ਪ੍ਰੇਮ ਨਜ਼ੀਰ ਭਾਰਤ ਦਾ ਇਕ ਅਜਿਹਾ ਮਹਾਨ ਫ਼ਿਲਮ ਸਟਾਰ ਹੈ ਜਿਸ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੈ। ਉਸ ਨੇ ਇਹ ਕਾਰਨਾਮਾ ਇਕੋ ਹੀ ਹੀਰੋਇਨ (ਸ਼ੀਲਾ) ਨਾਲ 130 ਫ਼ਿਲਮਾਂ ਕਰਕੇ ਸਰਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਉਸ ਦੇ ਨਾਂਅ 720 ਫ਼ਿਲਮਾਂ ਵਿਚ ਕੰਮ ਕਰਨ, ਭਾਰਤ ਵਿਚ ਸਭ ਤੋਂ ਵੱਧ ਹੀਰੋਇਨਾਂ (85) ਨਾਲ ਕੰਮ ਕਰਨ ਅਤੇ ਇਕ ਹੀ ਸਾਲ (1979) ਵਿਚ ਸਭ ਤੋਂ ਵੱਧ 39 ਫ਼ਿਲਮਾਂ ਵਿਚ ਹੀਰੋ ਦਾ ਰੋਲ ਨਿਭਾਉਣ ਦਾ ਵੀ ਰਿਕਾਰਡ ਹੈ। ਨਜ਼ੀਰ ਦਾ ਜਨਮ 16 ਦਸੰਬਰ, 1929 ਨੂੰ ਤਰਾਵਣਕੋਰ ਰਿਆਸਤ ਦੇ ਚਿਰੇਇਨਕੀਜ਼ੂ ਕਸਬੇ ਵਿਖੇ ਹੋਇਆ ਸੀ ਤੇ ਉਸ ਦਾ ਅਸਲੀ ਨਾਂਅ ਅਬਦੁਲ ਖਾਦਿਰ ਸੀ। ਉਸ ਦੇ ਪਿਤਾ ਦਾ ਨਾਂਅ ਅਕੋਡੇ ਸ਼ਾਹੁਲ ਹਮੀਦ ਅਤੇ ਮਾਤਾ ਦਾ ਨਾਮ ਅਸੂਮਾ ਬੀਬੀ ਸੀ ਤੇ ਉਸ ਦੇ ਦੋ ਹੋਰ ਭਰਾ ਅਤੇ ਛੇ ਭੈਣਾਂ ਸਨ। ਉਸ ਦਾ ਪਿਤਾ ਉੱਚ ਮੱਧਵਰਗੀ ਵਪਾਰੀ ਸੀ ਜਿਸ ਨੇ ਆਪਣੇ ਸਾਰੇ ਬੱਚਿਆਂ ਨੂੰ ਉੱਚ ਸਿੱਖਿਆ ਹਾਸਿਲ ਕਰਵਾਈ। ਨਜ਼ੀਰ ਦਾ ਸ਼ੁਰੂ ਤੋਂ ਹੀ ਐਕਟਿੰਗ ਵੱਲ ਰੁਝਾਨ ਸੀ ਤੇ ਗ੍ਰੈਜੂਏਸ਼ਨ ਕਰਨ ਤੱਕ ਉਹ ਪਰਪੱਕ ਡਰਾਮਾ ਆਰਟਿਸਟ ਬਣ ਚੁੱਕਾ ਸੀ।
ਉਸ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਐਸ.ਬੀ. ਕਾਲਜ ਚੰਗਨਚੇਰੀ ਵਿਖੇ ਪੜ੍ਹਦੇ ਸਮੇਂ 1951 ਵਿਚ ਕੀਤੀ ਸੀ। ਉਸ ਨੇ ਪਹਿਲੀ ਵਾਰ ਸ਼ੈਕਸਪੀਅਰ ਦੇ ਵਿਸ਼ਵ ਪ੍ਰਸਿੱਧ ਡਰਾਮੇ, ਦੀ ਮਰਚੈਂਟ ਆਫ ਵੀਨਸ ਵਿਚ ਲਾਲਚੀ ਵਪਾਰੀ ਸ਼ਾਈਲਾਕ ਦੀ ਭੂਮਿਕਾ ਨਿਭਾਈ ਸੀ ਤੇ ਬੈਸਟ ਐਕਟਰ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਸੈਂਕੜੇ ਡਰਾਮਿਆਂ ਵਿਚ ਮੁੱਖ ਭੂਮਿਕਾ ਨਿਭਾਈ। ਬਤੌਰ ਫ਼ਿਲਮੀ ਹੀਰੋ ਉਸ ਦੀ ਸਭ ਤੋਂ ਪਹਿਲੀ ਫ਼ਿਲਮ, ਮਲਿਆਲਮ ਫ਼ਿਲਮ ਮਾਰੂਮੱਕਲ ਸੀ ਜੋ 1952 ਵਿਚ ਰਿਲੀਜ਼ ਹੋਈ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਧਮਾਕਾ ਕਰ ਦਿੱਤਾ ਤੇ ਪ੍ਰੇਮ ਨਜ਼ੀਰ ਨੂੰ ਮਲਿਆਲਮ ਫ਼ਿਲਮਾਂ ਦਾ ਪਹਿਲਾ ਸੁਪਰ ਸਟਾਰ ਬਣਾ ਦਿੱਤਾ। ਉਸ ਦੀ ਦੂਸਰੀ ਫ਼ਿਲਮ ਵਿਸਾਪਿੰਤੇ ਵਿੱਲੀ ਸੀ ਜਿਸ ਦੇ ਸੈੱਟ ਉੱਪਰ ਡਾਇਰੈਕਟਰ ਮੋਹਨ ਰਾਉ ਨੇ ਉਸ ਦਾ ਨਾਮਕਰਨ ਪ੍ਰੇਮ ਨਜ਼ੀਰ ਕਰ ਦਿੱਤਾ ਤੇ ਇਹ ਨਾਂਅ ਕੁਝ ਹੀ ਸਾਲਾਂ ਵਿਚ ਜੰਗਲ ਦੀ ਅੱਗ ਵਾਂਗ ਸਾਰੇ ਦੱਖਣ ਵਿਚ ਛਾ ਗਿਆ। ਵਰਨਣਯੋਗ ਹੈ ਕਿ ਜਦੋਂ ਉਸ ਨੇ ਫ਼ਿਲਮਾਂ ਵਿਚ ਕੰਮ ਸ਼ੁਰੂ ਕੀਤਾ ਤਾਂ ਉਸ ਵੇਲੇ ਦੱਖਣ ਵਿਚ ਸਟੇਜ ਡਰਾਮੇ ਮੰਨੋਰੰਜਨ ਦਾ ਮੁੱਖ ਸਾਧਨ ਹੁੰਦੇ ਸਨ ਤੇ ਸਿਨੇਮਾ ਅਜੇ ਆਪਣੇ ਸ਼ੁਰੂਆਤੀ ਦੌਰ ਵਿਚ ਹੀ ਸੀ। ਪਰ ਪ੍ਰੇਮ ਨਜ਼ੀਰ ਨੇ ਆਪਣੇ ਸਟੇਜ ਦੇ ਅਸੀਮ ਤਜ਼ਰਬੇ ਕਾਰਨ ਫ਼ਿਲਮਾਂ ਨੂੰ ਇਕ ਨਵੇਂ ਆਯਾਮ ਤੱਕ ਪਹੁੰਚਾ ਦਿੱਤਾ। ਖੂਬਸੂਰਤ ਚਾਕਲੇਟੀ ਮਾਸੂਮ ਚਿਹਰੇ ਕਾਰਨ ਉਸ ਦੀ ਪਹਿਚਾਣ ਇਕ ਭਾਵੁਕ ਰੋਮਾਂਟਿਕ ਹੀਰੋ ਦੀ ਬਣ ਗਈ। ਲੜਕੀਆਂ ਉਸ ਦੀਆਂ ਏਨੀਆਂ ਦੀਵਾਨੀਆਂ ਸਨ ਕਿ ਜਦੋਂ ਕਿਸੇ ਫ਼ਿਲਮ ਵਿਚ ਉਸ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪੈਂਦੀਆਂ ਸਨ।
ਇਸ ਤੋਂ ਇਲਾਵਾ ਉਸ ਨੇ ਅਨੇਕਾਂ ਧਾਰਮਿਕ ਅਤੇ ਪੌਰਾਣਿਕ ਫ਼ਿਲਮਾਂ ਵਿਚ ਵੀ ਕੰਮ ਕੀਤਾ। ਰਾਮ ਅਤੇ ਕ੍ਰਿਸ਼ਣ ਸਮੇਤ ਉਸ ਨੇ ਅਨੇਕਾਂ ਦੇਵੀ-ਦੇਵਤਿਆਂ ਦੀਆਂ ਭੂਮਿਕਾਵਾਂ ਸਫਲਤਾ ਨਾਲ ਨਿਭਾਈਆਂ। 1960 ਵਿਚ ਸ਼ੁਰੂ ਹੋਇਆ ਉਸ ਦਾ ਸੁਪਰ ਸਟਾਰ ਦਾ ਦਰਜਾ 1980 ਤੱਕ ਲਗਾਤਾਰ ਚਲਦਾ ਰਿਹਾ। ਇਸ ਸਮੇਂ ਦੌਰਾਨ ਉਸ ਨੇ ਸੈਂਕੜੇ ਸੁਪਰ ਹਿੱਟ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਫ਼ਿਲਮਾਂ ਦਿੱਤੀਆਂ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਵਿਚ ਪ੍ਰਸਿੱਧ ਗਾਇਕ ਯੇਸੂਦਾਸ ਨੇ ਆਪਣੀ ਅਵਾਜ਼ ਦਿੱਤੀ ਸੀ ਤੇ ਦੋਵਾਂ ਦੀ ਜੋੜੀ ਅੰਤ ਤੱਕ ਬਣੀ ਰਹੀ। 1980 ਤੋਂ ਬਾਅਦ ਪ੍ਰੇਮ ਨਜ਼ੀਰ ਨੇ ਖੁਦ ਹੀ ਹੀਰੋ ਦੇ ਰੋਲ ਕਰਨੇ ਬੰਦ ਕਰ ਦਿੱਤੇ ਅਤੇ ਚਰਿੱਤਰ ਰੋਲ ਕਰਨੇ ਸ਼ੁਰੂ ਕਰ ਦਿੱਤੇ ਤੇ ਇਨ੍ਹਾਂ ਰੋਲਾਂ ਵਿਚ ਵੀ ਉਹ ਹੀਰੋ 'ਤੇ ਭਾਰੀ ਪੈਂਦਾ ਸੀ। ਉਸ ਨੇ ਆਪਣਾ ਹੀਰੋ ਦਾ ਆਖਰੀ ਰੋਲ 1985 ਵਿਚ ਫ਼ਿਲਮ ਵੈਲਾਰਿਕਾ ਪਟਨਮ ਵਿਚ ਨਿਭਾਇਆ ਸੀ ਤੇ ਚਰਿੱਤਰ ਕਲਾਕਾਰ ਵਜੋਂ ਉਸ ਦੀ ਆਖਰੀ ਫ਼ਿਲਮ ਕਦਾਥੰਦਨ ਅਬਦੀ ਸੀ ਜੋ 1990 ਵਿਚ ਰਿਲੀਜ਼ ਹੋਈ ਸੀ। ਇਸ ਦਾ ਨਿਰਦੇਸ਼ਨ ਦੱਖਣ ਅਤੇ ਹਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਪ੍ਰਿਯਦਰਸ਼ਨ ਨੇ ਕੀਤਾ ਸੀ ਅਤੇ ਹੀਰੋ ਦੱਖਣ ਦਾ ਸੁਪਰ ਸਟਾਰ ਮੋਹਨ ਲਾਲ ਸੀ। ਸਿਨੇਮਾ ਪ੍ਰਤੀ ਉਸ ਦੀਆਂ ਸੇਵਾਵਾਂ ਲਈ ਉਸ ਨੂੰ ਕੇਰਲ ਸਟੇਟ ਫ਼ਿਲਮ ਐਵਾਰਡ, ਫ਼ਿਲਮ ਫੇਅਰ ਐਵਾਰਡ ਅਤੇ ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਸਮੇਤ ਅਣਗਿਣਤ ਇਨਾਮ ਸਨਮਾਨ ਪ੍ਰਾਪਤ ਹੋਏ। 16 ਜਨਵਰੀ, 1989 ਨੂੰ ਇਕ ਸੰਖੇਪ ਬਿਮਾਰੀ ਕਾਰਨ ਸਿਰਫ 59 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ ਨਹੀਂ ਤਾਂ ਪਤਾ ਨਹੀਂ ਅਜੇ ਉਹ ਕਿੰਨੇ ਕੁ ਹੋਰ ਰਿਕਾਰਡ ਕਾਇਮ ਕਰਦਾ।
-ਏ.ਆਈ.ਜੀ. (ਰਿਟਾ), ਪੰਡੋਰੀ ਸਿੱਧਵਾਂ।