ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਤੇ ਤਜਰਬੇਕਾਰ ਕ੍ਰਿਕਟ ਪ੍ਰਸ਼ਾਸਕ ਇੰਦਰਜੀਤ ਸਿੰਘ ਬਿੰਦਰਾ ਦਾ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦਿਹਾਂਤ ਹੋ ਗਿਆ | ਬਿੰਦਰਾ 84 ਸਾਲ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਦੁਪਹਿਰ ਨੂੰ ਲੋਧੀ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ | ਉਨ੍ਹਾਂ ਦੇ ਕਰੀਬੀ ਦੋਸਤਾਂ ਅਨੁਸਾਰ, ਬਿੰਦਰਾ ਦੀ ਹਾਲਤ ਅੱਜ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਵਿਗੜ ਗਈ ਤੇ ਸ਼ਾਮ 6.30 ਵਜੇ ਦੇ ਕਰੀਬ ਉਨ੍ਹਾਂ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਪੁੱਤਰ ਅਮਰ ਬਿੰਦਰਾ ਤੇ ਧੀ ਦਿੱਲੀ 'ਚ ਸਨ | ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਚੇਅਰਮੈਨ ਜੈ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਤੇ ਇਸ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ | ਉਨ੍ਹਾਂ ਨੇ 1993 ਤੋਂ 1996 ਤੱਕ ਬੀ.ਸੀ.ਸੀ.ਆਈ. ਦੇ ਪ੍ਰਧਾਨ ਵਜੋਂ ਸੇਵਾ ਨਿਭਾਈ | ਬਿੰਦਰਾ 1978 ਤੋਂ 2014 ਤੱਕ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਪ੍ਰਧਾਨ ਵੀ ਰਹੇ | 2015 'ਚ, ਪ੍ਰਸ਼ਾਸਕ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਸ਼ਰਧਾਂਜਲੀ ਵਜੋਂ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ ਦਾ ਨਾਂਅ ਬਦਲ ਕੇ ਆਈ ਐਸ ਬਿੰਦਰਾ ਸਟੇਡੀਅਮ ਰੱਖਿਆ ਗਿਆ |
ਖੇਡ ਸੰਸਾਰ
Free
ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਆਈ. ਐਸ. ਬਿੰਦਰਾ ਦਾ ਦਿਹਾਂਤ <br/>
ਅਜੀਤ ਡੈਸਕ
26-01-2026