ਵੈਨਿਸ (ਇਟਲੀ), 6 ਜਨਵਰੀ (ਹਰਦੀਪ ਸਿੰਘ ਕੰਗ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਟਲੀ ਦੇ ਵਿਚੈਂਸਾ ਜਿਲੇ੍ਹ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋਂ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮÏਕੇ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨੜਾਂ ਕੀਰਤਨ ਹੋਇਆ | ਉਪਰੰਤ ਪ੍ਰਸਿੱਧ ਕਵੀਸ਼ਰ ਭਾਈ ਸੁਖਵੀਰ ਸਿੰਘ ਭੌਰ ਦੇ ਢਾਡੀ ਜਥੇ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਵਡਮੁੱਲਾ ਇਤਿਹਾਸ ਸ੍ਰਵਣ ਕਰਵਾਇਆ ਗਿਆ | ਭਾਈ ਭੋਰ ਦੇ ਜਥੇ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਵੇਲੇ ਦੇ ਅਨੌਖੇ ਕਰਤੱਬ, ਗੁਰੂ ਜੀ ਵਲੋਂ ਖਾਲਸਾ ਸਾਜਨਾ ਦੀ ਘਟਨਾ, ਗੁਰੂ ਜੀ ਵਲੋਂ ਮੁਗਲਾਂ ਦੇ ਜੁਲਮਾਂ ਦੇ ਖ਼ਿਲਾਫ਼ ਲੜੀਆਂ ਗਈਆਂ ਲੜਾਈਆਂ ਤੇ ਗੁਰੂ ਜੀ ਵਲੋਂ ਸਿੱਖ ਕੌਮ ਖਾਤਿਰ ਸਰਬੰਸ ਵਾਰ ਦੇਣ ਦੀਆਂ ਘਟਨਾਵਾਂ ਦੇ ਪ੍ਰਸੰਗਾਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਵਾਰਾਂ ਰਾਹੀ ਬਿਆਨ ਕੀਤਾ ਗਿਆ | ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ |