ਪਿਛਲੇ ਸਾਲ 7 ਨਵੰਬਰ ਨੂੰ ਥੀਏਟਰ ਵਿਚ ਰਿਲੀਜ਼ ਹੋਈ ਇਮਰਾਨ ਹਾਸ਼ਮੀ ਅਤੇ ਯਾਮੀ ਗੌਤਮ ਦੀ ਫ਼ਿਲਮ 'ਹੱਕ' (2025) ਨੂੰ ਦਰਸ਼ਕਾਂ ਅਤੇ ਆਲੋਚਕਾਂ ਦਾ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਸੀ। ਫ਼ਿਲਮ ਵਿਚ ਯਾਮੀ ਗੌਤਮ 'ਸ਼ਾਹ ਬਾਨੋ' ਅਤੇ ਇਮਰਾਨ ਹਾਸ਼ਮੀ ਉਨ੍ਹਾਂ ਦੇ ਪਤੀ 'ਮੁਹੰਮਦ ਅਹਿਮਦ ਖਾਨ' ਦੀ ਭੂਮਿਕਾ ਵਿਚ ਦਿਖਾਈ ਦਿੱਤੇ ਜਦੋਂ ਕਿ ਅਦਾਕਾਰਾ ਵਰਤਿਕਾ ਸਿੰਘ ਭਾਵਨਾਤਮਿਕ ਰੂਪ ਵਿਚ ਮਜ਼ਬੂਤ 'ਮੁਹੰਮਦ ਅਹਿਮਦ ਖਾਨ' ਦੀ ਦੂਜੀ ਬੀਵੀ ਦੇ ਕਿਰਦਾਰ ਵਿਚ ਸੀ। ਇਸ ਕਿਰਦਾਰ ਵਿਚ ਵਰਤਿਕਾ ਸਿੰਘ ਦੇ ਕੰਮ ਨੂੰ ਹਰ ਕਿਸੇ ਨੇ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ ਉਹ ਅਚਾਨਕ ਸੁਰਖੀਆਂ ਵਿਚ ਆ ਗਈ।
ਫ਼ਿਲਮ ਵਿਚ ਵਰਤਿਕਾ ਸਿੰਘ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਸੋਸ਼ਲ ਮੀਡੀਆ ਵਰਤੋਂਕਾਰ ਤਾਂ ਉਸ ਦੀ ਤਾਰੀਫ਼ ਕਰਦੇ ਥੱਕ ਹੀ ਨਹੀਂ ਰਹੇ ਸਨ। ਸੰਪੂਰਨ ਵਰਮਾ ਦੇ ਨਿਰਦੇਸ਼ਨ ਵਿਚ ਬਣੀ ਇਸ ਫ਼ਿਲਮ ਜ਼ਰੀਏ ਵਰਤਿਕਾ ਨੇ ਬਾਲੀਵੁੱਡ ਵਿਚ ਪ੍ਰਵੇਸ਼ ਕੀਤਾ ਸੀ।
ਫ਼ਿਲਮ 'ਹੱਕ' ਤੱਕ ਪਹੁੰਚਣ ਦਾ ਵਰਤਿਕਾ ਸਿੰਘ ਦਾ ਸਫ਼ਰ ਸੌਖਾ ਨਹੀਂ ਰਿਹਾ। ਇਹ ਫ਼ਿਲਮ ਉਸ ਨੂੰ ਕਈ ਆਡੀਸ਼ਨ ਵਿਚ ਮਿਲੇ ਚੰਗੇ ਹੁੰਗਾਰੇ ਤੋਂ ਬਾਅਦ ਮਿਲੀ ਸੀ। ਅਨੇਕ ਆਡੀਸ਼ਨ ਚੰਗੇ ਹੋਣ ਦੇ ਬਾਵਜੂਦ ਜਦੋਂ ਭੂਮਿਕਾ ਕਿਸੇ ਹੋਰ ਨੂੰ ਹੀ ਮਿਲ ਜਾਂਦੀ ਤਾਂ ਉਦੋਂ ਵਰਤਿਕਾ ਨੇ ਘਰ ਵਾਪਸ ਆਉਣ ਤੱਕ ਦਾ ਸੋਚ ਲਿਆ ਸੀ ਪਰ ਫਿਰ ਮਾਡਲਿੰਗ ਵਿਚ ਚੰਗੇ ਮੌਕੇ ਮਿਲਣ ਲੱਗੇ ਅਤੇ ਉਹ ਮੁੰਬਈ ਵਿਚ ਟਿਕੀ ਰਹੀ। ਸਾਲ 2015 ਵਿਚ 'ਫੇਮਿਨਾ ਮਿਸ ਇੰਡੀਆ ਗ੍ਰੈਂਡ ਇੰਟਰਨੈਸ਼ਨਲ' ਦਾ ਖ਼ਿਤਾਬ ਹਾਸਿਲ ਕਰ ਚੁੱਕੀ ਵਰਤਿਕਾ ਸਿੰਘ ਨੂੰ 'ਜੀਕਿਊ ਮੈਗਜ਼ੀਨ' ਨੇ ਸਾਲ 2016 ਵਿਚ ਭਾਰਤ ਦੀਆਂ ਸਭ ਤੋਂ ਆਕਰਸ਼ਕ ਔਰਤਾਂ ਦੀ ਸੂਚੀ ਵਿਚ ਥਾਂ ਦਿੱਤੀ ਸੀ। ਕੁਣਾਲ ਖੇਮੂ ਦੇ ਨਾਲ 'ਸਵਾਰੇ...' ਅਤੇ ਐਸ਼ ਕਿੰਗ ਅਤੇ ਕਰਨ ਦੇ ਸੰਗੀਤਕ ਵੀਡੀਓ 'ਕਿਸ਼ਮਿਸ਼...' ਕਰ ਚੁੱਕੀ ਵਰਤਿਕਾ ਸਿੰਘ ਦਾ ਅੱਜ ਫੈਸ਼ਨ ਸਨਅਤ ਅਤੇ ਸੋਸ਼ਲ ਮੀਡੀਆ 'ਚ ਕਾਫ਼ੀ ਨਾਂਅ ਹੈ। ਖ਼ਾਸ ਕਰ ਇੰਸਟਾਗ੍ਰਾਮ 'ਤੇ ਉਹ ਆਪਣੇ ਗਲੈਮਰਸ ਅੰਦਾਜ਼ ਨਾਲ ਬਹੁਤ ਸੁਰਖੀਆਂ ਵਿਚ ਰਹਿੰਦੀ ਹੈ।
ਓ.ਟੀ.ਟੀ. ਲਈ 'ਦ ਫੈਮਿਲੀ ਮੈਨ' ਅਤੇ 'ਰਾਣਾ ਨਾਇਡੂ' ਵਰਗੀਆਂ ਵੈੱਬ ਸੀਰੀਜ਼ ਵਿਚ ਆਪਣੇ ਸੰਜੀਦਾ ਅਭਿਨੈ ਦਾ ਪ੍ਰਦਰਸ਼ਨ ਕਰ ਚੁੱਕੀ ਵਰਤਿਕਾ ਸਿੰਘ ਐਕਟਿੰਗ ਤੋਂ ਇਲਾਵਾ ਸਮਾਜਿਕ ਕੰਮਾਂ ਵਿਚ ਵੀ ਸਰਗਰਮ ਹੈ। ਸਾਲ 2018 ਵਿਚ ਵਰਤਿਕਾ ਨੇ 'ਪਿਓਰ ਹਿਊਮਨਸ' ਨਾਂਅ ਦੀ ਇਕ ਬਿਨਾਂ ਮੁਨਾਫ਼ੇ ਤੋਂ ਸੰਸਥਾ ਸ਼ੁਰੂ ਕੀਤੀ। ਇਸ ਦੇ ਨਾਲ ਹੀ ਉਸ ਨੇ ਉੱਤਰ ਪ੍ਰਦੇਸ਼ ਦੇ ਨਾਲ ਮਿਲ ਕੇ ਟੀ.ਬੀ. ਵਰਗੀ ਬਿਮਾਰੀ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦਾ ਕੰਮ ਵੀ ਕੀਤਾ ਹੈ।
ਸੰਜੀਦਾ ਅਭਿਨੇਤਰੀ ਹੈ ਵਰਤਿਕਾ ਸਿੰਘ
ਅਜੀਤ ਡੈਸਕ
15-04-2026