂ ਊਰਜਾ ਸਰੋਤਾਂ ਦੇ ਉਤਪਾਦਨ ਦੀ ਤੋਰ ਕਾਫ਼ੀ ਢਿੱਲੀ ਹੈ ਪਰ ਭਵਿੱਖ ਲਈ ਇਹ ਦੇਸ਼ ਦੇ ਵਿਕਾਸ ਦੀ ਸ਼ਾਹਦੀ ਜ਼ਰੂਰ ਬਣ ਸਕਦੇ ਹਨ |
ਬਿਨਾਂ ਸ਼ੱਕ ਇਨ੍ਹਾਂ ਊਰਜਾ ਦੇ ਸਰੋਤਾਂ ਦੇ ਉਤਪਾਦਨ ਨੂੰ  ਵੱਧ ਤੋਂ ਵੱਧ ਵਧਾਉਣ ਅਤੇ ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ 'ਤੇ ਜ਼ੋਰ ਦੇਣਾ ਜ਼ਰੂਰੀ ਹੈ | ਇਸ ਦੇ ਨਾਲ ਹੀ ਇਸ ਸਮੁੱਚੇ ਚਲਨ ਨੂੰ  ਪਾਰਦਰਸ਼ੀ ਬਣਾਇਆ ਜਾਣਾ ਵੀ ਜ਼ਰੂਰੀ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ | ¸ਜੋਸਫ ਕਾਫਮੈਨ ਅਗਲੀ ਖ਼ਬਰ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ-42 ਸਾਲ ਬਾਅਦ ਵੀ ਸਾਜਿਸ਼ ਬੇਨਕਾਬ ਨਾ ਹੋਈ
Ad Position 24