ਮੇਰਾ ਇੱਕ ਨਹੀਂ ਦਰਜਨਾਂ ਵਾਰ ਭੁੱਲਾ ਰਾਮ ਚੰਨ, ਜਿਸ ਨੂੰ ਬਹੁਤੇ ਲੋਕ ਸਿਰਫ਼ ਚੰਨ ਗੁਰਾਇਆਂ ਵਾਲਾ ਦੇ ਨਾਂਅ ਨਾਲ ਜਾਣਦੇ ਹਨ, ਉਸ ਦੇ ਘਰ, ਉਹਦੇ ਦਫ਼ਤਰ ਤੇ ਉਸ ਦੀਆਂ ਮਹਿਫ਼ਲਾਂ 'ਚ ਆਉਣ-ਜਾਣ ਬਣਿਆ ਰਿਹਾ। ਹਾਲੇ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਕਿ ਉਹ ਢਿੱਲਾ-ਮੱਠਾ ਰਹਿੰਦਾ ਹੈ। ਪਰ ਦੁੱਖ ਹੈ ਕਿ ਉਸ ਦੇ ਜਾਣ ਦੀ ਖ਼ਬਰ ਆ ਹੀ ਗਈ। ਚੰਨ ਨੇ ਆਪਣੀ 82 ਕੁ ਸਾਲਾਂ ਦੀ ਉਮਰ 'ਚ 60-65 ਸਾਲ ਗੀਤਕਾਰੀ ਦੇ ਲੇਖੇ ਲਾਏ। ਇਹ ਉਸ ਦਾ ਸ਼ੌਕ ਸੀ ਰੋਜ਼ੀ-ਰੋਟੀ ਦਾ ਸਾਧਨ ਨਹੀਂ। ਉਸ ਦਾ ਪਹਿਲਿਆਂ 'ਚ ਹਾਰਡਵੇਅਰ ਸਟੋਰ ਚੰਗਾ ਚਲਦਾ ਰਿਹਾ, ਫਿਰ ਉਸ ਨੇ ਟਰੱਕ ਪਾ ਲਏ ਤੇ ਟਰਾਂਸਪੋਰਟ ਨਾਲ ਜੁੜਿਆ ਰਿਹਾ। ਕਈ ਵਾਰੀ ਸੋਚਦੇ ਆਂ ਕਿ ਕਿਹੜਾ ਗਾਇਕ ਹੈ ਜਿਹੜਾ ਟੀਸੀ ਦਾ ਬੇਰ ਤੋੜ ਰਿਹਾ ਹੋਵੇ ਪਰ ਉਸ ਨੇ ਚੰਨ ਨੂੰ ਨਾ ਗਾਇਆ ਹੋਵੇ। ਸਰਸਰੀ ਨਜ਼ਰ ਮਾਰਦੇ ਆਂਉਸ ਨੂੰ ਸੰਦੇਸ਼ ਕਪੂਰ ਤੇ ਰਮੇਸ਼ ਰੰਗੀਲਾ ਨੇ ਬਹੁਤ ਗਾਇਆ, ਕੇ. ਦੀਪ ਜਗਮੋਹਨ ਕੌਰ ਨੇ ਵੀ, ਗੁਰਚਰਨ ਪੋਹਲੀ ਤੇ ਪ੍ਰੋਮਿਲਾ ਪੰਮੀ ਨੇ ਵੀ ਸੁਚੇਤ ਬਾਲਾ, ਸਾਇਦਾ ਬਾਨੋ ਨੇ ਵੀ ਤੇ ਜਦੋਂ 'ਥਲਾਂ ਵਿਚ ਸੱਸੀ ਪਿੱਟਦੀ ਕੋਈ ਲਾਇਓ ਨਾ ਬਲੋਚਾਂ ਨਾਲ ਯਾਰੀ...' ਪੂਰਨ ਚੰਦ ਵਡਾਲੀ ਨੇ ਗਾਇਆ ਤਾਂ ਸੂਫ਼ੀ ਗਾਇਕੀ 'ਚ ਵੀ ਇੱਕ ਵਾਰ ਫਿਰ ਚੰਨ ਚੰਨ ਹੋਣ ਲੱਗ ਪਈ। ਹੰਸਰਾਜ ਹੰਸ, ਗੁਰਦੀਪ ਸਿੰਘ, ਸੀਤਲ-ਸੀਮਾ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਮੁਹੰਮਦ ਸਦੀਕ, ਮਹਿੰਦਰ ਕਪੂਰ, ਗੋਲਡਨ ਸਟਾਰ ਮਲਕੀਤ ਤੇ ਅੰਮ੍ਰਿਤਾ ਵਿਰਕ ਤੱਕ ਕਿਹੜਾ ਗਵੱਈਆ ਜਾਂ ਕਿਹੜੀ ਗਾਇਕਾ ਹੈ ਜਿਹਦੇ ਕੰਠ 'ਚੋਂ ਚੰਨ ਦਾ ਨਾਂਅ ਨਹੀਂ ਗੁਜ਼ਰਿਆ। ਜਦੋਂ ਉਹਦਾ ਇੱਕ ਲੋਕ ਗੀਤ ਵਰਗਾ ਯੁੱਗ-ਗੀਤ ਲੋਕ ਨਰਿੰਦਰ ਬੀਬਾ ਤੇ ਮਾਸਟਰ ਹਰੀ ਦੇਵ ਦੀ ਆਵਾਜ਼ ਵਿਚ ਸੁਣਦੇ ਹੋਣਗੇ ਤਾਂ ਯਾਦ ਆਉਂਦਾ ਹੋਏਗਾ ਕਿ 'ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ...' ਦਾ ਰਚੇਤਾ ਚੰਨ ਗੁਰਾਇਆਂ ਵਾਲਾ ਹੀ ਸੀ।
ਇਹ ਗੀਤ ਆਲ ਇੰਡੀਆ ਰੇਡੀਓ ਦੇ ਬਹੁਤ ਸਾਰੇ ਸਟੇਸ਼ਨਾਂ 'ਤੇ ਫਰਮਾਇਸ਼ੀ ਗੀਤਾਂ 'ਚੋਂ ਸਭ ਤੋਂ ਅੱਵਲ ਰਿਹਾ ਹੈ। ਇੱਕ ਗੱਲ ਜਿਹੜੀ ਇੱਥੇ ਹੋਰ ਕਰਨੀ ਬਣਦੀ ਹੈ ਉਹ ਇਹ ਕਿ ਚਰਨ ਸਿੰਘ ਸਫ਼ਰੀ ਤੋਂ ਬਾਅਦ ਜੇ ਨਰਿੰਦਰ ਬੀਬਾ ਨੇ ਰੱਜ ਕੇ ਧਾਰਮਿਕ ਗੀਤ ਗਾਏ ਹਨ ਤਾਂ ਉਹ ਚੰਨ ਗੁਰਾਇਆ ਵਾਲੇ ਦੇ ਨੇ। ਬੀਬਾ ਨੇ ਹੀ ਐਚ. ਐਮ. ਵੀ. ਜ਼ਰੀਏ ਚੰਨ ਦਾ ਲਿਖਿਆ ਹੋਇਆ ਪੂਰਾ ਐਲ.ਪੀ. ਰਿਕਾਰਡ ਗਾਇਆ ਸੀ 'ਜੀਵਨ ਗਾਥਾ ਸ੍ਰੀ ਗੁਰੂ ਰਵਿਦਾਸ ਜੀ' ਅਤੇ ਸਿੱਖ ਇਤਿਹਾਸ ਬਾਰੇ 'ਪੁੱਤ ਸਿੰਘਣੀਆਂ ਮਾਵਾਂ ਦੇ 'ਚੰਨ ਦੇ ਧਾਰਮਿਕ ਗੀਤਾਂ ਦੀ ਲੰਮਾ ਸਮਾਂ ਬਾਤ ਪਾਉਂਦੇ ਰਹਿਣਗੇ। ਉਸ ਨੂੰ ਪੰਜਾਬ ਸਰਕਾਰ ਨੇ 'ਰਾਜ ਗੀਤਕਾਰ' ਦਾ ਰੁਤਬਾ ਵੀ ਬਖਸ਼ਿਆ। ਉਹਦੀਆਂ ਇੱਕ ਦਰਜਨ ਦੇ ਕਰੀਬ ਕਿਤਾਬਾਂ ਛਪੀਆਂ ਹਨ ਤੇ ਇੱਕ ਸਮਾਂ ਸੀ ਜਦੋਂ ਫ਼ਿਲਮੀ ਗੀਤਕਾਰੀ 'ਚ ਵੀ ਚੰਨ ਚੰਨ ਹੋਈ ਪਈ ਸੀ। 'ਬਟਵਾਰਾ' ਦੇ ਸਾਰੇ ਗੀਤ ਉਸ ਨੇ ਲਿਖੇ ਤੇ 'ਸਰਪੰਚ', 'ਗੱਭਰੂ ਪੰਜਾਬ ਦਾ', 'ਲਾਜੋ', 'ਨਿੰਮੋ', 'ਜੱਟ ਦਾ ਗੰਡਾਸਾ' ਲਈ ਵੀ। 'ਬਲਵੀਰੋ ਭਾਬੀ' ਜਿਹੜੀ ਗੁਰਚਰਨ ਪੋਹਲੀ, ਕੁਲਦੀਪ ਮਾਣਕ, ਚੰਨ ਗੁਰਾਇਆ ਵਾਲਾ ਤੇ ਦੇਵ ਥਰੀਕੇ ਨੇ ਰਲ ਕੇ ਬਣਾਈ ਸੀ ਵਿਚਲੇ ਕੁਝ ਗੀਤਾਂ ਤੋਂ ਸਿਵਾ ਚੰਨ ਨੇ ਇਸ ਫ਼ਿਲਮ ਲਈ ਪੁਲਿਸ ਇੰਸਪੈਕਟਰ ਦਾ ਰੋਲ ਵੀ ਕੀਤਾ ਤੇ ਇਹ ਆਪਣੇ ਵੇਲੇ ਦੀ ਹਿੱਟ ਫਿਲਮ ਸੀ। 'ਬਲਵੀਰੋ ਭਾਬੀ' 'ਚ 'ਪੀਣ ਤੋਂ ਸਾਕੀ ਰੋਕ ਨਾ ਮੈਨੂੰ...' 'ਲਾਜੋ' ਵਿਚ 'ਇਨਸਾਫ਼ ਦੀ ਕੁਰਸੀ 'ਤੇ ਬਹਿ ਕੇ ਇਨਸਾਫ਼ ਨਹੀਂ ਕਰਦੀ' ਇਹ ਦੁਨੀਆ 'ਤੇ 'ਬਟਵਾਰਾ' 'ਚ 'ਲੋਕੋ ਵੱਢਿਆ ਗੰਡਾਸਿਆਂ ਦੇ ਨਾਲ ਚੰਦੜਾਂ ਨੇ ਮਿਰਜ਼ੇ ਨੂੰ...' ਇਹ ਲੋਕ ਗੀਤਾਂ ਵਰਗੇ ਗੀਤ ਲਗਦੇ ਰਹੇ। ਜਿਹੜੀ ਪ੍ਰਸਿੱਧੀ ਨਰਿੰਦਰ ਬੀਬਾ ਦੇ ਗੀਤ 'ਮੁੱਖ ਮੋੜ ਗਏ ਦਿਲਾਂ ਦੇ ਜਾਨੀ ਰੱਬਾ ਹੁਣ ਕੀ ਕਰੀਏ' ਨਾਲ ਉਸ ਨੂੰ ਮਿਲੀ ਉਹ ਨਵਾਂ ਦੌਰ ਸੀ, ਫਿਰ ਕੁਲਦੀਪ ਮਾਣਕ ਨੇ ਜਦੋਂ ਗਾਇਆ 'ਕੁੱਲੀ ਬਹਿ ਗਿਆ ਝਨਾਂ ਤੋਂ ਪਾਰ ਪਾ ਕੇ ਸੌਖਾ ਨਹੀਂ ਯਾਰ ਲੱਭਣਾ, ਗੁੱਸੇ 'ਚ ਦੁੱਲੇ ਨੂੰ ਮੇਹਰੂ ਮਾਰੇ ਬੋਲੀਆਂਅੰਧਲਾ-ਅੰਧਲੀ ਦੋਵੇਂ ਰੋ ਰੋ ਭੁੱਬਾ ਮਾਰਦੇ' ਤਾਂ ਸੱਚੀਂ ਚੰਨ ਆਪਣੇ ਕੱਦ ਤੋਂ ਵੀ ਗਿੱਠ ਉੱਚਾ ਹੋ ਗਿਆ ਸੀ। ਹੰਸ ਦੇ ਗਾਏ 'ਸੱਸੀ ਸੁੱਤੀ ਨਾਲ ਪਾ ਗਿਉਂ ਜੁਦਾਈ ਪੁੰਨਣਾ' ਅਤੇ 'ਅਸੀਂ ਕੱਲੇ ਰਹਿ ਗਏ ਤੇਰਾ ਨੀ ਵਿਆਹ ਹੋ ਗਿਆ' ਕਿਸੇ ਵੇਲੇ ਚੰਨ ਦੇ ਗੀਤਾਂ ਵੱਖਰੇ ਰੰਗ ਉਘੜੇ ਸਨ।
ਚੰਨ ਕਹਿੰਦਾ ਹੁੰਦਾ ਸੀ ਕੁਲਦੀਪ ਮਾਣਕ ਵਰਗਾ ਕੋਈ ਗਵੱਈਆ ਨਹੀਂ, ਵਰਿੰਦਰ ਵਰਗਾ ਯਾਰ ਨਹੀਂ, ਨਰਿੰਦਰ ਬੀਬਾ ਵਰਗੀ ਕੋਈ ਸੁਰੀਲੀ ਸੁਰ ਨਹੀਂ, ਮੁਹੰਮਦ ਸਦੀਕ ਵਰਗੇ ਕੋਈ ਦੁਗਾਣੇ ਨਹੀਂ ਗਾ ਸਕਦਾ, ਮਲਕੀਤ ਸਦਾ ਬਹਾਰ ਗਵੱਈਆ ਬਣ ਕੇ ਵਿਚਰਿਆ। ਜਲੰਧਰ ਜ਼ਿਲ੍ਹੇ ਦੇ ਗੁਰਾਇਆ ਲਾਗਲੇ ਪਿੰਡ ਢੰਡੇ 'ਚ ਜਦੋਂ ਚੰਨ ਪਿਤਾ ਲੱਭੂ ਰਾਮ ਦੇ ਘਰ 15 ਅਪ੍ਰੈਲ, 1944 ਨੂੰ ਚੜ੍ਹਿਆ ਤਾਂ ਬਾਪੂ ਨੇ ਉਸ ਦਾ ਨਾਂਅ ਭੁੱਲਾ ਰਾਮ ਰੱਖਿਆ ਸੀ ਪਰ ਉਹ ਫਿਰ ਭੁੱਲਾ ਰਾਮ ਚੰਨ ਬਣ ਗਿਆ ਤੇ ਫਿਰ ਸਿਰਫ ਚੰਨ ਗੁਰਾਇਆਂ ਵਾਲਾ। ਪਿੰਡ ਉਸ ਨੇ ਬਚਪਨ ਹੀ ਖੇਡਿਆ, ਬਹੁਤੀ ਉਮਰ ਗੁਰਾਇਆਂ ਰੇਲਵੇ ਲਾਈਨ ਨਜ਼ਦੀਕ ਅਲੀਸ਼ਾਨ ਘਰ 'ਚ ਕੱਟੀ ਹੈ, ਇਥੇ ਹੀ ਅਸੀ ਮਾਣਕ, ਪੋਹਲੀ, ਬੀਬਾ, ਮਲਕੀਤ, ਵਰਿੰਦਰ ਤੇ ਵੱਡੇ ਵੱਡੇ ਗਾਇਕ ਜੁੜ ਕੇ ਚੰਨ ਦੀਆਂ ਸ਼ਾਇਰਾਨ ਮਹਿਫਲਾਂ ਦੇ ਰੰਗ ਮਾਣਦੇ ਰਹੇ। ਉਹ ਬਹੁਤ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਵੱਧ ਪਾਲ ਕੇ, ਉਨ੍ਹਾਂ ਦੀ ਮਦਦ ਕਰਕੇ ਇਸ ਸੰਸਾਰ 'ਚ ਜਸ ਖੱਟ ਕੇ ਗਿਆ ਹੈ। ਪਤਨੀ ਨਿਰੰਜਨ ਕੌਰ ਨਾਲ ਉਸ ਦੇ ਸਾਹਾਂ ਦੀ ਗੰਢ ਇਨੀ ਨੇੜੇ ਤੋਂ ਬੱਝੀ ਰਹੀ ਹੈ ਕਿ ਸਥਿਤੀ 'ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ'ਵਾਲੀ ਰਹੀ। ਸ਼ਹਿਰ ਗੁਰਾਇਆ ਨੂੰ ਤੇ ਚੰਨ ਨੂੰ ਅਲੱਗ-ਅਲੱਗ ਕਰਕੇ ਗੀਤ ਸੰਗੀਤ ਵਿਚ ਦੇਖਣਾ ਬਹੁਤ ਔਖਾ ਹੋਵੇਗਾ।
5 ਮਈ, 2026 ਨੂੰ ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਉਹ ਹੋਣੀ ਦੇ ਕਲਾਵੇ 'ਚ ਘੁੱਟਿਆ ਗਿਆ। ਸੱਚੀਂ! ਪੰਜਾਬੀ ਗੀਤਕਾਰੀ 'ਚ, ਪੰਜਾਬੀ ਗਾਇਕੀ 'ਚ ਇੱਕ ਇਤਿਹਾਸ ਰਚ ਕੇ ਉਹ ਉਧਰ ਨੂੰ ਚਲਾ ਗਿਆ ਜਿਧਰੋਂ ਪਰਤਣ ਦੀਆਂ ਉਮੀਦਾਂ ਕਦੇ ਹੁੰਦੀਆਂ ਹੀ ਨਹੀਂ। ਪਰ ਭੁੱਲਾ ਰਾਮ ਚੰਨ ਉਹ ਚੰਨ ਹੈ ਜੋ ਪੰਜਾਬੀ ਗਾਇਕੀ ਦੇ ਵਿਹੜੇ 'ਚ ਤੇ ਪੰਜਾਬੀ ਗੀਤਕਾਰੀ ਦੇ ਵਿਹੜੇ 'ਚ ਚਾਨਣੀ ਵੰਡਦਾ ਹੀ ਰਹੇਗਾ।
ਤੁਰ ਗਿਆ 'ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ' ਸਮੇਤ ਸੈਂਕੜੇ ਹਿੱਟ ਗੀਤਾਂ ਦਾ ਰਚੇਤਾ ਚੰਨ ਗੁਰਾਇਆਂ ਵਾਲਾ
ਅਜੀਤ ਡੈਸਕ
13-05-2026