ਐੱਸ. ਏ. ਐੱਸ. ਨਗਰ, 27 ਮਈ (ਤਰਵਿੰਦਰ ਸਿੰਘ ਬੈਨੀਪਾਲ)-ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਸਨਰਾਈਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡੇ ਗਏ ਐਲੀਮੀਨੇਟਰ ਮੁਕਾਬਲੇ ਦੌਰਾਨ ਪੰਜਾਬ ਕਿੰਗਜ਼ ਦੇ ਮੁਕਾਬਲੇ ਵਿਚ ਨਾ ਹੋਣ ਕਾਰਨ ਪੰਜਾਬੀ ਦਰਸ਼ਕਾਂ ਨੇ ਸਟੇਡੀਅਮ ਤੋਂ ਅੱਜ ਦੂਰੀ ਬਣਾ ਕੇ ਰੱਖੀ, ਜਦਕਿ ਇਸ ਮੁਕਾਬਲੇ ਨੂੰ ਦੇਖਣ ਲਈ ਦੱਖਣੀ ਭਾਰਤ, ਦਿੱਲੀ ਤੇ ਰਾਜਸਥਾਨ ਆਦਿ ਸੂਬਿਆਂ ਤੋਂ ਵੱਡੀ ਗਿਣਤੀ ਦਰਸ਼ਕ ਪੁੱਜੇ ਹੋਏ ਸਨ | ਨਿਊ ਚੰਡੀਗੜ੍ਹ ਵਿਖੇ ਹੁਣ ਤੱਕ ਖੇਡੇ ਗਏ ਕੱੁਲ 4 ਮੁਕਾਬਲਿਆਂ ਨਾਲੋਂ ਇਸ ਮੈਚ ਵਿਚ ਦਰਸ਼ਕਾਂ ਦੀ ਗਿਣਤੀ ਕਾਫੀ ਘੱਟ ਰਹੀ, ਸਟੇਡੀਅਮ ਅੰਦਰ ਕਈ ਬਲਾਕਾਂ ਵਿਚ ਵੱਡੀ ਪੱਧਰ 'ਤੇ ਸੀਟਾਂ ਖਾਲੀ ਦਿਖਾਈ ਦਿੱਤੀਆਂ | ਦੋਵੇਂ ਟੀਮਾਂ ਦੇ ਪ੍ਰਸ਼ੰਸਕਾਂ ਵਲੋਂ ਆਪਣੇ ਚਹੇਤੇ ਖਿਡਾਰੀਆਂ ਲਈ ਤਾੜੀਆਂ ਮਾਰ ਕੇ ਤੇ ਹੂਟਿੰਗ ਕਰਕੇ ਹੌਸਲਾ ਅਫ਼ਜਾਈ ਕੀਤੀ ਜਾਂਦੀ ਰਹੀ |