ਬਾਲੀਵੁੱਡ ਅਦਾਕਰਾ ਲਲਿਤਾ ਪਵਾਰ ਦੀ ਅਦਾਕਾਰੀ ਦਾ ਇਹ ਸਿਖਰ ਹੀ ਕਿਹਾ ਜਾ ਸਕਦਾ ਹੈ ਕਿ ਭਰ ਜਵਾਨੀ ਵਿਚ ਜਦ ਉਸ ਨੇ ਸਟੰਟ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਤਾਂ ਉਸ ਦੀ ਅਦਾਕਾਰੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਤੇ ਅਧਖੜ ਉਮਰੇ ਜਦੋਂ ਉਸ ਨੇ ਚਰਿੱਤਰ ਭੂਮਿਕਾਵਾਂ ਜਾਂ ਖ਼ਲਨਾਇਕਾ ਦੇ ਕਿਰਦਾਰ ਅਦਾ ਕਰਨੇ ਸ਼ੁਰੂ ਕੀਤੇ ਤਾਂ ਸਮੂਹ ਦਰਸ਼ਕ ਅਤੇ ਫ਼ਿਲਮ ਆਲੋਚਕ ਉਸ ਦੀ ਅਦਾਕਾਰੀ ਮੂਹਰੇ ਨਤਮਸਤਕ ਹੋ ਗਏ ਸਨ। ਉਸ ਦੇ ਦੁਆਰਾ 'ਜ਼ਾਲਮ ਸੱਸ' ਦਾ ਕਿਰਦਾਰ ਇਸ ਕਦਰ ਸ਼ਿੱਦਤ ਨਾਲ ਨਿਭਾਇਆ ਗਿਆ ਕਿ ਲੋਕ ਉਸ ਨੂੰ ਸਚਮੁੱਚ ਹੀ ਜ਼ਾਲਮ ਅਤੇ ਲੜਾਕੀ ਸਮਝਣ ਲੱਗ ਪਏ। ਭਾਰਤੀ ਟੀ.ਵੀ. ਜਗਤ ਦੇ ਸਭ ਤੋਂ ਵੱਧ ਵੇਖੇ ਗਏ ਧਾਰਮਿਕ ਲੜੀਵਾਰ 'ਰਾਮਾਇਣ' ਵਿਚ ਲਲਿਤਾ ਵਲੋਂ ਨਿਭਾਈ ਗਈ 'ਮੰਥਰਾ' ਦੀ ਭੂਮਿਕਾ ਦਰਸ਼ਕਾਂ ਦੇ ਚੇਤਿਆਂ ਵਿਚ ਸਦਾ ਹੀ ਵਸੀ ਰਹੇਗੀ।
ਲਲਿਤਾ ਦੇ ਜਨਮ ਦਾ ਕਿੱਸਾ ਵੀ ਉਸ ਦੇ ਜੀਵਨ ਅਤੇ ਉਸ ਦੀਆਂ ਅਦਾ ਕੀਤੀਆਂ ਭੂਮਿਕਾਵਾਂ ਦੀ ਤਰ੍ਹਾਂ ਦਿਲਚਸਪ ਅਤੇ ਦਿਲਖਿੱਚਵਾਂ ਸੀ। ਲਲਿਤਾ ਦਾ ਅਸਲ ਨਾਂਅ ਅੰਬਾ ਲਕਸ਼ਮਣ ਰਾਓ ਸਗੁਣ ਸੀ। ਉਸ ਦੀ ਮਾਂ ਅਨੁਸੂਇਆ ਜਦੋਂ ਨੌਵੇਂ ਮਹੀਨੇ ਦੀ ਗਰਭਵਤੀ ਸੀ ਤਾਂ ਉਹ ਆਪਣੇ ਪਤੀ ਲਕਸ਼ਮਣ ਰਾਓ ਨਾਲ ਮਹਾਂਰਾਸ਼ਟਰ ਦੇ ਨਾਸਿਕ ਦੇ ਨਜ਼ਦੀਕ ਸਥਿਤ 'ਅੰਬਾ ਮੰਦਰ' ਵਿਖੇ ਮੱਥਾ ਟੇਕਣ ਗਈ ਸੀ ਕਿ ਮੱਥਾ ਟੇਕਣ ਉਪਰੰਤ ਮੰਦਰ 'ਚੋਂ ਬਾਹਰ ਆਉਂਦੇ ਸਮੇਂ ਉਸ ਨੂੰ ਜੰਮਣ ਪੀੜਾਂ ਆਰੰਭ ਹੋ ਗਈਆਂ ਤੇ ਮੰਦਰ ਦੇ ਬਾਹਰ ਹੀ ਉਸ ਨੇ ਇਕ ਬੇਟੀ ਨੂੰ ਜਨਮ ਦੇ ਦਿੱਤਾ ਜਿਸ ਦਾ ਨਾਂਅ ਉਸੇ ਵਕਤ 'ਅੰਬਾ' ਰੱਖ ਦਿੱਤਾ ਗਿਆ ਜੋ ਫ਼ਿਲਮਾਂ ਵਿਚ ਆਉਣ ਤੋਂ ਬਾਅਦ ਲਲਿਤਾ ਹੋ ਗਿਆ ਤੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਿਆ।
18 ਅਪ੍ਰੈਲ, 1916 ਨੂੰ ਜਨਮ ਲੈਣ ਵਾਲੀ ਲਲਿਤਾ ਨੇ ਕੇਵਲ 12 ਵਰ੍ਹਿਆਂ ਦੀ ਉਮਰ ਵਿਚ ਨਿਰਦੇਸ਼ਕ ਵੀ. ਸ਼ਾਂਤਾ ਰਾਮ ਦੀ ਫ਼ਿਲਮ 'ਪਤਿਤ ਉਦਾਰ' ਅਤੇ 'ਰਾਜਾ ਹਰੀਸ਼ ਚੰਦਰ' ਰਾਹੀਂ ਬਾਲੀਵੁੱਡ ਵਿਚ ਪੈਰ ਧਰਿਆ ਸੀ। ਇਸ ਉਪਰੰਤ ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿਚ ਕਈ ਫ਼ਿਲਮਾਂ ਵਿਚ ਬਤੌਰ ਨਾਇਕਾ ਕੰਮ ਕਰਕੇ ਉਸ ਨੇ ਦਰਸ਼ਕਾਂ ਤੋਂ ਖ਼ੂਬ ਪ੍ਰਸੰਸਾ ਤੇ ਪਿਆਰ ਹਾਸਿਲ ਕੀਤਾ। ਅਨੇਕਾਂ ਮੂਕ ਭਾਵ ਆਵਾਜ਼ ਰਹਿਤਪਰ ਸੁਪਰਹਿੱਟ ਫ਼ਿਲਮਾਂ ਦੇਣ ਉਪਰੰਤ ਜਦੋਂ ਆਵਾਜ਼ ਯੁਕਤ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਉਸ ਦੀ ਪਹਿਲੀ ਫ਼ਿਲਮ 'ਹਿੰਮਤੇ-ਮਰਦਾਂ' ਸੀ ਜੋ ਕਿ ਬਾਕਸ ਆਫ਼ਿਸ 'ਤੇ ਪੂਰੀ ਤਰ੍ਹਾਂ ਸਫ਼ਲ ਰਹੀ ਸੀ।
ਲਲਿਤਾ ਪਵਾਰ ਨੇ ਸੰਨ 1932 ਵਿਚ 'ਕੈਲਾਸ਼' ਅਤੇ ਸੰਨ 1938 ਵਿਚ 'ਦੁਨੀਆ ਕਿਆ ਹੈ' ਨਾਮਕ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਸੀ। ਸੰਨ 1942 ਲਲਿਤਾ ਦੀ ਜ਼ਿੰਦਗੀ ਦਾ ਸਭ ਤੋਂ ਦਰਦਨਾਕ ਸਾਲ ਰਿਹਾ ਸੀ। ਇਹ ਉਹ ਵਰ੍ਹਾ ਸੀ ਜਦੋਂ ਫ਼ਿਲਮ 'ਜੰਗੇ ਆਜ਼ਾਦੀ' ਦੀ ਸ਼ੂਟਿੰਗ ਸਮੇਂ ਨਵੇਂ ਅਦਾਕਾਰ ਭਗਵਾਨ ਦਾਦਾ ਨੇ ਲਲਿਤਾ ਦੇ ਮੂੰਹ 'ਤੇ ਏਨਾ ਜ਼ੋਰਦਾਰ ਥੱਪੜ ਮਾਰ ਦਿੱਤਾ ਸੀ ਕਿ ਉਸ ਦੇ ਮੂੰਹ ਨੂੰ ਲਕਵਾ ਮਾਰ ਗਿਆ ਤੇ ਉਸ ਵਿਚਾਰੀ ਨੂੰ ਦੋ ਸਾਲ ਤੱਕ ਹਸਪਤਾਲ ਵਿਚ ਦਾਖ਼ਲ ਰਹਿਣਾ ਪਿਆ। ਇਸ ਦੌਰਾਨ ਉਸ ਦਾ ਮੂੰਹ ਥੋੜ੍ਹਾ ਜਿਹਾ ਟੇਢਾ ਹੋ ਗਿਆ ਤੇ ਇਕ ਰਤਾ ਅੱਖ ਛੋਟੀ ਹੋ ਗਈ। ਲਲਿਤਾ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਤੇ ਪੂਰੀ ਸ਼ਿੱਦਤ ਨਾਲ ਅਦਾਕਾਰੀ ਦੇ ਮੈਦਾਨ ਵਿਚ ਕੁੱਦ ਪਈ ਤੇ ਚਰਿੱਤਰ ਅਤੇ ਖ਼ਲਨਾਇਕੀ ਭੂਮਿਕਾਵਾਂ ਰਾਹੀਂ ਨਵੇਂ ਕੀਰਤੀਮਾਨ ਸਥਾਪਿਤ ਕਰਦੀ ਗਈ ਤੇ ਲੋਕਾਂ ਦੇ ਦਿਲਾਂ ਦੀਆਂ ਗਹਿਰਾਈਆਂ ਵਿਚ ਉੱਤਰਦੀ ਗਈ।
ਲਲਿਤਾ ਦੀ ਜ਼ਬਰਦਸਤ ਅਦਾਕਾਰੀ ਨਾਲ ਸਜੀਆਂ ਹਿੱਟ ਫ਼ਿਲਮਾਂ ਦੀ ਜੇ ਗੱਲ ਕੀਤੀ ਜਾਵੇ ਤਾਂ 'ਦਹੇਜ', 'ਦਾਗ਼', 'ਪਰਛਾਈਆਂ', 'ਸ੍ਰੀ 420', 'ਸੁਜਾਤਾ', 'ਮਿਸਟਰ ਐਂਡ ਮਿਸਿਜ਼ 55', 'ਨੌ ਦੋ ਗਿਆਰ੍ਹਾਂ', 'ਅਨਾੜੀ', 'ਪ੍ਰੋਫ਼ੈਸਰ', 'ਗ੍ਰਹਿਸਥੀ', 'ਬਨਾਰਸੀ ਠੱਗ', 'ਸੇਹਰਾ', 'ਖ਼ਾਨਦਾਨ', 'ਸ਼ਰਾਬੀ', 'ਨੂਰਜਹਾਂ', 'ਅਨੰਦ', 'ਗੋਪੀ', 'ਬੰਬੇ ਟੂ ਗੋਆ', 'ਨਇਆ ਦਿਨ ਨਈ ਰਾਤ', 'ਆਈਨਾ', 'ਯਾਰਾਨਾ', 'ਸੌ ਦਿਨ ਸਾਸ ਕੇ', 'ਨਸੀਬ', 'ਘਰ ਸੰਸਾਰ', 'ਵਤਨ ਕੇ ਰਖਵਾਲੇ', 'ਜ਼ਲਜ਼ਲਾ' ਅਤੇ 'ਉੱਤਰ-ਦੱਖਣ' ਆਦਿ ਫ਼ਿਲਮਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਬਣਦਾ ਹੈ। ਉਸ ਨੇ ਸੱਤ ਸੌ ਤੋਂ ਵੱਧ ਫ਼ਿਲਮਾਂ ਵਿਚ ਅਦਾਕਾਰੀ ਦੇ ਜੌਹਰ ਵਿਖਾਏ ਸਨ ਤੇ ਕਈ ਇਨਾਮ ਤੇ ਸਨਮਾਨ ਹਾਸਿਲ ਕੀਤੇ ਸਨ। 'ਅਨਾੜੀ' ਫ਼ਿਲਮ ਲਈ ਉਸ ਨੂੰ ਫ਼ਿਲਮ ਫੇਅਰ ਐਵਾਰਡ, 'ਜਿਸ ਦੇਸ਼ ਮੇਂ ਗੰਗਾ ਬਹਤੀ ਹੈ' ਲਈ ਸਟੇਟ ਐਵਾਰਡ, 'ਸਜਨੀ' ਲਈ ਫ਼ਿਲਮ ਕ੍ਰਿਟਿਕ ਐਵਾਰਡ ਨਾਲ ਉਸ ਨੂੰ ਸਨਮਾਨਿਤ ਕੀਤਾ ਗਿਆ ਸੀ। ਫ਼ਿਲਮ ਜਗਤ ਦੇ ਦਿੱਗਜ ਅਦਾਕਾਰਾਂ ਤੇ ਫ਼ਿਲਮਕਾਰਾਂ ਦਾ ਮੰਨਣਾ ਹੈ ਕਿ ਉਹ 'ਦਾਦਾ ਸਾਹਿਬ ਫ਼ਾਲਕੇ ਪੁਰਸਕਾਰ' ਦੀ ਹੱਕਦਾਰ ਸੀ ਪਰ ਉਸ ਨੂੰ ਇਹ ਪੁਰਸਕਾਰ ਪ੍ਰਦਾਨ ਨਹੀਂ ਕੀਤਾ ਗਿਆ ਸੀ। 24 ਫ਼ਰਵਰੀ,1998 ਨੂੰ ਇਸ ਮਹਾਨ ਅਦਾਕਾਰਾ ਦਾ ਦਿਹਾਂਤ ਹੋ ਗਿਆ ਸੀ।
-410, ਚੰਦਰਨਗਰ, ਬਟਾਲਾ।