ਅੱਜ ਬਿਰਧ ਆਸ਼ਰਮ ਵਿਚ ਸਵੇਰੇ-ਸਵੇਰੇ ਕਿਸੇ ਬਜ਼ੁਰਗ ਦੀ ਮੌਤ ਹੋ ਗਈ | ਆਸ਼ਰਮ ਦੇ ਸੰਚਾਲਕਾਂ ਨੇ ਉਸ ਦੇ ਪੁੱਤਰ ਨੂੰ ਫੋਨ ਕੀਤਾ ਪਰ ਕੋਈ ਜਵਾਬ ਨਾ ਆਇਆ | ਉਸ ਦੀ ਕੁੜੀ ਨੂੰ ਫੋਨ ਕੀਤਾ, ਉਸ ਨੇ ਵੀ ਕੋਈ ਜਵਾਬ ਨਾ ਦਿੱਤਾ | ਸੰਚਾਲਕ ਉਸ ਮਿ੍ਤਕ ਸਰੀਰ ਨੂੰ ਉਸ ਦੇ ਮੁੰਡੇ ਦੇ ਘਰ ਵੱਲ ਲੈ ਕੇ ਚੱਲ ਪਏ | ਮਿ੍ਤਕ ਸਰੀਰ ਵਿਹੜੇ ਵਿਚ ਰੱਖ ਦਿੱਤਾ ਗਿਆ | ਹੌਲੀ-ਹੌਲੀ ਪੰਜ-ਸੱਤ ਗੁਆਂਢੀ ਵੀ ਬਜ਼ੁਰਗ ਦੇ ਮਿ੍ਤਕ ਸਰੀਰ ਕੋਲ ਆ ਕੇ ਬੈਠ ਗਏ | ਇਕ ਭੂਰੇ ਰੰਗ ਦਾ ਕੁੱਤਾ ਵੀ ਬੰਦਿਆਂ 'ਚ ਕੋਲ ਆ ਕੇ ਬੈਠ ਗਿਆ, ਕਿਉਂਕਿ ਜਿਊਾਦੇ ਹੁੰਦਿਆਂ ਇਹ ਬਜ਼ੁਰਗ ਇਸ ਕੁੱਤੇ ਨੂੰ ਰੋਟੀ ਪਾਉਂਦਾ ਸੀ | ਪਰ ਅੱਧੋ-ਅੱਧੀ ਜਾਇਦਾਦ ਦੇ ਮਾਲਕ ਬਣੇ ਉਸ ਦੇ ਮੁੰਡੇ ਤੇ ਕੁੜੀ ਨੂੰ ਇਥੇ ਆਉਣ ਲਈ ਵਿਹਲ ਨਾ ਲੱਗੀ | ਬਜ਼ੁਰਗ ਦੇ ਘਰ ਵਾਲੀ, ਜੋ ਕਿ ਕਿਸੇ ਹੋਰ ਬਿਰਧ ਆਸ਼ਰਮ ਵਿਚ ਰਹਿ ਰਹੀ ਸੀ, ਉਸ ਨੂੰ ਪਤਾ ਲੱਗਾ ਤਾਂ ਡਿਗਦੀ-ਢਹਿੰਦੀ ਉਹ ਵੀ ਆ ਗਈ | ਬਿਮਾਰ ਹੋਣ ਕਰਕੇ ਬਹੁਤੀ ਦੇਰ ਬਹਿ ਨਾ ਸਕੀ ਤੇ ਉਸ ਨੂੰ ਵਾਪਸ ਬਿਰਧ ਆਸ਼ਰਮ 'ਚ ਭੇਜ ਦਿੱਤਾ ਗਿਆ | ਵਿਹੜੇ ਵਿਚ ਬੈਠੇ ਕੁਝ ਸਿਆਣੇ ਬੰਦਿਆਂ ਨੇ ਮਿ੍ਤਕ ਸਰੀਰ ਨੂੰ ਸ਼ਮਸ਼ਾਨਘਾਟ ਲੈ ਜਾਣ ਦੀ ਤਿਆਰੀ ਕਰ ਲਈ | ਠੀਕ ਉਸੇ ਵੇਲੇ ਬਜ਼ੁਰਗ ਦਾ ਮੁੰਡਾ ਤੇ ਉਸ ਦੀ ਘਰ ਵਾਲੀ ਨਾਲ ਪੰਜ ਕੁ ਸਾਲ ਦਾ ਆਪਣਾ ਪੁੱਤਰ ਘਰ 'ਚ ਆ ਦਾਖ਼ਲ ਹੋਏ | ਜਦੋਂ ਪੋਤਾ ਬਾਬੇ ਦਾ ਮੰੂਹ ਦੇਖਣ ਲਈ ਉਸ ਵੱਲ ਵਧਿਆ ਤਾਂ ਉਸ ਦੀ ਮਾਂ ਨੇ ਝਿੜਕ ਕੇ ਪਿੱਛੇ ਨੂੰ ਖਿੱਚ ਲਿਆ | ਉਹ ਬੋਲੀ ਚੱਲ ਤੂੰ ਸਕੂਲ ਚੱਲ, ਪੜ੍ਹਾਈ ਪਿੱਛੇ ਪੈਂਦੀ ਹੈ | ਸਾਰੇ ਅਰਥੀ ਲੈ ਕੇ ਸ਼ਮਸ਼ਾਨਘਾਟ ਨੂੰ ਚੱਲ ਪਏ | ਕੁਝ ਕੁ ਬੰਦਿਆਂ ਦੇ ਨਾਲ-ਨਾਲ ਭੂਰੇ ਰੰਗ ਦਾ ਕੁੱਤਾ ਵੀ ਤੁਰੀ ਜਾ ਰਿਹਾ ਸੀ | ਬਜ਼ੁਰਗ ਦਾ ਪੋਤਾ ਡੌਰ-ਭੌਰ ਜਿਹਾ ਤੱਕਦਾ ਹੋਇਆ ਮਾਂ ਨੂੰ ਬੋਲਿਆ, 'ਕੋਈ ਨਾ ਮਾਂ ਵੱਡਾ ਹੋ ਕੇ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਬਿਰਧ ਆਸ਼ਰਮ 'ਚ ਹੀ ਰੱਖਾਂਗਾ |' ਇਹ ਸ਼ਬਦ ਸੁਣ ਅਰਥੀ ਦੇ ਪਿੱਛੇ ਜਾ ਰਹੇ ਲੋਕਾਂ ਦੇ ਪੈਰ ਏਨੇ ਭਾਰੀ ਹੋ ਗਏ ਕਿ ਜਿਵੇਂ ਉਨ੍ਹਾਂ ਦੇ ਸਰੀਰ 'ਚ ਸ਼ਮਸ਼ਾਨਘਾਟ ਜਾਣ ਜੋਗੀ ਵੀ ਤਾਕਤ ਨਾ ਬਚੀ ਹੋਵੇ | ਜ਼ੁਬਾਨ ਨੂੰ ਜਿਵੇਂ ਤਾਲਾ ਲੱਗ ਗਿਆ ਹੋਵੇ | ਥੋੜ੍ਹੀ ਦੇਰ ਬਾਅਦ ਵਿਚੋਂ ਇਕ ਆਵਾਜ਼ ਉੱਠੀ ਭਾਈ ਇਹ ਤਾਂ ਵਿਧੀ ਦਾ ਵਿਧਾਨ ਹੈ | ਜੋ ਅੱਜ ਇਨ੍ਹਾਂ ਨੇ ਆਪਣੇ ਬਾਪ ਨਾਲ ਕੀਤੀ, ਉਹੀ ਕੱਲ੍ਹ ਨੂੰ ਇਨ੍ਹਾਂ ਨਾਲ ਵੀ ਹੋਵੇਗੀ, ਤੁਸੀਂ ਅੱਗੇ ਨੂੰ ਤੁਰੀ ਜਾਓ |
-511, ਖਹਿਰਾ ਇਨਕਲੇਵ, ਡਾਕ. ਲੱਧੇਵਾਲੀ, ਜਲੰਧਰ-144007.
ਮੋਬਾਈਲ : 94173-89003