ਟੋਰਾਂਟੋ, 2 ਜਨਵਰੀ (ਹਰਜੀਤ ਸਿੰਘ ਬਾਜਵਾ)-ਨਵੇਂ ਵਰ੍ਹੇ 2026 ਨੂੰ ਖੁਸ਼ਆਮਦੀਦ ਕਹਿਣ ਤੇ ਨਵੇਂ ਵਰ੍ਹੇ ਦੀ ਸ਼ੁਰੂਆਤ ਚੰਗੀ ਕਰਨ ਦੇ ਆਸੇ ਨਾਲ ਜਿੱਥੇ ਕੈਨੇਡਾ ਦੇ ਵੱਖ-ਵਖ ਗੁਰੂਘਰਾਂ, ਮੰਦਿਰਾਂ, ਮਸਜਿਦਾਂ, ਚਰਚਾਂ ਤੇ ਹੋਰ ਧਾਰਮਿਕ ਅਦਾਰਿਆਂ 'ਚ ਲੋਕਾਂ ਦੀਆਂ ਚੰਗੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਉੱਥੇ ਹੀ 31 ਦਸੰਬਰ ਦੀ ਰਾਤ ਕੜਾਕੇ ਦੀ ਠੰਢ ਤੇ ਬਰਫ਼ਬਾਰੀ ਕਾਰਨ ਹੋਈ ਤਿਲਕਣਬਾਜ਼ੀ ਵੀ ਸੰਗਤਾਂ ਦਾ ਉਤਸ਼ਾਹ ਮੱਠਾ ਨਾ ਕਰ ਸਕੀ | ਬਰੈਂਪਟਨ ਦੇ ਗੁਰੂਦੁਆਰਾ ਸਿੱਖ ਸੰਗਤ ਦੇ ਪ੍ਰਬੰਧਕਾਂ ਦੇ ਦੱਸਣ ਅਨੁਸਾਰ 31 ਦਸੰਬਰ ਦੀ ਅੱਧੀ ਰਾਤ ਤੱਕ ਤੇ ਪਹਿਲੀ ਜਨਵਰੀ 2026 ਦੀ ਸਵੇਰ (ਮਨ੍ਹੇਰ) ਤੋਂ ਹੀ ਗੁਰੂਘਰ ਵਿਖੇ ਨਤਮਸਤੱਕ ਹੋਣ ਲਈ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਪਹਿਲੀ ਜਨਵਰੀ ਸਾਰਾ ਦਿਨ ਹੀ ਸੰਗਤਾਂ ਦਾ ਜ਼ੋਰ ਰਿਹਾ | ਪ੍ਰਬੰਧਕਾਂ ਦੇ ਦੱਸਣ ਅਨੁਸਾਰ ਸਾਰਾ ਦਿਨ ਹੀ ਗੁਰਮਿਤ ਸਮਾਗਮ ਚਲਦੇ ਰਹੇ ਜਿਸ ਵਿਚ ਗੁਰੂਘਰ ਦੇ ਰਾਗੀ, ਢਾਡੀ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਸੰਗਤਾਂ ਨੂੰ ਗੁਰੂ ਮਰਿਆਦਾ ਤੇ ਗੁਰੂ ਇਤਿਹਾਸ ਨਾਲ ਜੋੜੀ ਰੱਖਿਆ | ਇਸ ਮੌਕੇ ਜਿੱਥੇ ਭਾਈ ਰਾਏਦੀਪ ਸਿੰਘ ਦੇ ਜਥੇ ਤੋਂ ਇਲਾਵਾ ਜਥਾਂ ਭਾਈ ਬੋਹੜ ਸਿੰਘ, ਜਥਾ ਭਾਈ ਸੁਖਵੰਤ ਸਿੰਘ, ਜਥਾ ਭਾਈ ਬਲਜਿੰਦਰ ਸਿੰਘ, ਜਥਾ ਭਾਈ ਲਖਵਿੰਦਰ ਸਿੰਘ, ਜਥਾ ਭਾਈ ਹੁਸ਼ਿਆਰ ਸਿੰਘ, ਭਾਈ ਤਿ੍ਲੋਕ ਸਿੰਘ ਆਦਿ ਨੇ ਜਿੱਥੇ ਕੀਰਤਨ ਨਾਲ ਹਾਜ਼ਰੀ ਭਰੀ ਉੱਥੇ ਹੀ ਢਾਡੀ ਤਰਸੇਮ ਸਿੰਘ ਅਮਰਕੋਟ, ਢਾਡੀ ਇਕਬਾਲ ਸਿੰਘ, ਢਾਡੀ ਅੰਮਿ੍ਤ ਸਿੰਘ ਤੇ ਸਾਰੰਗੀ ਮਾਸਟਰ ਬਚਿੱਤਰ ਸਿੰਘ ਦੇ ਜਥੇ ਵੱਲੋਂ ਗੁਰੂ ਇਤਿਹਾਸ ਤੇ ਪੰਜਾਬ ਦੀ ਦਲੇਰੀ ਦੀਆਂ ਵਾਰਾਂ ਦਾ ਗਾਇਨ ਕਰਕੇ ਹਾਜ਼ਰੀ ਲੁਆਈ ਜਦੋਂ ਕਿ ਗਿਆਨੀ ਸੁਖਵੰਤ ਸਿੰਘ ਨੇ ਕਥਾ ਵਿਚਾਰ ਕਰਕੇ ਸੰਗਤਾਂ ਨਾਲ ਸਾਂਝ ਪਾਈ | ਓਾਟਾਰੀਓ ਖਾਲਸਾ ਦਰਬਾਰ ਗੁਰੂਘਰ ਮਿਸੀਸਾਗਾ, ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋਂ ਤੇ ਇੱਥੋਂ ਦੇ ਸਮੂੰਹ ਗੁਰੂਘਰਾਂ 'ਚ ਸਾਰਾ ਦਿਨ ਗੁਰਬਾਣੀ ਪ੍ਰਵਾਹ ਚਲਦਾ ਰਿਹਾ | ਬਰੈਂਪਟਨ ਦੇ ਹਿੰਦੂ ਸਭਾ ਮੰਦਰ, ਗੌਰੀ ਸ਼ੰਕਰ ਮੰਦਰ ਤੋਂ ਇਲਾਵਾ ਮਿਸੀਸਾਗਾ, ਮਾਰਖਮ, ਟੋਰਾਂਟੋਂ, ਸਕਾਰਬ੍ਰੋ ਆਦਿ ਸ਼ਹਿਰਾਂ ਦੇ ਮੰਦਰਾਂ ਤੇ ਗੁਰੂਦੁਆਰਿਆਂ 'ਚ ਵੀ ਸੰਗਤਾਂ ਦੀਆਂ ਭਰਵੀਆਂ ਹਾਜ਼ਰੀਆਂ ਵੇਖਣ ਨੂੰ ਮਿਲੀਆਂ |