18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਆਸ਼ਾ ਭੋਸਲੇ : ਫ਼ਿਲਮਾਂ 'ਚ ਆਉਣ ਤੋਂ, ਤੁਰ ਜਾਣ ਤੱਕ ਦਾ ਸਫ਼ਰ

Ad Position 21
No active advertisement
ਅਜੀਤ ਡੈਸਕ 22-04-2026

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਆਸ਼ਾ ਨੇ ਫ਼ਿਲਮ 'ਤੀਸਰੀ ਕਸਮ' 'ਚ 'ਪਾਨ ਖਾਏ ਸਈਆਂ ਹਮਾਰ....।' ਗਾਇਆ ਸੀ ਜਿਸ ਦੀ ਧੁਨ ਪਹਿਲਾਂ ਆਸ਼ਾ ਦੇ ਪਤੀ ਸੰਗੀਤਕਾਰ 'ਰਾਹੁਲ ਦੇਵ ਬਰਮਨ' ਨੇ ਬਣਾਈ ਸੀ ਤੇ ਆਸ਼ਾ ਨੂੰ ਇਸ ਗਾਣੇ ਦੀ ਰਿਹਰਸਲ ਵੀ ਕਰਵਾ ਦਿੱਤੀ ਸੀ, ਪਰ ਬਾਅਦ 'ਚ ਇਹ ਫ਼ਿਲਮ ਸੰਗੀਤਕਾਰ ਸ਼ੰਕਰ ਜੈ ਕਿਸ਼ਨ ਕੋਲ ਚਲੀ ਗਈ ਤੇ ਉਨ੍ਹਾਂ ਨੇ ਵੀ ਇਸ ਗੀਤ ਲਈ ਆਸ਼ਾ ਨੂੰ ਹੀ ਚੁਣਿਆ ਤੇ ਆਸ਼ਾ ਦੀ ਗਾਇਕੀ ਦਾ ਕਮਾਲ ਹੀ ਹੈ ਕਿ ਇਹ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੀ ਜ਼ੁਬਾਨ 'ਤੇ ਹੈ। ਪਹਿਲਾਂ ਆਸ਼ਾ ਆਪਣੀ ਵੱਡੀ ਭੈਣ ਲਤਾ ਮੰਗੇਸ਼ਕਰ ਦੇ ਨਾਲ ਇਕ ਹੀ ਘਰ 'ਚ ਰਹਿ ਰਹੇ ਸਨ, ਪਰ ਉਨ੍ਹਾਂ ਦਾ ਬੇਟਾ ਅਲੱਗ ਘਰ 'ਚ ਰਹਿ ਰਿਹਾ ਸੀ ਆਪਣੀ ਬੇਟੀ ਵਰਸ਼ਾ ਦੀ ਮੌਤ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਉਸ ਦੇ ਘਰ 'ਚ ਰਹਿਣ ਲੱਗ ਗਏ। ਆਸ਼ਾ ਨੂੰ ਆਪਣੀ ਭੈਣ ਲਤਾ ਦੇ ਨਾਲ ਜਦ ਵੀ ਕਿਸੇ ਗਾਣੇ ਨੂੰ ਗਾਉਣ ਦਾ ਮੌਕਾ ਮਿਲਿਆ ਤਾਂ ਆਸ਼ਾ ਦੀ ਆਵਾਜ਼ ਨੂੰ ਕੋਈ ਖ਼ਾਸ ਤਵੱਜੋਂ ਨਹੀਂ ਦਿੱਤੀ ਗਈ। ਆਸ਼ਾ ਦੀ ਆਵਾਜ਼ ਵੈਂਪ ਰੋਲ ਕਰ ਰਹੀ ਲੜਕੀ ਦੇ ਲਈ ਇਸਤੇਮਾਲ ਕੀਤੀ ਗਈ ਜਦ ਕਿ ਲਤਾ ਜੀ ਦੀ ਆਵਾਜ਼ ਦਾ ਇਸਤੇਮਾਲ ਹੀਰੋਇਨ ਲਈ ਕੀਤਾ ਗਿਆ, ਪਰ ਫਿਰ ਵੀ ਆਸ਼ਾ ਨੂੰ ਲਤਾ ਦੇ ਨਾਲ 'ਮਨ ਕਿਉਂ ਬਹਿਕਾ ਰੇ ਬਹਿਕਾ..', 'ਛਾਪ ਤਿਲਕ ਮੋ ਸੇ ਛੀਨਾ ਰੇ ਤੂਨੇ ਨੈਨਾ ਮਿਲਾਏ ਕੇ..', 'ਸਖੀ ਰੇ ਸੁਨ ਪਪੀਹਾ ਬੋਲੇ..,' 'ਯੇ ਬਰਖਾ ਬਹਾਰ..' ਆਦਿ ਗਾਣਿਆਂ 'ਚ ਬਰਾਬਰ ਮੌਕਾ ਮਿਲਿਆ। ਜਦ 'ਆਸ਼ਾ' ਦੀਆਂ ਅਨਮੋਲ ਗ਼ਜ਼ਲਾਂ ਨਾਲ ਸਜੀ ਫ਼ਿਲਮ 'ਉਮਰਾਓ ਜਾਨ' ਰਿਲੀਜ਼ ਹੋਈ ਸੀ ਤਾਂ ਫ਼ਿਲਮ ਵਿਚਲੀਆਂ ਆਸ਼ਾ ਦੀਆਂ ਗ਼ਜ਼ਲਾਂ ਨੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਸਨ ਤੇ ਉਨ੍ਹਾਂ ਨੇ ਇਹੀ ਕਿਹਾ ਸੀ ਕਿ ਆਸ਼ਾ ਭੋਸਲੇ ਦੀ ਗਾਇਕੀ ਲਤਾ ਮੰਗੇਸ਼ਕਰ ਦੀ ਗਾਇਕੀ ਤੋਂ ਕਿਸੇ ਵੀ ਰੂਪ 'ਚ ਘੱਟ ਨਹੀਂ ਹੈ। ਇਹ ਬਹੁਤ ਘੱਟ ਲੋਕ ਜਾਣਦੇ ਨੇ ਕਿ 'ਉਮਰਾਓ ਜਾਨ' ਲਈ ਪਹਿਲਾਂ ਸੰਗੀਤਕਾਰ 'ਜਯ ਦੇਵ' ਨੂੰ ਸੰਗੀਤਕਾਰ ਦੇ ਰੂਪ 'ਚ ਚੁਣਿਆ ਗਿਆ ਸੀ ਪਰ ਜਲਦੀ ਹੀ ਇਹ ਫ਼ਿਲਮ ਸੰਗੀਤਕਾਰ ਖ਼ੱਯਾਮ ਦੀ ਝੋਲੀ 'ਚ ਜਾ ਪਈ ਤੇ ਸੰਗੀਤਕਾਰ ਖ਼ੱਯਾਮ ਨੇ 'ਆਸ਼ਾ ਭੋਸਲੇ ਦੀ ਆਵਾਜ਼ ਨੂੰ ਸਰੋਤਿਆਂ ਸਾਹਮਣੇ ਇਕ ਵੱਖਰੇ ਢੰਗ ਨਾਲ ਪੇਸ਼ ਕੀਤਾ। 'ਇਨ ਆਖੋਂ ਕੀ ਮਸਤੀ ਕੇ...' 'ਯੇ ਕਿਆ ਜਗ੍ਹਾ ਹੈ ਦੋਸਤੋ...,', 'ਬਸ ਏਕ ਬਾਰ ਮੇਰਾ ਕਹਾ ਮਾਨ ਲੀਜੀਏ...', 'ਜੁਸਤਜੂ ਜਿਸ ਕੀ ਥੀ...' ਵਰਗੀਆਂ ਗ਼ਜ਼ਲਾਂ ਨੂੰ ਭਲਾ ਕੌਣ ਭੁਲਾ ਸਕਦਾ ਹੈ। ਸੰਗੀਤ ਪ੍ਰੇਮੀਆਂ ਨੂੰ ਦੱਸਦੇ ਜਾਈਏ ਕਿ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਆਸ਼ਾ ਭੋਸਲੇ 'ਉਮਰਾਓ ਜਾਨ' ਦੇ ਲਈ ਸਿਰਫ਼ ਇਕ ਗਾਣਾ ਗਾਉਣਗੇ ਤੇ ਬਾਕੀ ਸਾਰੇ ਗੀਤ ਲਤਾ ਜੀ ਦੀ ਆਵਾਜ਼ 'ਚ ਰਿਕਾਰਡ ਹੋਣਗੇ ਪਰ ਸਮੇਂ ਨੇ ਕਰਵਟ ਬਦਲੀ ਤੇ ਸਾਰੇ ਗੀਤ ਆਸ਼ਾ ਦੀ ਆਵਾਜ਼ 'ਚ ਰਿਕਾਰਡ ਕਰ ਲਏ ਗਏ। ਆਸ਼ਾ ਦੀ ਆਵਾਜ਼ 'ਚ ਗ਼ਜ਼ਲਾਂ ਫ਼ਿਲਮ ਦੇ ਡਾਇਰੈਕਟਰ 'ਜ਼ਫ਼ਰ ਅਲੀ' ਦੇ ਕਹਿਣ ਤੇ ਰਿਕਾਰਡ ਕੀਤੀਆਂ ਗਈਆਂ। 'ਅਲੀ' ਸਾਹਿਬ ਨੇ 'ਆਸ਼ਾ' ਨੂੰ 'ਉਮਰਾਓ ਜਾਨ' 'ਤੇ ਲਿਖੀ ਇਕ ਕਿਤਾਬ ਭੇਟ ਕੀਤੀ ਸੀ ਜਿਸ ਨੂੰ ਪੜ੍ਹ ਕੇ 'ਆਸ਼ਾ' ਜੀ ਨੇ ਆਪਣੀ ਆਵਾਜ਼ 'ਚ ਕਮਾਲ ਦੀ ਤਬਦੀਲੀ ਲਿਆਂਦੀ ਤੇ ਅੱਜ ਵੀ ਸੰਗੀਤ ਪ੍ਰੇਮੀ 'ਉਮਰਾਓ ਜਾਨ' ਦੀਆਂ ਗ਼ਜ਼ਲਾਂ ਬੜੇ ਚਾਅ ਨਾਲ ਸੁਣਦੇ ਨੇ। ਸ਼ਾਇਰ ਸ਼ਹਿਰਯਾਰ ਦੀਆਂ ਲਿਖੀਆਂ ਗ਼ਜ਼ਲਾਂ 'ਚ ਕਮਾਲ ਦੀ ਕਸ਼ਿਸ਼ ਸੀ। ਇਸ ਫ਼ਿਲਮ ਦੀ ਇਕ ਗ਼ਜ਼ਲ 'ਯੇ ਕਿਆ ਜਗ੍ਹਾ ਹੈ ਦੋਸਤੋ' ਰਿਕਾਰਡ ਕਰਨ ਦੀ ਵਾਰੀ ਆਈ ਤਾਂ ਆਸ਼ਾ ਜੀ ਨੇ ਸੰਗੀਤਕਾਰ ਖ਼ੱਯਾਮ ਨੂੰ ਕਿਹਾ ਕਿ ਇਸ ਗ਼ਜ਼ਲ 'ਚ ਸੁਰ ਜ਼ਰਾ ਉਚਾ ਰੱਖੋ ਪਰ ਖ਼ੱਯਾਮ ਨੇ ਸੁਰ 'ਚ ਅਦਲਾ ਬਦਲੀ ਕਰਨ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ। ਇਸ ਲਈ ਆਸ਼ਾ ਨੇ ਇਹ ਗ਼ਜ਼ਲ ਬਹੁਤ ਹੀ ਗੁੱਸੇ 'ਚ ਗਾਈ ਸੀ। ਇਕ ਸਮਾਂ ਸੀ ਜਦ ਸੰਗੀਤਕਾਰ ਮਦਨ ਮੋਹਨ, ਗੀਤਕਾਰ ਸਾਹਿਰ ਲੁਧਿਆਣਵੀ, ਗੀਤਕਾਰ ਰਾਜੇਂਦਰ ਕ੍ਰਿਸ਼ਨ ਤੇ ਮਜਰੂਹ ਸੁਲਤਾਨਪੁਰੀ ਆਦਿ ਦੀ ਤੂਤੀ ਬੋਲਦੀ ਸੀ, ਜਦ ਜਦ ਵੀ ਆਸ਼ਾ ਜੀ ਨੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨਾਲ ਕੰਮ ਕੀਤਾ ਤਾਂ ਉਹ ਆਸ਼ਾ ਜੀ ਨੂੰ ਬੇਟੀ ਕਹਿ ਕੇ ਬੁਲਾਉਂਦੇ ਸਨ ਜਿਸ ਕਾਰਨ ਆਸ਼ਾ ਦੇ ਮਨ 'ਚ ਉਨ੍ਹਾਂ ਲਈ ਆਦਰ ਸਨਮਾਨ ਦੀ ਕਮੀ ਨਹੀਂ ਸੀ। ਆਸ਼ਾ ਨੇ 1943 ਤੋਂ ਗਾਇਕਾ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਤੇ 85 ਸਾਲ ਦੀ ਉਮਰ ਤੱਕ ਵੀ ਸਟੇਜ ਸ਼ੋਅ ਕਰਦੇ ਰਹੇ। ਉਨ੍ਹਾਂ ਨੇ ਜਦ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਵੱਡੇ-ਵੱਡੇ ਥੀਏਟਰ ਜਿੱਥੇ ਫ਼ਿਲਮਾਂ ਦੀ ਸ਼ੂਟਿੰਗ ਹੁੰਦੀ ਸੀ ਉਸ ਜਗ੍ਹਾ ਤੇ ਗਾਣਿਆਂ ਦੀ ਰਿਕਾਰਡਿੰਗ ਹੁੰਦੀ ਸੀ, ਸਟੂਡੀਓ 'ਚ ਲੱਗੇ ਸੈੱਟ 'ਚ ਖੜ੍ਹੇ ਹੋ ਕੇ ਗਾਣਾ ਰਿਕਾਰਡ ਕਰਨਾ ਪੈਂਦਾ ਸੀ, ਕਦੇ ਦਰੱਖ਼ਤ, ਕਦੇ ਮੰਦਰ ਤੇ ਕਦੇ ਤਲਾਬ ਕੋਲ ਖੜ੍ਹੇ ਹੋ ਕੇ ਗਾਣਿਆਂ ਦੀ ਰਿਕਾਰਡਿੰਗ ਹੁੰਦੀ ਸੀ। ਆਸ਼ਾ ਜੀ ਦੇ ਪਸੰਦੀਦਾ ਗਾਇਕਾਂ 'ਚੋਂ ਇਕ ਨਾਂਅ ਗਾਇਕ ਹੇਮੰਤ ਕੁਮਾਰ ਦਾ ਵੀ ਆਉਂਦਾ ਏ। ਇਸ ਨਾਮ ਤੋਂ ਹੀ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਵੀ ਹੇਮੰਤ ਹੀ ਰੱਖਿਆ ਸੀ। ਆਸ਼ਾ ਜੀ ਦੀ ਮੌਤ ਨਾਲ ਸੰਗੀਤ ਪ੍ਰੇਮੀਆਂ ਨੂੰ ਧੱਕਾ ਲੱਗਿਆ ਹੈ ਤੇ ਉਹ ਸਿਰਫ ਇਹੀ ਕਹਿ ਰਹੇ ਨੇ... 'ਅਭੀ ਨਾ ਜਾਓ ਛੋੜ ਕਰ ਕਿ ਦਿਲ ਅਭੀ ਭਰਾ ਨਹੀਂ...।'

(ਸਮਾਪਤ)

Ad Position 22
No active advertisement
ਪਿਛਲੀ ਖ਼ਬਰ ਬੱਪੀ ਲਹਿਰੀ ਅਤੇ ਉਸ ਦੇ ਸੋਨੇ ਦੇ ਜਨੂੰਨ ਦੇ ਅਣਸੁਣੇ ਕਿੱਸੇ ਅਗਲੀ ਖ਼ਬਰ ਸੰਯੁਕਤਾ : ਕਰੀਅਰ ਦੇ ਸੁਨਹਿਰੇ ਦੌਰ ਵਿਚ
Ad Position 24