ਨਵੀਂ ਦਿੱਲੀ, 24 ਜਨਵਰੀ (ਪੀ. ਟੀ. ਆਈ.)-ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੂੰ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ ਹੈ ਕਿ ਸਕਾਟਲੈਂਡ ਹੁਣ ਆਉਣ ਵਾਲੇ ਟੀ-20 ਵਿਸ਼ਵ ਕੱਪ 'ਚ ਬੰਗਲਾਦੇਸ਼ ਦੀ ਜਗ੍ਹਾ ਲਵੇਗਾ | ਇਹ ਫੈਸਲਾ ਬੰਗਲਾਦੇਸ਼ ਵੱਲੋਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਦੀ ਯਾਤਰਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਲਿਆ ਗਿਆ | ਪਤਾ ਲੱਗਾ ਹੈ ਕਿ ਚੇਅਰਮੈਨ ਜੈ ਸ਼ਾਹ ਸਮੇਤ ਆਈ.ਸੀ.ਸੀ. ਦੇ ਸੀਨੀਅਰ ਅਧਿਕਾਰੀ ਸ਼ੁੱਕਰਵਾਰ ਨੂੰ ਦੁਬਈ 'ਚ ਮÏਜੂਦ ਸਨ | ਦੇਰ ਸ਼ਾਮ, ਬੀ.ਸੀ.ਬੀ. ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੂੰ ਈ-ਮੇਲ ਰਾਹੀਂ ਗਲੋਬਲ ਬਾਡੀ ਦੇ ਫੈਸਲੇ ਬਾਰੇ ਸੂਚਿਤ ਕੀਤਾ ਗਿਆ | ਆਈ.ਸੀ.ਸੀ. ਦੇ ਇਕ ਸੂਤਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਬੀ.ਸੀ.ਬੀ. ਨੇ ਆਈ.ਸੀ.ਸੀ. ਨੂੰ ਰਸਮੀ ਤੌਰ 'ਤੇ ਸੂਚਿਤ ਕਰਨ ਤੋਂ ਪਹਿਲਾਂ ਢਾਕਾ 'ਚ ਇਕ ਪ੍ਰੈਸ ਕਾਨਫਰੰਸ ਕੀਤੀ, ਜੋ ਕਿ ਪ੍ਰੋਟੋਕੋਲ ਦੀ ਉਲੰਘਣਾ ਸੀ | ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਜਗ੍ਹਾ ਇਕ ਹੋਰ ਟੀਮ ਨੂੰ ਸ਼ਾਮਲ ਕੀਤਾ ਜਾਵੇਗਾ | ਕ੍ਰਿਕਟ ਸਕਾਟਲੈਂਡ ਨੇ ਕਿਹਾ ਹੈ ਕਿ ਉਸਨੂੰ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਮਿਲੀ ਹੈ | ਹਾਲਾਂਕਿ, ਅਜਿਹਾ ਲਗਦਾ ਹੈ ਕਿ ਰਸਮੀ ਸੂਚਨਾ ਸਿਰਫ ਸਮੇਂ ਦੀ ਗੱਲ ਹੈ | ਇਸ ਤਰ੍ਹਾਂ, ਸਕਾਟਲੈਂਡ ਆਪਣੇ ਚਾਰ ਗਰੁੱਪ ਪੜਾਅ ਮੈਚ ਵੈਸਟਇੰਡੀਜ਼ (7 ਫਰਵਰੀ), ਇਟਲੀ (9 ਫਰਵਰੀ), ਤੇ ਇੰਗਲੈਂਡ (14 ਫਰਵਰੀ) ਦੇ ਖਿਲਾਫ ਕੋਲਕਾਤਾ 'ਚ ਖੇਡੇਗਾ, ਜਦੋਂ ਕਿ ਨਿਪਾਲ ਦੇ ਖਿਲਾਫ ਇਸਦਾ ਮੈਚ 17 ਫਰਵਰੀ ਨੂੰ ਮੁੰਬਈ 'ਚ ਹੋਵੇਗਾ |
ਖੇਡ ਸੰਸਾਰ
Free
ਵਿਸ਼ਵ ਕੱਪ 'ਚੋਂ ਬੰਗਲਾਦੇਸ਼ ਨੂੰ ਕੀਤਾ ਗਿਆ ਬਾਹਰ <br/>
ਅਜੀਤ ਡੈਸਕ
25-01-2026