ਸੈਕਰਾਮੈਂਟੋ, 1 ਜਨਵਰੀ (ਹੁਸਨ ਲੜੋਆ ਬੰਗਾ)-2025 'ਚ 3,17,000 ਤੋਂ ਵਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ | ਪਰਸੋਨਲ ਮੈਨਜਮੈਂਟ ਦਫ਼ਤਰ ਅਨੁਸਾਰ ਬਹੁਗਿਣਤੀ ਮੁਲਾਜ਼ਮਾਂ ਨੇ ਇੱਛੁਕ ਤੌਰ 'ਤੇ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਜਾਂ ਨੌਕਰੀਆਂ ਛੱਡ ਕੇ ਚਲੇ ਗਏ | ਮੁਲਾਜ਼ਮਾਂ ਨੇ ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਸਰਕਾਰੀ ਖ਼ਰਚ ਘਟਾਉਣ ਤੇ ਅਕੁਸ਼ਲਤਾ ਦੇ ਨਾਂਅ 'ਤੇ ਹਜ਼ਾਰਾਂ ਮੁਲਾਜ਼ਮਾਂ ਦੀ ਛਾਂਟੀ ਕਰਨ ਤੋਂ ਬਾਅਦ ਚੁੱਕਿਆ | ਇਨ੍ਹਾਂ 'ਚ ਉਹ ਮੁਲਾਜ਼ਮ ਵੀ ਸ਼ਾਮਿਲ ਸਨ ਜੋ ਨਵੇਂ ਸਨ ਜਾਂ ਹਾਲ ਹੀ 'ਚ ਪਦ ਉੱਨਤ ਕੀਤੇ ਗਏ ਸਨ ਤੇ ਉਨ੍ਹਾਂ ਦਾ ਪ੍ਰੋਬੇਸ਼ਨਰੀ ਸਮਾਂ ਚੱਲ ਰਿਹਾ ਸੀ | 20 ਜਨਵਰੀ 2025 ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਪਹਿਲੇ ਆਦੇਸ਼ 'ਚ 'ਯੂ.ਐਸ. ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸੀਏਾਸੀ' ਦੀ ਸਥਾਪਨਾ ਕੀਤੀ ਗਈ | ਇਸ ਵਿਭਾਗ ਦਾ ਕੰਮ ਸੰਘੀ ਨੌਕਰਸ਼ਾਹੀ ਖ਼ਰਚ ਨੂੰ ਘਟਾਉਣਾ ਤੇ ਹੁੰਦੀ ਬਰਬਾਦੀ ਨੂੰ ਰੋਕਣਾ ਸੀ | ਇਸ ਦੀ ਕਮਾਨ ਅਰਬਪਤੀ ਐਲਨ ਮਸਕ ਨੂੰ ਸੌਂਪੀ ਗਈ ਜਿਸ ਨੇ ਮੁਲਾਜ਼ਮਾਂ ਦੀ ਸਮੂਹਿਕ ਛਾਂਟੀ ਸ਼ੁਰੂ ਕੀਤੀ ਤੇ ਇੱਛੁਕ ਤੌਰ 'ਤੇ ਨੌਕਰੀਆਂ ਛੱਡਣ ਲਈ ਰਾਹ ਪੱਧਰਾ ਕੀਤਾ | ਪਰਸੋਨਲ ਮੈਨੇਜਮੈਂਟ ਦਫ਼ਤਰ ਅਨੁਸਾਰ ਸਰਕਾਰ ਨੇ 2025 'ਚ 68000 ਨਵੇਂ ਮੁਲਾਜ਼ਮ ਭਰਤੀ ਵੀ ਕੀਤੇ ਜਿਨ੍ਹਾਂ ਨਾਲ ਦੇਸ਼ ਭਰ 'ਚ ਕੁਲ ਸੰਘੀ ਸਿਵਲੀਅਨ ਵਰਕਰਾਂ ਦੀ ਗਿਣਤੀ ਤਕਰੀਬਨ 2.1 ਮਿਲੀਅਨ ਹੋ ਗਈ |