92 ਸਾਲਾ ਪ੍ਰਸਿੱਧ ਗਾਇਕਾ 'ਆਸ਼ਾ ਭੋਸਲੇ' ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਈ। ਉਸ ਦੀ ਆਵਾਜ਼ ਤੇ ਅੰਦਾਜ਼ ਸਮੂਹ ਗਾਇਕਾਵਾਂ 'ਚੋਂ ਵਿਲੱਖਣ ਸੀ। ਸੁਰੀਲੀ ਆਵਾਜ਼ ਤੇ ਸਾਫ਼ ਸੁਥਰੀ ਗਾਇਕੀ ਕਾਰਨ ਆਸ਼ਾ ਜੀ ਨੇ ਅੱਜ ਤੱਕ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਆਸ਼ਾ ਨੇ ਪਿੱਠਵਰਤੀ ਗਾਇਕਾ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਰੇਡੀਓ ਤੋਂ ਆਪਣੀ ਗਾਇਕੀ ਦਾ ਆਗਾਜ਼ ਕੀਤਾ ਸੀ। ਜਦ ਆਸ਼ਾ ਜੀ ਰੇਡੀਓ 'ਤੇ ਆਡੀਸ਼ਨ ਦੇਣ ਲਈ ਘਰ ਤੋਂ ਤੁਰਨ ਲੱਗੇ ਸਨ ਤਾਂ ਉਨ੍ਹਾਂ ਦੇ ਪਤੀ ਗਨਪਤ ਰਾਓ ਭੋਸਲੇ ਨੇ ਕਿਹਾ ਸੀ ਕਿ ਆਡੀਸ਼ਨ 'ਚ ਪਾਸ ਹੋ ਗਈ ਤਾਂ ਘਰ ਆਉਣਾ ਨਹੀਂ ਤਾਂ ਨਾ ਆਉਣਾ। 'ਆਸ਼ਾ' ਜੀ ਘਬਰਾਏ ਹੋਏ ਰੇਡੀਓ ਸਟੇਸ਼ਨ ਪਹੁੰਚੇ ਤੇ ਆਪਣੇ ਪਿਤਾ 'ਦੀਨਾ ਨਾਥ ਮੰਗੇਕਸ਼ਰ' ਦੇ ਕਲਾਸੀਕਲ ਗਾਣੇ ਗਾਏ ਤੇ ਉਸ ਸਮੇਂ ਦੇ ਸਟੇਸ਼ਨ ਡਾਇਰੈਕਟਰ 'ਦਿਨਕਰ' ਨੂੰ ਜਦ ਪਤਾ ਚੱਲਿਆ ਕਿ ਦੀਨਾ ਨਾਥ ਮੰਗੇਸ਼ਕਰ ਦੀ ਬੇਟੀ 'ਆਸ਼ਾ' ਆਡੀਸ਼ਨ ਦੇਣ ਆਈ ਹੈ ਤਾਂ ਉਨ੍ਹਾਂ ਨੇ 'ਆਸ਼ਾ' ਨੂੰ ਕੁਝ ਜ਼ਿਆਦਾ ਨਹੀਂ ਸੁਣਿਆ ਤੇ ਸਵੇਰੇ, ਦੁਪਹਿਰੇ ਤੇ ਸ਼ਾਮ ਦੇ ਸ਼ੋਅ ਕਰਨ ਲਈ ਹਰੀ ਝੰਡੀ ਦੇ ਦਿੱਤੀ। ਇਸ ਤਰ੍ਹਾਂ 'ਆਸ਼ਾ' ਦਾ ਰੇਡੀਓ ਸਫ਼ਰ ਸ਼ੁਰੂ ਹੋਇਆ ਤੇ 'ਆਸ਼ਾ' ਸਵੇਰੇ 7 ਵਜੇ, ਦੁਪਹਿਰੇ 2 ਵਜੇ ਤੇ ਸ਼ਾਮ ਨੂੰ 4 ਵਜੇ ਆਪਣਾ ਗਾਇਨ ਪ੍ਰੋਗਰਾਮ ਕਰਨ ਲੱਗ ਪਏ, ਪਰ ਇਨ੍ਹਾਂ ਸ਼ੋਆਂ ਦੌਰਾਨ ਜਦ ਲਾਲ ਬੱਤੀ ਜਗਦੀ ਤਾਂ ਆਸ਼ਾ ਨੂੰ ਇਸ਼ਾਰਾ ਹੁੰਦਾ ਕਿ ਲਾਈਵ ਗਾਇਨ ਸ਼ੁਰੂ ਕਰ ਦੇਵੋ ਤਾਂ ਆਸ਼ਾ ਘਬਰਾਹਟ ਨਾਲ ਪਸੀਨੋ-ਪਸੀਨੀ ਹੋ ਜਾਂਦੀ। ਲੇਕਿਨ ਈਸ਼ਵਰ ਦੀ ਮਰਜ਼ੀ ਤੇ ਪਿਤਾ ਜੀ ਦੇ ਅਸ਼ੀਰਵਾਦ ਸਦਕਾ ਇਹੀ ਗਾਇਕਾ ਸੰਸਾਰ ਦੀ ਉੱਚ ਕੋਟੀ ਦੀ ਗਾਇਕਾ ਬਣ ਗਈ। 'ਆਸ਼ਾ' ਦੇ ਗਾਏ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਸੰਗੀਤਕਾਰ 'ਓ.ਪੀ. ਨਈਅਰ' ਦੇ ਸੰਗੀਤ 'ਚ ਮੁਹੰਮਦ ਰਫ਼ੀ ਨਾਲ ਗਾਇਆ ਫ਼ਿਲਮ 'ਕਸ਼ਮੀਰ ਕੀ ਕਲੀ' ਦਾ ਗੀਤ 'ਇਸ਼ਾਰੋਂ ਇਸ਼ਾਰੋਂ ਮੇਂ ਦਿਲ ਲੇਨੇ ਵਾਲੇ' ਦੀ ਯਾਦ ਆਉਂਦੀ ਏ। ਇਸ ਗੀਤ ਨੂੰ ਧਿਆਨ ਨਾਲ ਸੁਣੀਏ ਤਾਂ 'ਆਸ਼ਾ' ਕੋਲ ਇਸ ਗੀਤ 'ਚ ਹਰਕਤ ਲੈਣ ਦਾ ਕਾਫ਼ੀ ਮੌਕਾ ਸੀ ਜਿਸ ਨੂੰ 'ਆਸ਼ਾ' ਨੇ ਖ਼ੂਬ ਨਿਭਾਇਆ। ਇਸ ਗੀਤ ਨੂੰ 'ਰਫ਼ੀ' ਸਾਹਿਬ ਸਿੱਧਾ ਸਿੱਧਾ ਗਾ ਰਹੇ ਸੀ ਪਰ ਆਸ਼ਾ ਨੇ ਕਿਹਾ ਕਿ ਰਫ਼ੀ ਸਾਹਿਬ ਤੁਸੀਂ ਇਸ ਗੀਤ 'ਚ ਹਰਕਤ ਲਓ ਤੇ ਸੁਰ ਨੂੰ ਥੋੜ੍ਹਾ ਉਪਰ ਲੈ ਜਾਓ ਤਾਂ ਗਾਣਾ ਯਾਦਗਾਰੀ ਬਣ ਜਾਵੇਗਾ। ਤਦ ਰਫ਼ੀ ਸਾਹਿਬ ਗੁੱਸੇ ਵੀ ਹੋ ਜਾਂਦੇ ਸਨ ਤੇ ਆਸ਼ਾ ਨੂੰ ਕਹਿੰਦੇ ਸਨ ਕਿ ਉਹ ਗੀਤ 'ਚ ਇੰਨੀ ਹਰਕਤ ਕਿਉਂ ਲੈ ਰਹੇ ਹਨ ਤੇ ਆਸ਼ਾ ਦਾ ਇਕੋ ਹੀ ਜਵਾਬ ਹੁੰਦਾ ਕਿ ਈਸ਼ਵਰ ਨੇ ਗਲੇ 'ਚ ਹਰਕਤ ਪਾਈ ਏ ਤਾਂ ਹੀ ਹਰਕਤ ਗਲੇ 'ਚੋਂ ਨਿਕਲ ਰਹੀ ਏ। ਆਸ਼ਾ ਇਹ ਮੰਨਦੀ ਸੀ ਕਿ ਇਕ ਗਾਇਕ ਨੂੰ ਪਤਾ ਹੋਣਾ ਚਾਹੀਦਾ ਏ ਕਿ ਗਾਣਾ ਗਾਉਂਦੇ ਸਮੇਂ ਹਰਕਤ ਕਿੱਥੇ ਤੇ ਕਿਵੇਂ ਲੈਣੀ ਹੈ। ਆਸ਼ਾ ਦਾ ਰਫ਼ੀ ਸਾਹਿਬ ਨਾਲ ਇਕ ਹੋਰ ਗੀਤ ਫ਼ਿਲਮ 'ਕਾਲਾ ਪਾਨੀ' 'ਚੋਂ ਯਾਦ ਆਉਂਦਾ ਏ। ਗੀਤ ਦੇ ਬੋਲ ਨੇ 'ਅੱਛਾ ਜੀ ਮੈਂ ਹਾਰੀ ਚਲੋ ਮਾਨ ਜਾਓ ਨਾ....' ਇਸ ਗੀਤ ਦੀ ਰਿਹਰਸਲ ਜਦ ਹੋ ਰਹੀ ਸੀ ਤਾਂ ਆਸ਼ਾ ਨੇ ਗਾਣੇ ਦੇ ਸ਼ਬਦਾਂ ਨੂੰ ਸਮਝਿਆ ਤੇ ਫਿਰ ਹਰਕਤ ਲੈਣੀ ਸ਼ੁਰੂ ਕੀਤੀ ਤਾਂ ਰਫ਼ੀ ਸਾਹਿਬ ਚਿੜ ਗਏ। ਰਫ਼ੀ ਸਾਹਿਬ ਸਿੱਧਾ ਸਿੱਧਾ ਗਾ ਰਹੇ ਸਨ ਕਿ 'ਦੇਖੀ ਸਬ ਕੀ ਯਾਰੀ ਮੇਰਾ ਦਿਲ ਜਲਾਓ ਨਾ...' ਆਸ਼ਾ ਜੀ ਨੇ ਰਫ਼ੀ ਸਾਹਿਬ ਨੂੰ ਟੋਕਿਆ ਕਿ ਤੁਸੀਂ ਵੀ ਹਰਕਤ ਲਓ। ਇਸ ਗੱਲ ਤੋਂ ਰਫੀ ਸਾਹਿਬ ਗੁੱਸੇ ਹੋ ਗਏ ਤੇ ਦੋ ਦਿਨ ਤੱਕ ਆਸ਼ਾ ਨਾਲ ਗੱਲ ਵੀ ਨਹੀਂ ਕੀਤੀ। ਇਸ ਗੀਤ ਨੂੰ ਧਿਆਨ ਨਾਲ ਸੁਣੀਏ ਤਾਂ ਪਤਾ ਲਗਦਾ ਏ ਕਿ ਰਫ਼ੀ ਸਾਹਿਬ 'ਮੇਰਾ ਦਿਲ ਜਲਾਓ ਨਾ...' ਬੜੇ ਚਿੜਚੜੇਪਨ 'ਚ ਗਾ ਰਹੇ ਹਨ। ਦਰਅਸਲ ਇਨ੍ਹਾਂ ਸ਼ਬਦਾਂ 'ਚ ਉਹ ਆਸ਼ਾ ਨਾਲ ਗੁੱਸੇ ਨੂੰ ਬਿਆਨ ਕਰ ਰਹੇ ਸਨ। ਜਦ 1942 'ਚ ਆਸ਼ਾ ਦੇ ਪਿਤਾ ਦੀਨਾਨਾਥ ਜੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਤਾਂ ਆਸ਼ਾ ਦੇ ਪਰਿਵਾਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਸੀ, ਤਾਂ ਆਸ਼ਾ ਇਸ ਸਥਿਤੀ 'ਚੋਂ ਬਾਹਰ ਨਿਕਲਣ ਲਈ ਮਿਹਨਤ ਕਰਦੇ ਰਹੇ, ਜਿਸ ਕਾਰਨ ਮਿਹਨਤ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਤੇ ਇਸ ਮਿਹਨਤ ਦਾ ਸਿੱਟਾ ਹੀ ਹੈ ਕਿ ਆਸ਼ਾ ਜੀ ਅੰਤ ਤੱਕ ਆਪਣੇ ਕੰਮ 'ਚ ਲੱਗੇ ਰਹੇ ਤੇ ਸਵੇਰੇ ਰਿਆਜ਼ ਵੀ ਕਰਦੇ ਰਹੇ।
(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)