ਸੈਕਰਾਮੈਂਟੋ, 2 ਜਨਵਰੀ (ਹੁਸਨ ਲੜੋਆ ਬੰਗਾ)-ਅਮਰੀਕੀ ਕਾਂਗਰਸ ਦੇ ਮੈਂਬਰ ਸ੍ਰੀ ਥਾਨੇਦਾਰ ਨੇ ਕਿਹਾ ਹੈ ਕਿ ਵਾਸ਼ਿੰਗਟਨ ਵੱਲੋਂ ਭਾਰਤੀ ਦਰਾਮਦ ਉਪਰ ਟੈਰਿਫ਼ ਲਾਉਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਤਣਾਅਪੂਰਨ ਹਨ | ਉਨਾਂ ਨੇ ਇਹ ਪ੍ਰਗਟਾਵਾ ਆਪਣੇ ਕਰਨਾਟਕ ਦੌਰੇ ਦੌਰਾਨ ਕੀਤਾ | ਉਨਾਂ ਕਿਹਾ ਕਿ ਵਪਾਰ ਨੂੰ ਲੈ ਕੇ ਚੁੱਕੇ ਗਏ ਕਦਮ ਦੁਪਾਸੜ ਸੰਬੰਧਾਂ 'ਚ ਮਦਦਗਾਰ ਨਹੀਂ ਬਣ ਰਹੇ | ਥਾਨੇਦਾਰ ਨੇ ਦੋਵਾਂ ਦੇਸ਼ਾਂ ਵਿਚਾਲੇ ਦੁਪਾਸੜ ਭਰੋਸਾ ਵਧਾਉਣ ਦੀ ਲੋੜ ਉਪਰ ਜ਼ੋਰ ਦਿੱਤਾ | ਉਨਾਂ ਕਿਹਾ ਕਿ ਭਾਰਤ ਤੇ ਅਮਰੀਕਾ ਨੂੰ ਇਕ ਦੂਸਰੇ ਨਾਲ ਦੋਸਤੀ ਵਧਾਉਣ ਦੀ ਲੋੜ ਹੈ | ਦੁਪਾਸੜ ਭਰੋਸਾ ਕਾਇਮ ਕਰਕੇ ਅੱਗੇ ਵਧਣ ਦੀ ਲੋੜ ਹੈ | ਥਾਣੇਦਾਰ ਨੇ ਕਿਹਾ ਕਿ ਭਾਰਤ ਵੱਲੋਂ ਰੂਸ ਕੋਲੋਂ ਨਿਰੰਤਰ ਤੇਲ ਦੀ ਖਰੀਦਦਾਰੀ ਕਾਰਨ ਵਧੀ ਅਮਰੀਕੀ ਚਿੰਤਾ ਦੇ ਸਿੱਟੇ ਵਜੋਂ ਟੈਰਿਫ਼ ਲਾਉਣਾ ਪਿਆ ਸੀ ਕਿਉਂਕਿ ਵਾਸ਼ਿੰਗਟਨ ਦਾ ਮੰਨਣਾ ਹੈ ਕਿ ਭਾਰਤ ਤੇਲ ਖਰੀਦ ਕੇ ਯੁਕਰੇਨ ਨਾਲ ਯੁੱਧ ਦੌਰਾਨ ਮਾਸਕੋ ਦਾ ਸਮਰਥਨ ਕਰ ਰਿਹਾ ਹੈ ਪਰੰਤੂ ਇਸ ਸਮੇ ਦੋ੍ਹਾਂ ਦੇਸ਼ਾਂ ਨੂੰ ਦੁਪਾਸੜ ਵਿਸ਼ਵਾਸ਼ ਵਧਾਉਣ ਦੀ ਲੋੜ ਹੈ |