ਲਾਸ ਵੇਗਾਸ, 17 ਅਕਤੂਬਰ (ਪੀ. ਟੀ. ਆਈ.)-ਭਾਰਤੀ ਮਹਿਲਾ ਪਹਿਲਵਾਨਾਂ ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਦੋ ਤਗਮਿਆਂ ਨਾਲ ਆਪਣਾ ਮੁਹਿੰਮ ਦੀ ਸਮਾਪਤ ਕੀਤੀ। 72 ਕਿੱਲੋਗ੍ਰਾਮ ਵਰਗ ਦੇ ਫਾਈਨਲ ਵਿਚ ਅੰਮ੍ਰਿਤਾ ਪੁਜਾਰੀ ਨੂੰ ਯੂਕਰੇਨ ਦੀ ਇਰੀਨਾ ਜ਼ਾਬਲੋਤਸਕਾ ਹੱਥੋਂ ‘ਬਾਈ ਫਾਲ’ (ਚਿੱਤ) ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚਲਦਿਆਂ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।ਅੰਮ੍ਰਿਤਾ ਉਸ ਸਮੇਂ 0-6 ਨਾਲ ਪਿੱਛੇ ਚੱਲ ਰਹੀ ਸੀ, ਜਦੋਂ ਜ਼ਾਬਲੋਤਸਕਾ ਨੇ ਅੰਮ੍ਰਿਤਾ ਨੂੰ ‘ਪਿੰਨ’ ਕਰਕੇ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ। ਭਾਰਤ ਦੀ ਸਵੀਟੀ ਤਗਮਾ ਜਿੱਤਣ ਦੇ ਨੇੜੇ ਪਹੁੰਚ ਗਈ ਸੀ ਪਰ 53 ਕਿੱਲੋਗ੍ਰਾਮ ਵਰਗ ਦੇ ਕਾਂਸੀ ਦੇ ਤਗਮੇ ਲਈ ਹੋਏ ਮੁਕਾਬਲੇ ਵਿਚ ਉਸ ਨੂੰ ਯੂਕਰੇਨ ਦੀ ਅਨਾਸਤਾਸੀਆ ਪੋਲਸਕਾ ਹੱਥੋਂ ‘ਤਕਨੀਕੀ ਉੱਤਮਤਾ’ (0-11) ਦੇ ਆਧਾਰ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ।ਸਵੀਟੀ ‘ਰੀਪੇਚੇਜ’ ਦੌਰ ਵਿਚ ਚੀਨ ਦੀ ਜ਼ਿਆਓਤੋਂਗ ਜ਼ੇਂਗ ਨੂੰ 11-10 ਨਾਲ ਹਰਾ ਕੇ ਕਾਂਸੀ ਦੇ ਤਗਮੇ ਵਾਲੇ ਮੁਕਾਬਲੇ ਤੱਕ ਪਹੁੰਚੀ ਸੀ। ਦੂਜੇ ਪਾਸੇ, ਵੈਸ਼ਨਵੀ ਪਾਟਿਲ ਵੀ ‘ਰੀਪੇਚੇਜ’ ਰਾਹੀਂ ਮਿਲੇ ਮੌਕੇ ਦਾ ਫਾਇਦਾ ਨਹੀਂ ਉਠਾ ਸਕੀ। ਉਸ ਨੂੰ ਜਪਾਨ ਦੀ ਹਾਰੂਕਾ ਕੋਬਾਰੂ ਤੋਂ 2-4 ਨਾਲ ਹਾਰ ਮਿਲੀ। ਇਸ ਤੋਂ ਪਹਿਲਾਂ ਕੋਮਲ ਨੇ ਮਹਿਲਾਵਾਂ ਦੇ 59 ਕਿੱਲੋਗ੍ਰਾਮ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਖੇਡ ਸੰਸਾਰ
Free
-ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ- ਅੰਮ੍ਰਿਤਾ ਪੁਜਾਰੀ ਨੇ ਜਿੱਤਿਆ ਚਾਂਦੀ ਦਾ ਤਗਮਾ
ਲਾਸ ਵੇਗਾਸ, 17 ਅਕਤੂਬਰ (ਪੀ. ਟੀ.
ਅਜੀਤ ਡੈਸਕ
18-10-2026