ਸੈਕਰਾਮੈਂਟੋ, 1 ਜਨਵਰੀ (ਹੁਸਨ ਲੜੋਆ ਬੰਗਾ)-ਪ੍ਰਵਾਸੀਆਂ ਦੇ ਮੁੱਦੇ 'ਤੇ ਪਿਛਲਾ ਸਾਲ ਕੈਲੀਫੋਰਨੀਆ ਲਈ ਸੁਖਾਵਾਂ ਨਹੀਂ ਰਿਹਾ ਤੇ ਉਸ ਨੂੰ ਇਮੀਗ੍ਰੇਸ਼ਨ ਇਨਫੋਰਸਮੈਂਟ ਅਧਿਕਾਰੀਆਂ ਨਾਲ ਟਕਰਾਅ ਵਰਗੇ ਹਾਲਾਤ ਵਿਚੋਂ ਗੁਜ਼ਰਨਾ ਪਿਆ | ਕੈਲੀਫੋਰਨੀਆ ਅਸੰਬਲੀ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਰਾਜ ਤੋਂ ਦੂਰ ਰੱਖਣ ਲਈ ਕਈ ਬਿੱਲ ਪਾਸ ਕੀਤੇ ਜਿਨ੍ਹਾਂ 'ਚ ਸੰਘੀ ਅਫ਼ਸਰਾਂ ਨੂੰ ਰਾਜ 'ਚ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਪਛਾਣ ਦੱਸਣਾ ਜ਼ਰੂਰੀ ਕਰ ਦਿੱਤਾ ਗਿਆ ਤੇ ਕਿਸੇ ਵੀ ਅਦਾਰੇ ਜਾਂ ਖੇਤਰ 'ਚ ਦਾਖਲ ਹੋਣ ਲਈ ਹੱਦਾਂ ਤੈਅ ਕੀਤੀਆਂ ਗਈਆਂ | ਪਿਛਲੇ ਪੂਰੇ ਸਾਲ ਦੌਰਾਨ ਟਰੰਪ ਪ੍ਰਸ਼ਾਸਨ ਦੱਖਣੀ ਕੈਲੀਫੋਰਨੀਆ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਖ਼ਾਸ ਤੌਰ 'ਤੇ ਸਰਗਰਮ ਰਿਹਾ | ਇਮੀਗ੍ਰੇਸ਼ਨ ਦੇ ਛਾਪਿਆਂ ਵਿਰੁੱਧ ਲਾਸ ਏਾਜਲਸ 'ਚ ਵੱਡੀ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਜਿਸ ਉਪਰੰਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਵਰਨਰ ਗੈਵਿਨ ਨਿਓਸੋਮ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਰਾਜ 'ਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ | ਇਮੀਗ੍ਰੇਸ਼ਨ ਅਧਿਕਾਰੀਆਂ ਦੇ ਛਾਪਿਆਂ ਕਾਰਨ ਕੋਚੇਲਾ ਵਾਦੀ 'ਚ ਪ੍ਰਵਾਸੀਆਂ ਵੱਲੋਂ ਵਿਆਹਾਂ ਸਮੇਤ ਕਈ ਸਮਾਗਮ ਰੱਦ ਕਰ ਦਿੱਤੇ ਗਏ | ਜੁਲਾਈ 'ਚ ਉੱਤਰ ਪੱਛਮ ਵਿਚ ਕੈਮਾਰੀਲੋ ਨੇੜੇ ਇਕ ਗਲਾਸ ਹਾਊਸ 'ਤੇ ਛਾਪੇ ਦੌਰਾਨ ਇਕ ਵਰਕਰ ਦੀ ਮੌਤ ਹੋ ਗਈ ਸੀ ਤੇ ਸੈਂਕੜੇ ਵਰਕਰਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਰਾਜ ਨੇ ਖਪਤਕਾਰ ਸੁਰੱਖਿਆ ਸਮੇਤ ਕਈ ਕਾਨੂੰਨ ਪਾਸ ਕੀਤੇ ਤਾਂ ਜੋ ਸੰਘੀ ਅਫ਼ਸਰਾਂ ਨੂੰ ਆਪ ਹੁਦਰੀਆਂ ਕਰਨ ਤੋਂ ਰੋਕਿਆ ਜਾ ਸਕੇ | ਪਾਸ ਕੀਤੇ ਐਸ ਬੀ 81 ਤਹਿਤ ਕੁੱਝ ਛੋਟਾਂ ਸਮੇਤ ਸਿਹਤ ਸੰਭਾਲ ਅਦਾਰਿਆਂ ਨੂੰ ਮਰੀਜ਼ਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਮਨਾਂ ਕਰ ਦਿੱਤਾ ਗਿਆ | ਕੈਲੀਫੋਰਨੀਆ ਅਟਾਰਨੀ ਜਨਰਲ ਦੇ ਦਫ਼ਤਰ ਅਨੁਸਾਰ ਇਸ ਬਿੱਲ 'ਚ ਨਿਸ਼ਚਤ ਕੀਤਾ ਗਿਆ ਕਿ ਸਿਹਤ ਸੰਭਾਲ ਸੰਸਥਾਵਾਂ ਹਰ ਇਕ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦੇਣਗੀਆਂ | ਖ਼ਾਸ ਤੌਰ 'ਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਮੰਤਵਾਂ ਲਈ ਹਰ ਕੋਈ ਅੰਦਰ ਦਾਖਲ ਨਹੀਂ ਹੋ ਸਕੇਗਾ | ਇਸ ਤੋਂ ਇਲਾਵਾ ਮਾਪਿਆਂ ਨੂੰ ਬੱਚਿਆਂ ਤੋਂ ਵੱਖ ਕਰਨ ਦੇ ਯਤਨਾਂ ਨੂੰ ਰੋਕਣ ਲਈ 'ਫੈਮਲੀ ਪ੍ਰੀਪੇਅਰਡਨੈਸ ਪਲੈਨ ਐਕਟ 2025 ਬਣਾਇਆ ਗਿਆ | ਏ.ਬੀ. 495 ਦੁਆਰਾ ਡੇ ਕੇਅਰ ਤੇ ਸਟੇਟ ਪ੍ਰੀਸਕੂਲ ਵਿਖੇ ਇਮੀਗ੍ਰੇਸ਼ਨ ਇਨਫੋਰਸਮੈਂਟ ਨਾਲ ਸਹਿਯੋਗ ਸਿਮਤ ਕਰਨ ਲਈ ਅਟਾਰਨੀ ਜਨਰਲ ਨੂੰ ਨਵੀਆਂ ਨੀਤੀਆਂ ਲਿਆਉਣ ਲਈ ਕਿਹਾ ਗਿਆ | ਏ.ਬੀ. 419 ਤਹਿਤ ਇਮੀਗ੍ਰੇਸ਼ਨ ਸਥਿਤੀ ਦੀ ਪ੍ਰਵਾਹ ਕੀਤੇ ਬਗੈਰ ਬੱਚਿਆਂ ਦੀ ਮੁਫ਼ਤ ਸਿੱਖਿਆ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਗਿਆ | ਐਸ.ਬੀ. 627 ਜਿਸ ਨੂੰ ਨੋ ਸੀਕਰਟ ਪੁਲਿਸ ਐਕਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਤਹਿਤ ਕੁੱਝ ਛੋਟਾਂ ਸਮੇਤ ਇਨਫੋਰਸਮੈਂਟ ਅਫ਼ਸਰਾਂ ਨੂੰ ਕਾਰਵਾਈ ਦੌਰਾਨ ਆਪਣੀ ਪਛਾਣ ਛਪਾਉਣ ਲਈ ਚਿਹਰੇ ਢੱਕਣ ਤੋਂ ਮਨਾਂ ਕਰ ਦਿੱਤਾ ਗਿਆ | ਐਸ.ਬੀ. 805 ਤਹਿਤ ਗਿ੍ਫ਼ਤਾਰੀ ਵਰਗੀਆਂ ਕਾਰਵਾਈ ਕਰਨ ਸਮੇਂ ਬਿਨਾਂ ਵਰਦੀ ਦੇ ਅਫ਼ਸਰਾਂ ਲਈ ਆਪਣੀ ਪਛਾਣ ਦੱਸਣਾ ਜਾਂ ਬੈਜ ਨੰਬਰ ਦੱਸਣਾ ਲਾਜ਼ਮੀ ਕਰ ਦਿੱਤਾ ਗਿਆ | ਏ.ਬੀ. 49, ਐਸ ਬੀ 307, ਐਸ.ਬੀ. 294, ਐਸ.ਬੀ. 98 ਤੇ ਏ.ਬੀ. 1261 ਵਰਗੇ ਬਿੱਲ ਪਾਸ ਕੀਤੇ ਗਏ ਜਿਨ੍ਹਾਂ ਦਾ ਮਕਸਦ ਪ੍ਰਵਾਸੀਆਂ, ਵਿਦਿਆਰਥੀਆਂ ਤੇ ਬੱਚਿਆਂ ਦੇ ਹਿਤਾਂ ਨੂੰ ਸੁਰੱਖਿਅਤ ਕਰਨਾ ਹੈ | ਹਾਲਾਂਕਿ ਕਈ ਥਾਵਾਂ 'ਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਵੱਲੋਂ ਧੱਕੇਸ਼ਾਹੀ ਕਰਨ ਦੀਆਂ ਖ਼ਬਰਾਂ ਵੀ ਆਈਆਂ ਪਰੰਤੂ ਕੈਲੀਫੋਰਨੀਆ ਵੱਲੋਂ ਧੱਕੇਸ਼ਾਹੀ ਰੋਕਣ ਲਈ ਗੰਭੀਰਤਾ ਨਾਲ ਕੀਤੇ ਗਏ ਯਤਨ ਕਾਫ਼ੀ ਹੱਦ ਤੱਕ ਕਾਰਗਰ ਸਾਬਤ ਹੋਏ ਹਨ |